ਔਰਤਾਂ ਨੂੰ ਕਦੋਂ ਪਹਿਨਾਈ ਗਈ ਪਹਿਲੀ ਵਾਰ ਬ੍ਰਾਅ?

ਔਰਤਾਂ, ਬ੍ਰਾ Image copyright Getty Images

ਕੁੜੀਆਂ ਕ੍ਰਿਪਾ ਕਰਕੇ 'ਸਕਿਨ ਕਲਰ' ਦੀ ਬ੍ਰਾਅ ਪਹਿਨਣ। ਬ੍ਰਾਅ ਦੇ ਉਪਰ ਸ਼ਮੀਜ ਵੀ ਪਹਿਨਣ।

ਕੁਝ ਦਿਨ ਪਹਿਲਾਂ ਕਥਿਤ ਤੌਰ 'ਤੇ ਇਹ ਫਰਮਾਨ ਦਿੱਲੀ ਦੇ ਇੱਕ ਪ੍ਰਸਿੱਧ ਸਕੂਲ ਵਿੱਚ ਨੌਵੀਂ ਤੋਂ ਬਾਹਰਵੀਂ ਕਲਾਸ ਵਿੱਚ ਪੜ੍ਹਣ ਵਾਲੀਆਂ ਕੁੜੀਆਂ ਲਈ ਜਾਰੀ ਕੀਤਾ ਗਿਆ ਸੀ।

ਇਸ ਦਾ ਕੀ ਮਕਸਦ ਸੀ? ਸਕਿਨ ਕਲਰ ਦੀ ਬ੍ਰਾਅ ਹੀ ਕਿਉਂ? ਦਿੱਲੀ ਦੀ ਇਸ ਤਪਦੀ ਗਰਮੀ ਵਿੱਚ ਬ੍ਰਾਅ ਦੇ ਉੱਪਰ ਸ਼ਮੀਜ ਪਹਿਨਣ ਦੇ ਆਦੇਸ਼ ਦਾ ਕੀ ਮਤਲਬ ਹੈ?

ਅਤੇ ਇਹ ਫਰਮਾਨ ਕੁੜੀਆਂ ਲਈ ਕਿਉਂ? ਵੈਸੇ ਤਾਂ ਇਸ ਸਕੂਲ ਦੇ ਇਸ ਫ਼ਰਮਾਨ ਵਿੱਚ ਅਜਿਹਾ ਕੁਝ ਨਹੀਂ ਹੈ, ਜੋ ਪਹਿਲੀ ਵਾਰ ਕਿਹਾ ਗਿਆ ਹੋਵੇ।

ਔਰਤਾਂ ਵੀ ਅਸਹਿਜ ਹੋ ਜਾਂਦੀਆਂ ਹਨ...

ਔਰਤਾਂ ਦੇ ਅੰਡਰਗਾਰਮੈਂਟਸ ਖ਼ਾਸ ਕਰਕੇ ਬ੍ਰਾਅ ਨੂੰ ਇੱਕ ਭੜਕਾਊ ਅਤੇ ਕਾਮੁਕ ਪ੍ਰਵਿਰਤੀ ਦੀ ਚੀਜ਼ ਵਜੋਂ ਦੇਖਿਆ ਜਾ ਰਿਹਾ ਹੈ।

ਅੱਜ ਵੀ ਬਹੁਤ ਸਾਰੀਆਂ ਔਰਤਾਂ ਬ੍ਰਾਅ ਨੂੰ ਤੋਲੀਏ ਜਾਂ ਦੂਜਿਆਂ ਕੱਪੜਿਆਂ ਹੇਠਾਂ ਲੁਕਾ ਕੇ ਸੁਕਾਉਦੀਆਂ ਹਨ। ਹਾਂ, ਕੋਈ ਮਰਦ ਆਪਣੀ ਬਨੈਣ ਵੀ ਲੁਕਾ ਕੇ ਸੁਕਾਉਂਦਾ ਹੈ ਜਾਂ ਨਹੀਂ, ਇਹ ਖੋਜ ਦਾ ਵਿਸ਼ਾ ਹੈ!

ਅੱਜ ਵੀ ਲੋਕ ਕੁੜੀ ਦੀ ਬ੍ਰਾਅ ਦਾ ਸਟੈਪ ਦੇਖ ਕੇ ਅਸਹਿਜ ਹੋ ਜਾਂਦੇ ਹਨ। ਪੁਰਸ਼ ਹੀ ਨਹੀਂ ਔਰਤਾਂ ਵੀ ਅਸਹਿਜ ਹੋ ਜਾਂਦੀਆਂ ਹਨ ਅਤੇ ਅੱਖਾਂ ਦੇ ਇਸ਼ਾਰਿਆਂ ਨਾਲ ਉਸ ਨੂੰ ਢਕਣ ਲਈ ਕਹਿੰਦੀਆਂ ਹਨ।

ਜੇਕਰ ਇਹ ਸਭ ਤੁਹਾਨੂੰ ਗੁਜਰੇ ਜ਼ਮਾਨੇ ਦੀਆਂ ਗੱਲਾਂ ਲੱਗਦੀਆਂ ਹਨ ਤਾਂ ਸ਼ਾਇਦ ਇੱਥੇ ਇਹ ਸਭ ਦੱਸਣਾ ਦਿਲਚਸਪ ਹੋਵੇਗਾ ਕਿ ਫਿਲਮ 'ਕੁਈਨ' ਵਿੱਚ ਸੈਂਸਰ ਬੋਰਡ ਨੇ ਕੰਗਨਾ ਰਣੌਤ ਦੀ ਬ੍ਰਾਅ ਨੂੰ ਧੁੰਦਲਾ ਕਰ ਦਿੱਤਾ ਸੀ।

'ਬ੍ਰਾ' ਅਤੇ 'ਪੈਂਟੀ'

ਪਿਛਲੇ ਸਾਲ ਸਾਹਿਤ ਕਲਾ ਪਰੀਸ਼ਦ ਨੇ ਕਥਿਤ ਤੌਰ 'ਤੇ ਇੱਕ ਨਾਟਕ ਦੀ ਪੇਸ਼ਕਾਰੀ ਕੁਝ ਅਜਿਹੇ ਹੀ ਅਸਹਿਜ ਕਰਨ ਵਾਲੇ ਕਾਰਨਾਂ ਕਰਕੇ ਰੋਕ ਦਿੱਤਾ ਸੀ।

Image copyright Facebook

ਇਸ ਨਾਟਕ ਦੀ ਲਿਖਤ ਅਤੇ ਸੰਵਾਦ ਬਾਰੇ ਉਦੋਂ ਇਹ ਕਿਹਾ ਗਿਆ ਕਿ ਇਸ ਦੇ ਕਿਸੇ 'ਦ੍ਰਿਸ਼' ਵਿੱਚ 'ਬ੍ਰਾਅ' ਅਤੇ 'ਪੈਂਟੀ' ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ।

ਹਾਲਾਂਕਿ ਪ੍ਰਬੰਧਕਾਂ ਮੁਤਾਬਕ ਉਨ੍ਹਾਂ ਨੂੰ ਇਤਰਾਜ਼ ਸਿਰਫ਼ 'ਬ੍ਰਾਅ' ਅਤੇ 'ਪੈਂਟੀ' ਵਰਗੇ ਸ਼ਬਦਾਂ ਕਾਰਨ ਨਹੀਂ ਰੋਕਿਆ ਗਿਆ ਸੀ, ਇਸ ਤੋਂ ਇਲਾਵਾ ਵੀ ਕਈ 'ਅਸ਼ਲੀਲ' ਸ਼ਬਦਾਂ ਦਾ ਇਸਤੇਮਾਲ ਨਾਟਕ ਵਿੱਚ ਕੀਤਾ ਗਿਆ ਸੀ।

ਔਰਤਾਂ ਨਾਲ ਗੱਲ ਕਰਕੇ ਤੁਹਾਨੂੰ ਪਤਾ ਲੱਗੇਗਾ ਕਿ ਉਨ੍ਹਾਂ ਲਈ ਬ੍ਰਾਅ ਪਹਿਨਣਾ ਜ਼ਰੂਰੀ ਵੀ ਹੈ ਅਤੇ ਇਹ ਕਿਸੇ ਸਿਆਪੇ ਤੋਂ ਘੱਟ ਵੀ ਨਹੀਂ ਹੈ।

ਹੌਲੀ-ਹੌਲੀ ਆਦਤ ਹੋ ਗਈ....

24 ਸਾਲ ਦੀ ਰਚਨਾ ਨੂੰ ਸ਼ੁਰੂ ਵਿੱਚ ਬ੍ਰਾਅ ਪਹਿਨਣ ਤੋਂ ਨਫ਼ਰਤ ਸੀ ਪਰ ਹੌਲੀ-ਹੌਲੀ ਆਦਤ ਬਣ ਗਈ ਜਾਂ ਇਹ ਕਹਿ ਲਵੋ ਆਦਤ ਪਾ ਦਿੱਤੀ ਗਈ।

Image copyright Getty Images

ਉਹ ਕਹਿੰਦੀ ਹੈ ਕਿ, "ਟੀਨਏਜ ਵਿੱਚ ਜਦੋਂ ਮਾਂ ਬ੍ਰਾਅ ਪਹਿਨਣ ਦੀ ਹਦਾਇਤ ਦਿੰਦੀ ਸੀ ਤਾਂ ਬਹੁਤ ਗੁੱਸਾ ਆਉਂਦਾ ਸੀ।"

"ਇਸ ਨੂੰ ਪਹਿਨ ਕੇ ਸਰੀਰ ਬੰਨ੍ਹਿਆ-ਬੰਨ੍ਹਿਆ ਜਿਹਾ ਲੱਗਦਾ ਸੀ ਪਰ ਫੇਰ ਹੌਲੀ-ਹੌਲੀ ਆਦਤ ਹੋ ਗਈ, ਹੁਣ ਨਾ ਪਹਿਨਾ ਤਾਂ ਅਜੀਬ ਜਿਹਾ ਲੱਗਦਾ ਹੈ।"

ਰੀਵਾ ਕਹਿੰਦੀ ਹੈ, "ਪਿੰਡਾਂ ਵਿੱਚ ਬ੍ਰਾਅ ਨੂੰ 'ਬੌਡੀ' ਕਹਿੰਦੇ ਹਨ, ਕਈ ਸ਼ਹਿਰੀ ਕੁੜੀਆਂ ਇਸ ਨੂੰ 'ਬੀ' ਕਹਿ ਕੇ ਵੀ ਕੰਮ ਸਾਰ ਲੈਂਦੀਆਂ ਹਨ। ਬ੍ਰਾਅ ਬੋਲਣ ਨਾਲ ਹੀ ਭੂਚਾਲ ਆ ਜਾਂਦਾ ਹੈ।"

ਬ੍ਰਾ ਦੀਆਂ ਨੇ ਹਜ਼ਾਰਾਂ ਵੈਰਾਈਟੀਆਂ

ਗੀਤਾ ਦੀ ਵੀ ਕੁਝ ਅਜਿਹੀ ਹੀ ਰਾਏ ਹੈ। ਉਹ ਕਹਿੰਦੀ ਹੈ, "ਅਸੀਂ ਖ਼ੁਦ ਦੇ ਸਰੀਰ ਦੇ ਨਾਲ ਸਹਿਜ ਮਹਿਸੂਸ ਕਰਦੇ ਹਾਂ ਤਾਂ ਦੂਜਿਆਂ ਨੂੰ ਵੀ ਅਜਿਹਾ ਹੀ ਅਹਿਸਾਸ ਹੋਵੇਗਾ।"

Image copyright Facebook

"ਪਹਿਲਾਂ ਮੈਨੂੰ ਬਿਨਾਂ ਬ੍ਰਾਅ ਦੇ ਜਨਤਕ ਥਾਵਾਂ 'ਤੇ ਜਾਣ ਵਿੱਚ ਦਿੱਕਤ ਹੁੰਦੀ ਸੀ ਪਰ ਹੌਲੀ-ਹੌਲੀ ਸਹਿਜ ਹੋ ਗਈ।"

ਅੱਜ ਬਾਜ਼ਾਰ ਵਿੱਚ ਹਜ਼ਾਰਾਂ ਵੈਰਾਈਟੀਆਂ ਮੌਜੂਦ ਹਨ। ਪੈਡਡ ਤੋਂ ਲੈ ਕੇ ਅੰਡਰਵਾਇਅਰ ਅਤੇ ਸਟ੍ਰੈਪਲੈਸ ਤੋਂ ਲੈ ਕੇ ਸਪੋਰਟਸ ਬ੍ਰਾਅ ਤੱਕ।

ਕੁਝ ਔਰਤਾਂ ਸਰੀਰ ਨੂੰ ਉਭਾਰਨ ਦਾ ਦਾਅਵਾ ਕਰਦੀਆਂ ਹਨ ਤੇ ਕੁਝ ਲੁਕਾਉਣ ਦਾ।

ਪਰ ਬ੍ਰਾ ਪਹਿਨਣ ਦਾ ਰੁਝਾਨ ਸ਼ੁਰੂ ਕਦੋਂ ਹੋਇਆ?

  • ਬੀਬੀਸੀ ਕਲਚਰ ਛਪੇ ਲੇਖ ਮੁਤਾਬਕ ਬ੍ਰਾਅ ਫ੍ਰੈਂਚ ਸ਼ਬਦ 'brassiere' ਦਾ ਛੋਟਾ ਰੂਪ ਹੈ ਜਿਸ ਦਾ ਸ਼ਾਬਦਿਕ ਅਰਥ ਹੁੰਦਾ ਹੈ ਸਰੀਰ ਦਾ ਉਪਰੀ ਹਿੱਸਾ।
Image copyright FACEBOOK
  • ਪਹਿਲੀ ਮਾਰਡਨ ਬ੍ਰਾਅ ਵੀ ਫਰਾਂਸ ਵਿੱਚ ਹੀ ਬਣੀ ਸੀ।
  • ਫਰਾਂਸ ਦੀ ਹਾਰਮਿਨੀ ਕੈਡੋਲ ਨੇ 1869 ਵਿੱਚ ਇੱਕ ਕੌਰਸੈਟ(ਜੈਕੇਟ ਵਰਗੀ ਪੋਸ਼ਾਕ) ਨੂੰ ਦੋ ਟੁਕੜਿਆਂ ਵਿੱਚ ਕੱਟ ਕੇ ਅੰਡਰਗਾਰਮੈਂਟਸ ਬਣਾਏ ਗਏ ਸਨ। ਬਾਅਦ ਵਿੱਚ ਇਸ ਦਾ ਉਪਰੀ ਹਿੱਸਾ ਬ੍ਰਾਅ ਵਾਂਗ ਪਹਿਨਿਆ ਅਤੇ ਵੇਚਿਆ ਜਾਣ ਲੱਗਾ।
  • ਹਾਲਾਂਕਿ ਪਹਿਲੀ ਬ੍ਰਾਅ ਕਿੱਥੇ ਅਤੇ ਕਿਵੇਂ ਬਣੀ, ਇਸ ਦਾ ਕੋਈ ਸਪੱਸ਼ਟ ਜਵਾਬ ਨਹੀਂ ਹੈ।

ਛਾਤੀਆਂ ਨੂੰ ਲੁਕਾਉਣ ਲਈ...

ਯੂਨਾਨ ਦੇ ਇਤਿਹਾਸ ਵਿੱਚ ਬ੍ਰਾਅ ਵਰਗੇ ਦਿਖਣ ਵਾਲੇ ਕੱਪੜਿਆ ਦਾ ਚਿੱਤਰ ਹੈ।

ਰੋਮਨ ਔਰਤਾਂ ਛਾਤੀਆਂ ਨੂੰ ਲੁਕਾਉਣ ਲਈ ਇਸ ਨੂੰ ਚਾਰੇ ਪਾਸਿਓਂ ਇੱਕ ਕੱਪੜੇ ਨਾਲ ਬੰਨ੍ਹ ਲੈਂਦੀਆਂ ਸਨ।

Image copyright Underwood Archives/UIG/REX

ਇਸ ਤੋਂ ਉਲਟ ਗਰੀਕ ਵਿੱਚ ਔਰਤਾਂ ਇੱਕ ਬੈਲਟ ਰਾਹੀਂ ਛਾਤੀਆਂ ਨੂੰ ਉਭਾਰਨ ਦੀ ਕੋਸ਼ਿਸ਼ ਕਰਦੀਆਂ ਸਨ।

ਅੱਜ ਜਿਵੇਂ ਦੀਆਂ ਬ੍ਰਾਅ ਅਸੀਂ ਦੁਕਾਨਾਂ 'ਚ ਦੇਖਦੇ ਹਾਂ ਅਮਰੀਕਾ ਵਿੱਚ ਉਨ੍ਹਾਂ ਦਾ ਬਣਨਾ 1930 ਵਿੱਚ ਲਗਪਗ ਸ਼ੁਰੂ ਹੋਇਆ ਸੀ।

ਹਾਲਾਂਕਿ ਏਸ਼ੀਆ ਵਿੱਚ ਬ੍ਰਾਅ ਦਾ ਅਜਿਹਾ ਕੋਈ ਸਪੱਸ਼ਟ ਇਤਿਹਾਸ ਨਹੀਂ ਮਿਲਦਾ।

ਬ੍ਰਾ ਆਉਣ ਦੇ ਨਾਲ ਹੀ ਸ਼ੁਰੂ ਹੋ ਗਿਆ ਸੀ ਇਸ ਦਾ ਵਿਰੋਧ

ਮਸ਼ਹੂਰ ਫੈਸ਼ਨ ਮੈਗ਼ਜ਼ੀਨ 'ਵੋਗ' ਨੇ ਸਾਲ 1907 ਦੇ ਕਰੀਬ 'brassiere' ਸ਼ਬਦ ਨੂੰ ਲੋਕਪ੍ਰਿਯ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਈ।

ਦਿਲਚਸਪ ਗੱਲ ਇਹ ਹੈ ਕਿ ਇਸ ਦੇ ਨਾਲ ਹੀ ਬ੍ਰਾਅ ਦਾ ਵਿਰੋਧ ਹੋਣਾ ਵੀ ਸ਼ੁਰੂ ਹੋ ਗਿਆ ਸੀ।

ਇਹ ਉਹ ਵੇਲਾ ਸੀ ਜਦੋਂ ਮਹਿਲਾਵਾਦੀ ਸੰਗਠਨਾਂ ਨੇ ਬ੍ਰਾਅ ਪਹਿਨਣ ਦੇ 'ਖ਼ਤਰਿਆਂ' ਪ੍ਰਤੀ ਔਰਤਾਂ ਨੂੰ ਸਾਵਧਾਨ ਕੀਤਾ ਸੀ।

Image copyright Getty Images

ਅਤੇ ਉਨ੍ਹਾਂ ਅਜਿਹੇ ਕੱਪੜੇ ਪਹਿਨਣ ਦੀ ਸਲਾਹ ਦਿੱਤੀ ਸੀ ਜੋ ਉਨ੍ਹਾਂ ਨੂੰ ਹਰੇਕ ਤਰ੍ਹਾਂ ਦੇ ਸਮਾਜਕ ਅਤੇ ਰਾਜਨੀਤਕ ਬੰਧਨਾਂ ਤੋਂ ਆਜ਼ਾਦ ਕਰਨ।

ਆਧੁਨਿਕ ਬ੍ਰਾ ਦਾ ਸ਼ੁਰੂਆਤੀ ਰੂਪ

ਸਾਲ 1911 ਵਿੱਚ 'ਬ੍ਰਾਅ' ਸ਼ਬਦ ਨੂੰ ਆਕਸਫੌਰਡ ਡਿਕਸ਼ਨਰੀ ਵਿੱਚ ਜੋੜਿਆ ਗਿਆ।

ਇਸ ਤੋਂ ਬਾਅਦ 1913 ਵਿੱਚ ਅਮਰੀਕਾ ਦੀ ਪ੍ਰਸਿੱਧ ਸੋਸ਼ਲਾਈਟ ਮੈਰੀ ਫੈਲਪਸ ਨੇ ਰੇਸ਼ਮ ਦੇ ਰੁਮਾਲਾਂ ਅਤੇ ਰਿਬਨਾਂ ਤੋਂ ਆਪਣੇ ਲਈ ਬ੍ਰਾਅ ਬਣਾਈ ਅਤੇ ਅਗਲੇ ਸਾਲ ਇਸ ਦਾ ਪੈਟੈਂਟ ਵੀ ਕਰਵਾਇਆ।

ਮੈਰੀ ਦੀ ਬਣਾਈ ਬ੍ਰਾਅ ਨੂੰ ਆਧੁਨਿਕ ਬ੍ਰਾਅ ਦਾ ਸ਼ੁਰੂਆਤੀ ਰੂਪ ਮੰਨਿਆ ਜਾ ਸਕਦਾ ਹੈ ਪਰ ਇਸ ਵਿੱਚ ਕਮੀਆਂ ਸਨ।

Image copyright Pictorial Press Ltd / Alamy
ਫੋਟੋ ਕੈਪਸ਼ਨ 1990 ਵਿੱਚ ਛਪਿਆ ਇੱਕ ਇਸ਼ਤਿਹਾਰ , ਜਿਸ ਦੀ ਬੇਹੱਦ ਚਰਚਾ ਹੋਈ

ਇਹ ਛਾਤੀਆਂ ਨੂੰ ਸਪੋਰਟ ਕਰਨ ਬਜਾਇ ਇਸ ਨੂੰ ਫਲੈਟ ਕਰ ਦਿੰਦੀ ਸੀ ਅਤੇ ਸਿਰਫ਼ ਇੱਕ ਹੀ ਸਾਈਜ਼ ਵਿੱਚ ਮੌਜੂਦ ਸੀ।

ਔਰਤਾਂ ਦੀ ਬ੍ਰਾ ਸਾੜੀ

ਇਸ ਤੋਂ ਬਾਅਦ 1921 ਵਿੱਚ ਅਮਰੀਕੀ ਡਿਜ਼ਾਇਨ ਆਈਡਾ ਰੋਜੈਂਥਲ ਨੂੰ ਵੱਖ-ਵੱਖ 'ਕਪ ਸਾਈਜ਼' ਦਾ ਆਈਡੀਆ ਆਇਆ ਅਤੇ ਹਰ ਤਰ੍ਹਾਂ ਦੇ ਸਰੀਰ ਲਈ ਬ੍ਰਾਅ ਬਣਨ ਲੱਗੀ।

ਫੇਰ ਬ੍ਰਾਅ ਦੇ ਪ੍ਰਚਾਰ-ਪ੍ਰਸਾਰ ਦਾ ਜੋ ਦੌਰ ਸ਼ੁਰੂ ਹੋਇਆ, ਉਹ ਅੱਜ ਤੱਕ ਰੁਕਿਆ ਨਹੀਂ।

ਸਾਲ 1968 ਵਿੱਚ ਤਕਰੀਬਨ 400 ਔਰਤਾਂ ਮਿਸ ਅਮਰੀਕਾ ਬਿਊਟੀ ਪੀਜੈਂਟ ਦਾ ਵਿਰੋਧ ਕਰਨ ਲਈ ਇਕੱਠੀਆਂ ਹੋਈਆ ਅਤੇ ਉਨ੍ਹਾਂ ਨੇ ਬ੍ਰਾਅ, ਮੇਕਅੱਪ ਦੇ ਸਾਮਾਨ ਅਤੇ ਹਾਈ ਹੀਲਜ਼ ਸਮੇਤ ਕਈ ਦੂਜੀਆਂ ਚੀਜ਼ਾਂ ਇੱਕ ਕੂੜੇਦਾਨ ਵਿੱਚ ਸੁੱਟ ਦਿੱਤੀਆਂ।

Image copyright Getty Images
ਫੋਟੋ ਕੈਪਸ਼ਨ 1949, ਬ੍ਰਾ ਦਾ ਇਸ਼ਤਿਾਹਰ ਦਿੰਦੀ ਇੱਕ ਮਾਡਲ

ਜਿਸ ਕੂੜੇਦਾਨ ਵਿੱਚ ਇਹ ਚੀਜ਼ਾਂ ਸੁੱਟੀਆਂ ਗਈਆਂ ਉਸ ਨੂੰ 'ਫ੍ਰੀਡਮ ਟ੍ਰੈਸ਼ ਕੈਨ' ਕਿਹਾ ਗਿਆ।

ਇਸ ਦੇ ਵਿਰੋਧ ਦਾ ਕਾਰਨ ਸੀ ਔਰਤਾਂ 'ਤੇ ਖ਼ੂਬਸੂਰਤੀ ਦੇ ਪੈਮਾਨੇ ਨੂੰ ਮੜਣਾ।

'ਨੌ ਬ੍ਰਾ ਨੌ ਪ੍ਰੌਬਲਮ'

  • 1960 ਦੇ ਦਹਾਕੇ ਵਿੱਚ 'ਬ੍ਰਾਅ ਬਰਨਿੰਗ' ਔਰਤਾਂ ਵਿੱਚ ਕਾਫੀ ਲੋਕਪ੍ਰਿਯ ਹੋਇਆ ਸੀ। ਹਾਲਾਂਕਿ ਸਚਮੁੱਚ ਵਿੱਚ ਕੁਝ ਹੀ ਔਰਤਾਂ ਨੇ ਬ੍ਰਾਅ ਸਾੜੀਆਂ ਸਨ।
  • ਇਹ ਇੱਕ ਸੰਕੇਤਕ ਵਿਰੋਧ ਸੀ। ਕਈ ਔਰਤਾਂ ਨੇ ਬ੍ਰਾਅ ਸਾੜੀ ਨਹੀਂ ਪਰ ਵਿਰੋਧ ਜਤਾਉਣ ਲਈ ਬਿਨਾਂ ਬ੍ਰਾਅ ਬਾਹਰ ਨਿਕਲੀਆਂ।
  • ਸਾਲ 2016 ਵਿੱਚ ਇੱਕ ਵਾਰ ਫੇਰ ਬ੍ਰਾਅ-ਵਿਰੋਧੀ ਮੁਹਿੰਮ ਨੇ ਸੋਸ਼ਲ ਮੀਡੀਆ 'ਤੇ ਜ਼ੋਰ ਫੜਿਆ।
Image copyright Getty Images
  • ਉਹ ਉਦੋਂ ਹੋਇਆ ਜਦੋਂ 17 ਸਾਲ ਦੀ ਕੈਟਲੀਨ ਡੁਵਿਕ ਬਿਨਾਂ ਬ੍ਰਾਅ ਦੇ ਟੌਪ ਪਹਿਨ ਕੇ ਸਕੂਲ ਚਲੀ ਗਈ ਅਤੇ ਵਾਈਸ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਬੁਲਾ ਕੇ ਬ੍ਰਾਅ ਨਾ ਪਹਿਨਣ ਦਾ ਕਾਰਨ ਪੁੱਛਿਆ।

ਬ੍ਰਾ ਅਤੇ ਸਿਹਤ

ਕੈਟਲੀਨ ਨੇ ਇਸ ਘਟਨਾ ਦਾ ਜ਼ਿਕਰ ਸਨੈਪਚੈਟ 'ਤੇ ਕੀਤਾ ਅਤੇ ਉਨ੍ਹਾਂ ਨੂੰ ਜ਼ਬਰਦਸਤ ਸਮਰਥਨ ਮਿਲਿਆ। ਇਸ ਤਰ੍ਹਾਂ 'ਨੌ ਬ੍ਰਾਅ ਨੌ ਪ੍ਰੋਬਲਮ' ਮੁਹਿੰਮ ਦੀ ਸ਼ੁਰੂਆਤ ਹੋਈ।

ਬ੍ਰਾਅ ਬਾਰੇ ਕਈ ਮਿੱਥਾਂ ਹਨ। ਹਾਲਾਂਕਿ ਕਈ ਖੋਜਾਂ ਤੋਂ ਬਾਅਦ ਵੀ ਇਹ ਸਾਫ ਤੌਰ 'ਤੇ ਸਾਬਿਤ ਨਹੀਂ ਹੋ ਸਕਿਆ ਕਿ ਬ੍ਰਾਅ ਪਹਿਨਣ ਨਾਲ ਸਚਮੁਚ ਨੁਕਸਾਨ ਜਾਂ ਫਾਇਦੇ ਹਨ।

ਬ੍ਰਾਅ ਪਹਿਨਣ ਨਾਲ ਬ੍ਰੈਸਟ ਕੈਂਸਰ ਹੋਣ ਦੀਆਂ ਗੱਲਾਂ ਕਹੀਆਂ ਜਾਂਦੀਆਂ ਰਹੀਆਂ ਹਨ ਪਰ ਅਮਰੀਕਨ ਕੈਂਸਰ ਸੁਸਾਇਟੀ ਮੁਤਾਬਕ ਇਸ ਦਾ ਕੋਈ ਵਿਗਿਆਨਕ ਕਾਰਨ ਨਹੀਂ ਮਿਲ ਸਕਿਆ ਹੈ।

Image copyright Twitter/"NoBraNoProblem

ਹਾਂ, ਇਹ ਜ਼ਰੂਰ ਹੈ ਕਿ 24 ਘੰਟੇ ਬ੍ਰਾਅ ਪਹਿਨਣਾ ਜਾਂ ਗਲਤ ਸਾਈਜ਼ ਦੀ ਬ੍ਰਾ ਪਹਿਨਣਾ ਨੁਕਸਾਨਦਾਇਕ ਹੋ ਸਕਦਾ ਹੈ।

ਇਸ ਲਈ ਡਾਕਟਰਜ਼ ਜਰੂਰਤ ਤੋਂ ਜ਼ਿਆਦਾ ਟਾਈਟ ਜਾਂ ਢਿੱਲੀ ਬ੍ਰਾਅ ਨਾ ਪਹਿਨਣ ਦੀ ਸਲਾਹ ਦਿੰਦੇ ਹਨ। ਇਸ ਦੇ ਨਾਲ ਹੀ ਸੌਣ ਵੇਲੇ ਹਲਕੇ ਅਤੇ ਢਿੱਲੇ ਕੱਪੜੇ ਪਹਿਨਣ ਲਈ ਕਿਹਾ ਜਾਂਦਾ ਹੈ।

ਇਹ ਵੀ ਸੱਚ ਹੈ ਕਿ ਬ੍ਰਾਅ ਔਰਤ ਦੇ ਸਰੀਰ ਨੂੰ ਮੂਵਮੈਂਟ ਵਿੱਚ ਮਦਦ ਕਰਦੀ ਹੈ, ਖ਼ਾਸ ਕਰਕੇ ਐਕਰਸਾਈਜ਼, ਖੇਡ ਵੇਲੇ ਜਾਂ ਸਰੀਰਕ ਮਿਹਨਤ ਵਾਲੇ ਕੰਮਾਂ ਦੌਰਾਨ।

ਸਮਾਜ ਇੰਨਾਂ ਅਸਹਿਜ ਕਿਉਂ ਹੈ?

ਖ਼ੈਰ, ਬ੍ਰਾਅ ਨੂੰ ਅੱਜ ਔਰਤਾਂ ਦੇ ਕੱਪੜਿਆਂ ਦਾ ਲਾਜ਼ਮੀ ਹਿੱਸਾ ਬਣਾ ਦਿੱਤਾ ਗਿਆ ਹੈ। ਹਾਂ, ਇਹ ਜ਼ਰੂਰ ਹੈ ਕਿ ਬ੍ਰਾਅ ਦੇ ਵਿਰੋਧ ਵਿੱਚ ਹੁਣ ਦੱਬੀਆਂ-ਦੱਬੀਆਂ ਜਿਹੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ।

Image copyright Saloni Chopra/Instagram
ਫੋਟੋ ਕੈਪਸ਼ਨ ਅਦਾਕਾਰ ਸਲੋਨੀ ਚੋਪੜਾ ਨੇ ਆਪਣੀ ਇਹ ਤਸਵੀਰ ਇੰਸਟਾਗਰਾਮ 'ਤੇ ਪੋਸਟ ਕੀਤੀ ਸੀ

ਪਰ ਬ੍ਰਾਅ ਦੇ ਵਿਰੋਧ ਹੋਣ ਜਾਂ ਨਾ ਹੋਣ ਤੋਂ ਵੱਡਾ ਸਵਾਲ ਇਹ ਹੈ ਕਿ ਇਸ ਨੂੰ ਲੈ ਕੇ ਸਮਾਜ ਇੰਨਾ ਅਸਹਿਜ ਕਿਉਂ ਹੈ?

ਬ੍ਰਾਅ ਦੇ ਰੰਗ ਤੋਂ ਪ੍ਰੇਸ਼ਾਨੀ, ਬ੍ਰਾਅ ਦੇ ਦਿਖਣ ਨਾਲ ਪ੍ਰੇਸ਼ਾਨੀ, ਬ੍ਰਾਅ ਦੇ ਖੁਲ੍ਹੇ ਵਿੱਚ ਸੁਕਣ ਨਾ ਪ੍ਰੇਸ਼ਾਨੀ ਅਤੇ ਬ੍ਰਾਅ ਸ਼ਬਦ ਤੱਕ ਤੋਂ ਪ੍ਰੇਸ਼ਾਨੀ ਕਿਉਂ ਹੈ?

ਔਰਤਾਂ ਦੇ ਸਰੀਰ ਅਤੇ ਉਨ੍ਹਾਂ ਦੇ ਕੱਪੜਿਆਂ ਨੂੰ ਇਸ ਤਰ੍ਹਾਂ ਕੰਟ੍ਰੋਲ ਕੀਤੇ ਜਾਣ ਦੀ ਕੋਸ਼ਿਸ਼ ਆਖ਼ਿਰ ਕਿਉਂ?

ਸ਼ਰਟ, ਪੈਂਟ ਅਤੇ ਬਨੈਣ ਵਾਂਗ ਹੀ ਬ੍ਰਾਅ ਇੱਕ ਕੱਪੜਾ ਹੈ। ਬਿਹਤਰ ਹੋਵੇਗਾ ਕਿ ਇਸ ਨੂੰ ਇੱਕ ਕੱਪੜੇ ਵਾਂਗ ਦੇਖਿਆ ਜਾਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)