ਵੇਦਾਂਤਾ ਸਟੱਰਲਾਈਟ ਦੇ ਪ੍ਰਦੂਸ਼ਣ ਖਿਲਾਫ਼ ਹੰਗਾਮਾ, ਕੀ ਹੈ ਪੂਰਾ ਮਾਮਲਾ?

  • ਪਰਮਿਲਾ ਕ੍ਰਿਸ਼ਨਨ
  • ਬੀਬੀਸੀ ਪੱਤਰਕਾਰ

ਤਮਿਲਨਾਡੂ ਦੇ ਤੂਤੂਕੁਡੀ(ਟਿਊਟੀਕੋਰਿਨ) ਜ਼ਿਲ੍ਹੇ ਵਿੱਚ ਵੇਦਾਂਤਾ ਗਰੁੱਪ ਦੀ ਕੰਪਨੀ ਸਟੱਰਲਾਈਟ ਕਾਪਰ ਖ਼ਿਲਾਫ਼ ਹੋ ਰਿਹਾ ਵਿਰੋਧ ਪ੍ਰਦਰਸ਼ਨ ਰੁਕਦਾ ਵਿਖਾਈ ਨਹੀਂ ਦੇ ਰਿਹਾ।

ਲੋਕ ਕਈ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦਾ ਇਲਜ਼ਾਮ ਹੈ ਕਿ ਸਟੱਰਲਾਈਟ ਫੈਕਟਰੀ ਨਾਲ ਇਲਾਕੇ ਵਿੱਚ ਪ੍ਰਦੂਸ਼ਣ ਫੈਲ ਰਿਹਾ ਹੈ। ਮੰਗਵਾਰ ਨੂੰ ਇਹ ਪ੍ਰਦਰਸ਼ਨ ਹਿੰਸਕ ਹੋ ਗਿਆ।

ਇਸ ਵਿਰੋਧ ਪ੍ਰਦਰਸ਼ਨ ਦੇ 100 ਦਿਨ ਪੂਰੇ ਹੋਏ ਅਤੇ ਤਾਮਿਲਨਾਡੂ ਦੇ ਵੱਖ-ਵੱਖ ਇਲਾਕਿਆਂ ਤੋਂ ਆਏ ਲੋਕਾਂ ਨੇ ਪੁਲਿਸ ਹੈੱਡਕੁਆਟਰ ਵੱਲ ਮੋਰਚਾ ਖੋਲ੍ਹ ਦਿੱਤਾ।

ਪੁਲਿਸ ਨੇ ਹਾਲਾਤ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਭੀੜ ਵਧਣ ਲੱਗੀ ਅਤੇ ਪੁਲਿਸ ਨੇ ਅੱਥਰੂ ਗੈਸ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ, ਬਾਅਦ ਵਿੱਚ ਗੋਲੀਆਂ ਵੀ ਚਲਾਈਆਂ ਗਈਆਂ।

ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਝੜਪ ਹੋਈ ਅਤੇ ਪੁਲਿਸ ਦੀ ਗੋਲੀਬਾਰੀ ਵਿੱਚ ਨੌਂ ਲੋਕ ਮਾਰੇ ਗਏ। ਮਰਨ ਵਾਲਿਆਂ ਵਿੱਚ ਇੱਕ ਔਰਤ ਸੀ, ਜ਼ਖ਼ਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਸਟੱਰਲਾਈਟ ਕੀ ਹੈ?

ਵੇਦਾਂਤਾ ਦੁਨੀਆਂ ਦੀਆਂ ਵੱਡੀਆਂ ਖਣਨ ਕੰਪਨੀਆਂ ਵਿੱਚੋਂ ਇੱਕ ਹੈ। ਇਸਦੇ ਮਾਲਿਕ ਪਟਨਾ ਦੇ ਰਹਿਣ ਵਾਲੇ ਅਨਿਲ ਅਗਰਵਾਲ ਹਨ।

ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਨਿਲ ਨੇ ਆਪਣੇ ਪਿਤਾ ਨਾਲ ਕੰਮ ਕਰਨਾ ਸ਼ੁਰੂ ਕੀਤਾ।

ਕਾਫ਼ੀ ਸਮੇਂ ਬਾਅਦ ਉਹ ਪਟਨਾ ਤੋਂ ਮੁੰਬਈ ਸ਼ਿਫਟ ਹੋ ਗਏ ਅਤੇ 'ਵੇਦਾਂਤਾ' ਨਾਂ ਦੀ ਕੰਪਨੀ ਬਣਾਈ ਜਿਸ ਨੂੰ ਉਨ੍ਹਾਂ ਨੇ ਲੰਡਨ ਸਟੌਕ ਐਕਸਚੇਂਜ ਵਿੱਚ ਰਜਿਸਟਰ ਕਰਵਾਇਆ।

ਵੇਦਾਂਤਾ ਗਰੁੱਪ ਦੀ ਹੀ ਇੱਕ ਕੰਪਨੀ ਦਾ ਨਾਂ ਸਟੱਰਲਾਈਟ ਹੈ।

ਸਟੱਰਲਾਈਟ ਤਮਿਲਨਾਡੂ ਦੇ ਤੂਤੂਕੁਡੀ ਅਤੇ ਸਿਲਵਾਸਾ (ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਨਾਗਰ ਹਵੇਲੀ ਦੀ ਰਾਜਧਾਨੀ) ਵਿੱਚ ਆਪਰੇਟ ਕਰਦੀ ਹੈ।

ਤੂਤੂਕੁਡੀ ਵਾਲੇ ਕਾਰਖਾਨੇ ਵਿੱਚ ਹਰ ਸਾਲ 4 ਲੱਖ ਟਨ ਤਾਂਬੇ ਦਾ ਉਤਪਾਦਨ ਹੁੰਦਾ ਹੈ। ਸਾਲ 2017 ਵਿੱਚ ਇਸ ਕੰਪਨੀ ਦਾ ਟਰਨਓਵਰ 11.5 ਅਰਬ ਡਾਲਰ ਸੀ।

ਵਿਰੋਧ ਪ੍ਰਦਰਸ਼ਨ ਕਦੋਂ ਸ਼ੁਰੂ ਹੋਏ?

ਸਾਲ 1992 ਵਿੱਚ ਮਹਾਰਾਸ਼ਟਰ ਉਦਯੋਗ ਵਿਕਾ ਸਨੀਗਮ ਨੇ ਰਤਨਾਗੀਰੀ ਵਿੱਚ ਸਟੱਰਲਾਈਟ ਲਿਮਟਡ ਨੂੰ 500 ਏਕੜ ਜ਼ਮੀਨ ਅਲਾਟ ਕੀਤੀ ਸੀ।

ਬਾਅਦ ਵਿੱਚ ਸਥਾਨਕ ਲੋਕਾਂ ਨੇ ਯੋਜਨਾ ਦਾ ਵਿਰੋਧ ਕੀਤਾ ਜਿਸ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਇਸ ਮੁੱਦੇ 'ਤੇ ਜਾਂਚ ਲਈ ਕਮੇਟੀ ਬਣਾ ਦਿੱਤੀ।

ਕਮੇਟੀ ਨੇ 1993 ਵਿੱਚ ਆਪਣੀ ਰਿਪੋਰਟ ਦਿੱਤੀ ਅਤੇ ਇਸ ਰਿਪੋਰਟ ਦੇ ਆਧਾਰ 'ਤੇ ਜ਼ਿਲ੍ਹਾ ਅਧਿਕਾਰੀ ਨੇ ਕੰਪਨੀ ਨੂੰ ਉਸ ਇਲਾਕੇ ਵਿੱਚ ਨਿਰਮਾਣ ਕਾਰਜ ਰੋਕਣ ਦਾ ਹੁਕਮ ਦਿੱਤਾ।

ਬਾਅਦ ਵਿੱਚ ਇਸ ਫੈਕਟਰੀ ਨੂੰ ਮਹਾਰਾਸ਼ਟਰ ਤੋਂ ਤਾਮਿਲਨਾਡੂ ਸ਼ਿਫ਼ਟ ਕਰ ਦਿੱਤਾ ਗਿਆ।

ਵਾਤਾਵਰਣ ਮਾਹਰ ਨਿਤਿਆਨੰਦ ਜੈਰਾਮਨ ਦੱਸਦੇ ਹਨ,''ਸਾਲ 1994 ਵਿੱਚ ਤਾਮਿਲਨਾਡੂ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਸ ਫੈਕਟਰੀ ਨੂੰ ਨੋ ਆਬਜੈਕਸ਼ਨ ਸਰਟੀਫਿਕੇਟ(NOC) ਜਾਰੀ ਕੀਤਾ ਸੀ।''

''ਬੋਰਡ ਨੇ ਕੰਪਨੀ ਨਾਲ ਵਾਤਾਵਰਣ 'ਤੇ ਪੈਣ ਵਾਲੇ ਅਸਰ ਬਾਰੇ ਜਾਂਚ ਕਰਨ ਨੂੰ ਕਿਹਾ ਸੀ। ਬੋਰਡ ਇਹ ਚਾਹੁੰਦਾ ਸੀ ਕਿ ਫੈਕਟਰੀ ਮਨਾਰ ਦੀ ਖਾੜੀ ਤੋਂ 25 ਕਿੱਲੋਮੀਟਰ ਦੂਰੀ 'ਤੇ ਲਗਾਈ ਜਾਵੇ।''

''ਇਸਦੇ ਲਈ ਸਟੱਰਲਾਈਟ ਕੰਪਨੀ ਨੂੰ ਵਾਤਾਵਰਣ 'ਤੇ ਪੈਣ ਵਾਲੇ ਅਸਰ ਦੀ ਟੈਸਟਿੰਗਕਰਨ ਦੀ ਲੋੜ ਸੀ। ਹੁਣ ਇਹ ਪਲਾਂਟ ਮਨਾਰ ਦੀ ਖਾੜੀ ਤੋਂ 14 ਕਿੱਲੋਮੀਟਰ ਦੂਰ ਸਥਿਤ ਹੈ।''

ਕੰਪਨੀ 'ਤੇ ਮੁਕੱਦਮਾ

ਨੈਸ਼ਨਲ ਟਰੱਸਟ ਆਫ਼ ਕਲੀਨ ਇਨਵਾਇਰਮੈਂਟ, ਐਮਡੀਐਮਕੇ ਨੇਤਾ ਵਾਈਕੋ ਅਤੇ ਕਮਿਊਨਿਸਟ ਪਾਰਟੀਆਂ ਨੇ ਫੈਕਟਰੀ ਖ਼ਿਲਾਫ਼ ਮੁਕੱਦਮਾ ਦਰਜ ਕਰਵਾਇਆ ਹੈ।

ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਸਟੱਰਲਾਈਟ ਦੀ ਇਹ ਫੈਕਟਰੀ ਉਸ ਇਲਾਕੇ ਨੂੰ ਪ੍ਰਦੂਸ਼ਿਤ ਕਰ ਰਹੀ ਹੈ।

ਕੰਪਨੀ 'ਤੇ ਇਹ ਵੀ ਇਲਜ਼ਾਮ ਹਨ ਕਿ 1997 ਤੋਂ 2012 ਵਿਚਕਾਰ ਫੈਕਟਰੀ ਨੇ ਸਰਕਾਰ ਨਾਲ ਆਪਣੇ ਸਮਝੌਤੇ ਨੂੰ ਅੱਗੇ ਨਹੀਂ ਵਧਾਇਆ।

ਸਾਲ 2010 ਵਿੱਚ ਹਾਈ ਕੋਰਟ ਨੇ ਇਸ ਫੈਕਟਰੀ ਨੂੰ ਬੰਦ ਕਰਨ ਦਾ ਹੁਕਮ ਦੇ ਦਿੱਤਾ। ਕੰਪਨੀ ਨੇ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਅਪੀਲ ਦਰਜ ਕੀਤੀ।

ਸੁਪਰੀਮ ਕੋਰਟ ਨੇ ਇਸ ਸਟੱਰਲਾਈਟ ਫੈਕਟਰੀ 'ਤੇ 100 ਕਰੋੜ ਦਾ ਜ਼ੁਰਮਾਨਾ ਲਗਾਇਆ ਅਤੇ ਕੰਪਨੀ ਨੂੰ ਆਪਣਾ ਆਪਰੇਸ਼ਨ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ।

ਹੁਣ ਅਚਾਨਕ ਵਿਰੋਧ ਕਿਉਂ?

ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵਿਰੋਧ ਅਚਾਨਕ ਸ਼ੁਰੂ ਨਹੀਂ ਹੋਇਆ।

ਜੈਰਾਮਨ ਦੱਸਦੇ ਹਨ,''ਪਹਿਲੇ ਦਿਨ ਤੋਂ ਹੀ ਅਸੀਂ ਹਰ ਤਰ੍ਹਾਂ ਨਾਲ ਉਨ੍ਹਾਂ ਦਾ ਵਿਰਧ ਕਰ ਰਹੇ ਹਾਂ ਅਤੇ ਅਜਿਹਾ ਅਸੀਂ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲਏ ਬਿਨਾਂ ਕਰ ਰਹੇ ਹਾਂ।''

''ਇਹ ਵਿਰੋਧ ਸਟੱਰਲਾਈਟ ਲਿਮਟਡ ਦੀ ਵਧਦੀ ਯੋਜਨਾ ਖ਼ਿਲਾਫ਼ ਹੈ। ਸਾਡੇ ਵਿਰਧ ਨੂੰ ਸਿਰਫ਼ ਇੱਕ ਕੰਪਨੀ ਜਾਂ ਸਟੱਰਲਾਈਟ ਫੈਕਟਰੀ ਖ਼ਿਲਾਫ਼ ਪ੍ਰਦਰਸ਼ਨ ਦੇ ਤੌਰ 'ਤੇ ਨਾ ਦੇਖਿਆ ਜਾਵੇ।''

''ਸਾਡਾ ਵਿਰੋਧ ਇੱਕ ਰਿਹਾਇਸ਼ੀ ਇਲਾਕੇ ਵਿੱਚ ਸਥਿਤ ਇੱਕ ਕਾਪਰ ਫੈਕਟਰੀ ਖ਼ਿਲਾਫ਼ ਹੈ।''

''ਅਸੀਂ ਉਸ ਸਰਕਾਰ ਖ਼ਿਲਾਫ਼ ਹਾਂ, ਜਿਹੜੀ ਲੋਕਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਸਿਹਤ ਉੱਤੇ ਪੈਣ ਵਾਲੇ ਮਾੜੇ ਅਸਰ 'ਤੇ ਨਜ਼ਰ ਰੱਖਣ ਵਿੱਚ ਨਾਕਾਮ ਰਹੀ ਹੈ।''

ਨਿਤਿਆਨੰਦ ਜੈਰਾਮ ਸਵਾਲ ਕਰਦੇ ਹਨ,''ਇਸ ਫੈਕਟਰੀ ਨੇ ਪਹਿਲਾਂ ਹੀ ਇਸ ਇਲਾਕੇ ਦੀ ਹਵਾ ਅਤੇ ਜ਼ਮੀਨ ਤੋਂ ਲੈ ਕੇ ਪਾਣੀ ਤੱਕ ਗੰਦਾ ਕਰ ਰੱਖਿਆ ਹੈ।''

''ਅਦਾਲਤਾਂ ਨੇ ਇਹ ਵੀ ਗੱਲ ਮੰਨੀ ਹੈ। ਇਸਦੇ ਬਾਵਜੂਦ ਇੱਕ ਸੰਘਣੀ ਆਬਾਦੀ ਵਾਲੇ ਇਲਾਕੇ ਵਿੱਚ ਕੰਪਨੀ ਆਪਣੇ ਪ੍ਰੋਡਕਸ਼ਨ ਯੂਨਿਟ ਦਾ ਵਿਸਤਾਰ ਕਿਵੇਂ ਕਰ ਸਕਦੀ ਹੈ?''

ਕੰਪਨੀ ਦਾ ਕੀ ਕਹਿਣਾ ਹੈ?

ਕੰਪਨੀ ਦੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੇ ਅਧਿਕਾਰੀ ਇਸਾਕੀਮੁਥੁ ਐਮ ਨੇ ਸਟੱਰਲਾਈਟ ਦਾ ਪੱਖ ਰਖਦੇ ਹੋਏ ਕਿਹਾ ਕਿ ਕੰਪਨੀ ਨੇ ਪ੍ਰੋਡਕਸ਼ਨ ਯੂਨਿਟ ਦੇ ਵਿਸਤਾਰ ਲਈ ਸਰਕਾਰ ਨੇ ਸਾਰੀ ਜ਼ਰੂਰੀ ਇਜਾਜ਼ਤ ਦਿੱਤੀ ਹੈ।

ਕੰਪਨੀ ਦਾ ਕਹਿਣਾ ਹੈ, ਅਸੀਂ ਕੰਪਨੀ ਦੇ ਬਾਈ-ਪ੍ਰੋਡਕਟਸ ਦੇ ਅਸਰਦਾਰ ਇਸਤੇਮਾਲ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਹਨ। ਫੈਕਟਰੀ ਦੇ ਕੂੜੇ ਦੀ ਵੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ।

ਕੰਪਨੀ ਦਾ ਕਹਿਣਾ ਹੈ ਕਿ ਨਵੀਂ ਯੂਨਿਟ ਵਿੱਚ ਸਾਫ਼ ਕੀਤਾ ਗਿਆ ਪਾਣੀ ਹੀ ਵਰਤਿਆ ਜਾਵੇਗਾ ਅਤੇ ਯੂਨਿਟ ਰਾਹੀਂ ਨਿਕਲਣ ਵਾਲੇ ਸਾਰੇ ਤਰਲ ਪਦਾਰਥਾਂ ਨੂੰ ਰੀ-ਸਾਈਕਲ ਕੀਤਾ ਜਾਵੇਗਾ।

ਪ੍ਰਬੰਧਨ ਨੇ ਕਿਹਾ ਕਿ ਉਹ ਕਿਸੇ ਵੀ ਕਿਸਮ ਦਾ ਗੰਦਾ ਪਾਣੀ ਜਾਂ ਹੋਰ ਦੂਸ਼ਿਤ ਪਦਾਰਥ ਫੈਕਟਰੀ ਤੋਂ ਬਾਹਰ ਨਹੀਂ ਭੇਜਦੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਫੈਕਟਰੀ ਵਿੱਚ ਸਿੱਧੇ ਤੌਰ 'ਤੇ 2000 ਲੋਕਾਂ ਨੂੰ ਰੁਜ਼ਗਾਰ ਦਿੱਤਾ ਗਿਆ ਹੈ।

ਇਸਦੇ ਨਾਲ ਅਸਿੱਧੇ ਰੂਪ ਤੋਂ ਯੂਨਿਟ ਨਾਲ 20,000 ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)