ਬਿਆਸ ਤ੍ਰਾਸਦੀ: ਚੱਢਾ ਮਿੱਲ ਦੇ ਪ੍ਰਬੰਧਕਾਂ ਨੂੰ ਸਲਮਾਨ ਵਾਲੀ ਸਜ਼ਾ ਕਿਉਂ ਨਹੀਂ ਹੋ ਸਕਦੀ

  • ਅਰਵਿੰਦ ਛਾਬੜਾ
  • ਬੀਬੀਸੀ ਪੰਜਾਬੀ ਪੱਤਰਕਾਰ

ਬਿਆਸ ਦਰਿਆ ਵਿੱਚ ਚੱਢਾ ਸ਼ੂਗਰ ਮਿੱਲ ਤੋਂ ਸੀਰਾ ਲੀਕ ਹੋ ਜਾਣ ਨਾਲ ਮੱਛੀਆਂ ਦਾ ਮਰਨਾ ਵਾਤਾਵਰਨ ਲਈ ਇੱਕ ਗੰਭੀਰ ਸੰਕਟ ਪੈਦਾ ਕਰੇਗਾ।

ਪੰਜਾਬ ਯੂਨੀਵਰਸਿਟੀ ਦੇ ਜੀਵ ਵਿਗਿਆਨ ਵਿਭਾਗ ਦੀ ਪ੍ਰੋਫ਼ੈਸਰ ਡਾ. ਰਵਨੀਤ ਕੌਰ ਨੇ ਦੱਸਿਆ ਕਿ ਇਸ ਨਾਲ ਹੋਏ ਨੁਕਸਾਨ ਦੀ ਭਰਪਾਈ ਕਰਨ ਵਿੱਚ ਕਈ ਸਾਲ ਲੱਗ ਸਕਦੇ ਹਨ।

ਨਾਲ ਹੀ ਉਨ੍ਹਾਂ ਨੇ ਇਸ ਨੂੰ ਸਹੀ ਕਰਨ ਲਈ ਕਈ ਤਰੀਕੇ ਵੀ ਦੱਸੇ।

ਡਾਕਟਰ ਰਵਨੀਤ ਕੌਰ ਅਨੁਸਾਰ ਮੱਛੀਆਂ ਸਮੇਤ ਹੋਰ ਜੀਵਾਂ ਦੀ ਵੱਡੀ ਗਿਣਤੀ ਵਿੱਚ ਮੌਤ ਹੋ ਜਾਣਾ ਕਾਫ਼ੀ ਗੰਭੀਰ ਹੈ ਕਿਉਂਕਿ ਇਸ ਨਾਲ ਪੂਰਾ ਈਕੋ ਸਿਸਟਮ ਪ੍ਰਭਾਵਿਤ ਹੋਇਆ ਹੈ।

ਉਨ੍ਹਾਂ ਕਿਹਾ, ''ਮੱਛੀਆਂ ਤਾਂ ਮਰ ਹੀ ਗਈਆਂ ਪਰ ਉਸਦੇ ਨਾਲ ਹੀ ਕਈ ਹੋਰ ਜੀਵਾਂ ਦੀ ਜਿਵੇਂ ਕਿ ਡਾਲਫਿਨਜ਼ ਅਤੇ ਮਗਰਮੱਛਾਂ ਦੀ ਖੁਰਾਕ ਵੀ ਖਤਮ ਹੋ ਗਈ, ਜਿਸ ਕਰਕੇ ਉਨ੍ਹਾਂ ਨੂੰ ਕਿਤੇ ਹੋਰ ਜਾਣਾ ਪਿਆ।''

ਉਨ੍ਹਾਂ ਦੱਸਿਆ ਕਿ ਨੁਕਸਾਨ ਦੀ ਭਰਪਾਈ ਕਰਨਾ ਫ਼ਿਲਹਾਲ ਕਾਫ਼ੀ ਔਖਾ ਹੈ ਪਰ ਜੇਕਰ ਸਰਕਾਰ ਦਰਿਆ ਵਿੱਚ ਬਚੇ ਹੋਏ ਜੀਵਾਂ ਨੂੰ ਸੰਭਾਲਣ ਲਈ ਯਤਨ ਕਰੇ ਤਾਂ ਸਥਿਤੀ ਕੁਝ ਸੰਭਲ ਸਕਦੀ ਹੈ।

ਕਿੰਨੇ ਕਿਸਮ ਦੀਆਂ ਮੱਛੀਆਂ ਸਨ?

ਰਵਨੀਤ ਮੁਤਾਬਕ ਵੱਖ ਵੱਖ ਰੱਖਿਆ ਰਣਨੀਤੀ ਨਾਲ ਇਹ ਸੰਭਵ ਹੋ ਸਕਦਾ ਹੈ। ਇਸ ਵਿੱਚ ਫਿਜ਼ੀਕਲ, ਕੈਮੀਕਲ ਅਤੇ ਬਾਓਲੌਜਿਕਲ ਤਰੀਕੇ ਸ਼ਾਮਲ ਹੁੰਦੇ ਹਨ।

ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਸੱਤ ਤੋਂ ਅੱਠ ਵੱਖ ਵੱਖ ਕਿਸਮ ਦੀਆਂ ਮੱਛੀਆਂ ਦੀ ਮੌਤ ਹੋਈ ਹੈ।

ਇਸ ਵਿੱਚ ਸਭ ਤੋਂ ਵੱਧ ਗਿਣਤੀ ਕੈਟ ਫਿਸ਼ ਦੀ ਸੀ। ਸੋਲ ਅਤੇ ਹੋਰ ਪ੍ਰਕਾਰ ਦੀਆਂ ਮੱਛੀਆਂ ਵੀ ਮੌਜੂਦ ਸਨ।

ਕੀ ਖਾ ਸਕਦੇ ਮੱਛੀ?

ਸਰਕਾਰ ਵੱਲੋਂ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਮੱਛੀ ਨਾ ਖਾਉਣ ਦੀ ਹਿਦਾਇਤ ਦਿੱਤੀ ਗਈ ਹੈ।

ਰਵਨੀਤ ਕੌਰ ਮੁਤਾਬਕ ਸਰਕਾਰ ਹਾਲਾਤ ਦੀ ਸਮੀਖਿਆ ਤੋਂ ਬਾਅਦ ਹੀ ਦੱਸ ਸਕੇਗੀ ਕਿ ਮੱਛੀ ਦੀਆਂ ਹੱਡੀਆਂ ਵਿੱਚ ਕਿੰਨਾ ਸੀਰਾ ਗਿਆ ਹੈ ਅਤੇ ਕੀ ਉਹ ਨੁਕਸਾਨਦਾਇਕ ਹੈ ਜਾਂ ਨਹੀਂ?

ਇਸ ਲਈ ਫਿਲਹਾਲ ਮੱਛੀ ਖਾਣ ਤੋਂ ਪਰਹੇਜ਼ ਕੀਤਾ ਜਾਵੇ ਤਾਂ ਹੀ ਬਿਹਤਰ ਹੈ।

ਕਿਵੇਂ ਹੋਈ ਮੱਛੀਆਂ ਦੀ ਮੌਤ?

ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੀੜੀ ਵਿੱਚ ਸਥਿਤ ਸ਼ੂਗਰ ਤੇ ਸ਼ਰਾਬ ਮਿੱਲ ਤੋਂ ਨਿਕਲਿਆ ਸੀਰਾ ਬਿਆਸ ਦਰਿਆ ਦੇ ਪਾਣੀ 'ਚ ਘੁਲ ਜਾਣ ਕਾਰਨ ਮੱਛੀਆਂ ਦੀ ਮੌਤ ਹੋਈ। ਸੀਰਾ ਇੰਨਾ ਜ਼ਿਆਦਾ ਸੀ ਕਿ ਦਰਿਆ ਦੇ ਪਾਣੀ ਦਾ ਰੰਗ ਵੀ ਬਦਲ ਗਿਆ।

ਰਵਨੀਤ ਕੌਰ ਨੇ ਦੱਸਿਆ ਕਿ ਜੇ ਸੀਰਾ ਘੱਟ ਹੋਵੇ ਤਾਂ ਮੱਛੀਆਂ ਲਈ ਖਾਣਾ ਹੁੰਦਾ ਹੈ ਪਰ ਜਦੋਂ ਉਹ ਵੱਧ ਗਿਆ ਮੱਛੀਆਂ ਲਈ ਐਸੀਡਿਟੀ ਬਣ ਗਈ।

ਜਿਸ ਤੋਂ ਬਾਅਦ ਉਨ੍ਹਾਂ ਦਾ ਸਾਂਹ ਲੈਣਾ ਔਖਾ ਹੋ ਗਿਆ ਅਤੇ ਇੱਕ ਇੱਕ ਕਰਕੇ ਸਾਰੀਆਂ ਮੱਛੀਆਂ ਮਰ ਗਈਆਂ।

ਡਾਲਫਿਨ ਨੂੰ ਕਿਉਂ ਕੁਝ ਨਹੀਂ ਹੋਇਆ?

ਰਵਨੀਤ ਕੌਰ ਨੇ ਜਾਣਕਾਰੀ ਦਿੱਤੀ ਕਿ ਡਾਲਫਿਨ ਵਿੱਚ ਫੇਫੜੇ ਹੁੰਦੇ ਹਨ ਜਿਸ ਕਾਰਨ ਉਹ ਸਾਂਹ ਲੈ ਸਕਦੀਆਂ ਹਨ ਅਤੇ ਵੱਧ ਨੁਕਸਾਨ ਹੋਣ ਤੋਂ ਪਹਿਲਾਂ ਹੀ ਉਹ ਉੱਥੋਂ ਨਿਕਲ ਗਈਆਂ।

ਇਹੀ ਚੀਜ਼ ਮਗਰਮੱਛਾਂ ਨਾਲ ਵੀ ਹੋਈ ਪਰ ਉਨ੍ਹਾਂ ਦੀ ਖੁਰਾਕ ਖਤਮ ਹੋ ਗਈ ਜਿਸ ਨਾਲ ਵੀ ਕਾਫੀ ਨੁਕਸਾਨ ਹੈ।

ਉਨ੍ਹਾਂ ਮੁਤਾਬਕ ਇਸ ਨੁਕਸਾਨ ਦੀ ਭਰਪਾਈ ਵਿੱਚ ਘੱਟੋ ਘੱਟ ਇੱਕ ਸਾਲ ਲੱਗ ਸਕਦਾ ਹੈ, ਉਹ ਵੀ ਜੇ ਰੱਖਿਆ ਪਾਲਿਸੀ ਬਣਾਈ ਜਾਵੇ ਅਤੇ ਉਸ 'ਤੇ ਅਮਲ ਹੋਵੇ।

ਇੰਡਸਟਰੀ ਦਾ ਕੀ ਹੋਇਆ?

ਵੱਡੀ ਗਿਣਤੀ ਵਿੱਚ ਮੱਛੀਆਂ ਸਮੇਤ ਹੋਰ ਜੀਵਾਂ ਦੀ ਹੋਈ ਮੌਤ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਚੱਢਾ ਸ਼ੂਗਰ ਐਂਡ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਨੂੰ ਸੀਲ ਕਰ ਦਿੱਤਾ ਹੈ।

ਗਰੀਨ ਟ੍ਰਿਬਿਊਨਲ ਵੱਲੋਂ ਨੇ ਫੈਕਟਰੀ ਮਾਲਕਾਂ ਨੂੰ 5 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਜਦਕਿ ਕੇਂਦਰੀ ਵਾਤਾਵਰਨ ਮਹਿਕਮੇ ਨੇ ਆਪਣੀ ਟੀਮ ਭੇਜ ਨੇ ਨੁਕਸਾਨ ਦਾ ਪਤਾ ਲਗਾਉਣ ਦਾ ਐਲਾਨ ਕੀਤਾ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਕਾਇਦਾ ਬਿਆਨ ਜਾਰੀ ਕਰ ਕੇ ਆਖਿਆ ਕਿ ਪੂਰੇ ਮਾਮਲੇ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

ਹਾਲਾਂਕਿ ਡਾਕਟਰ ਰਵਨੀਤ ਕੌਰ ਨੇ ਦੱਸਿਆ ਕਿ ਜੇ ਇਹ ਜੀਵ ਵਾਤਾਵਰਨ ਐਕਟ ਦੇ ਸ਼ੈਡਿਊਲ ਏ ਵਿੱਚ ਆਉਂਦੇ ਤਾਂ ਉਹੀ ਸਜ਼ਾ ਹੋਣੀ ਸੀ ਜੋ ਸਲਮਾਨ ਖਾਨ ਨੂੰ ਹੋਈ। ਕਿਉਂਕਿ ਸ਼ੈਡਿਊਲ ਏ ਕੈਟੇਗਰੀ ਵਾਲੇ ਜੀਵ ਸਭ ਤੋਂ ਅਹਿਮ ਜੀਵ ਹੁੰਦੇ ਹਨ ਇਸ ਲਈ ਉਮਰ ਭਰ ਕੈਦ ਦੀ ਸਜ਼ਾ ਮਿਲਦੀ ਹੈ।

ਸਿਆਸੀ ਕਾਰਵਾਈ

ਦੂਜੇ ਪਾਸੇ ਬਿਆਸ ਦਰਿਆ ਵਿੱਚ ਸ਼ੂਗਰ ਮਿਲਣ ਦਾ ਮਾਮਲਾ ਸੂਬੇ ਵਿੱਚ ਸਿਆਸੀ ਰੰਗਤ ਵੀ ਲੈ ਗਿਆ ਹੈ।

ਵਿਰੋਧੀ ਪਾਰਟੀਆਂ ਨੇ ਇਸ ਮੁੱਦੇ ਉੱਤੇ ਸਰਕਾਰ ਤੋਂ ਜਵਾਬਦੇਹੀ ਮੰਗੀ ਹੈ।

ਮੁੱਦਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕੋਲ ਵੀ ਗਿਆ ਜਿਸ ਤੋਂ ਬਾਅਦ ਪੰਜਾਬ ਸਰਕਾਰ ਅਤੇ ਸਬੰਧਿਤ ਏਜੰਸੀਆਂ ਨੂੰ ਇਸ ਮੁੱਦੇ ਉੱਤੇ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)