'ਵਿਵਾਦ 'ਤੇ ਕਾਬੂ ਨਾ ਪਾਇਆ ਤਾਂ ਹਾਲਾਤ ਵਿਗੜਨਗੇ': ਢੱਡਰੀਆਂਵਾਲਾ ਅਤੇ ਧੁੰਮਾ ਵਿਵਾਦ

  • ਅਰਵਿੰਦ ਛਾਬੜਾ
  • ਬੀਬੀਸੀ ਪੱਤਰਕਾਰ

ਦਮਦਮੀ ਟਕਸਾਲ ਦੇ ਮੁਖੀ ਅਤੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਆਪਸੀ ਵਿਵਾਦ ਮੁੜ ਚਰਚਾ ਵਿੱਚ ਹੈ।

ਟਕਸਾਲ ਦੇ ਮੁੱਖ ਬੁਲਾਰੇ ਚਰਨਜੀਤ ਸਿੰਘ ਜੱਸੋਵਾਲ ਵੱਲੋਂ ਕਥਿਤ ਤੌਰ ਤੇ ਵੀਡੀਓ ਰਾਹੀਂ ਸਿੱਖ ਪ੍ਰਚਾਰਕ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਸੀ।

ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਕਾਇਦਾ ਬਿਆਨ ਜਾਰੀ ਕਰਕੇ ਦਮਦਮੀ ਟਕਸਾਲ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ।

ਇਸ ਬਾਰੇ ਬੀਬੀਸੀ ਪੰਜਾਬੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਯੂਨੀਵਰਸਿਟੀਆਂ ਦੇ ਕੁਝ ਪ੍ਰੋਫੈਸਰਾਂ ਨਾਲ ਗੱਲ ਕੀਤੀ।

'ਗੰਭੀਰ ਹੋ ਸਕਦੇ ਹਨ ਨਤੀਜੇ'

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾਕਟਰ ਬਲਕਾਰ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਫ਼ੋਨ 'ਤੇ ਗੱਲ ਕਰਦਿਆਂ ਕਿਹਾ, "'ਵਿਵਾਦ 'ਤੇ ਕਾਬੂ ਨਾ ਪਾਇਆ ਗਿਆ ਤਾਂ ਹਾਲਾਤ ਵਿਗੜਨਗੇ'।"

ਉਨ੍ਹਾਂ ਆਖਿਆ ਕਿ ਜਿਸ ਤਰੀਕੇ ਨਾਲ ਸ਼ਰੇਆਮ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਉਹ ਬਹੁਤ ਨਿੰਦਣਯੋਗ ਹਨ।

ਡਾਕਟਰ ਬਲਕਾਰ ਮੁਤਾਬਕ ਜੇਕਰ ਦਮਦਮੀ ਟਕਸਾਲ ਨੂੰ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਨਾਲ ਕੋਈ ਸ਼ਿਕਾਇਤ ਹੈ ਤਾਂ ਇਸ ਉੱਤੇ ਬਹਿਸ ਕੀਤੀ ਜਾ ਸਕਦੀ ਹੈ।

ਉਨ੍ਹਾਂ ਕਿਹਾ, ''ਕੀ ਠੀਕ ਹੈ ਅਤੇ ਕੀ ਗਲਤ ਇਸ ਦਾ ਫ਼ੈਸਲਾ ਅਕਾਲ ਤਖ਼ਤ ਦੀ ਅਗਵਾਈ ਵਿੱਚ ਸਿੱਖ ਕੌਮ ਕਰੇਗੀ ਕਿਉਂਕਿ ਸਿੱਖ ਪੰਥ ਵਿੱਚ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਰਵਾਇਤ ਹੈ। ਇੱਕ ਧਿਰ ਕਦੇ ਵੀ ਫ਼ੈਸਲਾ ਨਹੀਂ ਕਰ ਸਕਦੀ।''

'ਸਿਆਸੀ ਕਾਰਨਾਂ ਕਰ ਕੇ ਧੜੇਬੰਦੀ ਜ਼ਿਆਦਾ ਭਾਰੂ'

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਅਤੇ ਲੇਖਕ ਪ੍ਰਿਥੀਪਾਲ ਸਿੰਘ ਕਪੂਰ ਨੇ ਵਿਵਾਦ ਨੂੰ ਧਾਰਮਿਕ ਹੋਣ ਦੇ ਨਾਲ ਰਾਜਸੀ ਵੀ ਕਰਾਰ ਦਿੱਤਾ।

ਉਨ੍ਹਾਂ ਕਿਹਾ, "ਪੰਜਾਬ ਵਿੱਚ ਸਿਆਸੀ ਕਾਰਨਾਂ ਕਰ ਕੇ ਧੜੇਬੰਦੀ ਜ਼ਿਆਦਾ ਭਾਰੂ ਹੋ ਗਈ ਹੈ ਅਤੇ ਤਾਜ਼ਾ ਵਿਵਾਦ ਇੱਕ ਸ਼ੁਰੂਆਤ ਹੈ ਅਤੇ ਜੇਕਰ ਇਸ ਨੂੰ ਨਾ ਰੋਕਿਆ ਗਿਆ ਤਾਂ ਇਸ ਦੇ ਗੰਭੀਰ ਨਤੀਜੇ ਸਾਹਮਣੇ ਆਉਣਗੇ।"

ਐਸਜੀਪੀਸੀ ਨੇ ਦੱਸਿਆ ਮੰਦਭਾਗਾ

ਸਿੱਖਾਂ ਦੀ ਸਿਰਮੌਰ ਸੰਸਥਾ ਮੰਨੀ ਜਾਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਦਲਜੀਤ ਸਿੰਘ ਬੇਦੀ ਨੇ ਪੂਰੇ ਵਿਵਾਦ ਨੂੰ ਮੰਦਭਾਗਾ ਦੱਸਿਆ।

ਬੇਦੀ ਨੇ ਦੋਹਾਂ ਧਿਰਾਂ ਨੂੰ ਆਪਸੀ ਵਿਵਾਦ ਛੇਤੀ ਤੋਂ ਛੇਤੀ ਹੱਲ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਆਖਿਆ, ''ਜੇਕਰ ਦੋਹਾਂ ਧਿਰਾਂ ਵਿਚਾਲੇ ਕੋਈ ਆਪਸੀ ਵਿਵਾਦ ਹੈ ਤਾਂ ਉਹ ਮਿਲ ਬੈਠ ਕੇ ਸੁਲਝਾਉਣਾ ਚਾਹੀਦਾ ਹੈ ਕਿਉਂਕਿ ਇਹ ਕੋਈ ਚੰਗਾ ਸੰਦੇਸ਼ ਨਹੀਂ ਦਿੰਦਾ।''

ਢੱਡਰੀਆਂ ਵਾਲੇ ਦੀ ਸੁਰੱਖਿਆ 'ਚ ਵਾਧਾ

ਪਟਿਆਲਾ ਰੇਂਜ ਦੇ ਆਈਜੀ ਏਐੱਸ ਰਾਏ ਮੁਤਾਬਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਗਿਆ।

ਰਾਏ ਨੇ ਦੱਸਿਆ, "ਕਥਿਤ ਧਮਕੀ ਵਾਲੇ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਤੋ ਬਾਅਦ ਹੀ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।"

ਕੀ ਹੈ ਵਿਵਾਦ ?

ਮਈ 2016 ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫ਼ਲੇ ਉੱਤੇ ਅਣਪਛਾਤੇ ਵਿਅਕਤੀਆਂ ਵੱਲੋਂ ਲੁਧਿਆਣਾ ਨੇੜੇ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਦੇ ਸਾਥੀ ਭੁਪਿੰਦਰ ਸਿੰਘ ਦੀ ਮੌਤ ਹੋ ਗਈ। ਹਮਲੇ ਵਿੱਚ ਰਣਜੀਤ ਸਿੰਘ ਵੀ ਜ਼ਖਮੀ ਹੋ ਗਏ ਸਨ।

ਇਸ ਹਮਲੇ ਤੋਂ ਬਾਅਦ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਹਰਨਾਮ ਸਿੰਘ ਧੁੰਮਾ 'ਤੇ ਇਹ ਹਮਲਾ ਕਰਵਾਉਣ ਦਾ ਦੋਸ਼ ਲਗਾਤਾਰ ਜਨਤਰ ਤੌਰ ਉੱਤੇ ਲਗਾਉਂਦੇ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)