ਮੁਜ਼ੱਫਰਨਗਰ ਦੰਗਾ ਪੀੜਤਾਂ ਦਾ ਦਰਦ - ਉਸ ਰਾਤ ਜਦੋਂ ਮੁਸਲਮਾਨਾਂ ਨੂੰ 'ਟਿਕਾਣੇ' ਲਾਉਣ ਦੀ ਯੋਜਨਾ ਬਣੀ
- ਪ੍ਰਿਅੰਕਾ ਦੂਬੇ
- ਬੀਬੀਸੀ ਪੱਤਰਕਾਰ, ਸ਼ਾਮਲੀ, ਮੁਜ਼ੱਫਰਨਗਰ ਤੋਂ

ਆਪਣੇ ਅੰਮੀ-ਅੱਬੂ ਨਾਲ ਬੈਠੇ ਲਿਆਕਤ ਨੇ ਦੰਗਿਆਂ ਵਿੱਚ ਆਪਣਾ ਪੈਰ ਗੁਆ ਦਿੱਤਾ
ਅੱਜ ਵੀ ਆਪਣੇ ਰਿਸ਼ਤੇਦਾਰਾਂ ਦੇ ਦਰਦਨਾਕ ਕਤਲਾਂ ਨੂੰ ਤਾਜ਼ਾ ਜ਼ਖ਼ਮ ਦੀ ਤਰ੍ਹਾਂ ਆਪਣੇ ਸੀਨੇ ਅੰਦਰ ਲੈ ਕੇ ਜੀਅ ਰਹੇ ਦੰਗਾ ਪੀੜਤਾਂ ਨੂੰ ਇਹ ਸਮਝ ਨਹੀਂ ਆ ਰਿਹਾ ਹੈ ਕਿ ਉਨ੍ਹਾਂ ਦੇ ਕਤਲ ਕਿਉਂ ਕੀਤੇ ਗਏ? ਤੇ ਹੁਣ ਕਿਉਂ ਮੁਕੱਦਮੇ ਵਾਪਿਸ ਲੈ ਕੇ ਇਨਸਾਫ਼ ਦੀ ਆਖ਼ਰੀ ਉਮੀਦ ਵੀ ਖ਼ਤਮ ਕੀਤੀ ਜਾ ਰਹੀ ਹੈ।
ਦਲਿਤਾਂ ਅਤੇ ਮੁਸਲਮਾਨਾਂ ਨਾਲ ਜੁੜੇ ਮੁੱਦਿਆਂ 'ਤੇ ਬੀਬੀਸੀ ਦੀ ਸਪੈਸ਼ਲ ਸੀਰੀਜ਼ ਲਈ ਅਸੀਂ ਮੁੱਜ਼ਫਰਨਗਰ ਅਤੇ ਸ਼ਾਮਲੀ ਦੇ ਉਨ੍ਹਾਂ ਦੰਗਾ ਪੀੜਤ ਪਰਿਵਾਰਾਂ ਨਾਲ ਮਿਲਣ ਪਹੁੰਚੇ ਜਿਨ੍ਹਾਂ ਦੇ ਰਿਸ਼ਤੇਦਾਰਾਂ ਦੀ ਜਾਨ ਲੈਣ ਵਾਲਿਆਂ ਖ਼ਿਲਾਫ਼ ਮੁਕੱਦਮੇ ਵਾਪਿਸ ਲਏ ਜਾ ਰਹੇ ਹਨ।
ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦੇ ਲਿਸਾੜ ਅਤੇ ਲਖ ਬਾਵੜੀ ਪਿੰਡ ਦੇ ਉਹ ਮੁਸਲਮਾਨ ਜਿਨ੍ਹਾਂ ਨੂੰ ਆਪਣਾ ਘਰ ਛੱਡ ਕੇ ਜਾਣਾ ਪਿਆ, ਉਨ੍ਹਾਂ ਦੇ ਦਿਲਾਂ 'ਚ 'ਆਪਣੇ ਘਰ' ਦਾ ਖਿਆਲ ਅੱਜ ਵੀ ਚੰਗੀਆਂ ਯਾਦਾਂ ਨਾਲ ਬਰਕਰਾਰ ਹੈ। ਮੁਜ਼ੱਫਰਨਗਰ ਦੰਗਿਆਂ ਦੌਰਾਨ ਹਿੰਸਾ ਦੇ ਕੇਂਦਰ ਰਹੇ ਇਨ੍ਹਾਂ ਪਿੰਡਾਂ ਵਿੱਚ ਸਭ ਤੋਂ ਵਧ ਕਤਲ ਹੋਏ ਸੀ।
ਮੁਜ਼ੱਫਰਨਗਰ ਦੇ ਦੰਗਿਆਂ 'ਚ ਉਜੜਿਆ ਦੀ ਕਹਾਣੀ ਉਨ੍ਹਾਂ ਜ਼ੁਬਾਨੀ
ਦੰਗਿਆਂ ਤੋਂ ਬਾਅਦ ਵੱਡੀ ਗਿਣਤੀ 'ਚ ਦੇਸ ਦੇ ਵੱਖ-ਵੱਖ ਹਿੱਸਿਆਂ ਵਿੱਚ ਆਪਣਾ ਘਰ ਛੱਡ ਕੇ ਗਏ ਮੁਸਲਮਾਨਾਂ ਨੇ ਨੇੜੇ ਦੇ ਇਲਾਕਿਆਂ ਵਿੱਚ ਰਹਿਣਾ ਤਾਂ ਸ਼ੁਰੂ ਕਰ ਦਿੱਤਾ ਪਰ ਬਜ਼ੁਰਗਾਂ ਦੇ ਪਿਆਰ ਅਤੇ ਬੱਚਿਆਂ ਦੀ ਮੁਸਕੁਰਾਹਟ ਨਾਲ ਆਬਾਦ 'ਘਰ' ਦਾ ਵਿਚਾਰ ਅੱਜ ਉਨ੍ਹਾਂ ਦੇ ਦਿਲਾਂ ਵਿੱਚ ਦਫ਼ਨ ਇੱਕ 'ਪੁਰਾਣੀ ਯਾਦ' ਹੈ।
ਅਜਿਹਾ ਹੀ ਇੱਕ ਪਰਿਵਾਰ ਹੈ ਕਾਂਧਲਾ ਵਿੱਚ ਰਹਿਣ ਵਾਲੇ ਸ਼ਮਸ਼ਾਦ ਅਤੇ ਉਨ੍ਹਾਂ ਦੀ ਪਤਨੀ ਮੁੰਨੀ ਦਾ।
ਦੰਗਿਆਂ ਤੋਂ ਪਹਿਲਾਂ ਤੱਕ ਲਿਸਾੜ ਪਿੰਡ ਵਿੱਚ ਰਹਿਣ ਵਾਲੀ ਸ਼ਮਸ਼ਾਦ ਦੀ ਮਾਂ ਜ਼ਰੀਫਨ ਨੂੰ ਆਪਣੇ ਕਾਲੇ-ਚਿੱਟੇ ਘੋੜਿਆਂ ਅਤੇ ਮੱਝਾਂ ਨਾਲ ਬਹੁਤ ਪਿਆਰ ਸੀ।
ਮੁੰਨੀ ਅਤੇ ਸ਼ਮਸ਼ਾਦ ਨੇ ਦੰਗਿਆਂ ਵਿੱਚ ਆਪਣੇ ਮਾਂ-ਬਾਪ ਨੂੰ ਗੁਆ ਦਿੱਤਾ
50 ਸਾਲਾ ਮੁੰਨੀ ਦੱਸਦੀ ਹੈ ਕਿ ਉਨ੍ਹਾਂ ਦੀ ਸੱਸ ਜ਼ਰੀਫਨ ਅਤੇ ਸਹੁਰਾ ਨੱਬੂ ਨੂੰ ਆਪਣੇ ਪਾਲਤੂ ਜਾਨਵਰਾਂ ਅਤੇ ਘਰ ਨਾਲ ਐਨਾ ਪਿਆਰ ਸੀ ਕਿ ਦੰਗਿਆਂ ਸਮੇਂ ਉਨ੍ਹਾਂ ਨੂੰ ਜਾਨਵਰਾਂ ਦੀ ਬਹੁਤ ਫ਼ਿਕਰ ਸੀ ਅਤੇ ਉਨ੍ਹਾਂ ਨੇ ਘਰ ਛੱਡਣ ਤੋਂ ਨਾਂਹ ਕਰ ਦਿੱਤੀ।
ਲਿਸਾੜ ਵਿੱਚ ਦੰਗੇ ਭੜਕਣ ਤੋਂ ਚਾਰ ਦਿਨ ਬਾਅਦ ਜ਼ਰੀਫਨ ਦੀ ਕੱਟੀ ਹੋਈ ਲਾਸ਼ ਇੱਕ ਨਹਿਰ ਵਿੱਚੋਂ ਬਰਾਮਦ ਹੋਈ।
ਹਾਜੀ ਨੱਬੂ ਦੇ ਕਤਲ ਦੇ ਚਸ਼ਮਦੀਦ ਗਵਾਹ ਮੌਜੂਦ ਹਨ ਪਰ ਅੱਜ ਤੱਕ ਉਨ੍ਹਾਂ ਦੀ ਕੱਟੀ ਹੋਈ ਲਾਸ਼ ਦਾ ਕੋਈ ਸੁਰਾਗ ਨਹੀਂ ਮਿਲਿਆ।
ਦੰਗਿਆਂ ਤੋਂ ਬਾਅਦ ਦੀ ਤਰਾਸਦੀ
ਹਾਜੀ ਆਪਣੇ ਮਾਤਾ-ਪਿਤਾ ਦੇ ਕਤਲ ਦੇ ਮੁਆਵਾਜ਼ੇ ਤੋਂ ਮਿਲੇ ਪੈਸਿਆਂ ਨਾਲ ਬਣੇ ਆਪਣੇ ਨਵੇਂ ਘਰ ਦੇ ਵਿਹੜੇ ਵਿੱਚ ਸਿਰ ਝੁਕਾ ਕੇ ਬੈਠੇ ਉਦਾਸੀ ਦੀ ਤਸਵੀਰ ਨਜ਼ਰ ਆਉਂਦੇ ਹਨ।
ਇੱਟਾਂ ਦੇ ਭੱਠੇ ਵਿੱਚ ਕੰਮ ਕਰਨ ਨਾਲ ਉਨ੍ਹਾਂ ਦਾ ਚਿਹਰਾ ਝੁਲਸ ਗਿਆ ਹੈ।
ਆਪਣੇ ਹੰਝੂ ਸਾਫ਼ ਕਰਦੇ ਹੋਏ ਉਹ ਕਹਿੰਦੇ ਹਨ, "7 ਸਤੰਬਰ, 2013 ਦੀ ਰਾਤ ਸੀ। ਸ਼ਾਮ ਤੋਂ ਪਿੰਡ ਵਿੱਚ ਅਫਵਾਹ ਫੈਲਾਈ ਜਾ ਰਹੀ ਸੀ।"
"ਜਾਟ ਕਹਿ ਰਹੇ ਸੀ ਅੱਜ ਮੁਸਲਮਾਨਾਂ ਦਾ ਕਤਲੇਆਮ ਹੋਵੇਗਾ। ਸ਼ਾਮ ਤੱਕ ਖ਼ਬਰ ਆਈ ਕਿ ਪਿੰਡ ਦੇ ਜੁਲਾਹੇ ਨੂੰ ਕਿਸੇ ਨੇ ਚਾਕੂ ਮਾਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਮੈਨੂੰ ਲਗਾਤਾਰ ਫ਼ੋਨ ਆਉਣ ਲੱਗੇ।"
"ਪਿੰਡ ਦੇ ਸਾਰੇ ਮੁਸਲਮਾਨ ਹੁਣ ਘਰ ਛੱਡ ਕੇ ਭੱਜਣ ਲੱਗੇ ਸੀ। ਸਭ ਨੂੰ ਕਿਹਾ ਗਿਆ ਕਿ ਅੱਜ ਰਾਤ ਲਿਸਾੜ ਪਿੰਡ ਦੇ ਸਾਰੇ ਮੁਸਲਮਾਨਾਂ ਨੂੰ 'ਨਿਪਟਾ' ਦਿੱਤਾ ਜਾਵੇਗਾ।"
"ਘਰ ਵਿੱਚ ਮੁੰਡੇ ਵਸੀਮ ਦਾ ਵਿਆਹ ਹੋਣ ਵਾਲਾ ਸੀ ਇਸ ਲਈ ਮੇਰੀ ਕੁੜੀ ਵੀ ਆਪਣੇ ਸੁਹਰਿਆਂ ਤੋਂ ਆਈ ਹੋਈ ਸੀ। ਮੈਨੂੰ ਯਾਦ ਹੈ ਕਿ ਸ਼ਾਮ ਨੂੰ ਬੈਠੇ ਅਸੀਂ ਸੋਚ ਹੀ ਰਹੇ ਸੀ ਕਿ ਗਰਮੀ ਬਹੁਤ ਹੈ, ਅੱਜ ਛੱਤ 'ਤੇ ਬੈਠ ਕੇ ਖਾਣਾ ਖਾਵਾਂਗੇ।"
ਸ਼ਮਸਾਦ ਆਪਣੇ ਮਾਤਾ-ਪਿਤਾ ਦੀ ਹੱਤਿਆ ਦਾ ਮੁਕੱਦਮਾ ਵਾਪਿਸ ਲੈਣ ਲਈ ਤਿਆਰ ਨਹੀਂ ਹੈ
"ਐਨੀ ਦੇਰ 'ਚ ਪਤਾ ਲੱਗਿਆ ਕਿ ਅਸੀਂ ਚਾਰੇ ਪਾਸਿਓਂ ਘਿਰੇ ਹੋਏ ਹਾਂ। ਆਂਢ-ਗੁਆਂਢ ਵਿੱਚ ਹਫ਼ੜਾ-ਦਫ਼ੜੀ ਮਚ ਗਈ ਅਤੇ ਪਿੰਡ ਦੇ ਸਾਰੇ ਮੁਸਲਮਾਨ ਆਪਣੇ ਘਰ ਖਾਲੀ ਕਰਨ ਲੱਗੇ।"
"ਅਸੀਂ ਵੀ ਆਪਣੀ ਜਾਨ ਬਚਾਉਣ ਲਈ ਭੱਜਣ ਲੱਗੇ। ਬੱਚੇ ਕਿਤੇ ਭੱਜ ਰਹੇ ਸੀ, ਔਰਤਾਂ ਕਿਤੇ ਅਤੇ ਮਰਦ ਕਿਤੇ। ਜਿਸ ਨੂੰ ਜਿੱਥੇ ਰਸਤਾ ਮਿਲ ਰਿਹਾ ਸੀ ਉਹ ਉੱਥੇ ਭੱਜ ਰਿਹਾ ਸੀ। ਅਗਲੇ ਦਿਨ ਲਿਸਾੜ ਤੋਂ 10 ਕਿੱਲੋਮੀਟਰ ਦੂਰ ਇੱਕ ਕੈਂਪ ਵਿੱਚ ਅਸੀਂ ਸਾਰੇ ਮਿਲੇ। ਅੱਬੂ-ਅੰਮੀ ਨਹੀਂ ਮਿਲੇ। ਉਨ੍ਹਾਂ ਨੇ ਘਰ ਛੱਡਿਆ ਹੀ ਨਹੀਂ ਸੀ।"
'ਨਾ ਕਫ਼ਨ ਦੇ ਸਕੇ, ਨਾ ਦਫ਼ਨ ਕਰ ਸਕੇ'
ਘੋੜਾਗੱਡੀ 'ਤੇ ਇੱਟਾਂ ਲੱਦ ਕੇ ਉਨ੍ਹਾਂ ਨੂੰ ਭੱਠੇ ਤੋਂ ਗੋਦਾਮ ਤੱਕ ਪਹੁੰਚਾਉਣ ਦਾ ਕੰਮ ਕਰਨ ਵਾਲੇ 80 ਸਾਲਾ ਹਾਜੀ ਨੱਬੂ ਅਤੇ 75 ਸਾਲਾ ਜ਼ਰੀਫਨ ਨੂੰ ਭਰੋਸਾ ਸੀ ਕਿ ਪਿੰਡ ਦੇ ਜਾਟ ਉਨ੍ਹਾਂ ਵਰਗੇ ਬਜ਼ੁਰਗਾਂ ਨੂੰ ਤਾਂ ਬਖ਼ਸ਼ ਦੇਣਗੇ।
ਹਰੀ ਚੁੰਨੀ ਨਾਲ ਆਪਣੇ ਹੰਝੂ ਸਾਫ਼ ਕਰਦੀ ਹੋਈ ਮੁੰਨੀ ਕਹਿੰਦੀ ਹੈ, "ਹਾਜੀ, ਸਾਡੇ ਸੱਸ-ਸੁਹਰਾ, ਉਨ੍ਹਾਂ ਦੇ ਸੱਤ ਮੁੰਡੇ, ਸੱਤ ਨੂੰਹਾਂ ਅਤੇ ਪੋਤੇ-ਪੋਤੀਆਂ ਸਨ। ਐਨਾ ਵੱਡਾ ਪਰਿਵਾਰ ਸੀ ਪਰ ਆਖ਼ਰ 'ਚ ਸਾਨੂੰ ਆਪਣੇ ਪਰਿਵਾਰ ਦੀਆਂ ਲਾਸ਼ਾਂ ਵੀ ਦੇਖਣ ਨੂੰ ਨਹੀਂ ਮਿਲੀਆਂ।"
"ਪਤਾ ਨਹੀਂ ਮਾਰ-ਵੱਢ ਕੇ ਕਿੱਥੇ ਸੁੱਟ ਦਿੱਤਾ ਬਜ਼ੁਰਗਾਂ ਨੂੰ। ਨਾ ਅਸੀਂ ਉਨ੍ਹਾਂ ਨੂੰ ਕਫ਼ਨ ਦੇ ਸਕੇ, ਨਾ ਦਫ਼ਨ ਕਰ ਸਕੇ.. ਇਹ ਗੱਲ ਸਾਡੇ 'ਤੇ ਕਿੰਨਾ ਵੱਡਾ ਭਾਰ ਹੈ ਕੀ ਦੱਸੀਏ ਤੁਹਾਨੂੰ?"
ਆਪਣੇ ਸੱਸ-ਸਹੁਰੇ ਨੂੰ ਆਖ਼ਰੀ ਵਾਰ ਨਾ ਦੇਖ ਸਕਣ ਦਾ ਦਰਦ ਅੱਜ ਵੀ ਮੁੰਨੀ ਦੇ ਦਿਲ ਵਿੱਚ ਹੈ
ਸ਼ਮਸ਼ਾਦ ਯਾਦ ਕਰਦੇ ਹਨ, ''ਉਸ ਰਾਤ ਸਭ ਨੇ ਅੰਮੀ-ਅੱਬੂ ਨੂੰ ਕਿਹਾ ਕਿ ਸਾਡੇ ਨਾਲ ਚਲੋ ਪਰ ਅੰਮੀ ਕਹਿਣ ਲੱਗੀ ਕਿ ਤੁਸੀਂ ਜਾਓ। ਇਹ ਤਾਂ ਸਾਡਾ ਪਿੰਡ ਹੈ। ਜ਼ਿੰਦਗੀ ਕੱਢ ਦਿੱਤੀ ਇੱਥੇ... ਕੌਣ ਮਾਰੇਗਾ ਸਾਨੂੰ ਬੁੱਢਿਆਂ ਨੂੰ ਇਸ ਪਿੰਡ ਵਿੱਚ।"
"ਜਾਨਵਰਾਂ ਤੇ ਘਰ ਦੀ ਫ਼ਿਕਰ ਅੰਮੀ ਨੂੰ ਪ੍ਰੇਸ਼ਾਨ ਕਰ ਰਹੀ ਸੀ। ਮੈਨੂੰ ਕਹਿਣ ਲੱਗੀ ਕਿ ਜੇਕਰ ਮੈਂ ਚਲੀ ਗਈ ਤਾਂ ਡੰਗਰਾਂ ਦਾ ਚਾਰਾ-ਪਾਣੀ ਕੌਣ ਕਰੇਗਾ। ਉਹ ਭੁੱਖ ਨਾਲ ਮਰ ਜਾਣਗੇ। ਅਸੀਂ ਆਪਣੀ ਜਾਨ ਬਚਾ ਕੇ ਭੱਜੇ ਅਤੇ ਅੰਮੀ-ਅੱਬੂ ਘਰ ਹੀ ਰਹਿ ਗਏ।''
ਸ਼ਮਸ਼ਾਦ ਨੇ ਦੱਸਿਆ, "ਅਗਲੀ ਸਵੇਰ ਸਾਡੇ ਘਰ ਦੇ ਦੋ ਮੁੰਡੇ ਅੰਮੀ-ਅੱਬੂ ਨੂੰ ਦੇਖਣ ਗਏ। ਜਿਵੇਂ ਹੀ ਉਹ ਪਹੁੰਚੇ ਉਨ੍ਹਾਂ ਦੇਖਿਆ ਕਿ ਅੰਮੀ-ਅੱਬੂ ਜ਼ਿੰਦਾ ਹੈ ਪਰ ਘਰ ਦੇ ਨੇੜੇ ਹੀ ਰਹਿਣ ਵਾਲੇ ਕਾਸਿਮ ਦਰਜ਼ੀ ਦੇ ਘਰ ਵਿੱਚ ਦੰਗੇ ਫੈਲਾਉਣ ਵਾਲੇ ਅੱਗ ਲਗਾ ਰਹੇ ਸੀ। ਫਿਰ ਹੀ ਸਾਡੇ ਘਰ ਵੱਲ ਵਧੇ। ਮੁੰਡੇ ਤਾਂ ਭੱਜ ਨਿਕਲੇ ਅਤੇ ਪਿੰਡ ਦੇ ਨੇੜੇ ਹੀ ਗੰਨੇ ਦੇ ਖੇਤਾਂ ਵਿੱਚ ਲੁੱਕ ਕੇ ਆਪਣੀ ਜਾਨ ਬਚਾਈ।"
'ਅੰਮੀ ਦੀ ਲਾਸ਼ ਨਹੀਂ ਦਿੱਤੀ'
''ਅੰਮੀ-ਅੱਬੂ ਵੀ ਪਿੱਛੇ-ਪਿੱਛੇ ਦੌੜਦੇ ਹੋਏ ਨਿਕਲੇ ਪਰ ਬਜ਼ੁਗਰ ਹੋਣ ਕਰਕੇ ਤੇਜ਼ ਨਹੀਂ ਭੱਜ ਸਕੇ। ਦੰਗਾਂ ਫੈਲਾਉਣ ਵਾਲਿਆਂ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਮਾਰ ਦਿੱਤਾ। ਅਸੀਂ ਉਨ੍ਹਾਂ ਨੂੰ ਬਹੁਤ ਲੱਭਿਆ ਪਰ ਉਨ੍ਹਾਂ ਦੀ ਲਾਸ਼ ਤੱਕ ਨਹੀਂ ਮਿਲੀ।"
"ਚਾਰ ਦਿਨ ਬਾਅਦ ਥਾਣੇ ਤੋਂ ਖ਼ਬਰ ਆਈ ਕਿ ਅੰਮੀ ਦੀ ਕੱਟੀ ਹੋਈ ਲਾਸ਼ ਨਹਿਰ ਤੋਂ ਬਰਾਮਦ ਹੋਈ ਹੈ। ਥਾਣੇ ਵਾਲਿਆਂ ਨੇ ਸਾਨੂੰ ਸਿਰਫ਼ ਜਾਣਕਾਰੀ ਦਿੱਤੀ। ਅੰਮੀ ਦੀ ਲਾਸ਼ ਨਹੀਂ ਦਿੱਤੀ। ਅੱਬੂ ਦਾ ਅੱਜ ਤੱਕ ਕੁਝ ਪਤਾ ਨਹੀਂ ਲੱਗਿਆ।''
ਦੰਗਿਆ ਵਿੱਚ ਸੜ ਚੁੱਕੇ ਆਪਣੇ ਜੱਦੀ ਘਰ ਦੀ ਯਾਦ ਵਿੱਚ ਵੀ ਸ਼ਮਸ਼ਾਦ ਨੂੰ ਪ੍ਰੇਸ਼ਾਨ ਕਰਦੀ ਹੈ
ਸ਼ਮਸ਼ਾਦ ਦੇ ਮਾਤਾ-ਪਿਤਾ ਦੀ ਹੱਤਿਆ ਦਾ ਮਾਮਲਾ ਮੁੱਜ਼ਫਰਨਗਰ ਦੇ ਫੁਗਾਨਾ ਥਾਣੇ ਵਿੱਚ ਦਰਜ ਹੈ। ਇਸ ਮਾਮਲੇ ਵਿੱਚ ਲਿਸਾੜ ਪਿੰਡ ਦੇ ਹੀ 22 ਹਿੰਦੂਆਂ ਖ਼ਿਲਾਫ਼ ਮੁਕੱਦਮਾ ਦਰਜ ਹੈ।
ਸ਼ਮਸ਼ਾਦ ਦੇ ਮਾਤਾ-ਪਿਤਾ ਦੀ ਹੱਤਿਆ ਦਾ ਮਾਮਲਾ ਵੀ ਉਨ੍ਹਾਂ 131 ਮਾਮਲਿਆਂ ਵਿੱਚ ਸ਼ਾਮਲ ਹੈ ਜਿਨ੍ਹਾਂ ਨੂੰ ਵਾਪਿਸ ਲੈਣ ਦੀ ਪ੍ਰਕਿਰਿਆ ਉੱਤਰ-ਪ੍ਰਦੇਸ਼ ਸਰਕਾਰ ਸ਼ੁਰੂ ਕਰ ਚੁੱਕੀ ਹੈ।
ਸ਼ਮਸ਼ਾਦ ਕਹਿੰਦੇ ਹਨ, ''ਜਿਨ੍ਹਾਂ ਦੇ ਘਰ ਵਿੱਚ ਦੋ-ਦੋ ਆਦਮੀ ਮਰੇ, ਉਹ ਕਿਵੇਂ ਮਾਮਲਾ ਵਾਪਿਸ ਲੈ ਲੈਣਗੇ? ਸਾਡੇ 'ਤੇ ਵੀ ਦਬਾਅ ਆਇਆ। ਪੈਸੇ ਦਾ ਲਾਲਚ ਦਿੱਤਾ ਗਿਆ, ਜਾਨ ਦੀਆਂ ਧਮਕੀਆਂ ਮਿਲੀਆਂ। ਸਾਡੇ ਆਪਣੇ ਸਾਡੇ ਸਾਹਮਣੇ ਮਾਰੇ ਗਏ। ਅਸੀਂ ਕਿਵੇਂ ਮੁੱਕਦਮਾ ਵਾਪਿਸ ਲੈ ਲਈਏ।''
ਲਿਸਾੜ ਵਿੱਚ ਸੜ ਚੁੱਕੇ ਆਪਣੇ ਜੱਦੀ ਘਰ ਦੀ ਯਾਦ ਵੀ ਸ਼ਮਸ਼ਾਦ ਨੂੰ ਬਹੁਤ ਪ੍ਰੇਸ਼ਾਨ ਕਰਦੀ ਹੈ। ਉਹ ਕਹਿੰਦੇ ਹਨ, ''ਮੁੰਡੇ ਦੇ ਵਿਆਹ ਲਈ ਪੂਰਾ ਘਰ ਮੁੜ ਨਵਾਂ ਬਣਵਾਇਆ ਸੀ। ਅੰਮੀ ਦੀ ਮਰਜ਼ੀ ਸੀ ਕਿ ਪੋਤੇ ਦੇ ਵਿਆਹ ਤੋਂ ਪਹਿਲਾਂ ਪੂਰੇ ਘਰ ਦੀ ਮੁਰਮੰਤ ਕਰਵਾਈ ਜਾਵੇ।
ਕਾਂਧਲਾ ਦੀ ਹਮਜ਼ਾ ਕਲੋਨੀ
12-15 ਲੱਖ ਰੁਪਏ ਲਗਾਏ ਗਏ ਸੀ ਤੇ ਇੱਕ ਰਾਤ ਵੀ ਘਰ ਵਿੱਚ ਸੌਂ ਨਹੀਂ ਸਕੇ। ਸਾਡਾ ਸਭ ਕੁਝ ਲੁੱਟ ਗਿਆ। ਅਸੀਂ ਕਿਵੇਂ ਮੁਕੱਦਮਾ ਵਾਪਿਸ ਲਈਏ?''
ਇਨਸਾਫ਼ ਦੀ ਧੁੰਦਲੀ ਉਮੀਦ
ਸ਼ਾਮਲੀ ਜ਼ਿਲ੍ਹੇ ਦੇ ਕੈਰਾਨਾ ਵਾਰਡ ਨੰਬਰ-8 ਵਿੱਚ ਸਾਡੀ ਮੁਲਾਕਾਤ 40 ਸਾਲਾ ਲਿਆਕਤ ਖ਼ਾਨ ਨਾਲ ਹੁੰਦੀ ਹੈ। ਸ਼ਾਮਲੀ ਦੇ ਲਖ ਬਾਵੜੀ ਪਿੰਡ ਵਿੱਚ ਰਹਿਣ ਵਾਲੇ ਲਿਆਕਤ ਦੰਗਿਆਂ ਤੋਂ ਕੈਰਾਨਾ ਵਿੱਚ ਆ ਵਸੇ। ਲਖ ਬਾਵੜੀ ਦੇ ਲਿਆਕਤ ਨੇ ਦੰਗਿਆਂ ਵਿੱਚ ਆਪਣੇ ਇੱਕ ਪੈਰ ਦੇ ਨਾਲ-ਨਾਲ ਆਪਣਾ ਆਤਮ-ਵਿਸ਼ਵਾਸ ਵੀ ਗੁਆ ਦਿੱਤਾ।
ਸਤੰਬਰ 2013 ਦੀ ਘਟਨਾ ਯਾਦ ਕਰਦੇ ਹੋਏ ਉਹ ਦੱਸਦੇ ਹਨ, "ਉਸ ਦਿਨ ਜਿਵੇਂ ਹੀ ਪਿੰਡ ਵਿੱਚ ਗੱਲ ਫੈਲੀ ਕਿ ਸਾਨੂੰ ਮਾਰ ਦਿੱਤਾ ਜਾਵੇਗਾ ਤਾਂ ਸਾਡੇ ਮੁਹੱਲੇ ਦੇ ਸਾਰੇ ਮੁਸਲਮਾਨ ਘਰਾਂ ਦੇ ਲੋਕ ਮੇਰੇ ਘਰ ਆ ਕੇ ਇਕੱਠਾ ਹੋ ਗਏ। ਅਸੀਂ ਸਾਰੇ ਡਰੇ-ਸਹਿਮੇ ਬੈਠੇ ਹੋਏ ਸੀ ਕਿ ਅਚਾਨਕ ਦਰਵਾਜ਼ੇ 'ਤੇ ਹਮਲਾ ਹੋ ਗਿਆ।''
''ਸਾਡੇ ਨਾਲ ਮੋਹੱਲੇ ਦਾ ਹੀ ਦਿਲਸ਼ਾਦ ਸੀ, ਇਕਰਾ ਨਾਂ ਦੀ ਛੋਟੀ ਬੱਚੀ ਸੀ। ਸਾਰਿਆਂ ਨੂੰ ਗੰਡਾਸਿਆਂ ਨਾਲ ਮਾਰ ਦਿੱਤਾ ਗਿਆ। ਮੈਨੂੰ ਵੀ ਕੱਟਿਆ ਗਿਆ। ਪਹਿਲਾਂ ਉਨ੍ਹਾਂ ਨੇ ਮੇਰਾ ਪੇਟ ਕੱਟਿਆ, ਫਿਰ ਤਲਵਾਰ ਨਾਲ ਮੇਰੀ ਲੱਤ ਕੱਟੀ। ਫਿਰ ਹੱਥਾਂ 'ਤੇ ਹਮਲਾ ਕੀਤਾ।''
ਲਿਆਕਤ ਨੇ ਦੰਗਿਆਂ ਵਿੱਚ ਆਪਣਾ ਸੱਜਾ ਪੈਰ ਗੁਆ ਦਿੱਤਾ ਸੀ
ਲਿਆਕਤ ਦੀ ਹੱਡਬੀਤੀ ਸੁਣ ਕੇ ਨੇੜੇ ਬੈਠੇ ਉਨ੍ਹਾਂ ਦੇ ਪਿਤਾ ਮਕਸੂਦ ਅਤੇ ਮਾਂ ਸੀਧੋ ਖ਼ਾਮੋਸ਼ੀ ਨਾਲ ਰੌਣ ਲੱਗੇ। ਉਨ੍ਹਾਂ ਦੀਆਂ ਅੱਖਾਂ 'ਚ ਅੱਜ ਵੀ ਆਪਣੇ ਮੁੰਡੇ ਲਈ ਇਨਸਾਫ਼ ਦਾ ਇੰਤਜ਼ਾਰ ਹੈ।
ਸਰਕਾਰ ਮਕੱਦਮਾ ਵਾਪਿਸ ਲੈਣ ਜਾ ਰਹੀ ਹੈ, ਇਹ ਦੱਸਣ 'ਤੇ ਲਿਆਕਤ ਕਹਿੰਦੇ ਹਨ, ''ਮੈਂ ਕਦੇ ਮੁਕੱਦਮਾ ਵਾਪਿਸ ਨਹੀ ਲਵਾਂਗਾਂ। ਮੈਨੂੰ ਇਨਸਾਫ਼ ਚਾਹੀਦਾ ਹੈ। ਦੰਗਿਆਂ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ। ਮੈਂ ਨਾ ਕਮਾ ਸਕਦਾ ਹਾਂ, ਨਾ ਚੱਲ ਫਿਰ ਸਕਦਾ ਹਾਂ। ਸਰਕਾਰ ਸਾਨੂੰ ਇਨਸਾਫ਼ ਕਿਵੇਂ ਨਹੀਂ ਦਵੇਗੀ? ਉਹ ਮਾਂ-ਬਾਪ ਹੈ, ਅਸੀਂ ਉਨ੍ਹਾਂ ਦੇ ਬੱਚੇ। ਜੇਕਰ ਉਨ੍ਹਾਂ ਨੇ ਸਾਡਾ ਸਾਥ ਨਾ ਦਿੱਤਾ ਤਾਂ ਅਸੀਂ ਕਿੱਥੇ ਜਾਵਾਂਗੇ?''
ਮੁਕੱਦਮਾ ਵਾਪਸੀ 'ਤੇ ਸਰਕਾਰ ਦਾ ਰੁਖ਼
ਇਸ ਸਾਲ ਮਾਰਚ ਵਿੱਚ ਉੱਤਰ ਪ੍ਰਦੇਸ਼ ਸਰਕਾਰ ਨੇ ਮੁੱਜ਼ਫਰਨਗਰ ਦੰਗਿਆਂ ਨਾਲ ਜੁੜੇ 131 ਮੁਕੱਦਮੇ ਵਾਪਿਸ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਇਨ੍ਹਾਂ 131 ਮਾਮਲਿਆਂ ਵਿੱਚ ਜ਼ਿਆਦਾਤਰ ਮੁਲਜ਼ਮ ਹਿੰਦੂ ਹਨ ਜਿਨ੍ਹਾਂ 'ਤੇ ਕਤਲ, ਕਤਲ ਦੀ ਕੋਸ਼ਿਸ਼ ਅਤੇ ਫਿਰਕੂ ਭਾਵਨਾਵਾਂ ਭੜਕਾਉਣ ਤੋਂ ਲੈ ਕੇ ਲੁੱਟਮਾਰ ਅਤੇ ਅੱਗਜਨੀ ਤੱਕ ਦੇ ਮੁਕੱਦਮੇ ਦਰਜ ਹਨ।
ਸਰਕਾਰ ਦੇ ਇਸ ਨਵੇਂ ਕਦਮ ਨੇ ਦੰਗਾ ਪੀੜਤ ਪਰਿਵਾਰਾਂ ਨੂੰ ਦੁਖ਼ ਅਤੇ ਨਿਰਾਸ਼ਾ ਵੱਲ ਧੱਕ ਦਿੱਤਾ ਹੈ ਜਿੱਥੋਂ ਨਿਕਲਣ ਦੀ ਕੋਸ਼ਿਸ਼ ਇਹ ਪਰਿਵਾਰ ਪਿਛਲੇ ਪੰਜ ਸਾਲਾਂ ਤੋਂ ਕਰ ਰਿਹਾ ਹੈ।
2013 ਵਿੱਚ ਮੁੱਜ਼ਫਰਨਗਰ ਦੰਗਿਆਂ ਵਿੱਚ 62 ਲੋਕਾਂ ਦਾ ਕਤਲ ਹੋਇਆ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ। ਮ੍ਰਿਤਕਾਂ ਅਤੇ ਘਰ ਤੋਂ ਬੇਘਰ ਹੋਣ ਵਾਲਿਆਂ ਵਿੱਚੋਂ ਵਧੇਰੇ ਮੁਸਲਮਾਨ ਸੀ। ਹਿੰਸਾ ਤੋਂ ਬਾਅਦ ਉਦੋਂ ਦੀ ਸਮਾਜਵਾਦੀ ਸਰਕਾਰ ਨੇ ਸ਼ਾਮਲੀ ਅਤੇ ਮੁੱਜ਼ਫਰਨਗਰ ਦੇ ਵੱਖ-ਵੱਖ ਥਾਣਿਆਂ ਵਿੱਚ 1455 ਲੋਕਾਂ ਖ਼ਿਲਾਫ਼ ਕੁੱਲ 503 ਮਾਮਲੇ ਦਰਜ ਕੀਤੇ।
ਵਕੀਲਾ ਸੈਫ਼ੀ ਦੀ ਮੌਤ ਦੰਗਿਆਂ ਵਿੱਚ ਹੋ ਗਈ ਸੀ। ਤਸਵੀਰ ਵਿੱਚ ਮੌਜੂਦ ਉਨ੍ਹਾਂ ਦੀਆਂ ਚਾਰਾਂ ਨੂੰਹਾਂ ਕਾਂਧਲਾ ਦੇ ਜਡਾਨਾ ਮੋਹੱਲੇ ਵਿੱਚ ਰਹਿੰਦੀਆਂ ਹਨ
ਇਨ੍ਹਾਂ ਵਿੱਚੋਂ ਵਾਪਿਸ ਲਏ ਜਾ ਰਹੇ 131 ਮੁਕੱਦਮਿਆਂ ਵਿੱਚੋਂ 13 ਕਤਲ ਅਤੇ 11 ਕਤਲ ਕਰਨ ਦੀ ਕੋਸ਼ਿਸ਼ ਦੇ ਮਾਮਲੇ ਨਾਲ ਜੁੜੇ ਹਨ।
179 ਮਾਮਲੇ ਵਾਪਿਸ ਲੈਣ ਦੀ ਅਰਜ਼ੀ
ਬਿਨਾਂ ਅਦਾਲਤੀ ਕਾਰਵਾਈ ਦੇ ਹੀ ਇਨ੍ਹਾਂ ਮੁਕੱਦਮਿਆਂ ਨੂੰ 'ਵਾਪਿਸ' ਲੈਣ ਦੀ ਪ੍ਰਕਿਰਿਆ ਸ਼ੁਰੂ ਕਰਵਾਉਣ ਲਈ ਪੱਛਮੀ ਉੱਤਰ ਪ੍ਰਦੇਸ਼ ਦੇ ਜਾਟ ਨੇਤਾਵਾਂ ਦੇ ਇੱਕ ਧੜੇ ਨੇ ਫਰਵਰੀ ਵਿੱਚ ਸੂਬੇ ਦੇ ਮੁੱਖ ਮੰਤਰੀ ਯੋਗੀ ਅਦੱਤਿਆਨਾਥ ਨਾਲ ਮੁਲਾਕਾਤ ਕੀਤੀ ਸੀ।
ਇਸ ਦਲ ਦੀ ਅਗਵਾਈ ਭਾਜਪਾ ਸਾਂਸਦ ਸੰਜੀਵ ਬਾਲਿਆਨ ਅਤੇ ਬੁੜਾਨਾ ਵਿਧਾਨ ਸਭਾ ਤੋਂ ਭਾਜਪਾ ਵਿਧਾਇਕ ਉਮੇਸ਼ ਮਲਿਕ ਨੇ ਕੀਤਾ ਸੀ।
ਉਦੋਂ ਮੀਡੀਆ ਨਾਲ ਗੱਲਬਾਤ ਦੌਰਾਨ ਬਿਆਨ ਦਿੰਦੇ ਹੋਏ ਬਾਲਿਆਨ ਨੇ ਕਿਹਾ ਸੀ ਕਿ ਉਨ੍ਹਾਂ ਨੇ ਮੁੱਖ ਮੰਤਰੀ ਤੋਂ ਦੰਗਿਆਂ ਦੌਰਾਨ ਦਰਜ ਕੀਤੇ ਗਏ ਕੁੱਲ 179 ਮਾਮਲੇ ਵਾਪਿਸ ਲੈਣ ਲਈ ਅਰਜ਼ੀ ਲਾਈ ਹੈ।
ਇਨ੍ਹਾਂ 179 ਮਾਮਲਿਆਂ ਵਿੱਚ ਕੁੱਲ 850 ਲੋਕਾਂ ਖ਼ਿਲਾਫ਼ ਸ਼ਿਕਾਇਤ ਦਰਜ ਹੈ। ਸਾਰੇ ਹਿੰਦੂ ਹਨ।
ਇਸਦੇ ਕੁਝ ਹਫ਼ਤੇ ਬਾਅਦ ਮੁਕੱਦਮਾ ਵਾਪਿਸ ਲੈਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਸਿਲਸਿਲੇ ਵਿੱਚ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਪਹਿਲਾ ਨੋਟਿਸ ਜਾਰੀ ਕੀਤਾ ਗਿਆ।
ਇਸ ਸਬੰਧ 'ਚ ਮੀਡੀਆ ਨਾਲ ਗੱਲਬਾਤ ਦੌਰਾਨ ਉੱਤਰ ਪ੍ਰਦੇਸ਼ ਦੇ ਕਾਨੂੰਨ ਮੰਤਰੀ ਬ੍ਰਿਜੇਸ਼ ਪਾਠਕ ਨੇ ਕਿਹਾ ਕਿ ਸਰਕਾਰ ਦੰਗਿਆਂ ਦੌਰਾਨ 'ਸਿਆਸੀ ਰੂਪ ਤੋਂ ਪ੍ਰੇਰਿਤ' ਮੁਕੱਦਮਿਆਂ ਨੂੰ ਵਾਪਿਸ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਰਹੀ ਹੈ।
ਹਮਜ਼ਾ ਕਲੋਨੀ ਵਿੱਚ ਰਹਿਣ ਵਾਲੇ ਦੰਗਾ ਸ਼ਰਨਾਰਥੀਆਂ ਦੇ ਬੱਚੇ
ਅਮਰੀਕਾ ਦੀ ਅਧਿਕਾਰਕ ਸੰਸਥਾ 'ਯੂਐਸ ਕਮਿਸ਼ਨ ਆਨ ਇੰਟਰਨੈਸ਼ਨਲ ਰਿਲੀਜਸ ਫ੍ਰੀਡਮ' ਜਿਹੜੀ ਦੁਨੀਆਂ ਭਰ ਵਿੱਚ ਧਾਰਮਿਕ ਆਜ਼ਾਦੀ ਦੀ ਹਾਲਤ 'ਤੇ ਆਪਣੀ ਰਿਪੋਰਟ ਸਿਫ਼ਾਰਿਸ਼ਾਂ ਨਾਲ ਅਮਰੀਕੀ ਸੰਸਦ ਨੂੰ ਸੌਂਪਦੀ ਹੈ, ਉਸ ਨੇ ਹਾਲ ਹੀ ਵਿੱਚ ਪ੍ਰਕਾਸ਼ਿਤ ਆਪਣੀ ਸਲਾਨਾ ਰਿਪੋਰਟ ਵਿੱਚ ਕਿਹਾ ਹੈ-''ਮੋਦੀ ਸਰਕਾਰ ਨੇ ਵੱਡੇ ਪੱਧਰ 'ਤੇ ਫਿਰਕੂ ਹਿੰਸਾ ਦੇ ਪੀੜਤਾਂ ਨੂੰ ਇਨਸਾਫ਼ ਦਵਾਉਣ ਲਈ ਕੁਝ ਨਹੀਂ ਕੀਤਾ ਹੈ, ਇਨ੍ਹਾਂ ਵਿੱਚੋਂ ਕਈ ਘਟਨਾਵਾਂ ਅਕਸਰ ਮੋਦੀ ਦੀ ਹੀ ਪਾਰਟੀ ਦੇ ਨੇਤਾਵਾਂ ਦੇ ਭੜਕਾਊ ਭਾਸ਼ਣਾਂ ਕਾਰਨ ਭੜਕੀਆਂ।
ਵਧੇਰੇ ਮੁਸਲਮਾਨ ਹੀ ਪੀੜਤ ਰਹੇ
ਲੰਡਨ ਸਥਿਤ ਕੌਮਾਂਤਰੀ ਸੰਸਥਾ 'ਮਾਈਨੋਰਟੀ ਰਾਈਟਸ ਗਰੁੱਪ ਇੰਟਰਨੈਸ਼ਨਲ' ਨੇ ਹਾਲ ਹੀ ਵਿੱਚ ਆਪਣੀ ਰਿਪੋਰਟ ਜਾਰੀ ਕਰਦੇ ਹੋਏ ਕਿਹਾ ਕਿ ਭਾਰਤ ਵਿੱਚ ਬੀਤੇ ਪੰਜ ਸਾਲਾਂ ਵਿੱਚ ਫਿਰਕੂ ਹਿੰਸਾ ਦੇ ਮਾਮਲਿਆਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਰਿਪੋਰਟ ਮੁਤਾਬਕ 2016 ਦੌਰਾਨ ਦੇਸ ਵਿੱਚ ਫਿਰਕੂ ਹਿੰਸਾ ਦੇ ਕੁੱਲ 700 ਮਾਮਲੇ ਅਧਿਕਾਰਕ ਤੌਰ 'ਤੇ ਦਰਜ ਕੀਤੇ ਗਏ।
ਹਿੰਸਾ ਦੀਆਂ ਇਨ੍ਹਾਂ ਘਟਨਾਵਾਂ ਵਿੱਚ ਵਧੇਰੇ ਪੀੜਤ ਮੁਸਲਮਾਨ ਹੀ ਰਹੇ। ਰਿਪੋਰਟ ਇਹ ਵੀ ਕਹਿੰਦੀ ਹੈ ਕਿ ਫਿਰਕੂ ਹਿੰਸਾ ਦੀਆਂ ਘਟਨਾਵਾਂ ਦੇ ਮਾਮਲੇ 'ਚ ਪੁਲਿਸ ਅਤੇ ਪ੍ਰਸ਼ਾਸਨ ਦੇ ਢਿੱਲੇ ਰਵੱਈਏ ਕਾਰਨ ਮੁਲਜ਼ਮਾਂ ਨੂੰ ਸਜ਼ਾ ਨਹੀਂ ਮਿਲਦੀ। ਜਿਸ ਨਾਲ ਬਹੁਗਿਣਤੀ ਭਾਈਚਾਰੇ ਦੇ ਹਿੰਸਕ ਤੱਤਵਾਂ ਦਾ ਜ਼ੁਰਮ ਕਰਨ ਦਾ ਹੌਸਲਾ ਹੋਰ ਵਧਦਾ ਹੈ।
ਉੱਤਰ ਪ੍ਰਦੇਸ਼ ਵਿੱਚ ਲੰਬੇ ਸਮੇਂ ਤੱਕ ਕੰਮ ਕਰ ਚੁੱਕੇ ਰਿਟਾਇਰਡ ਆਈਪੀਐਸ ਅਧਿਕਾਰੀ ਅਤੇ ਸਮਾਜਿਕ ਕਾਰਜਕਰਤਾ ਐਸਆਰ ਦਾਰਾਪੁਰੀ ਦਾ ਕਹਿਣਾ ਹੈ ਕਿ ਮੌਜੂਦਾ ਸਰਕਾਰ ਵਿੱਚ ਮੁਸਲਮਾਨਾਂ ਪ੍ਰਤੀ ਜ਼ੁਲਮ ਦੀਆਂ ਘਟਨਾਵਾਂ ਵਧੀਆਂ ਹਨ।
ਉਹ ਕਹਿੰਦੇ ਹਨ,''ਜਿਸ ਪੱਧਰ 'ਤੇ ਯੋਗੀ ਸਰਕਾਰ ਮੁਜ਼ੱਫਰਨਗਰ ਦੰਗਿਆਂ ਵਰਗੀ ਗੰਭੀਰ ਘਟਨਾ ਦੌਰਾਨ ਹੋਏ ਕਤਲਾਂ ਦੇ ਮਾਮਲਿਆਂ ਨਾਲ ਜੁੜੇ ਮੁਕੱਦਮੇ ਵਾਪਿਸ ਲੈ ਰਹੀ ਹੈ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਇਸ ਸਰਕਾਰ ਦਾ ਘੱਟ ਗਿਣਤੀ ਖ਼ਿਲਾਫ਼ ਅਜਿਹਾ ਮਾੜਾ ਰਵੱਈਆ ਸਾਫ਼ ਨਜ਼ਰ ਆਉਂਦਾ ਹੈ।''
''ਰਾਜਸਥਾਨ ਹੋਵੇ, ਮੱਧ ਪ੍ਰਦੇਸ਼ ਹੋਵੇ ਜਾਂ ਉੱਤਰ ਪ੍ਰਦੇਸ਼, ਗਾਂ ਦੇ ਨਾਂ 'ਤੇ ਹੋਣ ਵਾਲੇ ਕਤਲ ਅਤੇ ਸ਼ੰਭੂ ਰੈਗਰ ਵਰਗੇ ਲੋਕਾਂ ਦੇ ਹੱਥੋਂ ਮੁਸਲਮਾਨਾਂ ਨੂੰ ਮਾਰੇ ਜਾਣ ਦੀਆਂ ਘਟਨਾਵਾਂ 'ਆਮ' ਜਹੀਆ ਹੁੰਦੀਆਂ ਜਾ ਰਹੀਆਂ ਹਨ।''
(ਇਹ ਕਹਾਣੀ ਬੀਬੀਸੀ ਵੱਲੋਂ ਦਲਿਤਾਂ ਅਤੇ ਮੁਸਲਮਾਨਾਂ 'ਤੇ ਚਲਾਈ ਜਾ ਰਹੀ ਵਿਸ਼ੇਸ਼ ਲੜੀ ਦਾ ਹਿੱਸਾ ਹੈ)