ਬੀਬੀਸੀ ਪੰਜਾਬੀ 'ਤੇ ਅੱਜ ਦੀਆਂ 5 ਮੁੱਖ ਖ਼ਬਰਾਂ

ਗਗਨਦੀਪ ਸਿੰਘ, ਸਿੱਖ

ਪੁਲਿਸ ਅਧਿਕਾਰੀ ਗਗਨਦੀਪ ਸਿੰਘ ਨੇ ਜਦੋਂ ਤਣਾਅ ਦੇ ਮਾਹੌਲ ਵਿੱਚ ਇੱਕ ਮੁਸਲਮਾਨ ਮੁੰਡੇ ਨੂੰ ਬਚਾਇਆ ਤਾਂ ਉਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ।

ਦਰਅਸਲ ਨੈਨੀਤਾਲ ਜ਼ਿਲ੍ਹੇ ਦੇ ਰਾਮਨਗਰ ਵਿੱਚ ਜਿਮ ਕਾਰਬੇਟ ਨੈਸ਼ਨਲ ਪਾਰਕ ਕੋਲ ਨਦੀ ਕੰਡੇ ਇੱਕ ਮੰਦਿਰ ਹੈ।ਇੱਥੇ ਪ੍ਰੇਮੀ ਜੋੜੇ ਬੈਠਦੇ ਹਨ।

ਮੁਸਲਮਾਨ ਮੁੰਡਾ ਆਪਣੀ ਹਿੰਦੂ ਦੋਸਤ ਨਾਲ ਬੈਠਾ ਸੀ ਕਿ ਕੁਝ ਲੋਕ ਕੁੱਟਮਾਰ ਲਈ ਉੱਥੇ ਪਹੁੰਚ ਗਏ। ਜਿਸ ਤੋਂ ਬਾਅਦ ਗਗਨਦੀਪ ਨੇ ਉਸ ਨੂੰ ਬਚਾਇਆ।

ਕੈਨੇਡਾ ਦੇ ਭਾਰਤੀ ਰੈਸਟੋਰੈਂਟ ਵਿੱਚ ਧਮਾਕਾ

ਕੈਨੇਡਾ ਦੇ ਮਿਸੀਸਾਗਾ ਵਿੱਚ ਇੱਕ ਭਾਰਤੀ ਰੈਸਟੋਰੈਂਟ ਵਿੱਚ ਹੋਏ ਧਮਾਕੇ ਵਿੱਚ 15 ਲੋਕ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿੱਚੋਂ ਤਿੰਨ ਲੋਕ ਗੰਭੀਰ ਜ਼ਖਮੀ ਹਨ।

ਦੋ ਸ਼ੱਕੀਆਂ ਦੀ ਭਾਲ ਲਈ ਪੁਲਿਸ ਨੇ ਵੱਡੇ ਪੱਧਰ ਉੱਤੇ ਮੁਹਿੰਮ ਚਲਾਈ ਹੋਈ ਹੈ। ਸ਼ੱਕੀ ਲੋਕ ਧਮਾਕੇ ਤੋਂ ਬਾਅਦ ਰੈਸਟੋਰੈਂਟ ਤੋਂ ਫਰਾਰ ਹੋ ਗਏ ਸਨ। ਪੁਲਿਸ ਸ਼ੱਕੀਆਂ ਦੀ ਪਛਾਣ ਲਈ ਆਮ ਲੋਕਾਂ ਦੀ ਮਦਦ ਲੈ ਰਹੀ ਹੈ।

ਟਰੰਪ-ਕਿਮ ਮੁਲਾਕਾਤ ਹਾਲੇ ਵੀ ਹੋ ਸਕਦੀ ਹੈ!

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨਾਲ ਉਨ੍ਹਾਂ ਦੀ ਬੈਠਕ ਹਾਲੇ ਵੀ 12 ਜੂਨ ਨੂੰ ਹੋ ਸਕਦੀ ਹੈ।

ਇਸ ਤੋਂ ਪਹਿਲਾਂ ਟਰੰਪ ਨੇ ਉੱਤਰੀ ਕੋਰੀਆ ਦੇ ਆਗੀ ਕਿਮ ਜੋਂਗ ਉਨ ਨਾਲ ਹੋਣ ਵਾਲੀ ਮੁਲਾਕਾਤ ਰੱਦ ਕਰ ਦਿੱਤੀ ਸੀ।

ਪੰਜਾਬ ਦੀਆਂ ਦਲਿਤ ਔਰਤਾਂ ਦੇ ਸੰਘਰਸ਼ ਦੀ ਕਹਾਣੀ

ਸੰਗਰੂਰ ਜ਼ਿਲ੍ਹੇ ਦੇ ਪਿੰਡ ਕਲਾਰਾਂ ਦੀਆਂ ਦਲਿਤ ਔਰਤਾਂ ਨੇ ਪੰਚਾਇਤੀ ਜ਼ਮੀਨ ਦਾ ਮਾਲਕਾਨਾ ਹੱਕ ਲੈਣ ਲਈ ਲੰਮਾ ਸੰਘਰਸ਼ ਕੀਤਾ ਹੈ।

'ਦਿ ਪੰਜਾਬ ਵਿਲੇਜ ਕਾਮਨ ਲੈਂਡ (ਰੈਗੁਲੇਸ਼ਨ), 1964' ਦੇ ਤਹਿਤ ਇਹ ਯਕੀਨੀ ਬਣਾਇਆ ਗਿਆ ਹੈ ਕਿ ਕਿਸੇ ਵੀ ਪੰਚਾਇਤ ਦੇ ਅਧੀਨ ਆਉਣ ਵਾਲੀ ਸ਼ਾਮਲਾਤ ਜ਼ਮੀਨ ਨੂੰ ਬੋਲੀ ਰਾਹੀਂ ਹੀ ਠੇਕੇ ਉੱਤੇ ਦਿੱਤਾ ਜਾ ਸਕਦਾ ਹੈ ਅਤੇ ਠੇਕੇ ਉੱਤੇ ਦਿੱਤੀ ਜਾਣ ਵਾਲੀ ਜ਼ਮੀਨ ਦਾ ਤੀਜਾ ਹਿੱਸਾ ਦਲਿਤ ਵਰਗ ਦੇ ਲੋਕਾਂ ਨੂੰ ਹੀ ਬੋਲੀ ਰਾਹੀਂ ਦਿੱਤਾ ਜਾ ਸਕਦਾ ਹੈ।

ਇਸੇ ਜ਼ਮੀਨ ਲਈ ਦਲਿਤ ਔਰਤਾਂ ਦੇ ਸੰਘਰਸ਼ ਦੀ ਪੂਰੀ ਕਹਾਣੀ ਪੜ੍ਹੋ https://www.bbc.com/punjabi 'ਤੇ।

ਸਿਰਫ਼ ਇੱਕ ਕਲਿੱਕ 'ਤੇ ਜਿਨਸੀ ਸ਼ੋਸ਼ਣ ਕਰਨ ਵਾਲੇ ਦਾ ਨਾਂ ਤੁਹਾਡੇ ਸਾਹਮਣੇ

ਵਧਦੇ ਜਿਨਸੀ ਅਪਰਾਧ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਸਰਕਾਰ ਨੇ ਵੀ ਸੈਕਸ ਔਫੈਂਡਰ ਰਜਿਸਟਰੀ ਬਣਾਉਣ ਦਾ ਫੈਸਲਾ ਕੀਤਾ ਹੈ। ਅਜਿਹਾ ਕਰਨ ਵਾਲਾ ਭਾਰਤ ਵਿਸ਼ਵ ਦਾ ਨੌਵਾਂ ਦੇਸ ਹੋਵੇਗਾ।

ਭਾਰਤ 'ਚ ਇਸ ਰਜਿਸਟਰੀ ਨੂੰ ਬਣਾਉਣ ਦਾ ਜ਼ਿੰਮਾ ਗ੍ਰਹਿ ਮੰਤਰਾਲੇ ਦੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਨੂੰ ਦਿੱਤਾ ਗਿਆ ਹੈ। ਇਸ ਰਜਿਸਟਰੀ ਵਿੱਚ 'ਚ ਜਿਨਸੀ ਅਪਰਾਧ 'ਚ ਸ਼ਾਮਿਲ ਲੋਕਾਂ ਦੇ ਬਾਓਮੈਟ੍ਰਿਕ ਰਿਕਾਰਡ ਹੋਣਗੇ। ਬੱਚਿਆਂ ਨਾਲ ਜਿਨਸੀ ਹਿੰਸਾ 'ਚ ਸ਼ਾਮਿਲ ਲੋਕਾਂ ਦੇ ਨਾਂ ਵੀ ਹੋਣਗੇ।

ਇਸ ਤੋਂ ਇਲਾਵਾ ਅਜਿਹੇ ਅਪਰਾਧੀਆਂ ਦੇ ਸਕੂਲ, ਕਾਲਜ, ਨੌਕਰੀ ਘਰ ਦਾ ਪਤਾ, ਡੀਐਨਏ, ਦੂਜੇ ਨਾਂ ਸਬੰਧੀ ਜਾਣਕਾਰੀਆਂ ਵੀ ਇਸ ਰਜਿਸਟਰੀ ਦਾ ਹਿੱਸਾ ਹੋਣਗੀਆਂ।

ਹਾਰਵੇ ਵਾਇਨਸਟਨ 'ਤੇ ਰੇਪ ਦੇ ਦੋਸ਼ ਤੈਅ

ਹਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਮਾਤਾ ਹਾਰਵੀ ਵਾਇਨਸਟੀਨ 'ਤੇ ਦੋ ਔਰਤਾਂ ਨਾਲ ਬਲਾਤਕਾਰ ਅਤੇ ਜਿਣਸੀ ਸੋਸ਼ਣ ਦੇ ਮਾਮਲੇ ਵਿੱਚ ਦੋਸ਼ ਤੈਅ ਕੀਤਾ ਗਿਆ ਹੈ।

ਤਸਵੀਰ ਕੈਪਸ਼ਨ,

ਨਿਊ ਯਾਰਕ ਵਿੱਚ ਆਪਣੇ ਆਪ ਨੂੰ ਪੁਲਿਸ ਹਵਾਲੇ ਕਰਨ ਮਗਰੋਂ ਹਾਰਵੀ ਵਾਇਨਸਟੀਨ

ਇਸ ਤੋਂ ਪਹਿਲਾਂ ਉਨ੍ਹਾਂ ਨੇ ਨਿਊ ਯਾਰਕ ਵਿੱਚ ਖੁਦ ਨੂੰ ਪੁਲਿਸ ਦੇ ਹਵਾਲੇ ਕੀਤਾ। 66 ਸਾਲਾ ਵਾਇਨਸਟੀਨ ਉੱਤੇ ਦਰਜਨਾਂ ਔਰਤਾਂ ਨੇ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)