ਪ੍ਰੈੱਸ ਰਿਵੀਊ: ਐਨਡੀਏ ਨੇ ਸਿੱਖਾਂ ਦੀ 'ਕਾਲੀ ਸੂਚੀ' ਲਗਭਗ ਖ਼ਤਮ ਕਰ ਦਿੱਤੀ ਹੈ-ਰਾਮ ਮਾਧਵ

ਰਾਮ ਮਾਧਵ ਤੇ ਅਮਿਤ ਸ਼ਾਹ

ਤਸਵੀਰ ਸਰੋਤ, BJP.ORG

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਭਾਜਪਾ ਦੇ ਸੀਨੀਅਰ ਲੀਡਰ ਰਾਮ ਮਾਧਵ ਦਾ ਕਹਿਣਾ ਹੈ ਕਿ ਐਨਡੀਏ ਸਰਕਾਰ ਨੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ 'ਕਾਲੀ ਸੂਚੀ' ਲਗਭਗ ਖ਼ਤਮ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਇਸ ਸੂਚੀ ਵਿੱਚ ਸ਼ਾਮਲ ਨਾਂ ਵਾਲੇ ਸਿੱਖਾਂ ਨੂੰ 1980-90ਵਿਆਂ ਦੌਰਾਨ ਖਾਲਿਸਤਾਨੀ ਮੁਹਿੰਮ ਨਾਲ ਕਥਿਤ ਤੌਰ 'ਤੇ ਸਬੰਧਾਂ ਕਾਰਨ ਭਾਰਤ ਆਉਣ ਦਾ ਵੀਜ਼ਾ ਨਹੀਂ ਦਿੱਤਾ ਜਾਂਦਾ।

ਇਸ ਸੂਚੀ ਨੂੰ ਸੁਰੱਖਿਆ ਏਜੰਸੀਆਂ ਵੱਲੋਂ ਵੱਖ-ਵੱਖ ਪੱਧਰ 'ਤੇ ਤਿਆਰ ਕੀਤਾ ਗਿਆ ਸੀ।

ਵਸ਼ਿੰਗਟਨ ਵਿੱਚ ਸਿੱਖਾਂ ਨੂੰ ਸੰਬੋਧਿਤ ਕਰਦਿਆਂ ਰਾਮ ਮਾਧਵ ਨੇ ਕਿਹਾ,''ਅਸੀਂ ਗ਼ੈਰਮਨੁੱਖੀ ਕਾਲੀ ਸੂਚੀ ਨੂੰ ਲਗਭਗ ਖ਼ਤਮ ਕਰ ਦਿੱਤੀ ਹੈ।''

ਸੀਰਾ ਨੇ ਮੱਛੀਆਂ ਦੀਆਂ ਕਈਆਂ ਪ੍ਰਜਾਤੀਆਂ ਕੀਤੀਆਂ ਖ਼ਤਮ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸੀਰਾ ਦੇ ਵਹਾਅ ਨੇ ਮੱਛੀਆਂ ਦੀਆਂ ਕਈ ਦੁਰਲੱਭ ਪ੍ਰਜਾਤੀਆਂ ਖ਼ਤਮ ਕਰ ਦਿੱਤੀਆਂ ਹਨ।

ਤਸਵੀਰ ਸਰੋਤ, Ravinder Singh Robin/BBC

ਜ਼ਹਿਰੀਲੇ ਪਾਣੀ ਦੇ ਵਹਾਅ ਨਾਲ ਮੱਛੀਆਂ ਦੀਆਂ ਉਹ ਵੀ ਪ੍ਰਜਾਤੀਆਂ ਮਰੀਆਂ ਹਨ, ਜਿਹੜੀਆਂ ਪਹਿਲਾਂ ਤੋਂ ਲੁਪਤ ਹੋਣ ਦੇ ਖ਼ਤਰੇ ਵਿੱਚ ਹਨ।

ਸੂਬੇ ਦੇ ਜੰਗਲੀ ਜੀਵ ਵਿੰਗ ਨੇ ਮੱਛੀਆਂ ਦੀਆਂ ਉਨ੍ਹਾਂ 10 ਪ੍ਰਜਾਤੀਆਂ ਦੀ ਪਛਾਣ ਕੀਤੀ ਹੈ ਜਿਹੜੀਆਂ ਚਾਰ ਦਿਨ ਪਹਿਲਾਂ ਨਦੀ ਦੇ ਦੂਸ਼ਿਤ ਪਾਣੀ ਦਾ ਸ਼ਿਕਾਰ ਹੋਈਆ ਸੀ।

ਪੰਜਾਬ ਦੇ ਜੰਗਲੀ ਜੀਵ ਵਿੰਗ ਦੇ ਮੁੱਖ ਵਾਰਡਨ ਕੁਲਦੀਪ ਕੁਮਾਰ ਦਾ ਕਹਿਣਾ ਹੈ,''ਇਸ ਦੂਸ਼ਿਤ ਪਾਣੀ ਨੇ ਨਦੀ ਦੇ ਇਕੋਸਿਸਟਮ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਅਤੇ ਇਸਦੀ ਭਰਪਾਈ ਵਿੱਚ ਲੰਬਾ ਸਮਾਂ ਲੱਗੇਗਾ।''

7 ਸਾਲ ਬਾਅਦ ਦਮਿਸ਼ਕ ਆਈਐਸ ਤੋਂ ਮੁਕਤ

ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਸੀਰੀਆ ਦੀ ਫੌਜ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਦਮਿਸ਼ਕ ਅਤੇ ਉਸਦੇ ਆਲੇ-ਦੁਆਲੇ ਦੇ ਇਲਾਕੇ ਨੂੰ ਇਸਲਾਮਿਕ ਸਟੇਟ ਗਰੁੱਪ ਤੋਂ ਆਜ਼ਾਦ ਕਰਵਾ ਲਿਆ ਹੈ। ਫੌਜ ਮੁਤਾਬਕ ਹੁਣ ਇਹ ਖੇਤਰ ਪੂਰੀ ਤਰ੍ਹਾਂ ਆਜ਼ਾਦ ਹੈ।

ਤਸਵੀਰ ਸਰੋਤ, Getty Images

ਸੀਰੀਅਨ ਟੀਵੀ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਜਨਰਲ ਅਲੀ ਮੇਹੋਬ ਨੇ ਕਿਹਾ ਕਿ ਫੌਜ ਨੇ ਇੱਕ ਮਹੀਨੇ ਦੀ ਮੁਹਿੰਮ ਤੋਂ ਬਾਅਦ ਫਲਸਤੀਨੀ ਯਮਾਰਕ ਸ਼ਿਵਿਰ ਅਤੇ ਹਜਰ ਅਲ-ਅਸਵਾਦ ਵਿੱਚ ਆਈਐਸ ਨੂੰ ਖ਼ਤਮ ਕਰ ਦਿੱਤਾ ਹੈ।

ਪਾਦਰੀ ਮੁਖੀ ਦੀ ਰਾਜਧਾਨੀ ਨੂੰ ਅਪੀਲ

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਦਿੱਲੀ ਦੇ ਪਾਦਰੀਆਂ ਦੇ ਮੁਖੀ ਨੇ ਪੂਰੀ ਰਾਜਧਾਨੀ 'ਚ ਵੱਖ-ਵੱਖ ਪਾਦਰੀਆਂ ਨੂੰ ਚਿੱਠੀ ਲਿਖ ਕੇ ਭਾਰਤ ਦੀ ਨਿਰਪੱਖਤਾ ਨੂੰ ਬਚਾਉਣ ਅਰਦਾਸ ਕਰਨ ਦੀ ਅਪੀਲ ਕੀਤੀ ਹੈ।

ਮੁੱਖ ਪਾਦਰੀ ਅਨਿਲ ਕੂਟੋ ਨੇ ਚਿੱਠੀ ਵਿੱਚ ਕਿਹਾ, "ਵਿਗੜਦੇ ਸਿਆਸੀ ਮਾਹੌਲ ਵਿੱਚ ਸੰਵਿਧਾਨ ਵਿੱਚ ਦੱਸੇ ਲੋਕਤੰਤਰਿਕ ਸਿਧਾਂਤਾਂ ਅਤੇ ਦੇਸ ਦੇ ਧਰਮ ਨਿਰਪੱਖ ਢਾਂਚੇ ਨੂੰ ਖ਼ਤਰਾ ਹੈ।''

''ਅਸੀਂ 2019 ਵਿੱਚ ਨਵੀਂ ਸਰਕਾਰ ਬਣਾਉਣ ਜਾ ਰਹੇ ਹਾਂ, ਇਸ ਲਈ ਸਾਨੂੰ ਦੇਸ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ।''

ਇਸ ਮੁਹਿੰਮ ਦੌਰਾਨ ਹਰ ਸ਼ੁੱਕਰਵਾਰ ਨੂੰ ਵਰਤ ਰੱਖਣ ਲਈ ਕਿਹਾ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)