ਬਿਆਸ ਦਰਿਆ ਤ੍ਰਾਸਦੀ ਦੇ ਕਾਰਨਾਂ ਨੂੰ ਤਲਾਸ਼ੇਗੀ ਕੇਂਦਰੀ ਟੀਮ

ਹਰਸਿਮਰਤ ਬਾਦਲ

ਤਸਵੀਰ ਸਰੋਤ, Getty Images

ਭਾਰਤ ਦੇ ਕੇਂਦਰੀ ਵਾਤਾਵਰਣ ,ਜੰਗਲਾਤ ਅਤੇ ਮੌਸਮੀ ਤਬਦੀਲੀ ਮੰਤਰਾਲੇ ਦੀ ਇੱਕ ਟੀਮ ਬਿਆਸ ਦਰਿਆ ਵਿੱਚ ਜਲਚਰ ਜੀਵਾਂ ਦੀ ਮੌਤ ਵਾਲੀ ਤਰਾਸਦੀ ਦੇ ਕਾਰਨਾਂ ਨੂੰ ਤਲਾਸ਼ਣ ਪੰਜਾਬ ਦਾ ਦੌਰਾ ਕਰੇਗੀ।

ਕੇਂਦਰੀ ਮੰਤਰੀ ਅਤੇ ਅਕਾਲੀ ਦਲ ਆਗੂ ਹਰਸਿਮਰਤ ਬਾਦਲ ਨੇ ਇਹ ਖੁਲਾਸਾ ਇੱਕ ਟਵੀਟ ਰਾਹੀ ਕੀਤਾ ਹੈ। ਉਨ੍ਹਾਂ ਟਵੀਟ ਵਿੱਚ ਲਿਖਿਆ ਹੈ ਕਿ ਚੱਢਾ ਸ਼ੂਗਰ ਤੇ ਸ਼ਰਾਬ ਫੈਕਟਰੀ ਦੇ ਪ੍ਰਦੂਸ਼ਣ ਕਾਰਨ ਪੰਜਾਬ ਹੀ ਨਹੀਂ ਰਾਜਸਥਾਨ ਤੱਕ ਪ੍ਰਦੂਸ਼ਣ ਫੈਲਦਾ ਹੈ।

ਹਰਸਿਮਰਤ ਬਾਦਲ ਨੇ ਇਸ ਮੁੱਦੇ ਉੱਤੇ ਤਿੰਨ ਟਵੀਟ ਕੀਤੇ ਹਨ। ਪਹਿਲੇ ਟਵੀਟ ਵਿੱਚ ਉਨ੍ਹਾਂ ਇਸ ਘਟਨਾ ਉੱਤੇ ਦੁੱਖ ਪ੍ਰਗਟਾਇਆ ਹੈ, ਦੂਜੇ ਵਿੱਚ ਕੇਂਦਰੀ ਟੀਮ ਦੇ ਪੰਜਾਬ ਜਾਣ ਦੀ ਜਾਣਕਾਰੀ ਦਿੱਤੀ ਹੈ ਅਤੇ ਤੀਜੇ ਵਿੱਚ ਨੈਸ਼ਨਲ ਗਰੀਨ ਟ੍ਰਿਬਿਊਨਲ ਨੂੰ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ।

ਦੱਸਦੇਈਏ ਕਿ ਕੁਝ ਦਿਨ ਪਹਿਲਾਂ ਬਿਆਸ ਦਰਿਆ 'ਚ ਵੱਡੇ ਪੱਧਰ 'ਤੇ ਮੱਛੀਆਂ ਦੇ ਮਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਬਿਆਸ ਦਰਿਆ ਦੇ ਕੰਢੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੀੜੀ ਵਿੱਚ ਸਥਿਤ ਸ਼ੂਗਰ ਤੇ ਸ਼ਰਾਬ ਮਿੱਲ ਤੋਂ ਨਿਕਲੇ ਹੋਏ ਸੀਰੇ ਦਾ ਦਰਿਆ ਦੇ ਪਾਣੀ 'ਚ ਘੁਲ ਜਾਣਾ ਮੱਛੀਆਂ ਦੇ ਮਰਨ ਦਾ ਕਾਰਨ ਬਣਿਆ ਹੈ।

ਗੁਰਦਾਸਪੁਰ ਤੋਂ ਗੁਰਪ੍ਰੀਤ ਸਿੰਘ ਚਾਵਲਾ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੀ ਟੀਮ ਨੇ ਚੱਢਾ ਸ਼ੁਗਰ ਐਂਡ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਨੂੰ ਸੀਲ ਕਰ ਦਿੱਤਾ ਹੈ।

ਪ੍ਰਦੂਸ਼ਰਣ ਕੰਟਰੋਲ ਬੋਰਡ ਦੇ ਐਕਸੀਅਨ ਕੁਲਦੀਪ ਸਿੰਘ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਆਖਿਆ ਸੀ ਕਿ ਮਿੱਲ ਵੱਲੋਂ ਜੋ ਸੀਰੇ ਲਈ ਰਿਸੀਵਰ ਟੈਂਕ ਬਣਾਏ ਗਏ ਹਨ ਉਹਨਾਂ ਵਿੱਚੋਂ ਸੀਰਾ ਬਿਆਸ ਦਰਿਆ 'ਚ ਜ਼ਮੀਨ ਰਾਹੀਂ ਰਿਸਦਾ ਹੋਇਆ ਮਿੱਲ ਦੇ ਨਜ਼ਦੀਕ ਨਿਕਲ ਰਹੇ ਨਾਲੇ ਰਾਹੀਂ ਬਿਆਸ ਦਰਿਆ ਦੇ ਪਾਣੀ 'ਚ ਘੁਲ਼ ਗਿਆ ਸੀ।

ਕੁਲਦੀਪ ਸਿੰਘ ਨੇ ਆਖਿਆ ਕਿ ਇੱਥੇ ਮੌਕੇ 'ਤੇ ਉਹਨਾਂ ਵੱਲੋਂ ਵੀ ਪਹਿਲੀ ਕੋਸ਼ਿਸ਼ ਕੀਤੀ ਹੈ ਕਿ ਇਸ ਸੀਰੇ ਨੂੰ ਰੋਕਿਆ ਜਾਵੇ। ਕੁਲਦੀਪ ਸਿੰਘ ਨੇ ਅੱਗੇ ਕਿਹਾ ਕਿ ਹਾਲਾਂਕਿ ਇਹ ਸੀਰਾ ਖਤਰਨਾਕ ਨਹੀਂ ਹੈ, ਲੇਕਿਨ ਇਸ ਨਾਲ ਮੱਛੀਆਂ ਨੂੰ ਪਾਣੀ ਵਿੱਚ ਆਕਸੀਜਨ ਦੀ ਕਮੀ ਦੇ ਹੋਣ ਤੋਂ ਬਾਅਦ ਮੱਛੀਆਂ ਮਰੀਆਂ ਹਨ।

ਤਸਵੀਰ ਸਰੋਤ, Ravinder Singh Robin/BBC

'ਵੱਧ ਟਾਈਮ ਮਿੱਲ ਚਲਾਉਣ ਦਾ ਸੀ ਦਬਾ'

ਚੱਢਾ ਸ਼ੂਗਰ ਐਂਡ ਇੰਡਸਟਰੀਜ਼ ਦੇ ਗਰੁੱਪ ਦੇ ਪ੍ਰੈਜ਼ੀਡੈਂਟ ਰਤਨ ਅਨਮੋਲ ਸਿੰਘ ਨੇ ਇਸ ਮਾਮਲੇ 'ਚ ਆਪਣਾ ਪੱਖ ਰੱਖਦੇ ਹੋਏ ਆਖਿਆ ਸੀ ਕਿ ਇਸ ਸਾਲ ਉਹਨਾਂ ਦੀ ਖੰਡ ਮਿੱਲ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਕਿਸਾਨਾਂ ਦਾ ਵੱਧ ਸਮੇਂ ਤੱਕ ਮਿੱਲ ਨੂੰ ਚਾਲੂ ਰੱਖਣ ਲਈ ਦਬਾਅ ਸੀ।

ਪਿਛਲੇ ਸਾਲ 85 ਲੱਖ ਕੁਇੰਟਲ ਗੰਨਾ ਪੀੜਿਆ ਸੀ। ਇਸ ਸਾਲ ਉਹ ਵੱਧ ਕੇ 1 ਕਰੋੜ 12 ਲੱਖ ਕੁਇੰਟਲ ਪੀੜਿਆ ਗਿਆ।

ਅਨਮੋਲ ਸਿੰਘ ਨੇ ਕਿਹਾ ਕਿ ਆਟੋ ਇਗਨੀਸ਼ਨ ਰਿਐਕਸ਼ਨ ਕਾਰਨ ਜੋ 45 ਡਿਗਰੀ 'ਤੇ ਸੀਰਾ ਸੀ। ਉਹ 90 ਡਿਗਰੀ 'ਤੇ ਚਲਾ ਗਿਆ। ਇਸਦੇ ਬਾਅਦ 16 ਮਈ ਨੂੰ ਸਵੇਰੇ 8 ਵਜੇ ਲਾਵੇ ਦੀ ਤਰ੍ਹਾਂ ਉਹ ਟੈਂਕ ਦੇ ਬਾਹਰ ਰੁੜ੍ਹਨ ਲੱਗ ਪਿਆ ਜਿਸ ਨੂੰ ਮੌਕੇ ਤੇ ਕੰਟਰੋਲ ਕਰਨਾ ਔਖਾ ਸੀ।

ਪਹਿਲਾਂ ਵੀ ਮਰੀਆਂ ਸਨ ਮੱਛੀਆਂ

ਕਪੂਰਥਲਾ ਤੋਂ ਪਾਲ ਸਿੰਘ ਨੌਲੀ ਨੇ ਦੱਸਿਆ ਕਿ ਹਰੀਕੇ ਪੱਤਣ ਵਿੱਚ ਮੱਛੀਆਂ ਮਰਨ ਦੀ ਘਟਨਾ ਪਹਿਲੀ ਵਾਰ ਨਹੀਂ ਵਾਪਰੀ। ਇਸ ਤੋਂ ਪਹਿਲਾਂ ਵੀ ਗੰਦਾ ਤੇ ਜ਼ਹਿਰੀਲਾ ਪਾਣੀ ਮੱਛੀਆਂ ਦਾ ਖੌਅ ਬਣ ਚੁੱਕਿਆ ਹੈ।

ਤਸਵੀਰ ਸਰੋਤ, Gurpreet Singh Chawla/BBC

ਕਾਲੀ ਵੇਈਂ ਜਿਹੜੀ ਕਿ ਹਰੀਕੇ ਪੱਤਣ ਵਿੱਚ ਜਾ ਸਮਾਉਂਦੀ ਹੈ ਤੇ ਬਿਆਸ ਦਰਿਆ ਦੀ ਇੱਕ ਸਹਾਇਕ ਨਦੀ ਹੈ, ਵਿੱਚ ਪਿਛਲੇ ਤਿੰਨ ਚਾਰ ਸਾਲਾਂ ਤੋਂ ਲਗਾਤਾਰ ਮੱਛੀਆਂ ਮਰਦੀਆਂ ਰਹੀਆਂ ਹਨ।

ਪਰ ਇਨ੍ਹਾਂ ਨੂੰ ਬਚਾਉਣ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ। ਅਪ੍ਰੈਲ 2012 , 2013 ਤੇ 2015 ਵਿੱਚ ਹਰੀਕੇ ਪੱਤਣ ਦੇ ਆਲੇ-ਦੁਆਲੇ ਦੇ ਜਲ ਸਰੋਤਾਂ ਵਿੱਚ ਵੱਡੇ ਪੱਧਰ 'ਤੇ ਮੱਛੀਆਂ ਮਰੀਆਂ ਸਨ। ਇਹ ਮੱਛੀਆਂ ਆਮ ਤੌਰ 'ਤੇ ਵਿਸਾਖੀ ਦੇ ਨੇੜੇ ਹੀ ਮਰਦੀਆਂ ਰਹੀਆਂ ਹਨ।

ਉਦੋਂ ਇਨ੍ਹਾਂ ਮੱਛੀਆਂ ਦੇ ਮਰਨ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਦਲੀਲਾਂ ਦਿੱਤੀਆਂ ਗਈਆਂ ਸਨ। ਸਰਕਾਰੀ ਵਿਭਾਗ ਕਹਿੰਦੇ ਸਨ ਕਿ ਕਾਲੀ ਵੇਈਂ ਵਿੱਚ ਮੱਛੀਆਂ ਦੀ ਗਿਣਤੀ ਵੱਧਣ ਕਾਰਨ ਮੱਛੀਆਂ ਆਕਸੀਜਨ ਘੱਟ ਗਈ ਜਿਸ ਕਾਰਨ ਮੱਛੀਆਂ ਮਰੀਆਂ।

ਤਸਵੀਰ ਸਰੋਤ, Ravinder Singh Robin/BBC

ਵਿਭਾਗ ਕਹਿੰਦਾ ਹੈ ਕਿ ਖੇਤਾਂ ਵਿੱਚ ਕੀਟਨਾਸ਼ਕ ਦਵਾਈਆਂ ਦੇ ਕੀਤੇ ਜਾ ਰਹੇ ਛਿੜਕਾਅ ਕਾਰਨ ਅਜਿਹਾ ਵਾਪਰਿਆ ਸੀ ਕਿਉਂਕਿ ਉਨ੍ਹਾਂ ਦੀ ਦਲੀਲ ਸੀ ਕਿ ਜਦੋਂ ਮੀਂਹ ਪੈਂਦਾ ਹੈ ਤਾਂ ਖੇਤਾਂ ਵਿੱਚ ਫਸਲਾਂ 'ਤੇ ਛਿੜਕੀਆਂ ਕੀਟਨਾਸ਼ਕ ਦਵਾਈਆਂ ਨਦੀ ਵਿੱਚ ਆ ਜਾਂਦੀਆਂ ਹਨ।

ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੀ ਰਿਪੋਰਟ ਅਨੁਸਾਰ ਨਦੀ ਵਿੱਚ ਗੰਦੇ ਪਾਣੀਆਂ ਦੀ ਵੱਧ ਮਾਤਰਾ ਕਾਰਨ ਅਜਿਹਾ ਵਾਪਰਿਆ ਸੀ। ਗੰਦੇ ਪਾਣੀਆਂ ਨਾਲ ਆਕਸੀਜਨ ਦੀ ਮਾਤਰਾ ਘਟ ਗਈ ਜਿਸ ਕਾਰਨ ਮੱਛੀਆਂ ਮਰੀਆਂ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)