ਰਾਮ ਮੰਦਿਰ ਦੇ ਫਾਰਮੂਲੇ ਪਿੱਛੇ ਕੀ ਨੇ ਸ਼੍ਰੀ ਸ਼੍ਰੀ ਦੇ ਤਰਕ?

  • ਜ਼ੁਬੈਰ ਅਹਿਮਦ
  • ਬੀਬੀਸੀ ਪੱਤਰਕਾਰ, ਬੈਂਗਲੁਰੂ
ਸ਼੍ਰੀ ਸ਼੍ਰੀ ਰਵੀਸ਼ੰਕਰ

ਅਧਿਆਤਮਕ ਗੁਰੂ ਅਤੇ ਬੰਗਲੁਰੂ ਦੇ ਨੇੜੇ ਯੋਗ 'ਤੇ ਆਧਾਰਿਤ ਆਰਟ ਆਫ ਲਿਵਿੰਗ ਫਾਊਂਡੇਸ਼ਨ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਬਾਬਰੀ ਮਸਜਿਦ/ਰਾਮ ਜਨਮ ਭੂਮੀ ਦੇ ਵਿਵਾਦ ਦਾ ਹੱਲ ਅਦਾਲਤ ਦੀ ਬਜਾਏ ਇਸ ਤੋਂ ਬਾਹਰ ਕੱਢਿਆ ਜਾਣਾ ਚਾਹੀਦਾ ਹੈ।

62 ਸਾਲਾਂ ਦੇ ਯੋਗ ਗੁਰੂ ਅਦਾਲਤ ਦੇ ਬਾਹਰ ਪੱਖਾਂ ਦੇ ਵਿਚਾਲੇ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਦੇ ਸਿਲਸਿਲੇ ਵਿੱਚ ਹਿੰਦੂ ਅਤੇ ਮੁਸਲਮਾਨ ਆਗੂਆਂ ਨਾਲ ਮਿਲਦੇ ਰਹੇ ਹਨ।

ਬੰਗਲੁਰੂ ਦੇ ਨੇੜੇ ਆਪਣੇ ਆਸ਼ਰਮ ਵਿੱਚ ਬੀਬੀਸੀ ਨਾਲ ਖ਼ਾਸ ਮੁਲਾਕਾਤ ਵਿੱਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਰੰਗ ਲਿਆ ਰਹੀ ਹੈ।

ਉਨ੍ਹਾਂ ਦਾ ਦਾਅਵਾ ਹੈ ਕਿ ਮੁਸਲਿਮ ਭਾਈਚਾਰੇ ਦੇ 500 ਮਜ਼ਬੀ ਆਗੂਆਂ ਅਤੇ ਬੁੱਧੀਜੀਵੀਆਂ ਨਾਲ ਮੁਲਾਕਾਤ ਕੀਤੀ ਹੈ, ਜੋ ਉਨ੍ਹਾਂ ਦੇ ਸੁਝਾਅ ਨਾਲ ਸਹਿਮਤ ਹਨ ਪਰ ਮੁੱਕਦਮੇ ਦੇ ਇੱਕ ਖ਼ਾਸ ਪੱਖ ਸੁੰਨੀ ਵਕਫ਼ ਬੋਰਡ ਦਾ ਹਮੇਸ਼ਾ ਤੋਂ ਤਰਕ ਰਿਹਾ ਹੈ ਕਿ ਉਹ ਕੇਵਲ ਅਦਾਲਤ ਦੇ ਫ਼ੈਸਲੇ ਨੂੰ ਹੀ ਸਵੀਕਾਰ ਕਰੇਗਾ।

ਅਯੁੱਧਿਆ ਵਿੱਚ ਬਾਬਰੀ ਮਸਜਿਦ 6 ਦਸੰਬਰ 1992 ਨੂੰ ਢਾਹੀ ਗਈ ਸੀ। ਹਿੰਦੂ ਭਾਈਚਾਰੇ ਅਨੁਸਾਰ ਜਿੱਥੇ ਬਾਬਰੀ ਮਸਜਿਦ ਖੜ੍ਹੀ ਸੀ, ਉੱਥੇ ਭਗਵਾਨ ਰਾਮ ਦਾ ਜਨਮ ਸਥਾਨ ਹੈ।

ਇਹ ਵਿਵਾਦ 1949 ਤੋਂ ਚੱਲਿਆ ਆ ਰਿਹਾ ਹੈ। ਹੁਣ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਇੰਤਜ਼ਾਰ ਹੈ।

ਇਸ ਮੁੱਦੇ 'ਤੇ ਫਿਲਹਾਲ ਸੁਪਰੀਮ ਕੋਰਟ ਵਿੱਚ ਇਲਾਹਾਬਾਦ ਹਾਈ ਕੋਰਟ ਦੇ 2010 ਦੇ ਫ਼ੈਸਲੇ ਖ਼ਿਲਾਫ਼ ਚਾਰ ਸਿਵਿਲ ਸੂਟ ਵਿੱਚ ਦਾਇਰ 13 ਅਪੀਲਾਂ ਦੀ ਸੁਣਵਾਈ ਚੱਲ ਰਹੀ ਹੈ।

ਇਸ ਮਾਮਲੇ ਨੂੰਦੀ ਤਿੰਨ ਜੱਜਾਂ ਦੀ ਬੈਂਚ ਸੁਣਵਾਈ ਕਰ ਰਹੀ ਹੈ ਜਿਸ ਵਿੱਚ ਚੀਫ ਜਸਟਿਸ ਦੀਪਕ ਮਿਸ਼ਰਾ ਅਤੇ ਜੱਜ ਅਸ਼ੋਕ ਭੂਸ਼ਣ ਅਤੇ ਅਬਦੁੱਲ ਨਾਜ਼ਿਰ ਸ਼ਾਮਿਲ ਹਨ।

'ਮੁਸਲਮਾਨ ਤਿਆਗਣ ਮੰਦਿਰ 'ਤੇ ਦਾਅਵਾ'

ਮੁਕੱਦਮੇ ਦੀ ਸੁਣਵਾਈ ਤੇਜ਼ੀ ਨਾਲ ਹੋ ਰਹੀ ਹੈ। ਸਮਝਿਆ ਜਾਂਦਾ ਹੈ ਕਿ ਅਕਤੂਬਰ ਵਿੱਚ ਆਪਣੀ ਰਿਟਾਇਰਮੈਂਟ ਤੋਂ ਪਹਿਲਾਂ ਚੀਫ ਜਸਟਿਸ ਦੀਪਕ ਮਿਸ਼ਰਾ ਇਹ ਫ਼ੈਸਲਾ ਸੁਣਾ ਸਕਦੇ ਹਨ।

ਪਰ ਸ਼੍ਰੀ ਸ਼੍ਰੀ ਰਵੀ ਸ਼ੰਕਰ ਅਨੁਸਾਰ ਅਦਾਲਤ ਦਾ ਫੈਸਲਾ ਦਿਲਾਂ ਨੂੰ ਨਹੀਂ ਜੋੜ ਸਕਦਾ। ਉਨ੍ਹਾਂ ਨੇ ਕਿਹਾ, "ਕਿਸੇ ਇੱਕ ਵਰਗ ਨੂੰ ਜਿੱਤ ਮਿਲੇ ਅਤੇ ਦੂਜੇ ਵਰਗ ਨੂੰ ਹਾਰ ਦਾ ਤਜ਼ਰਬਾ ਕਰਨਾ ਪਵੇ ਤਾਂ ਇਹ ਸਾਡੇ ਹਿੱਤ ਵਿੱਚ ਨਹੀਂ ਹੈ।''

"ਸਾਰਿਆਂ ਨਾਲ ਸਲਾਹ ਕਰਨ ਤੋਂ ਬਾਅਦ ਅਸੀਂ ਇਹ ਫਾਰਮੂਲਾ ਦਿੱਤਾ ਹੈ ਜਿਸ ਦੇ ਤਹਿਤ ਸਾਰਿਆਂ ਦੀ ਜਿੱਤ ਹੋਵੇ। ਉਹ ਵੀ ਮੰਦਿਰ ਬਣਾਉਣ ਅਤੇ ਉਹ ਮਸਜਿਦ ਵੀ ਬਣਾਉਣ। ਦੋਵੇਂ ਖੁਸ਼ੀ ਮਨਾਉਣ, ਇਹੀ ਮੇਰਾ ਮਕਸਦ ਸੀ।''

ਸ਼੍ਰੀ ਸ਼੍ਰੀ ਰਵੀ ਸ਼ੰਕਰ ਦਾ ਸੁਝਾਅ ਇਹ ਹੈ ਕਿ ਮੁਸਲਮਾਨ ਭਾਈਚਾਰਾ ਰਾਮ ਮੰਦਿਰ 'ਤੇ ਆਪਣਾ ਦਾਅਵਾ ਤਿਆਗ ਦੇਵੇ ਅਤੇ ਇਸਦੇ ਬਦਲੇ ਉਨ੍ਹਾਂ ਨੂੰ ਅਯੁੱਧਿਆ ਵਿੱਚ ਮਸਜਿਦ ਬਣਾਉਣ ਦੇ ਲਈ ਪੰਜ ਏਕੜ ਜ਼ਮੀਨ ਦਿੱਤੀ ਜਾਵੇ।

ਸੁਝਾਅ ਦੀ ਆਲੋਚਨਾ

ਉਨ੍ਹਾਂ ਦੇ ਇਸ ਸੁਝਾਅ ਦੀ ਕਈ ਲੋਕਾਂ ਨੇ ਤਾਰੀਫ਼ ਕੀਤੀ ਹੈ ਤਾਂ ਕਈ ਹੋਰ ਲੋਕਾਂ ਨੇ ਇਸ ਦੀ ਆਲੋਚਨਾ ਕਰ ਰਹੇ ਹਨ। ਮੁਸਲਮਾਨਾਂ ਦਾ ਸ਼ੀਆ ਵਕਫ਼ ਬੋਰਡ ਇਸ ਸੁਝਾਅ ਦੇ ਪੱਖ ਵਿੱਚ ਹੈ।

ਰਵੀ ਸ਼ੰਕਰ ਖ਼ੁਦ ਵੀ ਇਹ ਸਵੀਕਾਰ ਕਰਦੇ ਹਨ ਕਿ ਦੋਹਾਂ ਪੱਖਾਂ ਵਿੱਚ ਉਨ੍ਹਾਂ ਦੇ ਇਸ ਸੁਝਾਅ ਦੀ ਆਲੋਚਨਾ ਵੀ ਹੋਈ ਹੈ।

ਸੁਪਰੀਮ ਕੋਰਟ ਦੇਅਨੁਸਾਰ ਬਾਬਰੀ ਮਸਜਿਦ-ਰਾਮ ਜਨਮ ਭੂਮੀ ਵਿਵਾਦ ਦੇ ਮੁਕੱਦਮੇ ਦੀ ਸੁਣਵਾਈ ਭੂਮੀ ਵਿਵਾਦ ਵਾਂਗ ਹੀ ਕੀਤੀ ਜਾ ਰਹੀ ਹੈ।

ਸ਼੍ਰੀ ਸ਼੍ਰੀ ਰਵੀ ਸ਼ੰਕਰ ਦੇ ਆਸ਼ਰਮ ਦੀਆਂ 150 ਤੋਂ ਵੀ ਵੱਧ ਦੇਸਾਂ ਵਿੱਚ ਬ੍ਰਾਂਚਾਂ ਹਨ ਜਿੱਥੇ ਉਹ ਯੋਗ ਦੇ ਜ਼ਰੀਏ ਸ਼ਾਂਤੀ ਦਾ ਪੈਗਾਮ ਦਿੰਦੇ ਹਨ।

ਉਹ ਅਮਨ ਦਾ ਸੰਦੇਸ਼ ਲੈ ਕੇ ਪਾਕਿਸਤਾਨ ਵੀ ਜਾ ਚੁੱਕੇ ਹਨ ਅਤੇ ਇਰਾਕ ਵੀ।

ਉਨ੍ਹਾਂ ਨੇ ਇਸਰਾਇਲੀ ਅਤੇ ਫਲਸਤੀਨੀ ਸਰਹੱਦ 'ਤੇ ਵੀ ਸ਼ਾਂਤੀ ਦੇ ਕੈਂਪ ਲਗਾਏ ਹਨ ਅਤੇ ਦੱਖਣੀ ਅਮਰੀਕਾ ਵਿੱਚ ਵੀ ਸ਼ਾਂਤੀ ਸਥਾਪਿਤ ਕਰਨ ਵਿੱਚ ਮਦਦ ਕੀਤੀ ਹੈ।

ਬੈਂਗਲੁਰੂ ਤੋਂ ਦੋ ਘੰਟਿਆਂ ਦੀ ਦੂਰੀ ਤੇ ਇੱਕ ਪਿੰਡ ਵਿੱਚ ਸਥਿਤ ਉਨ੍ਹਾਂ ਦਾ ਆਸ਼ਰਮ ਕਾਫੀ ਵੱਡਾ ਹੈ ਜਿਥੇ ਪੂਰੇ ਦੇਸ ਤੋਂ ਲੋਕ ਤਣਾਅ ਦੂਰ ਕਰਨ ਆਉਂਦੇ ਹਨ।

'ਅਧਿਆਤਮਕ ਹੁੰਦੇ ਨੇ ਨਿਰਪੱਖ'

ਪਿਛਲੇ ਸਾਲ ਉਹ ਅਯੁੱਧਿਆ ਮਾਮਲੇ ਵਿੱਚ ਸੁਲਹ-ਸਫਾਈ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਕੁਝ ਲੋਕਾਂ ਦਾ ਮੰਨਣਾ ਹੈ ਕਿ ਉਹ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਉਹ ਵਿਚੋਲੇ ਦੀ ਭੂਮਿਕਾ ਨਿਭਾ ਰਹੇ ਹਨ ਪਰ ਉਨ੍ਹਾਂ ਦੇ ਅਨੁਸਾਰ ਇਸ ਕੰਮ ਵਿੱਚ ਉਨ੍ਹਾਂ ਦਾ ਸਰਕਾਰ ਨਾਲ ਕੋਈ ਸੰਬੰਧ ਨਹੀਂ ਹੈ।

ਮੁਸਲਿਮ ਭਾਈਚਾਰੇ ਵਿੱਚ ਇਹ ਧਾਰਨਾ ਵੀ ਹੈ ਕਿ ਸ਼੍ਰੀ ਸ਼੍ਰੀ ਰਵੀ ਸ਼ੰਕਰ ਮੁਕੱਦਮੇ ਨਾਲ ਜੁੜੇ ਹਿੰਦੂ ਪੱਖ ਦੇ ਨਾਲ ਹਨ ਅਤੇ ਰਵੀ ਸ਼ੰਕਰ ਇਸ ਗੱਲ ਨੂੰ ਨਕਾਰਦੇ ਹਨ।

ਉਹ ਕਹਿੰਦੇ ਹਨ, "ਇਹ ਉਨ੍ਹਾਂ ਦੀ ਗਲਤਫਹਿਮੀ ਹੈ। ਅਸੀਂ ਤਾਂ ਦੇਸ਼ ਦੇ ਪੱਖ ਵਿੱਚ ਹਾਂ ਅਤੇ ਦੇਸ ਦੀ ਸ਼ਾਂਤੀ ਦੇ ਪੱਖ ਵਿੱਚ ਹਾਂ। ਅਧਿਆਤਮਿਕਤਾ ਦਾ ਪੱਖ ਪੂਰਨ ਵਾਲਾ ਹਮੇਸ਼ਾ ਨਿਰਪੱਖ ਹੁੰਦਾ ਹੈ।''

ਮੁਸਲਿਮ ਭਾਈਚਾਰੇ ਵਿੱਚ ਕਈ ਲੋਕ ਉਨ੍ਹਾਂ ਨੂੰ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਰੀਬੀ ਹੋਣ ਦਾ ਦਾਅਵਾ ਕਰਦੇ ਹਨ ਅਤੇ ਇਸ ਲਈ ਉਹ ਉਨ੍ਹਾਂ ਨੂੰ ਨਿਰਪੱਖ ਨਹੀਂ ਮੰਨਦੇ ਹਨ।

ਭਾਜਪਾ ਦੇ ਹਰ ਚੋਣ ਮਨੋਰਥ ਪੱਤਰ ਵਿੱਚ ਰਾਮ ਮੰਦਿਰ ਦਾ ਨਿਰਮਾਣ ਦਾ ਵਾਅਦਾ ਕੀਤਾ ਜਾਂਦਾ ਹੈ।

ਦੂਜੇ ਪਾਸੇ ਸ਼੍ਰੀ ਸ਼੍ਰੀ ਰਵੀਸ਼ੰਕਰ ਦੀਆਂ ਕੋਸ਼ਿਸ਼ਾਂ ਤੋਂ ਇਲਾਵਾ ਮਸਜਿਦ-ਮੰਦਿਰ ਵਿਵਾਦ ਨੂੰ ਸੁਲਝਾਉਣ ਦੇ ਲਈ ਕਈ ਸੁਝਾਅ ਸਾਹਮਣੇ ਆਉਂਦੇ ਰਹੇ ਹਨ। ਇੱਕ ਸੁਝਾਅ ਇਹ ਵੀ ਹੈ ਕਿ ਵਿਵਾਦਿਤ ਢਾਂਚੇ ਨੂੰ ਮਿਊਜ਼ੀਅਮ ਵਿੱਚ ਬਦਲਿਆ ਜਾਵੇ।

ਤਾਂ ਕੀ ਯੋਗ ਗੁਰੂ ਕਿਸੇ ਅਜਿਹੇ ਸੁਝਾਅ ਦੀ ਹਮਾਇਤ ਕਰਨਗੇ ਜਿਸ ਵਿੱਚ ਨਾ ਮੰਦਿਰ ਹੋਵੇ ਅਤੇ ਨਾ ਮਸਜਿਦ ਦੀ ਨਿਰਮਾਣ ਦੀ ਗੱਲ?

ਉਹ ਕਹਿੰਦੇ ਹਨ, "ਵੇਖੋ ਸਾਨੂੰ ਪ੍ਰੈਕਟੀਕਲ ਸੋਚਣਾ ਹੋਵੇਗਾ। ਉੱਥੇ ਅਜੇ ਮੰਦਿਰ ਹੈ। ਮਸਜਿਦ ਕਿੱਥੇ ਹੈ? ਉੱਥੇ ਅਜੇ ਰਾਮ ਲੱਲਾ ਜੀ ਬੈਠੇ ਹਨ। ਕਰੋੜਾਂ ਲੋਕਾਂ ਦੀ ਆਸਥਾ ਇਸ ਨਾਲ ਜੁੜੀ ਹੋਈ ਹੈ, ਕੀ ਇਸਦਾ ਸਨਮਾਨ ਨਹੀਂ ਕਰਨਾ ਚਾਹੀਦਾ?''

ਮੁਸਲਿਮ ਭਾਈਚਾਰੇ ਵਿੱਚ ਕਈ ਲੋਕ ਉਨ੍ਹਾਂ ਦੇ ਸੁਝਾਅ ਨੂੰ ਮੰਨਣ ਦੇ ਲਈ ਸ਼ਾਇਦ ਤਿਆਰ ਹੋਣ ਪਰ ਉਨ੍ਹਾਂ ਨੂੰ ਡਰ ਇਸ ਗੱਲ ਦਾ ਲੱਗਦਾ ਹੈ ਕਿ ਬਾਬਰੀ ਮਸਜਿਦ ਦੇ ਦਿੱਤੀ ਤਾਂ ਉਨ੍ਹਾਂ ਤੋਂ ਕਾਸ਼ੀ ਵਿਸ਼ਵਨਾਥ ਅਤੇ ਮਥੁਰਾ ਵਿੱਚ ਵਿਵਾਦਿਤ ਧਾਰਮਿਕ ਸਥਾਨਾਂ ਨੂੰ ਦੇਣ ਦੀ ਮੰਗ ਵੀ ਕੀਤੀ ਜਾ ਸਕਦੀ ਹੈ।

ਉਸ ਬਾਰੇ ਸ਼੍ਰੀ ਸ਼੍ਰੀ ਕਹਿੰਦੇ ਹਨ, "ਇਹ ਅਸੀਂ ਵੀ ਸੁਣਿਆ ਹੈ। ਇੱਕ ਮਾਮਲਾ ਤਾਂ ਤੁਸੀਂ ਠੀਕ ਕਰੋ ਇਸ ਨਾਲ ਤੁਸੀਂ ਗੁਡਵਿੱਲ ਹਾਸਿਲ ਕਰੋਗੇ।'''

ਉਹ ਕਹਿੰਦੇ ਹਨ ਇਸ ਨੂੰ ਕਰਨ ਨਾਲ ਜੋ ਫਾਇਦਾ ਹੈ ਅਤੇ ਨਾ ਕਰਨ ਨਾਲ ਜੋ ਨੁਕਸਾਨ ਹੈ ਉਸ ਦਾ ਅੰਦਾਜ਼ਾ ਲਾ ਕੇ ਸਾਨੂੰ ਫੈਸਲਾ ਕਰਨਾ ਪਵੇਗਾ।

ਪਰ ਕੀ ਅਧਿਆਤਮਕ ਗੁਰੂ ਇਸ ਗੱਲ ਦੀ ਗਾਰੰਟੀ ਦੇਣ ਨੂੰ ਤਿਆਰ ਹਨ ਕਿ ਮੁਸਲਿਮ ਭਾਈਚਾਰੇ ਤੋਂ ਬਾਬਰੀ ਮਸਜਿਦ ਤੋਂ ਬਾਅਦ ਮਥੁਰਾ ਅਤੇ ਕਾਸ਼ੀ ਦੀਆਂ ਦੋ ਮਸਜਿਦਾਂ ਤੋਂ ਦਾਅਵਾ ਛੱਡਣ ਲਈ ਨਹੀਂ ਕਿਹਾ ਜਾਵੇਗਾ ਜਿਸਦਾ ਉਨ੍ਹਾਂ ਨੂੰ ਡਰ ਹੈ।

ਉਨ੍ਹਾਂ ਅਨੁਸਾਰ ਉਨ੍ਹਾਂ ਤੋਂ ਗਾਰੰਟੀ ਮੰਗਣਾ ਵੀ ਸਹੀ ਨਹੀਂ ਹੋਵੇਗਾ। ਹਾਂ ਉਹ ਇਹ ਸਵੀਕਾਰ ਕਰਦੇ ਹਨ ਕਿ ਉਹ ਮੰਗ ਦੇ ਖਿਲਾਫ ਹੋਣਗੇ। "ਮੈਂ ਉਨ੍ਹਾਂ ਦੇ ਸਮਰਥਨ ਵਿੱਚ ਨਹੀਂ ਹਾਂ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)