ਬੀਬੀਸੀ ਪੰਜਾਬੀ 'ਤੇ ਪੜ੍ਹੋ ਅੱਜ ਦੀਆਂ 5 ਮੁੱਖ ਖ਼ਬਰਾਂ

ਕੁਮਾਰਸਵਾਮੀ Image copyright Reuters

ਕੁਮਾਰਸਵਾਮੀ ਅੱਜ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉਨ੍ਹਾਂ ਦੇ ਨਾਲ ਕੁਝ ਹੋਰ ਵਿਧਾਇਕ ਵੀ ਸਹੁੰ ਚੁੱਕ ਸਕਦੇ ਹਨ ਜਿਨ੍ਹਾਂ ਵਿੱਚ ਕਾਂਗਰਸ ਦੇ ਵਿਧਾਇਕ ਵੀ ਸ਼ਾਮਲ ਹੋਣਗੇ।

12 ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਇਸ ਸਮਾਗਮ ਲਈ ਸੱਦਾ ਦਿੱਤਾ ਗਿਆ ਹੈ। ਜੇਡੀਐਸ ਦੇ ਕੁਮਾਰਸਵਾਮੀ ਕਾਂਗਰਸ ਨਾਲ ਗਠਜੋੜ ਕਰਕੇ ਸਰਕਾਰ ਬਣਾ ਰਹੇ ਹਨ।

ਕਰਨਾਟਕ ਵਿਧਾਨ ਸਭਾ ਚੋਣ ਨਤੀਜਿਆਂ ਵਿੱਚ ਜੇਡੀਐਸ ਨੂੰ 38 ਅਤੇ ਕਾਂਗਰਸ ਨੂੰ 78 ਸੀਟਾਂ ਮਿਲੀਆਂ ਹਨ।

ਤਮਿਲਨਾਡੂ 'ਚ ਹਿੰਸਾ, 10 ਮੌਤਾਂ

ਤਮਿਲਨਾਡੂ ਦੇ ਤੂਤੂਕੁਡੀ (ਟਿਊਟੀਕੋਰਿਨ) ਜ਼ਿਲ੍ਹੇ ਵਿੱਚ ਵੇਦਾਂਤਾ ਸਮੂਹ ਦੀ ਕੰਪਨੀ ਸਟੱਰਲਾਈਟ ਕਾਪਰ ਦੇ ਖਿਲਾਫ਼ ਹਿੰਸਕ ਮੁਜ਼ਾਹਰੇ ਵਿੱਚ 10 ਵਿਅਕਤੀਆਂ ਦੀ ਮੌਤ ਹੋ ਗਈ ਹੈ।

ਇਸ ਵਿਚ 40 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿਚ ਬਹੁਤ ਸਾਰੇ ਪੱਤਰਕਾਰ ਵੀ ਸ਼ਾਮਲ ਹਨ।

ਸਥਾਨਕ ਪੁਲਿਸ ਮੁਤਾਬਕ ਹਿੰਸਾ ਉਸ ਵੇਲੇ ਭੜਕੀ ਜਦੋਂ ਮੁਜ਼ਾਹਰਾਕਾਰੀ ਜ਼ਿਲ੍ਹਾ ਹੈੱਡਕੁਆਟਰ ਦੇ ਅੰਦਰ ਦਾਖਲ ਹੋਣ ਲਈ ਅੱਗੇ ਵਧ ਰਹੇ ਸਨ।

ਸਟੱਰਲਾਈਟ ਫੈਕਟਰੀ ਤੋਂ ਹੁੰਦੇ ਪ੍ਰਦੂਸ਼ਣ ਦੇ ਵਿਰੋਧ ਵਿੱਚ ਸਥਾਨਕ ਲੋਕ ਕਈ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਮੰਗਲਵਾਰ ਨੂੰ ਇਹ ਪ੍ਰਦਰਸ਼ਨ ਹਿੰਸਕ ਹੋ ਗਿਆ।

ਬਿਆਸ ਦਰਿਆ ਤ੍ਰਾਸਦੀ ਦੇ ਕਾਰਨਾਂ ਨੂੰ ਤਲਾਸ਼ੇਗੀ ਕੇਂਦਰੀ ਟੀਮ

ਭਾਰਤ ਦੇ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਮੌਸਮੀ ਤਬਦੀਲੀ ਮੰਤਰਾਲੇ ਦੀ ਇੱਕ ਟੀਮ ਬਿਆਸ ਦਰਿਆ ਵਿੱਚ ਜਲਚਰ ਜੀਵਾਂ ਦੀ ਮੌਤ ਵਾਲੀ ਤਰਾਸਦੀ ਦੇ ਕਾਰਨਾਂ ਨੂੰ ਤਲਾਸ਼ਣ ਪੰਜਾਬ ਦਾ ਦੌਰਾ ਕਰੇਗੀ।

Image copyright Getty Images

ਕੇਂਦਰੀ ਮੰਤਰੀ ਅਤੇ ਅਕਾਲੀ ਦਲ ਆਗੂ ਹਰਸਿਮਰਤ ਬਾਦਲ ਨੇ ਇਹ ਖੁਲਾਸਾ ਇੱਕ ਟਵੀਟ ਰਾਹੀ ਕੀਤਾ ਹੈ। ਉਨ੍ਹਾਂ ਟਵੀਟ ਵਿੱਚ ਲਿਖਿਆ ਹੈ ਕਿ ਚੱਢਾ ਸ਼ੂਗਰ ਤੇ ਸ਼ਰਾਬ ਫੈਕਟਰੀ ਦੇ ਪ੍ਰਦੂਸ਼ਣ ਕਾਰਨ ਪੰਜਾਬ ਹੀ ਨਹੀਂ ਰਾਜਸਥਾਨ ਤੱਕ ਪ੍ਰਦੂਸ਼ਣ ਫੈਲਦਾ ਹੈ।

ਹਰਸਿਮਰਤ ਬਾਦਲ ਨੇ ਇਸ ਮੁੱਦੇ ਉੱਤੇ ਤਿੰਨ ਟਵੀਟ ਕੀਤੇ ਹਨ। ਪਹਿਲੇ ਟਵੀਟ ਵਿੱਚ ਉਨ੍ਹਾਂ ਇਸ ਘਟਨਾ ਉੱਤੇ ਦੁੱਖ ਪ੍ਰਗਟਾਇਆ ਹੈ, ਦੂਜੇ ਵਿੱਚ ਕੇਂਦਰੀ ਟੀਮ ਦੇ ਪੰਜਾਬ ਜਾਣ ਦੀ ਜਾਣਕਾਰੀ ਦਿੱਤੀ ਹੈ ਅਤੇ ਤੀਜੇ ਵਿੱਚ ਨੈਸ਼ਨਲ ਗਰੀਨ ਟ੍ਰਿਬਿਊਨਲ ਨੂੰ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ।

ਚੀਨ ਦੌਰੇ 'ਤੇ ਜਰਮਨੀ ਦੀ ਚਾਂਸਲਰ

ਜਰਮਨੀ ਦੀ ਚਾਂਸਲਰ ਐਂਜੇਲਾ ਮਾਰਕਲ ਚੀਨ ਦੌਰੇ 'ਤੇ ਹਨ।

Image copyright Getty Images

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਹ ਡੌਨਲਡ ਟਰੰਪ ਦੁਆਰਾ ਬਣਾਈਆਂ ਜਾ ਰਹੀਆਂ ਵਪਾਰ ਨੀਤੀਆਂ ਦੇ ਕਾਰਨ ਹੋ ਖ਼ਤਰੇ ਨੂੰ ਖ਼ਤਮ ਕਰਨ ਦਾ ਕੰਮ ਕਰਨਗੇ।

ਪੁਤਿਨ ਨਾਲ ਬੈਠਕ ਕਰਨਗੇ ਮੈਕਰੋਨ

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਸੈਂਟ ਪੀਟਰਸਬਰਗ ਇਕੋਨੋਮਿਕ ਫੋਰਮ ਵਿੱਚ ਹਿੱਸਾ ਲੈਣ ਲਈ ਮਾਸਕੋ ਪਹੁੰਚੇ ਹਨ। ਸ਼ੁੱਕਰਵਾਰ ਨੂੰ ਰਾਸ਼ਟਰਪਤੀ ਪੁਤਿਨ ਨਾਲ ਬੈਠਕ ਕਰਨਗੇ।

Image copyright Getty Images

ਹਾਲਾਂਕਿ ਬੈਠਕ ਦਾ ਏਜੰਡਾ ਅਜੇ ਤੈਅ ਨਹੀਂ ਹੈ। ਰਾਤ ਉਹ ਮਾਸਕੋ ਵਿੱਚ ਹੀ ਰੁਕਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)