ਸੋਸ਼ਲ: ਢੱਡਰੀਆਂਵਾਲਾ ਤੇ ਧੁੰਮਾ ਵਿਵਾਦ-'ਦੋਵੇਂ ਇੱਕੋ ਸਿੱਕੇ ਦੇ ਦੋ ਪਹਿਲੂ'

ਢੱਡਰੀਆਂਵਾਲੇ

ਪੰਜਾਬ ਵਿੱਚ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰਿਆਂਵਾਲੇ ਅਤੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਵਿਚਾਲੇ ਚੱਲ ਰਿਹਾ ਵਿਵਾਦ ਅੱਜਕੱਲ੍ਹ ਚਰਚਾ ਵਿੱਚ ਹੈ।

ਟਕਸਾਲ ਦੇ ਮੁੱਖ ਬੁਲਾਰੇ ਚਰਨਜੀਤ ਸਿੰਘ ਜੱਸੋਵਾਲ ਨੇ ਕਥਿਤ ਤੌਰ ਉੱਤੇ ਵੀਡੀਓ ਰਾਹੀਂ ਸਿੱਖ ਪ੍ਰਚਾਰਕ ਨੂੰ ਜਾਨਲੇਵਾ ਧਮਕੀ ਦਿੱਤੀ ਸੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਕਾਇਦਾ ਬਿਆਨ ਜਾਰੀ ਕਰ ਕੇ ਦਮਦਮੀ ਟਕਸਾਲ ਨੂੰ ਚੇਤਾਵਨੀ ਜਾਰੀ ਕਰ ਦਿੱਤੀ।

ਇਸ ਟਕਰਾਅ ਦੀ ਅਸਲ ਵਜ੍ਹਾ ਕੀ ਹੈ, ਇਸ ਬਾਰੇ ਅਸੀਂ ਬੀਬੀਸੀ ਪੰਜਾਬੀ ਦੇ ਸੋਸ਼ਲ ਮੀਡੀਆ ਪਲੈਟਫਾਰਮ ਰਾਹੀਂ ਲੋਕਾਂ ਤੋਂ ਉਨ੍ਹਾਂ ਦੀ ਰਾਇ ਲਈ।

ਦਰਸ਼ਕਾਂ ਨੇ ਕਈ ਜਵਾਬ ਦਿੱਤੇ ਜਿਸ ਵਿੱਚ ਕਾਰਨ ਦੱਸੇ ਗਏ ਕਿ ਇਙ ਨਿੱਜੀ ਲੜਾਈ, ਪੈਸਾ ਅਤੇ ਸੱਤਾ ਨਾਲ ਸਬੰਧਤ ਵਿਵਾਦ ਹੈ।

ਅਰਸ਼ਦੀਪ ਸਿੰਘ ਨਾਭਾ ਨੇ ਲਿਖਿਆ, ''ਦੋਵੇਂ ਇੱਕੋ ਸਿੱਕੇ ਦੇ ਦੋ ਪਾਸੇ ਹਨ, ਮੈਂ ਮੈਂ ਕਰਦੇ ਪਏ ਹਨ, ਪੰਥ ਧੋਖੀ ਹਨ। ਇੱਕ ਬਾਦਲਾਂ ਦੇ ਵੱਲ ਹੈ ਅਤੇ ਦੂਜਾ ਕੈਪਟਨ ਦੇ ਵੱਲ।''

ਰਣਜੀਤ ਸਿੰਘ ਢੱਡਰਿਆਂਵਾਲੇ ਦਾ ਪੱਖ ਲੈਂਦਿਆਂ ਰਾਜਵੀਰ ਸਿੰਘ ਨੇ ਲਿਖਿਆ, ''ਜਦੋਂ ਦੇ ਰਣਜੀਤ ਸਿੰਘ ਸੱਚ ਬੋਲਣ ਲੱਗੇ ਹਨ, ਕੇਸ਼ਧਾਰੀ ਬਾਹਮਣਾਂ ਨੂੰ ਮਿਰਚੀ ਲੱਗਦੀ ਪਈ ਹੈ।''

ਗੁਰਵਿੰਦਰ ਸਿੰਘ ਹੇਰੀਆਂ ਨੇ ਲਿਖਿਆ, ''ਇਹ ਮਸਲਾ ਚੌਧਰ ਦਾ ਹੈ। ਇੱਥੇ ਹਰ ਕੋਈ ਖੁਦ ਨੂੰ ਉੱਤਮ ਦੱਸਣਾ ਚਾਹੁੰਦਾ ਹੈ। ਸਮਾਜ ਵਿੱਚ ਹੋਰ ਕਿੰਨਾ ਅੱਤਿਆਚਾਰ ਹੋ ਰਿਹਾ ਜੋ ਕਿਸੇ ਨੂੰ ਨਹੀਂ ਦਿਸਦਾ। ਇਨ੍ਹਾਂ ਨੂੰ ਸਿਰਫ ਕੁਰਸੀ ਦਿਸਦੀ ਆ।''

ਕਰਮਜੀਤ ਸਿੰਘ ਨੇ ਲਿਖਿਆ, ''ਦੋਹਾਂ ਵਿਚਾਲੇ ਸੱਚੀ ਤੇ ਝੂਠੀ ਵਿਚਾਰਧਾਰਾ ਦਾ ਝਗੜਾ ਹੈ।''

ਨਾਲ ਹੀ ਉਹ ਇਹ ਵੀ ਲਿਖਦੇ ਹਨ ਕਿ ਇਹ ਸਾਰਾ ਡਰਾਮਾ ਪੰਜਾਬੀਆਂ ਨੂੰ ਅਸਲ ਰਾਹ ਤੋਂ ਭਟਕਾਉਣ ਲਈ ਕੀਤਾ ਜਾ ਰਿਹਾ ਹੈ।

ਸਰਬਜੀਤ ਮਾਨ ਨੇ ਕਿਹਾ, ''ਵੱਡਪੁਣੇ ਦਾ ਟਕਰਾਅ ਹੈ। ਦੋਵੇਂ ਹੀ ਪੰਥ ਵਿੱਚ ਦੁਵਿਧਾ ਪੈਦਾ ਕਰਦੇ ਹਨ।''

ਇੰਸਟਾਗ੍ਰਾਮ 'ਤੇ ਵੀ ਜਵਾਬ ਦਿੰਦਿਆਂ ਗੋਬਿੰਦ ਸਿੰਘ ਨੇ ਲਿਖਿਆ ਕਿ ਇਨ੍ਹਾਂ ਨੂੰ ਗੋਲਕ ਦਾ ਨਸ਼ਾ ਹੈ। ਕਈ ਹੋਰ ਲੋਕ ਵੀ ਇਸ ਨਾਲ ਸਹਿਮਤ ਨਜ਼ਰ ਆਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)