ਕੈਪਟਨ ਅਮਰਿੰਦਰ ਦੀ ਦਮਦਮੀ ਟਕਸਾਲ ਨੂੰ ਚਿਤਾਵਨੀ, ਢੱਡਰੀਆਂਵਾਲੇ ਨੇ ਕਿਹਾ ,'ਧਾਰਮਿਕ ਗੁੰਡਾਗਰਦੀ ਬੰਦ ਹੋਵੇ'

Capt Amarinder Singh Image copyright NARINDER NANU/AFP/Getty Images

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਮਦਮੀ ਟਕਸਾਲ ਵੱਲੋਂ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਦਿੱਤੀ ਗਈ ਮਾਰਨ ਦੀ ਕਥਿਤ ਧਮਕੀ ਦੇ ਮੱਦੇਨਜ਼ਰ ਚਿਤਾਵਨੀ ਦਿੱਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਕਾਨੂੰਨ ਨੂੰ ਹੱਥਾਂ ਵਿੱਚ ਲੈਣ ਦੀ ਕੋਸ਼ਿਸ਼ ਨਾ ਕਰਨ।

ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਨੇ ਪੁਲਿਸ ਨੂੰ ਆਦੇਸ਼ ਦਿੱਤਾ ਹੈ ਕਿ ਉਹ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਸੁਰੱਖਿਆ ਵਧਾ ਦਿੱਤੀ ਜਾਵੇ।

ਮੁੱਖ ਮੰਤਰੀ ਨੇ ਉਸ ਵੀਡੀਓ ਦੀ ਵੀ ਜਾਂਚ ਕਰਨ ਲਈ ਕਿਹਾ ਹੈ, ਜਿਸ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਧਮਕੀ ਦਿੱਤੀ ਗਈ ਹੈ।

ਇਹ ਵੀਡੀਓ 20 ਮਈ 2018 ਨੂੰ ਵਾਇਰਲ ਹੋਈ ਸੀ, ਜਿਸ ਵਿੱਚ ਟਕਸਾਲ ਦੇ ਬੁਲਾਰੇ ਚਰਨਜੀਤ ਸਿੰਘ ਜੱਸੋਵਾਲ, ਢੱਡਰੀਆਂ ਵਾਲੇ ਨੂੰ ਕਥਿਤ ਤੌਰ 'ਤੇ ਮਾਰਨ ਦੀ ਧਮਕੀ ਦੇ ਰਹੇ ਹਨ।

Image copyright Ranjit Singh Dhadrianwala/FB

ਸਰਕਾਰੀ ਬੁਲਾਰੇ ਮੁਤਾਬਕ ਜੱਸੋਵਾਲ ਦੀ ਇਸ ਵੀਡੀਓ 'ਤੇ ਮੁੱਖ ਮੰਤਰੀ ਨੇ ਖ਼ੁਦ ਫ਼ੈਸਲਾ ਲੈ ਕੇ ਨੋਟਿਸ ਲਿਆ ਹੈ।

ਧਾਰਮਿਕ ਗੁੰਡਾਗਰਦੀ ਬੰਦ ਹੋਵੇ: ਢੱਡਰੀਆਂਵਾਲੇ

ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਮੰਤਰੀ ਨੇ ਦਮਦਮੀ ਟਕਸਾਲ ਨੂੰ ਕਿਹਾ ਹੈ ਕਿ ਉਹ ਆਪਣੀਆਂ ਧਾਰਮਿਕ ਹੱਦਾਂ ਪਾਰ ਨਾ ਕਰਨ ।

ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਸੂਬੇ ਦੀ ਸਦਭਾਵਨਾ ਅਤੇ ਸ਼ਾਂਤੀ ਨੂੰ ਭੰਗ ਕਰਨ ਦਾ ਖ਼ਤਰਾ ਪਹੁੰਚਾਉਣ ਵਾਲੇ ਤੱਤਾਂ ਖ਼ਿਲਾਫ ਕਾਰਵਾਈ ਕਰਕੇ ਅਤੇ ਦੋਸ਼ੀ ਪਾਏ ਜਾਣ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਰਣਜੀਤ ਸਿੰਘ ਢੱਡਰੀਆਂ ਵਾਲੇ ਵਲੋਂ ਅਪਣੇ ਫੇਸਬੁੱਕ ਉੱਤੇ ਪਾਈ ਇੱਕ ਵੀਡੀਓ ਬਾਰੇ ਦਾਅਵਾ ਕੀਤਾ ਕਿ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਚਰਨਜੀਤ ਸਿੰਘ ਜੱਸੋਵਾਲ ਨੇ ਜੋ ਪ੍ਰਚਾਰਕਾਂ ਨੂੰ ਮਾਰਨ ਦੀ ਧਮਕੀਆਂ ਦਿੱਤੀਆਂ ਹਨ, ਉਹ ਅਸਲ ਵਿਚ ਸਿੱਧਾ ਇਸ਼ਾਰਾ ਉਨ੍ਹਾਂ ਵੱਲ ਹੈ।

ਢੱਡਰੀਵਾਲੇ ਇਸ ਵੀਡੀਓ ਵਿੱਚ ਕਹਿ ਰਹੇ ਨੇ ਕਿ ਦਮਦਮੀ ਟਕਸਾਲ ਦੇ ਲੋਕਾਂ ਵੱਲੋਂ ਦੋ ਸਾਲ ਪਹਿਲਾਂ ਉਨ੍ਹਾਂ ਦੇ ਸਾਥੀ ਭੁਪਿੰਦਰ ਸਿੰਘ ਦਾ ਕਤਲ ਕੀਤਾ ਗਿਆ ਹੈ।

ਉਨ੍ਹਾ ਕਿਹਾ ਕਿ ਉਹ ਸੁਰੱਖਿਆ ਲੈਕੇ ਬਾਹਰ ਜਾਂਦੇ ਹਨ , ਉਨ੍ਹਾਂ ਦੀਆਂ ਗੱਲਾਂ ਨੂੰ ਤੋੜ ਮਰੋੜ ਕੇ ਪੇਸ਼ ਕਰਕੇ ਬਦਨਾਮ ਕੀਤਾ ਜਾਂਦਾ ਹੈ।

ਇਹੀ ਨਹੀਂ ਦਮਦਮੀ ਟਕਸਾਲ ਵੱਲੋਂ ਧਮਕੀਆਂ ਅਤੇ ਡਰਾ ਧਮਕਾ ਕੇ ਦੂਜਿਆਂ ਨੂੰ ਆਪਣੇ ਪੈਰਾਂ ਉੱਤੇ ਝੁਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਰਣਜੀਤ ਸਿੰਘ ਢੱਡਰੀਵਾਲੇ ਇਸ ਨੂੰ ਧਾਰਮਿਕ ਗੁੰਡਾਗਰਦੀ ਦਾ ਨਾਂ ਦਿੰਦੇ ਹੋਏ ਇਸ ਨੂੰ ਬੰਦ ਕਰਵਾਉਣ ਦੀ ਮੰਗ ਕਰ ਰਹੇ ਹਨ।

ਰਣਜੀਤ ਸਿੰਘ ਨੇ ਤਖਤਾਂ ਦੇ ਜਥੇਦਾਰਾਂ ਦੀ ਚੁੱਪੀ ਉੱਤੇ ਨਰਾਜ਼ਗੀ ਪ੍ਰਗਟਾਉਦਿਆਂ ਕਿਹਾ, ' 5-7 ਪ੍ਰਚਾਕਰਾਂ ਸਣੇ ਮੈਨੂੰ ਅਕਾਲ ਤਖਤ ਉੱਤੇ ਬੁਲਾ ਲਓ ਅਤੇ ਲਾਇਨ ਵਿੱਚ ਖੜ੍ਹੇ ਕਰਵਾ ਕੇ ਗੋਲੀ ਮਰਵਾ ਦਿਓ ਨਾਲੇ ਕੌਮ ਨੂੰ ਲੱਗੇ ਕਿ ਸਾਂਤੀ ਹੈ'।

ਕੀ ਕਿਹਾ ਸੀ ਟਕਸਾਲ ਦੇ ਬੁਲਾਰੇ ਨੇ

ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਚਰਨਜੀਤ ਸਿੰਘ ਜੱਸੋਵਾਲ ਸੋਸ਼ਲ ਮੀਡੀਆ ਉੱਤੇ ਪਾਈਆਂ ਕਈ ਵੀਡੀਓ ਵਿੱਚ ਧਮਕੀ ਭਰੇ ਲਹਿਜ਼ੇ ਵਿੱਚ ਆਪਣੀ ਜਥੇਬੰਦੀ ਦੇ ਮੁਖੀ ਹਰਨਾਮ ਸਿੰਘ ਖਾਲਸਾ ਉੱਤੇ ਸਵਾਲ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਲਈ ਕਹਿੰਦੇ ਦਿਖ ਰਹੇ ਹਨ।

ਉਨ੍ਹਾਂ ਦੇ ਸ਼ਬਦ ਅਤੇ ਇਜ਼ਾਹਾਰ ਕਾਫ਼ੀ ਗਰਮ ਤੇ ਇਤਰਾਜ਼ਯੋਗ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)