'ਭਾਰਤੀ ਲੋਕ ਪੈਸੇ ਤੇ ਸ਼ਰਾਬ ਲੈ ਕੇ ਵੀ ਵੋਟਾਂ ਨਹੀਂ ਪਾਉਂਦੇ'

  • ਸੌਤਿਕ ਬਿਸਵਾਸ
  • ਬੀਬੀਸੀ ਪੱਤਰਕਾਰ

ਭਾਰਤ ਵਿੱਚ ਇੱਕ ਵੋਟਰ ਨੂੰ ਕਿਸੇ ਉਮੀਦਵਾਰ ਦੇ ਹੱਕ ਵਿੱਚ ਵੋਟ ਭੁਗਤਾਉਣ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਪ੍ਰਭਾਵਿਤ ਕਰਦੀਆਂ ਹਨ? ਆਮ ਤੌਰ 'ਤੇ ਉਮੀਦਵਾਰ ਦੀ ਪਛਾਣ, ਉਸ ਦੀ ਵਿਚਾਰਧਾਰਾ, ਜਾਤ-ਧਰਮ ਜਾਂ ਉਨ੍ਹਾਂ ਦੇ ਕੰਮ ਵੋਟਰਾਂ ਨੂੰ ਪ੍ਰਭਾਵਿਤ ਕਰਦੇ ਹਨ।

ਇਹ ਵੀ ਸਮਝਿਆ ਜਾਂਦਾ ਹੈ ਕਿ ਗ਼ਰੀਬ ਵੋਟਰਾਂ ਨੂੰ ਰਿਸ਼ਵਤ ਦੇ ਕੇ ਉਨ੍ਹਾਂ ਦੀਆਂ ਵੋਟਾਂ ਨੂੰ ਪ੍ਰਭਾਵਿਤ ਕੀਤਾ ਜਾਂਦਾ ਹੈ। ਕਰਨਾਟਕ ਚੋਣਾਂ ਤੋਂ ਕੁਝ ਦਿਨ ਪਹਿਲਾਂ ਉੱਥੋਂ ਦੇ ਅਧਿਕਾਰੀਆਂ ਨੇ 136 ਕਰੋੜ ਰੁਪਏ ਤੋਂ ਵੱਧ ਕੈਸ਼ ਅਤੇ 'ਹੋਰ ਚੀਜ਼ਾਂ' ਨੂੰ ਜ਼ਬਤ ਕੀਤਾ ਸੀ।

ਅਜੇ ਤੱਕ ਦੀ ਇਹ ਰਿਕਾਰਡ ਜ਼ਬਤੀ ਹੈ। ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਵਰਕਰ ਵੋਟਰਾਂ ਦੇ ਖ਼ਾਤੇ ਵਿੱਚ ਪੈਸੇ ਟਰਾਂਸਫਰ ਕਰ ਰਹੇ ਸਨ।

ਇਹ ਅਜਿਹੇ ਵੋਟਰ ਸਨ ਜਿਨ੍ਹਾਂ ਨੇ ਉਨ੍ਹਾਂ ਦੇ ਉਮੀਦਵਾਰ ਨੂੰ ਵੋਟ ਦੇਣ ਦਾ ਵਾਅਦਾ ਕੀਤਾ ਸੀ।

ਰਿਪੋਰਟ ਵਿੱਚ ਅੱਗੇ ਇਹ ਦਾਅਵਾ ਕੀਤਾ ਗਿਆ ਸੀ ਕਿ ਜੇਕਰ ਉਨ੍ਹਾਂ ਦੇ ਉਮੀਦਵਾਰ ਜਿੱਤਣਗੇ ਤਾਂ ਉਨ੍ਹਾਂ ਨੂੰ ਪੈਸਾ ਦਿੱਤਾ ਜਾਵੇਗਾ।

ਭਾਰਤ ਵਿੱਚ ਚੋਣਾਂ ਦੌਰਾਨ ਅਤੇ ਕੈਸ਼ ਅਤੇ ਹੋਰਨਾਂ ਤੋਹਫ਼ਿਆਂ ਨਾਲ ਵੋਟਾਂ ਖਰੀਦਣ ਦੀ ਕੋਸ਼ਿਸ਼ ਪੁਰਾਣੀ ਹੈ। ਇਸ ਦਾ ਪਹਿਲਾ ਕਾਰਨ ਇਹ ਹੈ ਕਿ ਸਿਆਸਤ ਵਿੱਚ ਮੁਕਾਬਲਾ ਵਧੇਰੇ ਹੈ।

ਸਾਲ 2014 ਦੀਆਂ ਚੋਣਾਂ ਵਿੱਚ 464 ਪਾਰਟੀਆਂ ਮੈਦਾਨ ਵਿੱਚ ਸਨ। ਉੱਥੇ ਹੀ ਆਜ਼ਾਦ ਭਾਰਤ ਵਿੱਚ 1952 ਵਿੱਚ ਹੋਈਆਂ ਪਹਿਲੀਆਂ ਚੋਣਾਂ ਵਿੱਚ 52 ਪਾਰਟੀਆਂ ਲੋਕਤੰਤਰ ਦੀ ਜੰਗ ਵਿੱਚ ਸ਼ਾਮਲ ਹੋਈਆਂ ਸਨ।

2009 ਵਿੱਚ ਜਿੱਤ ਦਾ ਔਸਤ ਅੰਤਰ 9.7 ਫੀਸਦ ਸੀ, ਜੋ ਪਹਿਲਾਂ ਦੀਆਂ ਚੋਣਾਂ ਦੇ ਮੁਕਾਬਲੇ ਸਭ ਤੋਂ ਘੱਟ ਸੀ। 2014 ਦੀਆਂ ਚੋਣਾਂ ਵਿੱਚ 15 ਫੀਸਦ ਦੇ ਅੰਤਰ ਨਾਲ ਭਾਜਪਾ ਦੀ ਜਿੱਤ ਨੂੰ ਵੱਡੀ ਜਿੱਤ ਕਿਹਾ ਗਿਆ ਸੀ।

ਅਮਰੀਕਾ ਵਿੱਚ 2012 ਵਿੱਚ ਹੋਈਆਂ ਚੋਣਾਂ ਵਿੱਚ ਹਾਰ-ਜਿੱਤ ਦਾ ਅੰਤਰ 32 ਫੀਸਦ ਸੀ ਅਤੇ ਬ੍ਰਿਟੇਨ ਵਿੱਚ 2010 ਵਿੱਚ ਹੋਈਆਂ ਚੋਣਾਂ ਵਿੱਚ ਇਹ ਅੰਤਰ 18 ਫੀਸਦ ਦਾ ਸੀ।

ਵੋਟਰਾਂ 'ਤੇ ਕੰਟਰੋਲ ਨਹੀਂ

ਭਾਰਤ ਵਿੱਚ ਚੋਣਾਂ ਅਸਥਿਰ ਹੋ ਗਈਆਂ ਹਨ। ਪਾਰਟੀਆਂ ਦਾ ਹੁਣ ਵੋਟਰਾਂ 'ਤੇ ਕੰਟਰੋਲ ਨਹੀਂ ਹੈ ਜਿਵੇਂ ਪਹਿਲਾਂ ਹੁੰਦਾ ਸੀ।

ਪਾਰਟੀ ਅਤੇ ਉਮੀਦਵਾਰ ਹੁਣ ਚੋਣ ਨਤੀਜਿਆਂ ਨੂੰ ਲੈ ਕੇ ਅਨਿਸ਼ਚਿਤ ਰਹਿੰਦੇ ਹਨ, ਪਹਿਲਾਂ ਅਜਿਹਾ ਨਹੀਂ ਸੀ।

ਇਹੀ ਕਾਰਨ ਹੈ ਕਿ ਵੋਟਾਂ ਨੂੰ ਪੈਸਿਆਂ ਨਾਲ ਖਰੀਦਣਾ ਚਾਹੁੰਦੇ ਹਨ। ਅਮਰੀਕਾ ਦੇ ਡਰਟਮਾਊਥ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਸਾਈਮਨ ਚੌਚਰਡ ਦੀ ਨਵੀਂ ਖੋਜ ਕਹਿੰਦੀ ਹੈ ਕਿ ਇਹ ਜ਼ਰੂਰੀ ਨਹੀਂ ਹੈ ਕਿ ਰਿਸ਼ਵਤ ਲੈਣ ਵਾਲੇ ਵੋਟ ਵੀ ਦੇਣ।

ਮੁਕਾਬਲਾ ਵਧੇਰੇ ਹੋਣ ਕਾਰਨ ਹੀ ਉਮੀਦਵਾਰ ਕੈਸ਼, ਸ਼ਰਾਬ ਵਰਗੇ ਉਪਹਾਰ ਦੇਣ ਲਈ ਪ੍ਰੇਰਿਤ ਹੁੰਦੇ ਹਨ। ਇਸ ਦੇ ਨਾਲ ਹੀ ਪੈਸਿਆਂ ਦੇ ਪੈਕੇਟ ਵੀ ਦਿੱਤੇ ਜਾਂਦੇ ਹਨ ਜੋ ਕਈ ਵਾਰ ਅਸਰਦਾਰ ਨਹੀਂ ਹੁੰਦੇ।

ਡਾ. ਚੌਚਰਡ ਤਰਕ ਦਿੰਦੇ ਹਨ ਕਿ ਉਮੀਦਵਾਰਾਂ ਨੂੰ ਦੁਚਿਤੀ 'ਚ ਰਹਿਣਾ ਪੈਂਦਾ ਹੈ। ਇੱਥੇ ਕੋਈ ਵੀ ਕਿਸੇ 'ਤੇ ਭਰੋਸਾ ਨਹੀਂ ਕਰਦਾ ਅਤੇ ਹਰ ਕੋਈ ਆਪਣੇ ਹਿੱਤ ਲਈ ਕੰਮ ਕਰਦਾ ਹੈ।

ਉਹ ਕਹਿੰਦੇ ਹਨ, "ਉਨ੍ਹਾਂ ਨੂੰ ਡਰ ਰਹਿੰਦਾ ਹੈ ਕਿ ਉਨ੍ਹਾਂ ਦੇ ਵਿਰੋਧੀ ਪੈਕੇਟ ਵੰਡਣਗੇ। ਉਹ ਇਸ ਨੂੰ ਖ਼ੁਦ ਵੰਡਦੇ ਹਨ ਤਾਂ ਜੋ ਵਿਰੋਧੀਆਂ ਦੀ ਰਣਨੀਤੀ ਦਾ ਮੁਕਾਬਲਾ ਕੀਤਾ ਜਾ ਸਕੇ।"

ਸਮਾਜ ਦੇ ਪ੍ਰਭਾਵਸ਼ਾਲੀ ਲੋਕ ਵੰਡਦੇ ਨੇ ਪੈਸਾ-ਸ਼ਰਾਬ

ਪ੍ਰੋਫੈਸਰ ਚੌਚਰਡ ਅਤੇ ਉਨ੍ਹਾਂ ਦੀ ਟੀਮ ਨੇ ਮੁੰਬਈ ਵਿੱਚ 2014 ਵਿੱਚ ਹੋਏ ਵਿਧਾਨ ਸਭਾ ਅਤੇ 2017 ਵਿੱਚ ਹੋਈਆਂ ਨਗਰ ਨਿਗਮ ਚੋਣਾਂ ਵਿੱਚ ਡਾਟਾ ਅਤੇ ਸੂਚਨਾਵਾਂ ਨੂੰ ਇਕੱਠਾ ਕੀਤਾ ਸੀ।

ਉਨ੍ਹਾਂ ਨੇ ਇਸ ਲਈ ਵੱਡੀਆਂ ਪਾਰਟੀਆਂ ਦੇ ਸਿਆਸੀ ਵਰਕਰਾਂ ਨਾਲ ਗੱਲ ਕੀਤੀ। ਉਨ੍ਹਾਂ ਨੇ ਦੇਖਿਆ ਕਿ ਉਮੀਦਵਾਰ ਇਲਾਕੇ ਅਤੇ ਸਮਾਜ ਦੇ ਪ੍ਰਭਾਵਸ਼ਾਲੀ ਲੋਕਾਂ ਨੂੰ ਪੈਸੇ ਅਤੇ ਸ਼ਰਾਬ ਵੰਡਣ ਲਈ ਦਿੰਦੇ ਹਨ।

ਉਮੀਦਵਾਰਾਂ 'ਚੋਂ ਕੁਝ ਅਜਿਹੇ ਉਮੀਦਵਾਰ ਵੀ ਹਨ ਜੋ ਹਰੇਕ ਵੋਟਰ 'ਤੇ ਇੱਕ ਹਜ਼ਾਰ ਰੁਪਏ ਤੱਕ ਖਰਚ ਕਰ ਸਕਦੇ ਸਨ।

ਪਾਰਟੀ ਦੇ ਵਰਕਰਾਂ ਨੇ ਖੋਜਕਾਰਾਂ ਨੂੰ ਕਿਹਾ ਕਿ ਪੈਸੇ ਦੇ ਪੈਕੇਟ ਵਿੱਚ ਵੱਧ-ਘੱਟ ਸਾਮਾਨ ਹੁੰਦਾ ਹੈ। ਵਧੇਰੇ ਵੋਟਰਾਂ ਨੂੰ ਪੈਸਾ ਨਹੀਂ ਪਹੁੰਚਦਾ ਕਿਉਂਕਿ ਵੰਡਣ ਵਾਲੇ ਖ਼ੁਦ ਪੈਸੇ ਰੱਖ ਲੈਂਦੇ ਹਨ।

ਚੋਣਾਂ ਵਿੱਚ ਸਭ ਤੋਂ ਵੱਧ ਖਰਚ ਕਰਨ ਵਾਲਾ ਉਮੀਦਵਾਰ ਚੌਥੇ ਨੰਬਰ 'ਤੇ ਰਿਹਾ ਸੀ। ਸਾਰੀਆਂ ਪਾਰਟੀਆਂ ਦੇ ਕਰੀਬ 80 ਵਰਕਰਾਂ ਨੇ ਖੋਜ ਕਰਨ ਵਾਲੀ ਟੀਮ ਨੂੰ ਦੱਸਿਆ ਕਿ ਕੈਸ਼ ਅਤੇ ਉਪਹਾਰ ਬਹੁਤ ਘੱਟ ਲੋਕਾਂ ਨੂੰ ਪ੍ਰਭਾਵਿਤ ਕਰ ਸਕੇ ਸਨ।

ਵਰਕਰ ਵੋਟਰਾਂ ਨੂੰ ਦੋਸ਼ ਦਿੰਦੇ ਹਨ ਕਿ ਪੈਸੇ ਤਾਂ ਰੱਖ ਲਏ ਪਰ ਉਮੀਦਵਾਰਾਂ ਨੂੰ ਧੋਖਾ ਦਿੱਤਾ। ਹਾਲਾਂਕਿ ਇਸ ਦੇ ਸਬੂਤ ਨਹੀਂ ਮਿਲੇ ਕਿ ਉਮੀਦਵਾਰਾਂ ਨੇ ਉਨ੍ਹਾਂ ਦੇ ਵੋਟ ਖਰੀਦਣ ਲਈ ਪੈਸੇ ਦਿੱਤੇ ਸਨ।

ਪ੍ਰੋਫੈਸਰ ਚੌਰਚਡ ਕਹਿੰਦੇ ਹਨ, "ਵੋਟਰਾਂ ਨੂੰ ਪੈਸਾ ਦੇਣਾ ਮੁਕੰਮਲ ਤੌਰ 'ਤੇ ਬੇਕਾਰ ਨਹੀਂ ਜਾਂਦਾ ਹੈ। ਤੁਹਾਨੂੰ ਵੋਟ ਨਹੀਂ ਮਿਲਣਗੇ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ। ਇਸ ਨਾਲ ਤੁਹਾਨੂੰ ਮੈਦਾਨ ਵਿੱਚ ਕਾਇਮ ਰਹਿਣ ਵਿੱਚ ਮਦਦ ਮਿਲੇਗੀ। ਜੇਕਰ ਤੋਹਫੇ ਨਹੀਂ ਵੰਡਦੇ ਤਾਂ ਤੁਸੀਂ ਹਾਰ ਵੀ ਸਕਦੇ ਹੋ। ਜੇਕਰ ਮੁਕਾਬਲਾ ਵਧੇਰੇ ਸਖ਼ਤ ਹੈ ਤਾਂ ਮਾਮਲੇ ਨੂੰ ਇੱਕਪਾਸੜ ਕਰ ਸਕਦਾ ਹੈ।"

ਵੋਰ ਦੀ ਆਸ

ਸਿਆਸੀ ਵਿਸ਼ਲੇਸ਼ਕ ਸੰਜੇ ਕੁਮਾਰ ਕਹਿੰਦੇ ਹਨ ਕਿ ਪਾਰਟੀਆਂ ਨੂੰ ਇਹ ਲਗਦਾ ਹੈ ਕਿ ਉਹ ਗ਼ਰੀਬ ਲੋਕਾਂ ਦੀ ਵੋਟ ਪੈਸੇ ਦੇ ਕੇ ਖਰੀਦ ਸਕਦੇ ਹਨ।

"ਇਹੀ ਕਾਰਨ ਹੈ ਕਿ ਉਹ ਵੋਟਰਾਂ ਨੂੰ ਰਿਸ਼ਵਤ ਦਿੰਦੇ ਹਨ। ਸਾਰੀਆਂ ਪਾਰਟੀਆਂ ਵੋਟਰਾਂ 'ਤੇ ਪੈਸਾ ਖਰਚ ਕਰਦੀਆਂ ਹਨ ਤਾਂ ਜੋ ਜਿਹੜੇ ਲੋਕ ਉਨ੍ਹਾਂ ਦੇ ਵੋਟਰ ਨਹੀਂ ਹਨ ਉਨ੍ਹਾਂ ਨੂੰ ਆਪਣੇ ਖੇਮੇ ਵਿੱਚ ਲਿਆਂਦਾ ਜਾ ਸਕੇ।"

ਸਮਾਜਿਕ ਵਿਗਿਆਨੀਆਂ ਦਾ ਕਹਿਣਾ ਹੈ ਕਿ ਦੱਖਣੀ ਏਸ਼ੀਆ ਵਿੱਚ ਗ਼ਰੀਬ ਵੋਟਰ ਅਮੀਰ ਉਮੀਦਵਾਰਾਂ ਦੀ ਸ਼ਲਾਘਾ ਕਰਦੇ ਹਨ। ਇੱਕ ਗ਼ੈਰਬਰਾਬਰ ਸਮਾਜ ਵਿੱਚ ਰਿਸ਼ਵਤ ਅਤੇ ਤੋਹਫ਼ੇ ਆਪਸੀ ਭਾਵਨਾ ਪੈਦਾ ਕਰਦੇ ਹਨ।

ਭਾਰਤ ਵਿੱਚ ਰਾਖਵੇਂਕਰਨ ਦੀ ਸਿਆਸਤ ਦਾ ਲੰਬਾ ਇਤਿਹਾਸ ਹੈ। ਕੈਂਬ੍ਰਿਜ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਦੇ ਜਾਣਕਾਰ ਅਨਸਤਾਸੀਆ ਪਿਲਿਆਵਸਕੀ ਨੇ ਰਾਜਸਥਾਨ ਦੇ ਪੇਂਡੂ ਇਲਾਕਿਆਂ ਵਿੱਚ ਵੋਟਰਾਂ ਦਾ ਅਧਿਐਨ ਕੀਤਾ ਅਤੇ ਦੇਖਿਆ ਕਿ ਉਹ ਉਮੀਦਵਾਰਾਂ ਕੋਲੋਂ ਖਾਣਾ ਅਤੇ ਪੈਸੇ ਦੀ ਆਸ ਰੱਖਦੇ ਹਨ।

ਉਹ ਮੰਨਦੀ ਹੈ ਕਿ ਪੇਂਡੂ ਭਾਰਤ ਵਿੱਚ ਚੋਣ ਸਿਆਸਤ ਅਕਸਰ ਰਵਾਇਤੀ ਸੋਚਾਂ 'ਤੇ ਆਧਾਰਿਤ ਹੁੰਦੇ ਹਨ। ਉਨ੍ਹਾਂ ਨੇ ਦੇਖਿਆ ਕਿ ਚੋਣਾਂ ਦਾ ਮੂਲ ਮੰਤਰ "ਮਾਲਕ-ਨੌਕਰ ਦੇ ਵਿਚਾਲੇ ਦਾ ਸਬੰਧ ਸੀ, ਜਿਸ ਵਿੱਚ ਸਾਮਾਨਾਂ ਦਾ ਲੈਣ-ਦੇਣ ਕੀਤਾ ਜਾਂਦਾ ਹੈ ਅਤੇ ਸ਼ਕਤੀ ਦਾ ਵਰਤੋਂ ਹੁੰਦੀ ਹੈ।"

ਚੋਣ ਅਧਿਕਾਰੀਆਂ ਦੀਆਂ ਅੱਖਾਂ ਤੋਂ ਬਚਣ ਲਈ ਉਮੀਦਵਾਰ ਨਕਲੀ ਵਿਆਹ ਅਤੇ ਜਨਮ ਦਿਨ ਦੀਆਂ ਪਾਰਟੀਆਂ ਦਿੰਦੇ ਹਨ, ਜਿਸ ਵਿੱਚ ਅਣਜਾਣ ਲੋਕ, ਵੋਟਰ ਦੇ ਖਾਣ-ਪੀਣ ਅਤੇ ਤੋਹਫ਼ਿਆਂ ਦੀ ਵਿਵਸਥਾ ਕੀਤੀ ਜਾਂਦੀ ਹੈ।

ਲੰਦਨ ਸਕੂਲ ਆਫ ਇਕੋਨੋਮਿਕਸ ਵਿੱਚ ਸਮਾਜ ਵਿਗਿਆਨ ਦੀ ਪ੍ਰੋਫੈਸਰ ਮੁਕੁਲਿਕਾ ਬਨਰਜੀ ਮੁਤਾਬਕ ਗ਼ਰੀਬ ਵੋਟਰ "ਉਨ੍ਹਾਂ ਸਾਰੀਆਂ ਪਾਰਟੀਆਂ ਕੋਲੋਂ ਪੈਸਾ ਲੈਂਦੇ ਹਨ ਜੋ ਇਸ ਦੀ ਪੇਸ਼ਕਸ਼ ਕਰਦੇ ਹਨ ਪਰ ਵੋਟ ਉਨ੍ਹਾਂ ਨੂੰ ਨਹੀਂ ਦਿੰਦੇ ਜੋ ਵੱਧ ਪੈਸਾ ਦਿੰਦੇ ਹਨ ਬਲਕਿ 'ਹੋਰਨਾਂ ਗੱਲਾਂ ਦਾ ਖ਼ਿਆਲ' ਰੱਖ ਕੇ ਦਿੰਦੇ ਹਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)