'ਪੀਰ ਬਾਬਾ' ਨੇ ਕੀਤਾ ਬਚਪਨ 'ਚ ਇਸ ਮੁੰਡੇ ਦਾ 'ਰੇਪ'

ਜਿਨਸੀ ਸੋਸ਼ਣ ਦਾ ਪੀੜਤ ਬੱਚਾ

"ਇਹ ਇੰਨਾ ਦਰਦਨਾਕ ਸੀ ਕਿ ਮੈਂ ਲਗਭਗ ਦੋ ਹਫ਼ਤੇ ਤੱਕ ਚੰਗੀ ਤਰ੍ਹਾਂ ਤੁਰ ਨਹੀਂ ਸਕਦਾ ਸੀ।"

ਇਹ ਸ਼ਬਦ ਉਸ ਕਸ਼ਮੀਰੀ ਸ਼ਖ਼ਸ ਦੇ ਹਨ ਜੋ ਬਚਪਨ ਵਿੱਚ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਇਆ ਸੀ ਅਤੇ ਹੁਣ ਉਨ੍ਹਾਂ ਦੀ ਉਮਰ 31 ਸਾਲ ਹੈ।

"ਇਹ ਬਹੁਤ ਬਦਕਿਸਮਤੀ ਵਾਲੀ ਗੱਲ ਸੀ ਕਿ ਮੇਰੇ ਪਰਿਵਾਰ ਦੇ ਮੈਂਬਰ, ਰਿਸ਼ਤੇਦਾਰ, ਦੋਸਤ ਜਾਂ ਸਕੂਲ ਦੇ ਅਧਿਆਪਕ ਤੱਕ ਇਸ ਗੱਲ ਦਾ ਅੰਦਾਜ਼ਾ ਨਹੀਂ ਲਗਾ ਰਹੇ ਸਨ ਕਿ ਉਸ ਬੱਚੇ ਨਾਲ ਕੁਝ ਗਲਤ ਹੋ ਰਿਹਾ ਹੈ।"

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
VIDEO: ਬਾਲ ਜਿਨਸੀ ਸ਼ੋਸ਼ਣ ਦੇ ਸ਼ਿਕਾਰ ਨੌਜਵਾਨ ਭਾਰਤੀ ਦੀ ਕਹਾਣੀ

ਬਦਨਾਮੀ ਦੇ ਡਰ ਤੋਂ ਉਹ ਆਪਣੀ ਪਛਾਣ ਉਜਾਗਰ ਨਹੀਂ ਕਰਨਾ ਚਾਹੁੰਦੇ ਹਨ। ਜਦੋਂ ਇਹ 14 ਸਾਲ ਦੇ ਸਨ ਤਾਂ ਇੱਕ ਬਾਬੇ ਨੇ ਕਈ ਵਾਰ ਉਨ੍ਹਾਂ ਦਾ ਜਿਨਸੀ ਸੋਸ਼ਣ ਕੀਤਾ ਸੀ।

ਉਨ੍ਹਾਂ ਦਾ ਚਾਚਾ ਇੱਕ ਬਾਬੇ ਕੋਲ ਆਸ਼ੀਰਵਾਦ ਲੈਣ ਗਿਆ ਸੀ। ਉਸ ਵੇਲੇ ਉਹ ਉਨ੍ਹਾਂ ਨੂੰ ਨਾਲ ਲੈ ਗਏ ਸਨ।

'ਮੇਰੀ ਆਤਮਾ ਸਰੀਰ ਛੱਡ ਚੁੱਕੀ ਸੀ'

ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, "ਮੇਰੇ ਚਾਚਾ ਨੂੰ ਵਪਾਰ ਵਿੱਚ ਕਾਫੀ ਨੁਕਸਾਨ ਹੋਇਆ ਸੀ, ਇਸ ਲਈ ਉਹ ਬਾਬੇ ਕੋਲ ਮਦਦ ਲਈ ਗਏ ਸਨ।"

ਬਾਬੇ ਨੇ ਚਾਚੇ ਨੂੰ ਕਿਹਾ ਕਿ ਉਨ੍ਹਾਂ ਦੇ ਜਿਨ (ਪਵਿੱਤਰ ਰੂਹਾਂ) ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰ ਦੇਣਗੀਆਂ। ਪਰ ਉਹ (ਰੂਹਾਂ) ਸਿਰਫ਼ 10 ਤੋਂ 14 ਸਾਲ ਦੇ ਬੱਚਿਆਂ ਨਾਲ ਹੀ ਗੱਲ ਕਰਦੀਆਂ ਹਨ।"

"ਜਿਸ ਦਿਨ ਮੈਂ ਬਾਬੇ ਨੂੰ ਮਿਲਣ ਗਿਆ ਸੀ, ਉਨ੍ਹਾਂ ਨੇ ਚਾਚੇ ਨੂੰ ਕਿਹਾ ਕਿ ਉਹ ਮੈਨੂੰ ਰਾਤ ਨੂੰ ਉੱਥੇ ਹੀ ਛੱਡ ਜਾਣ ਕਿਉਂਕਿ ਆਤਮਾਵਾਂ ਰਾਤ ਨੂੰ ਹੀ ਗੱਲ ਕਰਦੀਆਂ ਹਨ।"

ਉਹ ਉਸ ਘਟਨਾ ਦਾ ਜ਼ਿਕਰ ਕਰਦੇ ਹਨ ਜਦੋਂ ਪਹਿਲੀ ਵਾਰ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ, "ਉਹ ਬਹੁਤ ਦਰਦਨਾਕ ਸੀ। ਅਜਿਹਾ ਲੱਗਾ ਸੀ ਕਿ ਜਿਵੇਂ ਮੇਰੀ ਆਤਮਾ ਮੇਰਾ ਸਰੀਰ ਛੱਡ ਚੁੱਕੀ ਹੈ।"

"ਮੈਂ ਚੀਕਣਾ ਚਾਹੁੰਦਾ ਸੀ ਪਰ ਉਨ੍ਹਾਂ ਨੇ ਹੱਥਾਂ ਨਾਲ ਮੇਰਾ ਮੂੰਹ ਬੰਦ ਕੀਤਾ ਹੋਇਆ ਸੀ ਅਤੇ ਕਹਿ ਰਹੇ ਸਨ ਕਿ ਬਸ 5 ਮਿੰਟ ਹੋਰ।"

"ਜਦੋਂ ਉਨ੍ਹਾਂ ਨੇ ਮੇਰੇ ਨਾਲ ਬਦਫੈਲੀ ਕੀਤੀ, ਉਨ੍ਹਾਂ ਨੇ ਮੈਨੂੰ ਧਮਕਾਇਆ ਕਿ ਜੇਕਰ ਮੈਂ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਉਹ ਪਵਿੱਤਰ ਆਤਮਾਵਾਂ ਮੇਰੀ ਜ਼ਿੰਦਗੀ ਤਬਾਹ ਕਰ ਦੇਣਗੀਆਂ।"

ਸ਼ਿਕਾਇਤ ਕਰਨ 'ਤੇ ਨਪੁੰਸਕ ਕਹਿੰਦਾ ਸਮਾਜ

ਉਹ ਕਹਿੰਦੇ ਹਨ, "ਇੱਕ ਸਾਲ ਵਿੱਚ ਮੇਰੇ ਨਾਲ ਤਿੰਨ ਵਾਰ ਰੇਪ ਕੀਤਾ ਗਿਆ।"

"ਇਸ ਬਾਰੇ ਮੇਰੇ ਪਰਿਵਾਰ ਵਾਲੇ ਨਹੀਂ ਜਾਣਦੇ ਸਨ ਅਤੇ ਮੈਂ ਇੰਨਾ ਡਰਿਆ ਹੋਇਆ ਸੀ ਕਿ ਮੈਂ ਇਸ ਬਾਰੇ ਕਿਸੇ ਨਾਲ ਗੱਲ ਨਹੀਂ ਕਰ ਸਕਦਾ ਸੀ, ਮੈਂ ਜਾਣਦਾ ਸੀ ਕਿ ਮੈਂ ਫਸ ਗਿਆ ਹਾਂ।"

ਮੁੰਡਿਆਂ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਜ਼ਿਆਦਾਤਰ ਸਾਹਮਣੇ ਨਹੀਂ ਆਉਂਦੇ। ਇਸ ਨਾਲ ਜੁੜਿਆ ਕਲੰਕ ਇਸ ਦਾ ਕਾਰਨ ਹੈ।

ਮਨੋਵਿਗਿਆਨੀ ਉਫ਼ਰਾ ਮੀਰ ਮੁਤਾਬਕ, "ਸਮਾਜ ਵਿੱਚ ਪੁਰਸ਼ਾਂ ਲਈ ਨਿਯਮ ਤੈਅ ਹਨ, ਜਿਸ ਤਰ੍ਹਾਂ ਔਰਤਾਂ ਲਈ ਹਨ। ਪੁਰਸ਼ਾਂ ਨਾਲ ਜਿਨਸੀ ਸ਼ੋਸ਼ਣ ਨਾਲ ਵੀ ਕਲੰਕ ਜੁੜਿਆ ਹੋਇਆ ਹੈ।"

"ਜੇਕਰ ਉਨ੍ਹਾਂ ਨਾਲ ਕੁਝ ਗਲਤ ਹੁੰਦਾ ਹੈ ਤਾਂ ਸਮਾਜ ਉਨ੍ਹਾਂ ਦੀ ਮਰਦਾਨਗੀ 'ਤੇ ਸਵਾਲ ਚੁੱਕਦਾ ਹੈ ਅਤੇ ਉਸ ਨੂੰ ਨਪੁੰਸਕ ਕਹਿ ਦਿੰਦਾ ਹੈ।"

ਕੇਸ ਲੜ ਰਹੇ ਹਨ...

ਜਿਨਸੀ ਸ਼ੋਸ਼ਣ ਦੇ ਸ਼ਿਕਾਰ ਉਹ ਵਿਅਕਤੀ 14 ਸਾਲਾਂ ਤੱਕ ਅੰਦਰੋਂ ਅੰਦਰ ਘੁਟਦਾ ਰਿਹਾ।

ਉਨ੍ਹਾਂ ਨੇ ਕਿਹਾ, "ਇਹ ਜਾਨਣ 'ਚ ਮੈਨੂੰ 14 ਸਾਲ ਲੱਗ ਗਏ ਕਿ ਮੇਰੀ ਗਲਤੀ ਕੀ ਸੀ ਅਤੇ ਮੈਨੂੰ ਉਸ 'ਤੇ ਕਿਉਂ ਗੱਲ ਨਹੀਂ ਕਰਨੀ ਚਾਹੀਦੀ।"

ਉਹ ਦੱਸਦੇ ਹਨ, "14 ਸਾਲ ਬਾਅਦ, ਇੱਕ ਦਿਨ ਮੈਂ ਇੱਕ ਪੁਲਿਸ ਅਧਿਕਾਰੀ ਨੂੰ ਟੀਵੀ 'ਤੇ ਕਹਿੰਦਿਆਂ ਸੁਣਿਆ ਕਿ ਜੇਕਰ ਕੋਈ ਬਾਬੇ ਦੇ ਸ਼ਿਕਾਰ ਹੋਏ ਹਨ ਤਾਂ ਉਹ ਅੱਗੇ ਆਉਣ।"

"ਉਸ ਵੇਲੇ ਮੈਨੂੰ ਪਤਾ ਲੱਗਾ ਕਿ ਉਸ ਬਾਬੇ ਦੇ ਖ਼ਿਲਾਫ਼ ਦੂਜੇ ਲੋਕਾਂ ਨੇ ਵੀ ਸ਼ਿਕਾਇਤ ਦਰਜ ਕਰਵਾਈ ਹੈ।"

ਭਾਰਤ 'ਚ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ

ਹੁਣ ਉਹ ਬੱਚਿਆਂ ਲਈ ਕੰਮ ਕਰਨ ਲੱਗੇ ਹਨ। ਉਹ ਉਨ੍ਹਾਂ ਬੱਚਿਆਂ ਦੀ ਮਦਦ ਕਰਦੇ ਹਨ ਜਿਨ੍ਹਾਂ ਦਾ ਜਿਨਸੀ ਸ਼ੋਸ਼ਣ ਹੋਇਆ ਹੈ। ਉਹ ਉਨ੍ਹਾਂ ਦੇ ਖ਼ਿਲਾਫ਼ ਆਵਾਜ਼ ਚੁੱਕਣ ਲਈ ਵੀ ਕਹਿੰਦੇ ਹਨ।

ਉਨ੍ਹਾਂ ਨੂੰ ਆਸ ਹੈ ਕਿ ਬੱਚਿਆਂ ਨਾਲ ਜਿਨਸੀ ਸੋਸ਼ਣ ਰੋਕਣ ਲਈ ਇੱਕ ਦਿਨ ਠੋਸ ਕਾਨੂੰਨ ਬਣਾਇਆ ਜਾਵੇਗਾ ਅਤੇ ਇਸ ਬਾਰੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਵੇਗਾ।

ਮਾਹਿਰ ਮੰਨਦੇ ਹਨ ਕਿ ਪੁਰਸ਼ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਪੀੜਤਾਂ ਨੂੰ ਮਦਦ ਨਹੀਂ ਮਿਲਦੀ। ਉਹ ਇਹ ਜ਼ਾਹਿਰ ਨਹੀਂ ਕਰ ਪਾਉਂਦੇ ਕਿ ਕਿਸ ਦਰਦ 'ਚੋਂ ਉਹ ਲੰਘ ਰਹੇ ਹਨ। ਉਹ ਸ਼ੋਸ਼ਣ ਤੋਂ ਬਾਅਦ ਅੰਦਰੋਂ ਟੁੱਟ ਜਾਂਦੇ ਹਨ।

ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਸਾਲ 2002 ਵਿੱਚ ਮੁੰਡਿਆਂ ਅਤੇ ਪੁਰਸ਼ਾਂ ਦੇ ਖ਼ਿਲਾਫ਼ ਜਿਨਸੀ ਹਿੰਸਾ ਦੀ ਇੱਕ ਸਮੱਸਿਆ ਵਜੋਂ ਪਛਾਣ ਦੀ ਜਿਸ ਨੂੰ ਕਾਫੀ ਹੱਦ ਤੱਕ ਅਣਗੌਲਿਆਂ ਕੀਤਾ ਜਾ ਰਿਹਾ ਸੀ।

ਇੱਕ ਅੰਦਾਜ਼ੇ ਮੁਤਾਬਕ ਭਾਰਤ 'ਚ ਹਰੇਕ 15 ਮਿੰਟ ਵਿੱਚ ਇੱਕ ਬੱਚਾ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੁੰਦਾ ਹੈ 2016 ਵਿੱਚ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਦੇ 36,022 ਮਾਮਲੇ ਦਰਜ ਕੀਤੇ ਗਏ ਹਨ।

Image copyright Getty Images

ਕਸ਼ਮੀਰ ਯੂਨੀਵਰਸਿਟੀ ਵਿੱਚ ਕਾਨੂੰਨ ਪੜ੍ਹਾਉਣ ਵਾਲੇ ਪ੍ਰੋਫੈਸਰ ਹਕੀਮ ਯਾਸਿਰ ਅੱਬਾਸ ਕਹਿੰਦੇ ਹਨ, "ਬੱਚਿਆਂ ਨਾਲ ਜਿਨਸੀ ਸ਼ੋਸ਼ਣ 'ਤੇ ਗੱਲ ਬਹੁਤ ਘੱਟ ਹੁੰਦੀ ਹੈ ਜੇਕਰ ਪੀੜਤ ਮੁੰਡਾ ਹੋਵੇ ਤਾਂ ਅਤੇ ਇਹੀ ਕਾਰਨ ਹੈ ਕਿ ਅਜਿਹੇ ਮਾਮਲੇ ਦਰਜ ਹੀ ਨਹੀਂ ਕੀਤੇ ਜਾਂਦੇ ਹਨ।"

ਪਿਛਲੇ ਮਹੀਨੇ ਕੇਂਦਰ ਸਰਕਾਰ ਨੇ ਇੱਕ ਆਰਡੀਨੈਂਸ ਪੇਸ਼ ਕੀਤਾ ਸੀ ਜਿਸ ਵਿੱਚ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਰੇਪ ਕਰਨ ਵਾਲਿਆਂ ਲਈ ਮੌਤ ਦੀ ਸਜ਼ਾ ਦੇਣ ਦੀ ਗੱਲ ਕਹੀ ਗਈ ਹੈ।

ਕਠੂਆ ਅਤੇ ਉਨਾਓ ਮਾਮਲੇ ਤੋਂ ਬਾਅਦ ਕੈਬਨਿਟ ਨੇ ਇਹ ਮਤਾ ਪਾਸ ਕੀਤਾ ਸੀ।

ਮੌਜੂਦਾ ਕਾਨੂੰਨ ਮੁਤਾਬਕ ਜੇਕਰ ਕਿਸੇ ਮੁੰਡੇ ਨਾਲ ਜਿਨਸੀ ਸ਼ੋਸ਼ਣ ਹੁੰਦਾ ਹੈ ਤਾਂ ਦੋਸ਼ੀ ਨੂੰ 10 ਸਾਲ ਦੀ ਸਜ਼ਾ ਹੈ, ਉੱਥੇ ਹੀ ਜੇਕਰ ਮੁੰਡੇ ਨਾਲ ਅਜਿਹਾ ਹੁੰਦਾ ਹੈ ਤਾਂ ਸਜ਼ਾ 20 ਸਾਲ ਹੈ।

ਰਾਇਟਰਜ਼ ਮੁਤਾਬਕ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਆਰਡੀਨੈਂਸ ਵਿੱਚ ਮੁੰਡਿਆਂ ਬਾਰੇ ਗੱਲ ਨਹੀਂ ਕੀਤੀ ਗਈ ਹੈ।

ਸਾਧਾਰਨ ਫੌਜ਼ਦਾਰੀ ਕਾਨੂੰਨ ਮੁਤਾਬਕ ਕਿਸੇ ਮੇਲ ਚਾਈਲਡ ਨਾਲ ਕੀਤਾ ਗਿਆ ਜਿਨਸੀ ਸ਼ੋਸ਼ਣ ਰੇਪ ਦੇ ਦਾਇਰੇ ਵਿੱਚ ਨਹੀਂ ਆਉਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਤਾਜ਼ਾ ਘਟਨਾਕ੍ਰਮ