ਨਸ਼ਾਬੰਦੀ ਬਗੈਰ ਔਰਤਾਂ ਖਿਲਾਫ ਰੇਪ ਅਤੇ ਜੁਰਮ ਨਹੀਂ ਰੁਕਣਗੇ: ਸ੍ਰੀ ਸ੍ਰੀ ਰਵੀ ਸ਼ੰਕਰ

ਰੇਪ Image copyright Getty Images

ਭਾਰਤ ਵਿੱਚ ਔਰਤਾਂ ਨਾਲ ਹਿੰਸਾ ਦੀਆਂ ਵਧਦੀਆਂ ਘਟਨਾਵਾਂ ਲਈ ਯੋਗ ਗੁਰੂ ਸ੍ਰੀ ਸ੍ਰੀ ਰਵੀ ਸ਼ੰਕਰ ਸ਼ਰਾਬ ਅਤੇ ਡਰਗਜ਼ ਨੂੰ ਜ਼ਿੰਮੇਵਾਰ ਮੰਨਦੇ ਹਨ।

ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਉਨ੍ਹਾਂ ਦਾ ਇੱਕ ਕੈਂਪ ਚੱਲਦਾ ਹੈ। ਉਸ ਵਿੱਚ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਕੈਦੀਆਂ ਦਾ ਅਧਿਐਨ ਕਰਾਇਆ ਗਿਆ ਜਿਸ ਵਿੱਚ ਪਤਾ ਲੱਗਿਆ ਕਿ 95 ਫੀਸਦ ਕੈਦੀ ਜੁਰਮ ਕਰਨ ਵੇਲੇ ਸ਼ਰਾਬ ਜਾਂ ਡਰਗਜ਼ ਦੇ ਨਸ਼ੇ ਵਿੱਚ ਸਨ।

ਬੇਂਗਲੁਰੂ ਕੋਲ ਆਰਟ ਆਫ ਲਿਵਿੰਗ ਆਸ਼ਰਮ ਵਿੱਚ ਬੀਬੀਸੀ ਨਾਲ ਖਾਸ ਮੁਲਾਕਾਤ ਦੌਰਾਨ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਦੱਸਿਆ ਕਿ ਔਰਤ ਦੇ ਖਿਲਾਫ ਜੁਰਮ ਅਤੇ ਬਲਾਤਕਾਰ ਨੂੰ ਰੋਕਣ ਲਈ ਨਸ਼ਾਬੰਦੀ ਜ਼ਰੂਰੀ ਹੈ।

ਉਨ੍ਹਾਂ ਕਿਹਾ, ''ਨਸ਼ਾਬੰਦੀ ਬਗੈਰ ਔਰਤਾਂ ਖਿਲਾਫ ਰੇਪ ਅਤੇ ਹੋਰ ਜੁਰਮ ਰੋਕਣਾ ਸੰਭਵ ਨਹੀਂ ਹੈ।''

ਅਜਿਹੇ ਮਾਮਲਿਆਂ ਦਾ ਕੀ ਜਿਹੜੇ ਨਸ਼ੇ ਵਿੱਚ ਨਹੀਂ ਕੀਤੇ ਗਏ? ਉਨ੍ਹਾਂ ਕਿਹਾ, ''ਉਹ ਪੰਜ ਫੀਸਦ ਹਨ।''

Image copyright TWITTER@SRISRI

ਅਖਿਲ ਭਾਰਤੀ ਪ੍ਰਗਤੀਸ਼ੀਲ ਮਹਿਲਾ ਸੰਘ ਦੀ ਕਵਿਤਾ ਕ੍ਰਿਸ਼ਨਨ ਨਸ਼ੇ ਵਿੱਚ ਹੋਏ ਜੁਰਮ ਦੇ ਤਰਕ ਨੂੰ ਸਹੀ ਨਹੀਂ ਮੰਨਦੇ। ਉਨ੍ਹਾਂ ਮੁਤਾਬਕ ਇਹ ਅਸਲ ਮੁੱਦੇ ਤੋਂ ਭਟਕਾਉਣ ਵਾਲਾ ਤਰਕ ਹੈ।

ਉਨ੍ਹਾਂ ਕਿਹਾ, ''ਤਿਹਾੜ ਜੇਲ ਦਾ ਸਰਵੇਖਣ ਕਿਹੜੇ ਸਵਾਲਾਂ 'ਤੇ ਆਧਾਰਿਤ ਹੈ ਇਸਦੀ ਜਾਣਕਾਰੀ ਨਹੀਂ ਹੈ। ਨਸ਼ੇ ਦੀ ਹਾਲਤ ਵਿੱਚ ਔਰਤਾਂ 'ਤੇ ਜੁਰਮ ਵਾਲਾ ਤਰਕ ਸਹੀ ਮੁੱਦੇ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਲੱਗਦੀ ਹੈ।''

ਉਨ੍ਹਾਂ ਕਿਹਾ, ''ਸ਼ਾਇਦ ਲੋਕ ਕਹਿਣਾ ਚਾਹੁੰਦੇ ਹਨ ਕਿ ਇਹ ਕੈਦੀ ਔਰਤਾਂ ਖਿਲਾਫ ਜੁਰਮ ਦੇ ਦੋਸ਼ੀ ਨਹੀਂ ਹਨ ਬਲਕਿ ਸ਼ਰਾਬ ਅਤੇ ਨਸ਼ੀਲੀ ਦਵਾਈਆਂ ਤੋਂ ਖੁਦ ਹੀ ਪੀੜਤ ਹਨ।''

ਸੁਰੱਖਿਆ ਲਈ ਕਾਨੂੰਨ ਕਾਫੀ ਨਹੀਂ

ਸ੍ਰੀ ਸ੍ਰੀ ਰਵੀ ਸ਼ੰਕਰ ਸਮਾਜ ਵਿੱਚ ਸੁਧਾਰ ਅਤੇ ਸੋਚ ਵਿੱਚ ਬਦਲਾਅ 'ਤੇ ਵੀ ਜ਼ੋਰ ਦਿੰਦੇ ਹਨ।

ਉਨ੍ਹਾਂ ਮੁਤਾਬਕ ਦੇਸ਼ ਵਿੱਚ ਔਰਤਾਂ ਦੀ ਸੁਰੱਖਿਆ ਲਈ ਕਾਨੂੰਨ ਕਾਫੀ ਨਹੀਂ ਹਨ।

ਉਨ੍ਹਾਂ ਕਿਹਾ, ''ਸਿੱਖਿਆ ਅਤੇ ਸਿਖਲਾਈ ਹੋਣੀ ਚਾਹੀਦੀ ਹੈ ਜਿਸ ਰਾਹੀਂ ਇਸਨੂੰ ਰੋਕਿਆ ਜਾਵੇ।''

ਸੋਸ਼ਲ ਵਰਕਰ ਕਹਿੰਦੇ ਹਨ ਕਿ ਸ਼ਰਾਬ 'ਤੇ ਪਾਬੰਦੀ ਲਗਾਉਣ ਨਾਲ ਬਲਾਤਕਾਰ ਅਤੇ ਔਰਤਾਂ ਖਿਲਾਫ ਜੁਰਮ ਰੋਕੇ ਨਹੀਂ ਜਾ ਸਕਦੇ। ਉਨ੍ਹਾਂ ਦਾ ਕਹਿਣਾ ਹੈ ਕਿ ਗੁਜਰਾਤ ਵਿੱਚ ਸ਼ਰਾਬ 'ਤੇ ਰੋਕ ਹੈ ਪਰ ਕੀ ਉੱਥੇ ਬਲਾਤਕਾਰ ਨਹੀਂ ਹੁੰਦੇ?

Image copyright Art of Living

ਹਰ 20 ਮਿੰਟ ਵਿੱਚ ਇੱਕ ਬਲਾਤਕਾਰ

ਭਾਰਤ ਵਿੱਚ ਹਰ 20 ਮਿੰਟ ਵਿੱਚ ਇੱਕ ਬਲਾਤਕਾਰ ਹੁੰਦਾ ਹੈ। ਕੌਮੀ ਅਪਰਾਧ ਰਿਕਾਰਡ ਬਿਊਰੋ ਦੀ ਤਾਜ਼ਾ ਰਿਪੋਰਟ (2016) ਮੁਤਾਬਕ 95 ਫੀਸਦ ਮੁਲਜ਼ਮ ਪੀੜਤਾ ਨੂੰ ਪਹਿਲਾਂ ਤੋਂ ਹੀ ਜਾਣਦੇ ਹਨ। ਇਹ ਦੱਸਣਾ ਔਖਾ ਹੈ ਕਿ ਇਨ੍ਹਾਂ 'ਚੋਂ ਕਿੰਨੇ ਮਾਮਲਿਆਂ ਵਿੱਚ ਮੁਲਜ਼ਮ ਨਸ਼ੇ ਵਿੱਚ ਸਨ।

ਭਾਰਤ ਵਿੱਚ ਸਿਰਫ 10 ਫੀਸਦ ਰੇਪ ਕੇਸ ਹੀ ਦਰਜ ਹੁੰਦੇ ਹਨ। ਬਦਨਾਮੀ ਦੇ ਡਰ ਤੋਂ ਪੀੜਤ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਖਾਮੋਸ਼ ਰਹਿਣ 'ਤੇ ਮਜਬੂਰ ਹੁੰਦੇ ਹਨ।

ਸਮਾਜਿਕ ਕਾਰਕੁਨ ਕਹਿੰਦੇ ਹਨ ਕਿ ਕਈ ਰੇਪ ਕੇਸਾਂ ਵਿੱਚ ਨਸ਼ਾ ਵੀ ਇੱਕ ਕਾਰਨ ਹੋ ਸਕਦਾ ਹੈ ਪਰ ਸਭ ਤੋਂ ਅਹਿਮ ਵਜ੍ਹਾ ਮਰਦਾਂ ਦੀ ਇਹ ਸੋਚ ਹੈ ਕਿ ਉਨ੍ਹਾਂ ਨੂੰ ਕੁਝ ਨਹੀਂ ਹੋਵੇਗਾ ਅਤੇ ਔਰਤਾਂ 'ਤੇ ਉਨ੍ਹਾਂ ਦਾ ਹੱਕ ਹੈ।

ਅੱਠ ਸਾਲ ਦੀ ਬੱਚੀ ਨਾਲ ਬਲਾਤਕਾਰ ਅਤੇ ਕਤਲ ਦਾ ਹਾਲ ਹੀ ਵਿੱਚ ਹੋਇਆ ਕਠੂਆ ਕਾਂਡ ਨਸ਼ੇ ਦੀ ਹਾਲਤ ਵਿੱਚ ਨਹੀਂ ਕੀਤਾ ਗਿਆ।

ਪੁਲਿਸ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ ਜਿਸ ਨਾਲ ਸਾਬਤ ਹੋਵੇ ਕਿ ਬਲਾਤਕਾਰੀ ਨਸ਼ੇ ਵਿੱਚ ਸਨ।

ਇਸ 'ਤੇ ਆਰਟ ਆਫ ਲਿਵਿੰਗ ਦੇ ਗੁਰੂ ਨੇ ਕਿਹਾ ਕਿ ਜੋ ਲੋਕ ਇਸ ਵਿੱਚ ਸ਼ਾਮਲ ਸਨ ਉਹ ਦਿਮਾਗੀ ਤੌਰ 'ਤੇ ਪਾਗਲ ਹਨ। ਫੇਰ ਚਾਹੇ ਉਹ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਸਬੰਧ ਰੱਖਦੇ ਹੋਣ।

ਹਰ ਪੇਸ਼ੇ ਵਿੱਚ ਮਾੜੇ ਲੋਕ

ਸ੍ਰੀ ਸ੍ਰੀ ਰਵੀ ਸ਼ੰਕਰ ਦੇ 150 ਤੋਂ ਵੀ ਵੱਧ ਦੇਸ਼ਾਂ ਵਿੱਚ ਆਸ਼ਰਮ ਹਨ ਜਿੱਥੇ ਉਹ ਯੋਗ ਸਿਖਾਉਂਦੇ ਹਨ। ਲੱਖਾਂ ਲੋਕ ਉਨ੍ਹਾਂ ਨੂੰ ਮੰਨਦੇ ਹਨ।

ਹਾਲ ਹੀ ਵਿੱਚ ਦੇਸ਼ ਦੇ ਕੁਝ ਹਾਈ ਪ੍ਰੋਫਾਈਲ ਧਰਮ ਗੁਰੂਆਂ ਨੂੰ ਬਲਾਤਕਾਰ ਦਾ ਦੋਸ਼ੀ ਪਾਇਆ ਗਿਆ ਅਤੇ ਸਜ਼ਾ ਵੀ ਹੋਈ।

ਆਸਾਰਾਮ ਅਤੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਰਗੇ ਪ੍ਰਭਾਵਸ਼ਾਲੀ ਧਰਮ ਗੁਰੂਆਂ ਨੂੰ ਬਲਾਤਕਾਰ ਦੇ ਆਰੋਪ ਵਿੱਚ ਹੋਈ ਸਜ਼ਾ ਨਾਲ ਗੁਰੂਆਂ ਦੇ ਅਕਸ 'ਤੇ ਮਾੜਾ ਅਸਰ ਪਿਆ ਹੈ। ਉਨ੍ਹਾਂ 'ਤੇ ਲੋਕਾਂ ਦਾ ਵਿਸ਼ਵਾਸ ਘੱਟ ਹੋਣ ਦੀ ਗੱਲ ਕਹੀ ਜਾ ਰਹੀ ਹੈ।

ਇਸ 'ਤੇ ਸ੍ਰੀ ਸ੍ਰੀ ਰਵੀ ਸ਼ੰਕਰ ਨੇ ਕਿਹਾ ਕਿ ਹਰ ਪੇਸ਼ੇ ਵਿੱਚ ਮਾੜੇ ਲੋਕ ਹਨ।

ਉਨ੍ਹਾਂ ਕਿਹਾ, ''ਸੀਤਾ ਨੂੰ ਰਾਵਣ ਨੇ ਸੰਨਿਆਸੀ ਦੇ ਭੇਸ ਵਿੱਚ ਅਗਵਾ ਕੀਤਾ ਸੀ। ਕੁਝ ਡਾਕਟਰ ਗੁਰਦੇ ਚੋਰੀ ਕਰਦੇ ਹਨ।''

''ਮੀਡੀਆ ਵਿੱਚ ਵੀ ਕੁਝ ਲੋਕ ਝੂਠ ਲਿਖਦੇ ਹਨ, ਪੈਸੇ ਲੈਂਦੇ ਹਨ, ਉਸੇ ਤਰ੍ਹਾਂ ਅਧਿਆਤਮ ਦੇ ਖੇਤਰ ਵਿੱਚ ਵੀ ਅਜਿਹੇ ਲੋਕ ਹੁੰਦੇ ਹਨ।''

ਸ੍ਰੀ ਸ੍ਰੀ ਰਵੀ ਸ਼ੰਕਰ ਵੀ ਕਈ ਵਾਰ ਵਿਵਾਦਾਂ ਵਿੱਚ ਘਿਰ ਚੁਕੇ ਹਨ। 2016 ਵਿੱਚ ਇੱਕ ਸੱਭਿਆਚਾਰਕ ਪ੍ਰੋਗਰਾਮ ਦੀ ਮੇਜ਼ਬਾਨੀ ਲਈ ਯਮੁਨਾ ਨਦੀ ਦੇ ਕੰਢੇ ਲਗਭਗ 420 ਏਕੜ ਮੈਦਾਨ ਨੂੰ ਨੁਕਸਾਨ ਪਹੁੰਚਾਉਣ ਦਾ ਇਲਜ਼ਾਮ ਸੀ।

ਸੱਤ ਮੈਂਬਰੀ ਵਿਗਿਆਨੀਆਂ ਦੀ ਇੱਕ ਟੀਮ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਤਿੰਨ ਦਿਨਾਂ ਤੱਕ ਚੱਲਣ ਵਾਲੇ ਮੇਲੇ ਤੋਂ ਕਾਫੀ ਨੁਕਸਾਨ ਹੋਇਆ ਹੈ।

ਇਸ ਤੋਂ ਬਾਅਦ ਦਿੱਲੀ ਅਤੇ ਉੱਤਰ ਪ੍ਰਦੇਸ਼ ਸਰਕਾਰਾਂ ਵਾਲੀ ਦੋ ਮੈਂਬਰੀ ਟੀਮ ਨੇ ਇਸ ਰਿਪੋਰਟ ਨੂੰ ਨਕਾਰਦੇ ਹੋਇਆਂ ਸ਼੍ਰੀ ਸ਼੍ਰੀ ਨੂੰ ਲਗਪਗ ਕਲੀਨ ਚਿੱਟ ਦੇ ਦਿੱਤੀ ਸੀ, ਮਾਮਲਾ ਹੁਣ ਅਦਾਲਤ ਵਿੱਚ ਹੈ।

ਯੋਗ ਗੁਰੂ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਵਾਤਾਵਰਨ ਨੂੰ ਨੁਕਸਾਨ ਹੋਇਆ ਹੈ। ਉਹ ਦਾਅਵਾ ਕਰਦੇ ਹਨ ਕਿ ਹੁਣ ਉਸ ਥਾਂ 'ਤੇ ਹਰਿਆਲੀ ਹੈ ਅਤੇ ਨੁਕਸਾਨ ਦੀ ਗੱਲ ਗਲਤ ਹੈ।

ਤਾਂ ਕੀ ਯਮੁਨਾ ਕੰਢੇ ਤਿੰਨ ਦਿਨਾਂ ਦਾ ਵਿਸ਼ਾਲ ਮੇਲਾ ਕਰਨਾ ਸਹੀ ਸੀ? ਅਤੇ ਯਮੁਨਾ ਦੇ ਕੰਢੇ ਹੀ ਕਿਉਂ?

ਸ੍ਰੀ ਸ੍ਰੀ ਪੁੱਠਾ ਸਵਾਲ ਕਰਦੇ ਹਨ ਕਿ ਕਿਉਂ ਨਹੀਂ। ਜੇ ਉਨ੍ਹਾਂ ਨੂੰ ਮੁੜ ਤੋਂ ਅਜਿਹਾ ਮੇਲਾ ਕਰਨ ਦਾ ਮੌਕਾ ਮਿਲੇ ਤਾਂ ਕੀ ਉਹ ਫੇਰ ਕਰਨਗੇ? ਸ੍ਰੀ ਸ੍ਰੀ ਨੇ ਕਿਹਾ, ''ਕਿਉਂ ਨਹੀਂ?''

Image copyright Art of Living

ਉਨ੍ਹਾਂ ਦਾ ਕਹਿਣਾ ਹੈ ਕਿ ਮੇਲੇ ਦਾ ਵਿਰੋਧ ਉਨ੍ਹਾਂ ਖਿਲਾਫ ਇੱਕ ਸਾਜ਼ਿਸ਼ ਸੀ। ਉਨ੍ਹਾਂ ਕਿਹਾ, ''ਜਦ ਸਾਡਾ ਮੰਚ ਲੱਗ ਗਿਆ ਤਾਂ ਕਿਸੇ ਨੂੰ ਲੱਗਿਆ ਕਿ ਇਹ ਤਾਂ ਬਹੁਤ ਵੱਡਾ ਪ੍ਰੋਗਰਾਮ ਹੈ, ਇਸਨੂੰ ਕਿਸੇ ਤਰੀਕੇ ਰੋਕਿਆ ਜਾਵੇ।''

ਸ੍ਰੀ ਸ੍ਰੀ ਰਵੀ ਸ਼ੰਕਰ ਮੁਤਾਬਕ ਯਮੁਨਾ ਕੰਢੇ ਸਮਾਗਮ ਕਰਨ ਪਿੱਛੇ ਇਹ ਵੀ ਕਾਰਨ ਸੀ ਕਿ ਯਮੁਨਾ ਵੱਲ ਧਿਆਨ ਖਿੱਚਿਆ ਜਾਵੇ।

ਉਨ੍ਹਾਂ ਕਿਹਾ, ''ਯਮੁਨਾ ਇੰਨੀ ਪ੍ਰਦੂਸ਼ਿਤ ਹੈ ਕਿ ਅਸੀਂ 2009 ਵਿੱਚ ਇਸਦੀ ਸਫਾਈ ਦਾ ਪ੍ਰੋਗਰਾਮ ਸ਼ੁਰੂ ਕਰ ਕੇ ਇਸ ਦੇ ਅੰਦਰੋਂ 500 ਟਨ ਗੰਦ ਕੱਢਿਆ ਸੀ। ਸਾਡੇ ਸਵੈਸੇਵਕਾਂ ਨੇ 45 ਦਿਨਾਂ ਤੱਕ ਨਦੀ ਦੀ ਸਫਾਈ ਕੀਤੀ ਸੀ।''

ਉਨ੍ਹਾਂ ਮੁਤਾਬਕ ਉਨ੍ਹਾਂ ਦੀ ਸੰਸਥਾ ਯਮੁਨਾ ਦੇ ਨਾਲ 35 ਹੋਰ ਨਦੀਆਂ ਦੀ ਸਫਾਈ ਦੀ ਮੁਹਿੰਮ ਚਲਾ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਤਾਜ਼ਾ ਘਟਨਾਕ੍ਰਮ

ਕੋਰੋਨਾਵਾਇਰਸ ਅਪਡੇਟ: ਐੱਚਸੀਕਿਉਂ ਦਵਾਈ 'ਤੇ WHO ਦੀ ਨਾਂਹ, ਪਰ ਭਾਰਤ ਦੀ ਹਾਂ, ਕਿਉਂ?

ਕੋਰੋਨਾਵਾਇਰਸ ਲੌਕਡਾਊਨ: ਹਿੰਦੀ ਫ਼ਿਲਮਾਂ ਦੇ ਖ਼ਲਨਾਇਕ ਸੋਨੂੰ ਸੂਦ ਮੁੰਬਈ ਦੀਆਂ ਸੜਕਾਂ 'ਤੇ ਬਣੇ ਨਾਇਕ

ਕੋਰੋਨਾਵਾਇਰਸ ਦਾ ਇਲਾਜ: ਇਹ ਖਾਓ ਤੇ ਇਹ ਪਾਓ ਦੇ ਦਾਅਵਿਆਂ ਦੀ ਪੜਤਾਲੀਆ ਰਿਪੋਰਟ

ਕੋਰੋਨਾਵਾਇਰਸ ਦਾ ਸਿਖ਼ਰ : ਕੀ ਜੂਨ -ਜੁਲਾਈ ਵਾਕਈ ਭਾਰਤ ਵਿਚ ਸੰਕਟ ਦੇ ਸਿਖ਼ਰ ਹੋਣਗੇ

ਕੋਰੋਨਾਵਾਇਰਸ ਲੌਕਡਾਊਨ ਨੇ ਕਰਵਾਈ ਪੰਜਾਬ ਦੇ ਇਨ੍ਹਾਂ ਅਲੋਪ ਹੋ ਰਹੇ ਪੰਛੀਆਂ ਦੀ ਵਾਪਸੀ

ਕੋਰੋਨਾਵਾਇਰਸ: ਇਹ ਜੋੜਾ 'ਲੰਬੇ' ਹਨੀਮੂਨ 'ਚ ਕਿਵੇਂ ਫਸਿਆ

ਕੋਰੋਨਾਵਾਇਰਸ: ਨਰਸ ਜੋ ਆਪਣੇ ਦੋ ਸਾਲ ਦੇ ਪੁੱਤਰ ਨੂੰ 5 ਹਫ਼ਤਿਆਂ ਤੋਂ ਗਲੇ ਨਹੀਂ ਲਗਾ ਸਕੀ

ਯੂਕੇ ਦੇ ਗੁਰਦੁਆਰੇ 'ਚ ਭੰਨਤੋੜ: ਅਕਾਲ ਤਖ਼ਤ ਵਲੋਂ ਨਸਲੀ ਹਿੰਸਾ ਖ਼ਿਲਾਫ਼ ਇਕਜੁਟਤਾ ਦਾ ਸੱਦਾ

ਭਾਰਤ 'ਚ ਜੁਲਾਈ ਤੱਕ 21 ਲੱਖ ਕੋਰੋਨਾ ਮਰੀਜ਼ ਹੋਣ ਪਿੱਛੇ ਕੀ ਤਰਕ ਹੈ