ਸਮੀਖਿਆ: ਤੰਦੂਰ ਕਤਲ ਕਾਂਡ ਦਾ ਕਾਤਲ 'ਸੁਸ਼ੀਲ ਸ਼ਰਮਾ ਜੋ ਬਣ ਗਿਆ ਪੁਜਾਰੀ'

  • ਰੇਹਾਨ ਫ਼ਜ਼ਲ
  • ਬੀਬੀਸੀ ਪੱਤਰਕਾਰ
ਸੁਸ਼ੀਲ ਸ਼ਰਮਾ

ਤਸਵੀਰ ਸਰੋਤ, Getty Images

3 ਜੁਲਾਈ, 1995 ਦੀ ਰਾਤ ਦਾ ਇੱਕ ਵੱਜ ਚੁੱਕਿਆ ਸੀ। ਐਡੀਸ਼ਨਲ ਪੁਲਿਸ ਕਮਿਸ਼ਨਰ ਮੈਕਸਵੈੱਲ ਪਰੇਰਾ ਦੇ ਫ਼ੋਨ ਦੀ ਘੰਟੀ ਵੱਜੀ। ਦੂਜੇ ਪਾਸੇ ਡਿਪਟੀ ਪੁਲਿਸ ਕਮਿਸ਼ਨਰ ਆਦਿਤਯ ਆਰੀਆ ਸਨ।

ਉਨ੍ਹਾਂ ਪਹਿਲਾਂ ਤਾਂ ਦੇਰ ਰਾਤ ਫ਼ੋਨ ਕਰਨ ਲਈ ਮੁਆਫ਼ੀ ਮੰਗੀ ਅਤੇ ਫ਼ਿਰ ਦੱਸਿਆ ਕਿ ਇੱਕ ਤੰਦੂਰ 'ਚ ਇੱਕ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ।

ਪਰੇਰਾ ਨੂੰ ਮਸਲਾ ਸਮਝਣ 'ਚ ਕੁਝ ਸਮਾਂ ਲੱਗਿਆ। ਉਨ੍ਹਾਂ ਆਰੀਆ ਨੂੰ ਕਈ ਸਵਾਲ ਕੀਤੇ, 'ਕੀ? ਤੁਸੀਂ ਹੋਸ਼ ਵਿੱਚ ਤਾਂ ਹੋ? ਕਿਸਦੀ ਲਾਸ਼? ਕਿੱਥੇ? ਤੁਸੀਂ ਇਸ ਸਮੇਂ ਕਿੱਥੇ ਹੋ?'

ਆਰੀਆ ਨੇ ਜਵਾਬ ਦਿੱਤਾ, ''ਮੈਂ ਇਸ ਸਮੇਂ ਅਸ਼ੋਕ ਯਾਤਰੀ ਨਿਵਾਸ ਹੋਟਲ ਵਿੱਚ ਹਾਂ, ਇੱਥੇ ਇੱਕ ਰੈਸਟੋਰੈਂਟ ਹੈ ਬਗੀਆ....ਇਹ ਹੋਟਲ ਦੇ ਮੁੱਖ ਭਵਨ 'ਚ ਨਾ ਹੋ ਕੇ ਬਗੀਚੇ ਵਿੱਚ ਹੀ ਹੈ...ਮੈਂ ਉੱਥੋਂ ਹੀ ਬੋਲ ਰਿਹਾ ਹਾਂ...ਤੁਸੀਂ ਸ਼ਾਇਦ ਤੁਰੰਤ ਮੌਕੇ 'ਤੇ ਆਉਣਾ ਚਾਹੋਗੇ? ''

ਜਦੋਂ ਮੈਕਸਵੈੱਲ ਪਰੇਰਾ ਅਸ਼ੋਕ ਯਾਤਰੀ ਨਿਵਾਸ ਹੋਟਲ ਪਹੁੰਚੇ ਤਾਂ ਕਨਾਟ ਪਲੇਸ ਥਾਣੇ ਦੇ ਐਸਐਚਓ ਨਿਰੰਜਨ ਸਿੰਘ, ਨੈਨਾ ਸਾਹਨੀ ਦੀ ਲਾਸ਼ ਦਾ ਪੰਚਨਾਮਾ ਕਰਵਾ ਰਹੇ ਸਨ।

ਤਸਵੀਰ ਸਰੋਤ, Getty Images

ਮੱਖਣ ਦੇ ਚਾਰ ਸਲੈਬ

ਪਰੇਰਾ ਦੱਸਦੇ ਹਨ, ''ਨੈਨਾ ਸਾਹਨੀ ਦੀ ਬੁਰੀ ਤਰ੍ਹਾਂ ਨਾਲ ਸੜੀ ਹੋਈ ਲਾਸ਼ ਬਗੀਆ ਹੋਟਲ ਦੀ ਰਸੋਈ ਦੇ ਫਰਸ਼ 'ਤੇ ਪਈ ਸੀ, ਉਸ ਨੂੰ ਇੱਕ ਕੱਪੜੇ ਨਾਲ ਢਕਿਆ ਗਿਆ ਸੀ...ਬਗੀਆ ਹੋਟਲ ਦੇ ਮੈਨੇਜਰ ਕੇਸ਼ਵ ਕੁਮਾਰ ਨੂੰ ਪੁਲਿਸ ਵਾਲਿਆਂ ਨੇ ਫੜਿਆ ਹੋਇਆ ਸੀ।''

''ਨੈਨਾ ਦੇ ਸਰੀਰ ਦਾ ਮੁੱਖ ਹਿੱਸਾ ਸੜ ਚੁੱਕਿਆ ਸੀ। ਅੱਗ ਸਿਰਫ਼ ਨੈਨਾ ਦੇ ਜੂੜੇ ਨੂੰ ਪੂਰੀ ਤਰ੍ਹਾਂ ਨਹੀਂ ਸਾੜ ਸਕੀ ਸੀ।''

''ਅੱਗ ਦੇ ਤਾਪ ਕਰਕੇ ਉਨ੍ਹਾਂ ਦੀਆਂ ਅੰਤੜੀਆਂ ਢਿੱਡ ਪਾੜ ਕੇ ਬਾਹਰ ਆ ਗਈਆਂ ਸਨ। ਜੇ ਲਾਸ਼ ਅੱਧਾ ਘੰਟਾ ਹੋਰ ਸੜਦੀ ਰਹਿੰਦੀ ਤਾਂ ਕੁਝ ਵੀ ਨਹੀਂ ਸੀ ਬਚਣਾ ਅਤੇ ਸਾਨੂੰ ਜਾਂਚ ਕਰਨ 'ਚ ਬਹੁਤ ਮੁਸ਼ਕਿਲ ਆਉਂਦੀ।''

ਜਦੋਂ ਨੈਨਾ ਸਾਹਨੀ ਦੀ ਲਾਸ਼ ਸਾੜਨ 'ਚ ਦਿੱਕਤ ਆਈ ਤਾਂ ਸੁਸ਼ੀਲ ਕੁਮਾਰ ਨੇ ਬਗੀਆ ਦੇ ਮੈਨੇਜਰ ਕੇਸ਼ਵ ਨੂੰ ਮੱਖਣ ਦੇ ਚਾਰ ਸਲੈਬ ਲਿਆਉਣ ਲਈ ਭੇਜਿਆ।

ਉਸ ਸਮੇਂ ਕਨਾਟ ਪਲੇਸ ਥਾਣੇ ਦੇ ਐਸਐਚਓ ਨਿਰੰਜਨ ਸਿੰਘ ਦੱਸਦੇ ਹਨ, ''ਨੈਨਾ ਸਾਹਨੀ ਦੀ ਲਾਸ਼ ਨੂੰ ਤੰਦੂਰ ਦੇ ਅੰਦਰ ਰੱਖ ਕੇ ਨਹੀਂ ਸਗੋਂ ਤੰਦੂਰ ਦੇ ਉੱਤੇ ਰੱਖ ਕੇ ਸਾੜਿਆ ਜਾ ਰਿਹਾ ਸੀ, ਜਿਵੇਂ ਚਿਤਾ ਨੂੰ ਸਾੜਿਆ ਜਾਂਦਾ ਹੈ।''

ਹੌਲਦਾਰ ਕੁੰਜੂ ਨੇ ਸਭ ਤੋਂ ਪਹਿਲਾਂ ਸੜੀ ਲਾਸ਼ ਦੇਖੀ, ਉਸ ਸਮੇਂ ਰਾਤ 11 ਵਜੇ ਹੌਲਦਾਰ ਅਬਦੁਲ ਨਜ਼ੀਰ ਕੁੰਜੂ ਅਤੇ ਹੋਮਗਾਰਡ ਚੰਦਰ ਪਾਲ ਜਨਪਥ 'ਤੇ ਗਸ਼ਤ ਲਗਾ ਰਹੇ ਸਨ।

ਤਸਵੀਰ ਸਰੋਤ, fb/thetandoormurder

ਤਸਵੀਰ ਕੈਪਸ਼ਨ,

ਚੰਦਰਪਾਲ ਯਾਦਵ

ਅੱਗ ਦੀਆਂ ਲਪਟਾਂ ਤੇ ਧੂੰਆਂ

ਉਹ ਗ਼ਲਤੀ ਨਾਲ ਆਪਣਾ ਵਾਇਰਲੈੱਸ ਸੈੱਟ ਪੁਲਿਸ ਚੌਕੀ 'ਤੇ ਹੀ ਛੱਡ ਆਏ ਸਨ, ਉਸ ਸਮੇਂ ਉਨ੍ਹਾਂ ਨੂੰ ਅਸ਼ੋਕ ਯਾਤਰੀ ਨਿਵਾਸ ਦੇ ਵਿਹੜੇ ਵਿੱਚੋਂ ਅੱਗ ਦੀਆਂ ਲਪਟਾਂ ਤੇ ਧੂੰਆਂ ਉੱਠਦਾ ਦਿਖਿਆ।

ਇਸ ਸਮੇਂ ਕੇਰਲ ਦੇ ਸ਼ਹਿਰ ਕੋਲੱਮ 'ਚ ਰਹਿ ਰਹੇ ਅਬਦੁਲ ਨਜ਼ੀਰ ਕੁੰਜੂ ਯਾਦ ਕਰਦੇ ਹਨ, ''ਅੱਗ ਦੇਖ ਕੇ ਜਦੋਂ ਮੈਂ ਬਗੀਆ ਹੋਟਲ ਦੇ ਗੇਟ 'ਤੇ ਪਹੁੰਚਿਆ ਤਾਂ ਮੈਂ ਦੇਖਿਆ ਕਿ ਸੁਸ਼ੀਲ ਵਰਮਾ ਉੱਥੇ ਖੜਾ ਸੀ ਅਤੇ ਉਸ ਨੇ ਗੇਟ ਨੂੰ ਕਨਾਤ ਨਾਲ ਘੇਰ ਰੱਖਿਆ ਸੀ। ਜਦੋਂ ਮੈਂ ਅੱਗ ਦਾ ਕਾਰਨ ਪੁੱਛਿਆ ਤਾਂ ਕੇਸ਼ਵ ਨੇ ਜਵਾਬ ਦਿੱਤਾ ਕਿ ਉਹ ਲੋਕ ਪਾਰਟੀ ਦੇ ਪੁਰਾਣੇ ਪੋਸਟਰ ਸਾੜ ਰਹੇ ਸਨ।''

''ਮੈਂ ਅੱਗੇ ਚਲਾ ਗਿਆ, ਪਰ ਮੈਨੂੰ ਲੱਗਣ ਲੱਗਿਆ ਕਿ ਕੁਝ ਗੜਬੜ ਜ਼ਰੂਰ ਹੈ। ਮੈਂ ਬਗੀਆ ਹੋਟਲ ਦੇ ਪਿੱਛੇ ਗਿਆ ਅਤੇ 7-8 ਫ਼ੁੱਟ ਦੀ ਕੰਧ ਪਾਰ ਕਰਕੇ ਅੰਦਰ ਆਇਆ। ਉੱਥੇ ਕੇਸ਼ਵ ਨੇ ਫ਼ਿਰ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਮੈਂ ਤੰਦੂਰ ਦੇ ਨੇੜੇ ਗਿਆ ਤਾਂ ਦੇਖਿਆ ਕਿ ਉੱਥੇ ਇੱਕ ਲਾਸ਼ ਸੜ ਰਹੀ ਸੀ।''

''ਜਦੋਂ ਮੈਂ ਕੇਸ਼ਵ ਵੱਲ ਦੇਖਿਆ ਤਾਂ ਉਸ ਨੇ ਕਿਹਾ ਕਿ ਉਹ ਬੱਕਰਾ ਭੁੰਨ ਰਿਹਾ ਹੈ, ਜਦੋਂ ਮੈਂ ਉਸ ਨੂੰ ਬੱਲੀ ਨਾਲ ਹਿਲਾਇਆ ਤਾਂ ਪਤਾ ਲੱਗਿਆ ਕਿ ਉਹ ਬੱਕਰਾ ਨਹੀਂ ਇੱਕ ਔਰਤ ਦੀ ਲਾਸ਼ ਸੀ, ਮੈਂ ਤੁਰੰਤ ਆਪਣੇ ਐਸਐਚਓ ਨੂੰ ਫ਼ੋਨ ਲਗਾ ਕੇ ਇਸ ਦੀ ਸੂਚਨਾ ਦੇ ਦਿੱਤੀ।''

ਸੁਸ਼ੀਲ ਸ਼ਰਮਾ ਤੇ ਨੈਨਾ ਸਾਹਨੀ ਵਿਚਾਲੇ ਲੜਾਈ

ਹੁਣ ਸਵਾਲ ਉੱਠਦਾ ਹੈ ਕਿ ਸੁਸ਼ੀਲ ਸ਼ਰਮਾ ਨੇ ਕਿਸ ਹਾਲਤ 'ਚ ਨੈਨਾ ਸਾਹਨੀ ਦਾ ਕਤਲ ਕੀਤਾ ਸੀ ਅਤੇ ਕਤਲ ਤੋਂ ਐਨ ਪਹਿਲਾਂ ਉਨ੍ਹਾਂ ਦੋਹਾਂ ਵਿਚਾਲੇ ਕੀ-ਕੀ ਹੋਇਆ ਸੀ?

ਨਿਰੰਜਨ ਸਿੰਘ ਦੱਸਦੇ ਹਨ, ''ਸੁਸ਼ੀਲ ਸ਼ਰਮਾ ਨੇ ਮੈਨੂੰ ਦੱਸਿਆ ਸੀ ਕਿ ਕਤਲ ਕਰਨ ਤੋਂ ਬਾਅਦ ਉਸ ਨੇ ਪਹਿਲਾਂ ਲਾਸ਼ ਨੂੰ ਲਿਫ਼ਾਫੇ 'ਚ ਲਪੇਟਿਆ, ਫ਼ਿਰ ਚਾਦਰ 'ਚ ਲਪੇਟਿਆ...ਪਰ ਉਹ ਉਸਨੂੰ ਚੁੱਕ ਨਹੀਂ ਸਕਿਆ, ਇਸ ਲਈ ਉਸਨੂੰ ਖਿੱਚ ਕੇ ਥੱਲੇ ਖੜੀ ਆਪਣੀ ਮਾਰੂਤੀ ਕਾਰ ਤੱਕ ਲੈ ਆਇਆ।''

''ਉਸਨੇ ਉਸਨੂੰ ਕਾਰ ਦੀ ਡਿੱਗੀ 'ਚ ਤਾਂ ਰੱਖ ਲਿਆ, ਪਰ ਉਸਦੀ ਸਮਝ 'ਚ ਨਹੀਂ ਆ ਰਿਹਾ ਸੀ ਕਿ ਉਸਨੂੰ ਠਿਕਾਣੇ ਕਿਵੇਂ ਲਗਾਉਣਾ ਹੈ, ਪਹਿਲਾਂ ਤਾਂ ਉਸਨੇ ਸੋਚਿਆ ਕਿ ਉਹ ਲਾਸ਼ ਨੂੰ ਨਿਜ਼ਾਮੁਦੀਨ ਪੁਲ ਹੇਠਾਂ ਯਮੁਨਾ ਨਦੀ 'ਚ ਸੁੱਟ ਦੇਵੇਗਾ।''

''ਪਰ ਬਾਅਦ ਵਿੱਚ ਉਸਨੇ ਇਹ ਵਿਚਾਰ ਬਦਲ ਦਿੱਤਾ ਕਿ ਕੋਈ ਉਸਨੂੰ ਅਜਿਹਾ ਕਰਦੇ ਹੋਏ ਦੇਖ ਨਾ ਲਵੇ। ਉਸਨੂੰ ਖ਼ਿਆਲ ਆਇਆ ਕਿ ਉਹ ਆਪਣੇ ਹੀ ਹੋਟਲ 'ਚ ਲਾਸ਼ ਨੂੰ ਸਾੜ ਕੇ ਸਾਰੇ ਸਬੂਤ ਖ਼ਤਮ ਕਰ ਦੇਵੇ। ਉਸਨੇ ਸੋਚਿਆ ਕਿ ਉਸਨੂੰ ਅਜਿਹਾ ਕਰਦੇ ਕੋਈ ਦੇਖੇਗਾ ਨਹੀਂ ਅਤੇ ਲਾਸ਼ ਨੂੰ ਠਿਕਾਣੇ ਲਗਾ ਦਿੱਤਾ ਜਾਵੇਗਾ।''

ਦੋਹਾਂ ਵਿਚਾਲੇ ਨਾਰਾਜ਼ਗੀ ਦੀ ਵਜ੍ਹਾ

ਨਿਰੰਜਨ ਸਿੰਘ ਅੱਗੇ ਕਹਿੰਦੇ ਹਨ, ''ਸੁਸ਼ੀਲ ਸ਼ਰਮਾ ਅਤੇ ਨੈਨਾ ਸਾਹਨੀ ਦੋਵੇਂ ਮੰਦਰ ਮਾਰਗ ਦੇ ਫ਼ਲੈਟ-8ਏ 'ਚ ਪਤੀ-ਪਤਨੀ ਵਾਂਗ ਰਹਿੰਦੇ ਸਨ, ਪਰ ਉਨ੍ਹਾਂ ਨੇ ਉਸ ਵਿਆਹ ਨੂੰ ਸਭ ਦੇ ਲਈ ਸਮਾਜਿਕ ਤੌਰ 'ਤੇ ਉਜਾਗਰ ਨਹੀਂ ਕੀਤਾ ਸੀ। ਨੈਨਾ ਸ਼ੁਸ਼ੀਲ 'ਤੇ ਲਗਾਤਾਰ ਦਬਾਅ ਬਣਾ ਰਹੀ ਸੀ ਕਿ ਇਸ ਵਿਆਹ ਨੂੰ ਜਨਤਕ ਕਰੋ।''

''ਇਸ ਗੱਲ ਕਰਕੇ ਦੋਵਾਂ ਵਿਚਾਲੇ ਨਾਰਾਜ਼ਗੀ ਦਾ ਦੌਰ ਸ਼ੁਰੂ ਹੋ ਗਿਆ, ਇਹ ਗੱਲ ਵੀ ਸਾਹਮਣੇ ਆਈ ਕਿ ਨੈਨਾ ਨੇ ਸੁਸ਼ੀਲ ਦੀਆਂ ਆਦਤਾਂ ਅਤੇ ਤਸ਼ੱਦਦ ਤੋਂ ਤੰਗ ਆਕੇ ਆਪਣੇ ਪੁਰਾਣੇ ਮਿੱਤਰ ਮਤਲੂਬ ਕਰੀਮ ਨੂੰ ਮਦਦ ਲਈ ਗੁਹਾਰ ਲਗਾਈ। ਉਹ ਆਸਟਰੇਲੀਆ ਜਾਣਾ ਚਾਹੁੰਦੀ ਸੀ, ਮਤਲੂਬ ਕਰੀਮ ਨੇ ਉਸਦੇ ਆਸਟਰੇਲੀਆ ਜਾਣ ਵਿੱਚ ਜਿੰਨੀ ਵੀ ਮਦਦ ਹੋ ਸਕਦੀ ਸੀ, ਉਹ ਕੀਤੀ।''

''ਸੁਸ਼ੀਲ ਸ਼ਰਮਾ ਨੂੰ ਨੈਨਾ ਸਾਹਨੀ 'ਤੇ ਸ਼ੱਕ ਹੋ ਗਿਆ, ਉਹ ਜਦੋਂ ਵੀ ਘਰ ਵਾਪਿਸ ਆਉਂਦਾ ਸੀ ਤਾਂ ਘਰ ਦੇ ਲੈਂਡ ਲਾਈਨ ਫ਼ੋਨ ਨੂੰ ਚੈੱਕ ਕਰਦਾ ਸੀ ਕਿ ਉਸ ਦਿਨ ਨੈਨਾ ਦੀ ਕਿਸ-ਕਿਸ ਨਾਲ ਗੱਲ ਹੋਈ ਹੈ।''

''ਘਟਨਾ ਦੇ ਦਿਨ ਜਦੋਂ ਸੁਸ਼ੀਲ ਨੇ ਆਪਣੇ ਘਰ 'ਚ ਲੱਗੇ ਫ਼ੋਨ ਨੂੰ ਰੀ-ਡਾਇਲ ਕੀਤਾ ਤਾਂ ਦੂਜੇ ਪਾਸੇ ਮਤਲੂਬ ਕਰੀਮ ਨੇ ਫ਼ੋਨ ਚੁੱਕਿਆ।''

''ਇਸ ਨਾਲ ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਨੈਨਾ ਹੁਣ ਵੀ ਮਤਲੂਬ ਨਾਲ ਸੰਪਰਕ ਵਿੱਚ ਹੈ, ਸੁਸ਼ੀਲ ਨੂੰ ਗੁੱਸਾ ਆ ਗਿਆ ਅਤੇ ਉਸਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਨੈਨਾ 'ਤੇ ਫਾਇਰ ਕੀਤਾ। ਜਦੋਂ ਮੈਂ ਮੌਕੇ 'ਤੇ ਪਹੁੰਚਿਆ ਤਾਂ ਥਾਂ-ਥਾਂ 'ਤੇ ਖ਼ੂਨ ਦੇ ਨਿਸ਼ਾਨ ਲੱਗੇ ਹੋਏ ਸਨ, ਰਿਵਾਲਵਰ ਦੀ ਇੱਕ ਗੋਲੀ ਨੇ ਏਸੀ ਦੇ ਫਰੇਮ ਵਿੱਚ ਛੇਕ ਕਰ ਦਿੱਤਾ ਸੀ।''

ਤਸਵੀਰ ਸਰੋਤ, fb/thetandoormurder

ਤਸਵੀਰ ਕੈਪਸ਼ਨ,

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਨੈਨਾ ਸਾਹਨੀ

ਸੁਸ਼ੀਲ ਨੇ ਪਹਿਲੀ ਰਾਤ ਗੁਜਰਾਤ ਭਵਨ ਵਿੱਚ ਲੰਘਾਈ

ਸੁਸ਼ੀਲ ਸ਼ਰਮਾ ਨੇ ਨੈਨਾ ਦਾ ਕਤਲ ਕਰਨ ਤੋਂ ਬਾਅਦ ਉਹ ਰਾਤ ਗੁਜਰਾਤ ਭਵਨ 'ਚ ਗੁਜਰਾਤ ਕਾਡਰ ਦੇ ਇੱਕ ਆਈਏਐਸ ਅਧਿਕਾਰੀ ਡੀਕੇ ਰਾਓ ਦੇ ਨਾਲ ਬਿਤਾਈ।

ਨਿਰੰਜਨ ਸਿੰਘ ਦੱਸਦੇ ਹਨ, ''ਸਾਨੂੰ ਕੇਸ਼ਵ ਤੋਂ ਇਹ ਜਾਣਕਾਰੀ ਮਿਲ ਗਈ ਸੀ ਕਿ ਦਿਨ 'ਚ ਸੁਸ਼ੀਲ ਦੇ ਦੋਸਤ ਡੀਕੇ ਰਾਓ ਉਨ੍ਹਾਂ ਨੂੰ ਮਿਲਣ ਆਏ ਸਨ ਅਤੇ ਗੁਜਰਾਤ ਭਵਨ 'ਚ ਰੁਕੇ ਹੋਏ ਹਨ। ਇਹ ਜਾਣਕਾਰੀ ਮਿਲਣ ਤੋਂ ਬਾਅਦ ਮੈਂ ਗੁਜਰਾਤ ਭਵਨ ਗਿਆ ਅਤੇ ਉੱਥੋਂ ਦੇ ਕਰਮਚਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਰਾਓ ਕਮਰਾ ਨੰਬਰ 20 ਵਿੱਚ ਰੁਕੇ ਹੋਏ ਹਨ, ਉਨ੍ਹਾਂ ਨਾਲ ਇੱਕ ਗੈਸਟ ਵੀ ਰੁਕੇ ਹੋਏ ਹਨ।''

''ਰਾਵ ਦੀ ਸਵੇਰੇ ਪੰਜ ਵਜੇ ਦੀ ਫ਼ਲਾਈਟ ਸੀ, ਉਹ ਕਮਰਾ ਛੱਡ ਕੇ ਚਲੇ ਗਏ ਹਨ ਅਤੇ ਕੁਝ ਦੇਰ ਬਾਅਦ ਉਨ੍ਹਾਂ ਦਾ ਗੈਸਟ ਵੀ ਚਲਾ ਗਿਆ ਹੈ...ਮੈਂ ਡੀਕੇ ਰਾਓ ਨਾਲ ਤੁਰੰਤ ਫ਼ੋਨ 'ਤੇ ਸੰਪਰਕ ਕੀਤਾ। ਡੀਕੇ ਰਾਓ ਨੇ ਦੱਸ ਦਿੱਤਾ ਕਿ ਸੁਸ਼ੀਲ ਸ਼ਰਮਾ ਰਾਤ ਉਨ੍ਹਾਂ ਕੋਲ ਹੀ ਸੀ, ਉਨ੍ਹਾਂ ਇਹ ਵੀ ਦੱਸਿਆ ਕਿ ਉਹ ਬਹੁਤ ਪ੍ਰੇਸ਼ਾਨ ਸੀ।''

''ਸੁਸ਼ੀਲ ਨੂੰ ਨੀਂਦ ਨਹੀਂ ਆ ਰਹੀ ਸੀ, ਉਹ ਵਾਰ-ਵਾਰ ਚਾਦਰ ਲੈ ਲੈਂਦਾ ਸੀ...ਸਵੇਰੇ ਰਾਓ ਦੇ ਜਾਣ ਤੋਂ ਬਾਅਦ ਗੁਜਰਾਤ ਭਵਨ ਦੇ ਕਰਮਚਾਰੀਆਂ ਨੇ ਸੁਸ਼ੀਲ ਨੂੰ ਬੈੱਡ ਟੀ ਵੀ ਸਰਵ ਕੀਤੀ।''

ਅਗਾਊਂ ਜ਼ਮਾਨਤ ਲੈਣ 'ਚ ਸਫ਼ਲ

ਅਗਲੇ ਦਿਨ ਸੁਸ਼ੀਲ ਸ਼ਰਮਾ ਪਹਿਲਾਂ ਟੈਕਸੀ ਤੋਂ ਜੈਪੁਰ ਗਿਆ ਅਤੇ ਫ਼ਿਰ ਉੱਥੋਂ ਚੇਨਈ ਹੁੰਦੇ ਹੋਏ ਬੰਗਲੁਰੂ ਪਹੁੰਚਿਆ।

ਮੈਕਸਵੈੱਲ ਪਰੇਰਾ ਯਾਦ ਕਰਦੇ ਹਨ, ''ਸੁਸ਼ੀਲ ਦੇ ਚੇਨਈ 'ਚ ਆਪਣੇ ਨੈੱਟਵਰਕ ਜ਼ਰੀਏ ਇੱਕ ਵਕੀਲ ਅਨੰਤ ਨਾਰਾਇਣ ਨਾਲ ਸੰਪਰਕ ਕੀਤਾ ਅਤੇ ਅਗਾਊਂ ਜ਼ਮਾਨਤ ਲਈ ਅਦਾਲਤ 'ਚ ਅਰਜ਼ੀ ਲਗਾਈ। ਇਸ ਤੋਂ ਬਾਅਦ ਉਹ ਆਪਣਾ ਚਿਹਰਾ ਬਦਲਣ ਲਈ ਤਿਰੂਪਤੀ ਚਲਾ ਗਿਆ ਅਤੇ ਉੱਥੇ ਆਪਣੇ ਵਾਲ ਕਟਾਉਣ ਤੋਂ ਬਾਅਦ ਮੁੜ ਚੇਨਈ ਆ ਗਿਆ।''

''ਉਦੋਂ ਤੱਕ ਇਸ ਕਤਲ ਬਾਰੇ ਪੂਰੇ ਭਾਰਤ ਵਿੱਚ ਰੌਲਾ ਪੈ ਚੁੱਕਿਆ ਸੀ, ਪਰ ਇਸਦੇ ਬਾਵਜੂਦ ਚੇਨਈ ਦੇ ਜੱਜ ਨੇ ਉਸਨੂੰ ਅਗਾਊਂ ਜ਼ਮਾਨਤ ਦੇ ਦਿੱਤੀ। ਮੈਂ ਏਸੀਪੀ ਰੰਗਨਾਥਨ ਨੂੰ ਇਸ ਜ਼ਮਾਨਤ ਦਾ ਵਿਰੋਧ ਕਰਨ ਲਈ ਚੇਨਈ ਭੇਜਿਆ, ਅਸੀਂ ਅਡੀਸ਼ਨਲ ਸੋਲੀਸੀਟਰ ਜਨਰਲ ਕੇਟੀਐੱਸ ਤੁਲਸੀ ਨੂੰ ਵੀ ਚੇਨਈ ਲੈ ਗਏ।''

''ਜਿਵੇਂ ਹੀ ਸੁਸ਼ੀਲ ਨੂੰ ਸਾਡੀਆਂ ਸਰਗਰਮੀਆਂ ਬਾਰੇ ਪਤਾ ਲੱਗਿਆ, ਉਹ ਸਮਰਪਣ ਕਰਨ ਲਈ ਆਪਣੇ ਵਕੀਲ ਨਾਲ ਬੰਗਲੁਰੂ ਚਲਾ ਗਿਆ। ਸਾਨੂੰ ਇਸਦੀ ਖ਼ਬਰ ਪੀਟੀਆਈ ਤੋਂ ਮਿਲੀ, ਮੈਂ ਖ਼ੁਦ ਬੰਗਲੁਰੂ ਜਾਣ ਦਾ ਫ਼ੈਸਲਾ ਲਿਆ...ਇਸਦੇ ਦੋ ਕਾਰਨ ਸਨ, ਇੱਕ ਤਾਂ ਮੈਂ ਖ਼ੁਦ ਕਰਨਾਟਕ ਦਾ ਰਹਿਣ ਨਾਲਾ ਸੀ ਅਤੇ ਦੂਜਾ ਮੈਂ ਕਾਨੂੰਨ ਦੀ ਪੜ੍ਹਾਈ ਵੀ ਕੀਤੀ ਹੋਈ ਸੀ।''

''ਮੈਂ ਆਪਣੇ ਨਾਲ ਨਿਰੰਜਨ ਸਿੰਘ ਅਤੇ ਕ੍ਰਾਈਮ ਬ੍ਰਾਂਚ ਦੇ ਰਾਜ ਮਹਿੰਦਰ ਨੂੰ ਵੀ ਲੈ ਗਿਆ। ਉੱਥੋਂ ਅਸੀਂ ਸੁਸ਼ੀਲ ਨੂੰ ਕਸਟਡੀ 'ਚ ਲੈ ਕੇ ਵਾਪਸ ਦਿੱਲੀ ਆਏ।''

ਤਸਵੀਰ ਸਰੋਤ, Getty Images

ਕੇਸ਼ਵ 'ਤੇ ਦਬਾਅ ਦੀ ਕੋਸ਼ਿਸ਼

ਇਸ ਪੂਰੇ ਮਾਮਲੇ 'ਚ ਬਗੀਆ ਹੋਟਲ ਦਾ ਮੈਨੇਜਰ ਕੇਸ਼ਵ ਕੁਮਾਰ ਸੁਸ਼ੀਲ ਸ਼ਰਮਾ ਦੇ ਨਾਲ ਖੜ੍ਹਾ ਨਜ਼ਰ ਆਇਆ।

ਉਸਨੇ ਪਹਿਲਾਂ ਤਾਂ ਅਪਰੂਵਰ ਬਣਨ ਤੋਂ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਸੁਸ਼ੀਲ ਦੇ ਉਸ 'ਤੇ ਬਹੁਤ ਅਹਿਸਾਨ ਹਨ। ਬਾਅਦ ਵਿੱਚ ਜਦੋਂ ਉਹ ਅਪਰੂਵਰ ਬਣਨ ਲਈ ਤਿਆਰ ਵੀ ਹੋਇਆ ਤਾਂ ਸੁਸ਼ੀਲ ਸ਼ਰਮਾ ਨੇ ਉਸ ਉੱਤੇ ਅਜਿਹਾ ਨਾ ਕਰਨ ਲਈ ਦਬਾਅ ਬਣਾਇਆ।

ਨਿਰੰਜਨ ਸਿੰਘ ਦੱਸਦੇ ਹਨ, ''ਕੇਸ਼ਵ ਅਤੇ ਸੁਸ਼ੀਲ ਦੋਵੇਂ ਹੀ ਤਿਹਾੜ ਜੇਲ੍ਹ 'ਚ ਬੰਦ ਸਨ। ਪਹਿਲਾਂ ਤਾਂ ਕੇਸ਼ਵ ਸੁਸ਼ੀਲ ਸ਼ਰਮਾ ਲਈ ਬਹੁਤ ਵਫ਼ਾਦਾਰ ਸੀ, ਪਰ ਹੌਲੀ-ਹੌਲੀ ਜਦੋਂ ਉਸਨੇ ਅਪਰੂਵਰ ਬਣਨ ਦਾ ਮਨ ਬਣਾ ਲਿਆ ਤਾਂ ਸੁਸ਼ੀਲ ਨੂੰ ਇਸ ਗੱਲ ਦੀ ਖ਼ਬਰ ਲੱਗੀ, ਜਦੋਂ ਸੁਸ਼ੀਲ ਨੇ ਕੇਸ਼ਵ ਨੂੰ ਤਿਹਾੜ ਜੇਲ੍ਹ ਅੰਦਰ ਹੀ ਡਰਾਉਣਾ ਧਮਕਾਉਣਾ ਸ਼ੁਰੂ ਕੀਤਾ।''

''ਇੱਕ ਘਟਨਾ ਕੇਸ਼ਵ ਨੇ ਮੈਨੂੰ ਆਪਣੀ ਪੇਸ਼ੀ ਦੌਰਾਨ ਸੁਣਾਈ ਕਿ ਉਸਨੂੰ ਜੇਲ੍ਹ ਵਿੱਚ ਹੀ ਕੋਈ ਨਸ਼ੀਲੀ ਦਵਾਈ ਦਿੱਤੀ ਗਈ, ਜਦੋਂ ਉਹ ਡੇਢ-ਦੋ ਦਿਨਾਂ ਤੱਕ ਨੀਂਦ ਤੋਂ ਹੀ ਨਹੀਂ ਉੱਠਿਆ ਤਾਂ ਜੇਲ੍ਹ ਵਾਰਡਨ ਨੂੰ ਪਤਾ ਲੱਗਿਆ ਕਿ ਉਸਨੇ ਡੇਢ-ਦੋ ਦਿਨਾਂ ਤੋਂ ਖਾਣਾ ਵੀ ਨਹੀਂ ਖਾਧਾ। ਉਸੇ ਦਿਨ ਕੇਸ਼ਵ ਨੂੰ ਉਸ ਵਾਰਡ ਤੋਂ ਹਟਾ ਕੇ ਦੂਜੇ ਵਾਰਡ ਵਿੱਚ ਭੇਜ ਦਿੱਤਾ ਗਿਆ।''

''ਕੇਸ਼ਵ ਮੁਤਾਬਕ ਇਹ ਕੰਮ ਸੁਸ਼ੀਲ ਸ਼ਰਮਾ ਨੇ ਆਪਣੇ ਬੰਦਿਆਂ ਤੋਂ ਕਰਵਾਇਆ ਸੀ।''

ਤਸਵੀਰ ਸਰੋਤ, FACEBOOK/THETANDOORMURDER

ਗ੍ਰਹਿ ਸਕੱਤਰ ਨੇ ਕੀਤਾ ਮੌਕੇ ਦਾ ਨਿਰੀਖਣ

ਇਸ ਪੂਰੇ ਮਾਮਲੇ 'ਚ ਪੁਲਿਸ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸੀ ਸੁਸ਼ੀਲ ਸ਼ਰਮਾ ਨੂੰ ਆਪਣੇ ਸਿਆਸੀ ਸੰਪਰਕ ਦਾ ਇਸਤੇਮਾਲ ਨਾ ਕਰਨ ਦੇਣਾ। ਮਾਮਲਾ ਇੰਨਾ ਹਾਈ ਪ੍ਰੋਫ਼ਾਈਲ ਹੋ ਗਿਆ ਕਿ ਜਾਂਚ ਦੌਰਾਨ ਭਾਰਤ ਦੇ ਸਾਬਕਾ ਗ੍ਰਹਿ ਸਕੱਤਰ ਪਦਮਨਾਭਇਆ ਖ਼ੁਦ ਸੁਸ਼ੀਲ ਸ਼ਰਮਾ ਅਤੇ ਨੈਨਾ ਸਾਹਨੀ ਦੇ ਮੰਦਰ ਮਾਰਗ ਫ਼ਲੈਟ ਦਾ ਮੁਆਇਨਾ ਕਰਨ ਪਹੁੰਚੇ।

ਮੈਕਸਵੈੱਲ ਪਰੇਰਾ ਦੱਸਦੇ ਹਨ, ''ਅਜਿਹਿਆਂ ਵੀ ਖ਼ਬਰਾਂ ਆ ਰਹੀਆਂ ਸਨ ਕਿ ਨੈਨਾ ਦੇ ਕੁਝ ਸੀਨੀਅਰ ਸਿਆਸਤਦਾਨਾਂ ਨਾਲ ਕਥਿਤ ਤੌਰ 'ਤੇ ਸਬੰਧ ਸਨ। ਉਸ ਜ਼ਮਾਨੇ 'ਚ ਸਾਡੇ ਪ੍ਰਧਾਨ ਮੰਤਰੀ ਨਰਮਿਸਹਾ ਰਾਓ ਹੁੰਦੇ ਸਨ, ਉਹ ਸ਼ਾਇਦ ਇਸ ਗੱਲ ਤੋਂ ਘਬਰਾ ਗਏ, ਉਨ੍ਹਾਂ ਨੇ ਇੰਟੈਲੀਜੈਂਸ ਬਿਊਰੋ ਤੋਂ ਉਨ੍ਹਾਂ ਖ਼ਿਲਾਫ਼ ਜਾਂਚ ਬਿਠਾ ਦਿੱਤੀ।''

''ਰਾਜਨੇਤਾਵਾਂ ਨੇ ਘਬਰਾ ਕੇ ਗ਼ਲਤ ਬਿਆਨ ਦੇਣੇ ਸ਼ੁਰੂ ਕਰ ਦਿੱਤੇ, ਕਿਸੇ ਨੇ ਕਿਹਾ ਮੈਂ ਕਦੇ ਨੈਨਾ ਸਾਹਨੀ ਨੂੰ ਦੇਖਿਆ ਹੀ ਨਹੀਂ...ਦੂਜੇ ਨੇ ਕਿਹਾ, ਜਦੋਂ ਤੋਂ ਮੈਂ ਦੂਜਾ ਵਿਆਹ ਕੀਤਾ ਹੈ ਮੈਂ ਕਿਸੇ ਔਰਤ ਵੱਲ ਨਜ਼ਰ ਚੁੱਕ ਕੇ ਨਹੀਂ ਦੇਖੀ।''

ਡੀਐਨਏ ਅਤੇ ਸਕਲ ਸੁਪਰ-ਇੰਪੋਜ਼ੀਸ਼ਨ ਦੀ ਵਰਤੋਂ

ਮੈਕਸਵੈੱਲ ਪਰੇਰਾ ਨੇ ਦੱਸਿਆ, ''ਰਾਓ ਨੇ ਗ੍ਰਹਿ ਮੰਤਰੀ ਐਸਬੀ ਚਵਾਨ ਨੂੰ ਕਿਹਾ ਕਿ ਉਹ ਇਸ ਮਾਮਲੇ ਨੂੰ ਖ਼ੁਦ ਦੇਖਣਗੇ, ਉਨ੍ਹਾਂ ਗ੍ਰਹਿ ਸਕੱਤਰ ਪਦਮਨਾਭਇਆ ਨੂੰ ਨਿਰਦੇਸ਼ ਦਿੱਤੇ ਕਿ ਉਹ ਖ਼ੁਦ ਜਾ ਕੇ ਇਸ ਮਾਮਲੇ ਦੀ ਨਿਗਰਾਨੀ ਕਰਨ, ਪਦਮਨਾਭਇਆ ਖ਼ੁਦ ਸੁਸ਼ੀਲ ਸ਼ਰਮਾ ਅਤੇ ਨੈਨਾ ਸਾਹਨੀ ਦੇ ਫ਼ਲੈਟ ਪਹੁੰਚ ਗਏ।''

''ਅਖ਼ਬਾਰਾਂ ਨੇ ਇਸ ਘਟਨਾ ਨੂੰ ਮਜ਼ੇ ਲੈ-ਲੈ ਕੇ ਛਾਪਿਆ, ਸਾਨੂੰ ਵੀ ਹੁਕਮ ਮਿਲ ਗਏ ਕਿ ਅਸੀਂ ਇਸ ਮਾਮਲੇ 'ਤੇ ਕਿਸੇ ਸਾਹਮਣੇ ਆਪਣਾ ਮੂੰਹ ਨਾ ਖੋਲ੍ਹੀਏ।''

ਇਸ ਜਾਂਚ 'ਚ ਪਹਿਲੀ ਵਾਰ ਡੀਐਨਏ ਅਤੇ ਸਕਲ ਇਮੇਜਿੰਗ ਤਕਨੀਕ ਦਾ ਇਸਤੇਮਾਲ ਕੀਤਾ ਗਿਆ।

ਪਰੇਰਾ ਦੱਸਦੇ ਹਨ, ''ਉਸ ਸਮੇਂ 'ਚ ਮਾਸ਼ੇਲਕਰ ਸਾਹਿਬ ਵਿਗਿਆਨ ਅਤੇ ਤਕਨੀਕ ਮੰਤਰਾਲੇ 'ਚ ਸਕੱਤਰ ਹੁੰਦੇ ਸਨ, ਮੈਂ ਉਨ੍ਹਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਹੈਦਰਾਬਾਦ ਦੇ ਸੈਂਟਰ ਫ਼ਾਰ ਮੌਲੀਕੁਲਰ ਬਾਇਓਲਾਜੀ ਦੇ ਡਾਕਟਰ ਲਾਲਜੀ ਸਿੰਘ ਨੂੰ ਭੇਜਿਆ।''

ਤਸਵੀਰ ਸਰੋਤ, Harper collins

ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਬਦਲੀ

ਪਰੇਰਾ ਨੇ ਦੱਸਿਆ, ''ਉਨ੍ਹਾਂ ਨੇ ਆ ਕੇ ਡੀਐਨਏ ਫ਼ਿੰਗਰ ਪ੍ਰਿੰਟਿੰਗ ਦੇ ਨਮੂਨੇ ਲਏ ਅਤੇ ਇਹ ਸਾਬਤ ਕਰ ਦਿੱਤਾ ਕਿ ਨੈਨਾ ਸਾਹਨੀ ਦਾ ਡੀਐਨਏ ਉਨ੍ਹਾਂ ਦੇ ਮਾਤਾ-ਪਿਤਾ ਦੀ ਧੀ ਤੋਂ ਇਲਾਵਾ ਕਿਸੇ ਹੋਰ ਦਾ ਨਹੀਂ ਹੋ ਸਕਦਾ। ਅਸੀਂ 'ਸਕਲ ਸੁਪਰ-ਇੰਪੋਜ਼ੀਸ਼ਨ' ਟੈਸਟ ਵੀ ਕਰਵਾਇਆ, ਜਿਸ ਤੋਂ ਇਹ ਸਾਬਤ ਹੋ ਗਿਆ ਕਿ ਇਹ ਨੈਨਾ ਸਾਹਨੀ ਦੀ ਹੀ ਲਾਸ਼ ਹੈ।''

''ਸਭ ਕੁਝ ਕਰਨ ਤੋਂ ਬਾਅਦ ਅਸੀਂ ਸਿਰਫ਼ 26 ਦਿਨਾਂ ਅੰਦਰ ਅਦਾਲਤ 'ਚ ਚਾਰਜਸ਼ੀਟ ਦਾਇਰ ਕੀਤੀ।''

ਸਾਲਾਂ ਤੱਕ ਚੱਲੇ ਮੁਕੱਦਮੇ 'ਚ ਸੁਸ਼ੀਲ ਸ਼ਰਮਾ ਨੂੰ ਹੇਠਲੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ। ਹਾਈ ਕੋਰਟ ਨੇ ਵੀ ਇਹ ਸਜ਼ਾ ਬਰਕਰਾਰ ਰੱਖੀ।

ਬਾਅਦ ਵਿੱਚ 8 ਅਕਤੂਬਰ 2013 ਨੂੰ ਸੁਪਰੀਮ ਕੋਰਟ ਨੇ ਇਸ ਸਜ਼ਾ ਨੂੰ ਉਮਰ ਕੈਦ 'ਚ ਬਦਲ ਦਿੱਤਾ। ਸੁਸ਼ੀਲ ਸ਼ਰਮਾ ਹੁਣ ਤੱਕ ਤਿਹਾੜ ਜੇਲ੍ਹ ਵਿੱਚ 23 ਸਾਲ ਕੱਟ ਚੁੱਕਿਆ ਹੈ।

ਉਹ ਜੇਲ੍ਹ 'ਚ ਹੁਣ ਪੁਜਾਰੀ ਦਾ ਕੰਮ ਕਰਦਾ ਹੈ। ਉਸ ਦੀਆਂ ਗਤੀਵਿਧੀਆ ਇਸ ਤਰ੍ਹਾਂ ਦੀਆਂ ਹਨ ਕਿ ਦਿੱਲੀ ਸਰਕਾਰ ਉਸਦੇ ਚੰਗੀ ਵਤੀਰੇ ਦੇ ਆਧਾਰ 'ਤੇ ਉਸਨੂੰ ਹਮੇਸ਼ਾ ਲਈ ਜੇਲ੍ਹ ਤੋਂ ਛੱਡਣ ਦਾ ਮਨ ਬਣਾ ਰਹੀ ਹੈ।

ਤਸਵੀਰ ਸਰੋਤ, maxwellpereira/bbc

ਸੁਪਰੀਮ ਕੋਰਟ

ਮੈਕਸਵੈੱਲ ਪਰੇਰਾ ਕਹਿੰਦੇ ਹਨ, ''ਸੁਸ਼ੀਲ ਸ਼ਰਮਾ ਨੇ ਸੁਪਰੀਮ ਕੋਰਟ ਨੂੰ ਵੀ ਮਨਾ ਲਿਆ, ਕੋਰਟ ਦਾ ਹੁਣ ਕਹਿਣਾ ਹੈ ਕਿ ਉਸ ਵਿੱਚ ਇੰਨਾ ਸੁਧਾਰ ਹੋ ਗਿਆ ਕਿ ਉਹ ਸਭ ਦੇ ਲਈ ਪੂਜਾ ਕਰ ਰਿਹਾ ਹੈ...ਸਾਨੂੰ ਇਸ ਗੱਲ 'ਤੇ ਕੋਈ ਇਤਰਾਜ਼ ਨਹੀਂ ਹੈ।''

''ਪੁਲਿਸ ਨੇ ਜੋ ਕੁਝ ਕਰਨਾ ਸੀ ਉਹ ਕਰ ਚੁੱਕੀ ਹੈ, ਸਾਡੇ ਦੇਸ਼ 'ਚ ਕਾਨੂੰਨ ਹੈ, ਇੱਕ ਵਿਵਸਥਾ ਹੈ, ਨਿਯਮ ਹੈ ਅਤੇ ਇਸ ਮੁਤਾਬਕ ਫ਼ੈਸਲਾ ਕਰਨ ਲਈ ਨਿਆਂਪਾਲਿਕਾ ਹੈ। ਉਹ ਇਸ ਬਾਰੇ ਕੀ ਸੋਚਦੇ ਹਨ - ਇਹ ਉਨ੍ਹਾਂ ਦਾ ਵਿਸ਼ੇਸ਼ ਅਧਿਕਾਰ ਹੈ।''

ਭਾਰਤੀ ਅਪਰਾਧ ਜਗਤ ਦੇ ਇਤਿਹਾਸ 'ਚ ਤੰਦੂਰ ਕਤਲ ਕਾਂਡ ਨੂੰ ਸਭ ਤੋਂ ਘਿਨਾਉਣੇ ਅਤੇ ਮਾੜੇ ਅਪਰਾਧ ਦਾ ਨਾਂ ਦਿੱਤਾ ਜਾਂਦਾ ਹੈ। ਇਸਦਾ ਇੰਨਾ ਵੱਡਾ ਅਸਰ ਸੀ ਕਿ ਬਹੁਤ ਸਮੇਂ ਤੱਕ ਲੋਕਾਂ ਨੇ ਤੰਦੂਰ 'ਚ ਬਣਿਆ ਭੋਜਨ ਵੀ ਖਾਣਾ ਛੱਡ ਦਿੱਤਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)