ਨਜ਼ਰੀਆ: ਕੀ ਰਾਹੁਲ ਗਾਂਧੀ ਸੋਨੀਆਂ ਦਾ ਫਾਰਮੂਲਾ ਅਪਣਾ ਰਹੇ ਨੇ?

  • ਸਵਾਤੀ ਚਤੁਰਵੇਦੀ
  • ਸੀਨੀਅਰ ਪੱਤਰਕਾਰ, ਬੀਬੀਸੀ ਦੇ ਲਈ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਯੂਪੀਏ ਦੀ ਮੁਖੀ ਸੋਨੀਆ ਗਾਂਧੀ ਨਾਲ ਬੀਤੇ ਦਿਨੀਂ ਕੁਮਾਰਸਵਾਮੀ ਨੇ ਮੁਲਾਕਾਤ ਕੀਤੀ। ਮੁਲਾਕਾਤ ਵਿੱਚ ਕਰਨਾਟਕ ਦੇ ਮੰਤਰੀ ਮੰਡਲ 'ਤੇ ਚਰਚਾ ਦੀ ਗੱਲ ਸਾਹਮਣੇ ਆਈ।

ਤੁਸੀਂ ਰਾਹੁਲ ਅਤੇ ਕੁਮਾਰਸਵਾਮੀ ਦੀਆਂ ਇਕੱਠੇ ਹੱਸਦੇ ਹੋਏ ਦੀਆਂ ਤਸਵੀਰਾਂ ਜ਼ਰੂਰ ਦੇਖੀਆਂ ਹੋਣਗੀਆਂ ਪਰ ਇਹ ਵੀ ਸੱਚ ਹੈ ਕਿ ਰਾਹੁਲ ਨੇ ਕਰਨਾਟਕ ਚੋਣ ਮੁਹਿੰਮ ਦੌਰਾਨ ਕੁਮਾਰਸਵਾਮੀ ਦੀ ਪਾਰਟੀ ਨੂੰ 'ਭਾਜਪਾ ਦੀ ਬੀ ਟੀਮ'' ਦੱਸਿਆ ਸੀ।

ਪਰ ਚੋਣ ਨਤੀਜਿਆਂ ਤੋਂ ਬਾਅਦ ਭਾਜਪਾ ਨੂੰ ਰੋਕਣ ਲਈ ਦੋਵੇਂ ਪਾਰਟੀਆਂ ਹੁਣ ਇੱਕ ਹੋ ਚੁੱਕੀਆਂ ਹਨ। ਕੁਮਾਰਸਵਾਮੀ ਦੀ ਪਾਰਟੀ ਦੇ ਸਿਰਫ਼ 38 ਵਿਧਾਇਕ ਹਨ ਅਤੇ ਉਹ ਕਰਨਾਟਕ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ। ਦੂਜੇ ਪਾਸੇ ਦੁਗਣੇ ਵਿਧਾਇਕਾਂ ਵਾਲੀ ਕਾਂਗਰਸ ਗਠਜੋੜ ਵਿੱਚ ਇੱਕ ਜੂਨੀਅਰ ਸਾਥੀ ਦੇ ਰੂਪ ਵਿੱਚ ਹੋਵੇਗੀ।

ਰਾਹੁਲ ਗਾਂਧੀ ਦੀ ਸਮੱਸਿਆ ਇੱਥੋਂ ਹੀ ਸ਼ੁਰੂ ਹੁੰਦੀ ਹੈ। ਉਨ੍ਹਾਂ ਨੂੰ ਹੁਣ ਭਾਜਪਾ ਦਾ ਸਿੱਧਾ ਮੁਕਾਬਲਾ ਕਰਨ ਲਈ ਵਿਰੋਧੀ ਗਠਜੋੜ ਅਤੇ ਉਸਦੀ ਏਕਤਾ ਲਈ ਕੰਮ ਕਰਨਾ ਹੋਵੇਗਾ।

ਰਾਹੁਲ 'ਤੇ ਵੱਡੀ ਜ਼ਿੰਮੇਵਾਰੀ

ਆਮ ਚੋਣਾਂ ਲਈ ਰਾਹੁਲ ਗਾਂਧੀ ਕੋਲ ਹੁਣ 6 ਮਹੀਨੇ ਹੀ ਬਚੇ ਹਨ। ਉਨ੍ਹਾਂ ਨੂੰ ਵਿਰੋਧੀਆਂ ਨੂੰ ਉਸੇ ਤਰ੍ਹਾਂ ਹੀ ਇਕੱਠਾ ਕਰਨਾ ਹੋਵੇਗਾ ਜਿਵੇਂ ਗੁਜਰਾਤ ਚੋਣਾਂ ਦੌਰਾਨ ਉਹ ਪਾਟੀਦਾਰ ਨੇਤਾ ਹਾਰਦਿਕ ਪਟੇਲ ਅਤੇ ਦਲਿਤ ਨੇਤਾ ਜਿਗਨੇਸ਼ ਮਵਾਨੀ ਨੂੰ ਨਾਲ ਲੈ ਕੇ ਆਏ ਸੀ। ਰਾਹੁਲ ਲਈ ਦੋਵਾਂ ਨੂੰ ਇੱਕ ਮੰਚ 'ਤੇ ਇਕੱਠਾ ਕਰਨਾ ਸੌਖਾ ਨਹੀਂ ਸੀ।

ਕਰਨਾਟਕ ਚੋਣਾਂ ਤੋਂ ਬਾਅਦ ਸਰਕਾਰ ਬਣਾਉਣ ਲਈ ਭਾਜਪਾ ਨੇ ਕੋਈ ਕਸਰ ਨਹੀਂ ਛੱਡੀ ਪਰ ਉਸ ਨੂੰ ਕਾਮਯਾਬੀ ਨਹੀਂ ਮਿਲੀ।

ਕਾਂਗਰਸ ਪਾਰਟੀ ਵੀ ਇਸ ਗੱਲ ਨੂੰ ਪੂਰੀ ਤਰ੍ਹਾਂ ਸਮਝ ਗਈ ਹੋਵੇਗੀ ਕਿ ਜੇਕਰ ਚੋਣਾਂ ਤੋਂ ਪਹਿਲਾਂ ਜੇਡੀਐੱਸ ਨਾਲ ਗਠਜੋੜ ਹੁੰਦਾ ਤਾਂ ਨਤੀਜੇ ਕੁਝ ਹੋਰ ਹੀ ਹੁੰਦੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਜ਼ਾਕ ਕਰਦੇ ਹੋਏ ਕਿਹਾ ਸੀ ਕਿ ਖ਼ੁਦ ਨੂੰ ਕੌਮੀ ਪੱਧਰ 'ਤੇ ਵਿਰੋਧੀ ਪਾਰਟੀ ਕਹਿਣ ਵਾਲੀ ਕਾਂਗਰਸ ਇੱਕ 'ਪੀਪੀਪੀ ਪਾਰਟੀ (ਪੰਜਾਬ, ਪੁੱਡੂਚੇਰੀ ਅਤੇ ਪਰਿਵਾਰ)'' ਬਣ ਗਈ ਹੈ।

ਨਵੇਂ ਗਠਜੋੜ ਦੀ ਲੋੜ ਸਪੱਸ਼ਟ ਹੈ ਅਤੇ ਇਸਦਾ ਪ੍ਰਦਰਸ਼ਨ ਕਰਨਾਟਕ ਦੇ ਸਹੁੰ ਚੁੱਕ ਸਮਾਗਮ ਦੇ ਦਿਨ ਕੀਤਾ ਜਾਵੇਗਾ।

ਇਸ ਵਿੱਚ ਰਾਹੁਲ ਗਾਂਧੀ, ਮਮਤਾ ਬੈਨਰਜੀ, ਅਖਿਲੇਸ਼ ਯਾਦਵ, ਸ਼ਰਦ ਪਵਾਰ, ਸੀਤਾਰਾਮ ਯੇਚੁਰੀ ਅਤੇ ਤੇਜਸਵੀ ਯਾਦਵ ਮੰਚ 'ਤੇ ਮੌਜੂਦ ਹੋਣਗੇ।

ਹਾਲ ਹੀ ਵਿੱਚ ਖ਼ੁਦ ਨੂੰ ਐਨਡੀਏ ਨਾਲੋਂ ਵੱਖ ਕਰਨ ਵਾਲੇ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੀ ਹਾਜ਼ਰੀ ਵਿੱਚ ਅਮਿਤ ਸ਼ਾਹ ਨੂੰ ਸਪੱਸ਼ਟ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਰਾਹੁਲ ਗਾਂਧੀ ਆਪਣੀ ਪਾਰਟੀ ਦੇ ਸੀਨੀਅਰ ਲੀਡਰ ਅਹਿਮਦ ਪਟੇਲ ਜ਼ਰੀਏ ਚੰਦਰਬਾਬੂ ਨਾਇਡੂ ਅਤੇ ਮਾਇਆਵਤੀ ਨੂੰ ਨਾਲ ਲਿਆਉਣਗੇ।

ਮਾਂ ਤੋਂ ਸਿੱਖਣਾ ਹੋਵੇਗਾ

ਕਾਂਗਰਸ 'ਤੇ ਹੋਂਦ ਦਾ ਸੰਕਟ ਆਉਣ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਉਨ੍ਹਾਂ ਦੀ ਮਾਂ ਸਖ਼ਤ ਮਿਜ਼ਾਜ ਵਾਲੀ ਮਮਤਾ ਬੈਨਰਜੀ ਨੂੰ ਵੀ ਆਪਣੇ ਪਾਲੇ ਵਿੱਚ ਲਿਆਉਣ 'ਚ ਕਾਮਯਾਬ ਰਹੀ ਹੈ।

ਹੁਣ ਰਾਹੁਲ ਦੇ ਹੱਥ ਪਾਰਟੀ ਦੀ ਕਮਾਨ ਹੈ ਅਤੇ ਉਨ੍ਹਾਂ ਸਾਹਮਣੇ ਵੀ ਖੇਤਰੀ ਧੜਿਆਂ ਨੂੰ ਇੱਕਜੁੱਟ ਕਰਨ ਦੀ ਚੁਣੌਤੀ ਹੈ।

ਰਾਹੁਲ ਗਾਂਧੀ ਨੇ ਕਰਨਾਟਕ ਵਿੱਚ ਭਾਜਪਾ ਨੂੰ ਬਾਹਰ ਰੱਖਣ ਲਈ ਨਾਜ਼ੁਕ ਸਮੇਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਦੇਵਗੌੜਾ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਉਹ ਆਪਣੇ ਮੁੰਡੇ ਅਤੇ ਪਾਰਟੀ ਨੂੰ ਭਾਜਪਾ ਨਾਲ ਗਠਜੋੜ ਕਰਨ ਦੀ ਇਜਾਜ਼ਤ ਨਾ ਦੇਣ।

ਰਾਹੁਲ ਨੇ ਕਰਨਾਟਕ ਵਿੱਚ ਆਪਣੀ ਰਣਨੀਤੀ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਨੌਜਵਾਨ ਅਤੇ ਤਜਰਬੇਕਾਰ ਸਾਰੇ ਲੀਡਰਾਂ ਦੀ ਵਰਤੋਂ ਕੀਤੀ।

ਰਾਹੁਲ ਦੀ ਟੀਮ ਵਿੱਚ ਇਸ ਵੇਲੇ ਸਿਆਸੀ ਨੈੱਟਵਰਕ ਅਤੇ ਵਿਅਕਤੀਗਤ ਰਿਸ਼ਤਿਆਂ ਦੀ ਘਾਟ ਹੈ ਜਿਹੜੀ ਕਦੇ ਸੋਨੀਆ ਗਾਂਧੀ ਦਾ ਹੌਲਮਾਰਕ ਹੁੰਦੀ ਸੀ।

ਇੱਥੇ ਇਹ ਸਮਝਣਾ ਜ਼ਰੂਰੀ ਹੈ ਕਿ ਰਾਹੁਲ ਗਾਂਧੀ ਅਜਿਹੇ ਮਾਹੌਲ ਵਿੱਚ ਉਨ੍ਹਾਂ ਲੋਕਾਂ ਨਾਲ ਕੰਮ ਕਰ ਰਹੇ ਹਨ, ਜਿੱਥੇ ਉਨ੍ਹਾਂ ਨੂੰ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਵਿਰੋਧੀ ਲੀਡਰ ਰਹਿ ਨਾ ਜਾਵੇ।

ਇਹ ਰਾਹੁਲ ਗਾਂਧੀ ਵਿੱਚ ਆਇਆ ਬਹੁਤ ਵੱਡਾ ਬਦਲਾਅ ਹੈ। ਬਿਹਾਰ ਅਤੇ ਗੁਜਰਾਤ ਵਿੱਚ ਉਨ੍ਹਾਂ ਨੂੰ ਪਤਾ ਸੀ ਕਿ ਸਹਿਯੋਗੀਆਂ ਦਾ ਸਾਥ ਕਿੰਨਾ ਜ਼ਰੂਰੀ ਹੈ ਜਦਕਿ ਕਰਨਾਟਕ ਵਿੱਚ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਸਿੱਧਰਮਈਆ ਦੇ ਉਸ ਵਾਅਦੇ 'ਤੇ ਭਰੋਸਾ ਜਤਾਇਆ ਕਿ ਉਹ ਭਾਜਪਾ ਨੂੰ ਹਰਾ ਦੇਣਗੇ। ਇਹੀ ਕਾਰਨ ਸੀ ਕਿ ਰਾਹੁਲ ਗਾਂਧੀ ਜਨਤਾ ਦਲ (ਸੈਕੂਲਰ) ਨਾਲ ਨਹੀਂ ਮਿਲੇ।

ਕਰਨਾਟਕ ਦੇ ਨਤੀਜੇ ਕਾਂਗਰਸ ਅਤੇ ਰਾਹੁਲ ਗਾਂਧੀ ਨੂੰ ਨੀਂਦ ਤੋਂ ਜਗਾਉਣ ਵਾਲੇ ਹਨ ਅਤੇ ਹੁਣ ਕਾਂਗਰਸ ਸੂਤਰਾਂ ਦਾ ਕਹਿਣਾ ਹੈ ਕਿ ਸਹਿਯੋਗੀ ਪਾਰਟੀਆਂ ਅੱਜ ਦੀ ਲੋੜ ਹਨ।

ਵਿਰੋਧੀ ਏਕਤਾ ਦਾ ਦੂਜਾ ਪ੍ਰਦਰਸ਼ਨ ਕਰਨਾਟਕ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਦੀਆਂ ਕੈਰਾਨਾ ਉਪ ਚੋਣਾਂ ਵਿੱਚ ਹੋਵੇਗਾ। ਇਸਦਾ ਜੋ ਨਤੀਜਾ ਨਿਕਲੇਗਾ ਉਹ 2019 ਦੀਆਂ ਆਮ ਚੋਣਾਂ ਲਈ ਵੱਡੇ ਸੰਕੇਤ ਦਾ ਕੰਮ ਕਰੇਗਾ।

ਜੇਕਰ ਵਿਰੋਧੀ ਧਿਰ ਨੇ ਕੈਰਾਨਾ ਵਿੱਚ ਉਸੇ ਤਰ੍ਹਾਂ ਦਾ ਪਰਚਮ ਲਹਿਰਾਇਆ ਜਿਵੇਂ 'ਭੂਆ-ਭਤੀਜੇ' ਦੀ ਜੋੜੀ ਨੇ ਗੋਰਖਪੁਰ ਅਤੇ ਫੁਲਪੂਰ ਵਿਚ ਕੀਤਾ ਸੀ, ਤਾਂ ਕਹਿਣ ਦੀ ਲੋੜ ਨਹੀਂ ਕਿ ਵਿਰੋਧੀ ਗਠਜੋੜ ਦੀ ਰਾਹ ਸੌਖੀ ਹੋਵੇਗੀ।

ਵਿਰੋਧੀ ਧਿਰ ਲਈ ਸੰਦੇਸ਼

ਵਿਰੋਧੀ ਧਿਰ ਲਈ ਸੰਦੇਸ਼ ਸਾਫ਼ ਹੈ ਕਿ ਇੱਕਜੁੱਟ ਹੋਵੋ ਜਾਂ ਫਿਰ ਨਤੀਜੇ ਭੁਗਤੋ ਕਿਉਂਕਿ ਮੋਦੀ ਅਤੇ ਸ਼ਾਹ ਉਨ੍ਹਾਂ ਨੂੰ ਚੁਣੌਤੀ ਦੇਣ ਵਿੱਚ ਕੋਈ ਕਸਰ ਨਹੀਂ ਛੱਡਣ ਵਾਲੇ।

ਸ਼ਾਹ ਦੀ ਵੱਡੀ ਚੁਣਾਵੀ ਭੁੱਖ ਨੇ ਇਹ ਯਕੀਨੀ ਬਣਾਇਆ ਹੈ ਕਿ ਮੌਜੂਦਾ ਸਹਿਯੋਗੀ ਸ਼ਿਵਸੈਨਾ ਅਤੇ ਚੰਦਰਬਾਬੂ ਨਾਇਡੂ ਅਲਗ-ਥਲਗ ਹੋ ਗਏ ਅਤੇ ਦੂਜੇ ਸਾਰੇ ਧੜਿਆਂ ਨੂੰ ਆਪਣੇ ਖ਼ਤਮ ਹੋਣ ਦਾ ਡਰ ਸਤਾਉਣ ਲੱਗਾ ਹੈ।

ਵਿਰੋਧੀ ਧਿਰਾਂ ਲਈ ਇਹ ਨਵਾਂ ਚੁੰਬਕ ਹੈ ਅਤੇ ਰਾਹੁਲ ਗਾਂਧੀ 2019 ਦੀਆਂ ਚੋਣਾਂ ਲਈ ਇਸੇ ਫਾਰਮੂਲੇ 'ਤੇ ਦਾਅ ਲਗਾ ਰਹੇ ਹਨ। ਸ਼ਾਹ ਦੇ 'ਵਿਰੋਧੀ ਮੁਕਤ ਭਾਰਤ' ਦੇ ਨਾਅਰੇ ਨੇ ਆਖ਼ਰ ਵਿੱਚ ਇਹ ਯਕੀਨੀ ਬਣਾ ਲਿਆ ਕਿ ਭਾਰਤ ਕੋਲ ਇੱਕ ਵਿਰੋਧੀ ਧਿਰ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)