ਬਲਾਗ: 'ਗਗਨਦੀਪ ਸਿੰਘ, ਸਰਦਾਰ ਜੀ ਤੁਸੀਂ ਗ੍ਰੇਟ ਹੋ!'

ਗਗਨਦੀਪ ਸਿੰਘ Image copyright Facebook/Gagandeep Singh

ਗਗਨਦੀਪ ਸਿੰਘ ਨਾ ਕੋਈ ਦੀਵਾਰ ਹੈ ਅਤੇ ਨਾ ਹੀ ਲੋਹਾ। ਉਹ ਇੱਕ ਆਮ ਇਨਸਾਨ ਹਨ। ਉਨ੍ਹਾਂ ਦੀ ਮਨੁੱਖਤਾ ਹੀ ਉਨ੍ਹਾਂ ਦੀ ਪਛਾਣ ਹੈ। ਉਂਜ ਉਹ ਉਤਰਾਖੰਡ ਪੁਲਿਸ ਵਿੱਚ ਸਬ ਇਨਸਪੈਕਟਰ ਹਨ। ਜਾਂਬਾਜ਼ੀ ਅਤੇ ਹਿੰਮਤ ਦੀ ਮਿਸਾਲ ਹਨ।

ਇੱਕ ਮੁਸਲਮਾਨ ਮੁੰਡੇ ਨੂੰ ਭੀੜ ਤੋਂ ਬਚਾਉਂਦੇ ਹੋਏ ਉਨ੍ਹਾਂ ਦੀ ਤਸਵੀਰ ਇੱਕ ਝੁਲਸੇ ਹੋਏ ਸਮੇਂ ਵਿੱਚ ਰਾਹਤ ਦੇ ਬੁੱਲੇ ਵਾਂਗ ਆਈ ਹੈ।

ਹਾਲਾਂਕਿ ਤ੍ਰਾਸਦੀ ਇਹ ਹੈ ਕਿ ਇਹ ਹਾਲਾਤ ਹੀ ਨਹੀਂ ਬਣਨੇ ਚਾਹੀਦੇ ਸਨ ਪਰ ਅੱਜ ਦੇ ਹਾਲਾਤ ਵਿੱਚ ਇਸ ਦੇਸ ਨੂੰ ਅਜਿਹੀਆਂ ਹੋਰ ਤਸਵੀਰਾਂ ਦੀ ਲੋੜ ਹੈ।

ਇਹ ਵੀ ਸੱਚ ਹੈ ਕਿ ਅਜਿਹੀਆਂ ਤਸਵੀਰਾਂ ਐਵੇਂ ਹੀ ਨਹੀਂ ਬਣਦੀਆਂ। ਮਾੜੇ ਵੇਲੇ ਦੀ ਇਹ ਉਹ ਤਸਵੀਰ ਹੈ ਜੋ ਘੱਟ ਹੀ ਦੇਖਣ ਨੂੰ ਮਿਲਦੀ ਹੈ। ਜਿਸ ਨੂੰ ਇੱਕ ਠੋਸ ਮਨੁੱਖੀ ਹਿੰਮਤ ਨੇ ਸਿਰਜਿਆ ਹੈ। ਇਸ ਤੇ ਮਿੱਟੀ ਨਹੀਂ ਪਾਈ ਜਾ ਸਕਦੀ। ਇਸ ਨੂੰ ਧੁੰਦਲਾ ਨਹੀਂ ਕੀਤਾ ਜਾ ਸਕਦਾ।

ਛੋਟੀਆਂ-ਛੋਟੀਆਂ ਤਸਵੀਰਾਂ ਬਣ ਰਹੀਆਂ ਹਨ। ਰੋਜ਼ਾ ਤੋੜ ਕੇ ਖੂਨ ਦਾਨ ਕਰਕੇ ਜਾਨ ਬਚਾਉਣ ਵਾਲੇ ਗੋਪਾਲਗੰਜ ਦੇ ਆਲਮ ਜਾਵੇਦ ਅਤੇ ਦੇਹਰਾਦੂਨ ਦੇ ਆਰਿਫ਼ ਨੇ ਮਨੁੱਖਤਾ, ਤਰਸ ਅਤੇ ਪਿਆਰ ਦੀਆਂ ਅਜਿਹੀਆਂ ਹੀ ਤਸਵੀਰਾਂ ਸਾਨੂੰ ਦਿੱਤੀਆਂ ਹਨ।

ਭਾਵੁਕ ਕਰਦੀ ਤਸਵੀਰ

ਨੈਨੀਤਾਲ ਜ਼ਿਲ੍ਹੇ ਦੇ ਰਾਮਨਗਰ ਵਿੱਚ ਜਿਮ ਕਾਰਬੇਟ ਨੈਸ਼ਨਲ ਪਾਰਕ ਨੇੜੇ ਇੱਕ ਮੰਦਿਰ ਹੈ। ਜਿਸ ਕੋਲ ਇੱਕ ਨਦੀ ਹੈ। ਇਸ ਦੇ ਕੰਢੇ 'ਤੇ ਅਕਸਰ ਪ੍ਰੇਮੀ ਜੋੜੇ ਬੈਠਦੇ ਹਨ। ਮੁੰਡਾ ਆਪਣੀ ਹਿੰਦੂ ਦੋਸਤ ਨਾਲ ਬੈਠਾ ਸੀ ਕਿ 'ਲਵ ਜਿਹਾਦ' ਦਾ ਨਾਅਰਾ ਦੇਣ ਵਾਲੇ ਉੱਥੇ ਪਹੁੰਚ ਗਏ।

Image copyright Twitter/Dhruv Rathee

ਉਹ ਉਸ ਨੂੰ ਮਾਰ ਹੀ ਦਿੰਦੇ ਪਰ ਗਗਨਦੀਪ ਆਪਣੇ ਦੋਸਤਾਂ ਨਾਲ ਸਮੇਂ ਸਿਰ ਪਹੁੰਚ ਗਏ। ਧੌਂਸ, ਗਾਲ੍ਹਾਂ, ਮੁੱਕੇ ਅਤੇ ਧਮਕੀਆਂ ਆਪਣੀ ਪਿੱਠ 'ਤੇ ਸਹਿ ਲਈਆਂ ਅਤੇ ਮੁੰਡੇ ਨੂੰ ਆਪਣੀ ਛਾਤੀ ਨਾਲ ਚਿਪਕਾ ਲਿਆ।

ਇਹ ਤਸਵੀਰ ਭਾਵੁਕ ਕਰਦੀ ਹੈ ਪਰ ਉਸ ਤੋਂ ਵੱਧ ਲੁਕੇ ਹੋਏ ਵਿਵੇਕ ਨੂੰ ਝੰਝੋੜਦੀ ਹੈ। ਸਾਨੂੰ ਧਰਮ ਦੇ ਨਾਂ 'ਤੇ ਲੜਨ ਵਾਲੇ ਅਤੇ ਦੰਗਾਈਆਂ ਤੋਂ ਨਾ ਡਰਨ ਦੀ ਪ੍ਰੇਰਣਾ ਦਿੰਦੀ ਹੈ।

ਗਗਨਦੀਪ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੈ। ਗਗਨਦੀਪ ਘਟਨਾ ਵਾਲੀ ਥਾਂ ਨੇੜੇ ਹੀ ਡਿਊਟੀ 'ਤੇ ਤੈਨਾਤ ਸਨ।

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣਾ ਫਰਜ਼ ਅਦਾ ਕਰ ਰਹੇ ਸਨ। ਉਨ੍ਹਾਂ ਦਾ ਪਹਿਲਾ ਮਕਸਦ ਸੀ ਮੁੰਡੇ ਨੂੰ ਭੀੜ ਤੋਂ ਬਚਾਉਣਾ ਅਤੇ ਉਨ੍ਹਾਂ ਨੇ ਉਹੀ ਕੀਤਾ।

ਉਹ ਮੁੰਡਾ ਖੁਸ਼ਨਸੀਬ ਹੈ ਕਿ ਉਸ ਨੂੰ ਗਗਨਦੀਪ ਮਿਲ ਗਏ। ਨਹੀਂ ਤਾਂ ਉਸ ਦੀ ਕੀ ਹਾਲਤ ਹੁੰਦੀ ਸੋਚ ਕੇ ਦਿਲ ਡਰ ਜਾਂਦਾ ਹੈ ਅਤੇ ਰੂਹ ਕੰਬ ਜਾਂਦੀ ਹੈ।

ਅਰੂਨਧਤੀ ਰਾਏ ਨੇ ਆਪਣੇ ਨਾਵਲ 'ਦਿ ਮਿਨਿਸਟ੍ਰੀ ਆਫ਼ ਅਟਮੋਸਟ ਹੈਪੀਨੈਸ' ਵਿੱਚ ਜ਼ਿਕਰ ਕੀਤਾ ਹੈ: ਭਗਵਾ ਪੈਰਾਕੀਟ। ਅਸਮਾਨ ਨੂੰ ਆਪਣੀਆਂ ਚੀਕਾਂ ਨਾਲ ਫਾੜਦੇ ਇਹ ਪੈਰਾਕੀਟ ਖੌਫ਼ ਵਿੱਚ ਪਾਉਣਾ ਚਾਹੁੰਦੇ ਹਨ ਕਿ ਨਾਗਰਿਕ ਡਰਨ ਅਤੇ ਝੁਕਣ।

'ਗਗਨਦੀਪ ਵਰਗੇ ਅਧਿਕਾਰੀਆਂ ਦੀ ਲੋੜ'

ਉਤਰਾਖੰਡ ਵਿੱਚ ਪੁਲਿਸ ਨੇ ਹਾਲ ਦੇ ਦਿਨਾਂ ਵਿੱਚ ਇੱਕ ਤੋਂ ਇੱਕ ਵਾਰਦਾਤਾਂ ਟਾਲੀਆਂ ਹਨ। ਉਧਮ ਸਿੰਘ ਨਗਰ, ਕੋਟਦਵਾਰ, ਸਤਪੁਲੀ, ਮਸੂਰੀ ਆਦਿ।

Image copyright Facebook/Gagandeep Singh

ਗਗਨਦੀਪ ਸਿੰਘ ਵਰਗੇ ਪੁਲਿਸ ਅਧਿਕਾਰੀਆਂ ਦੀ ਸ਼ਿੱਦਤ ਨਾਲ ਲੋੜ ਮਹਿਸੂਸ ਹੁੰਦੀ ਹੈ ਪਰ ਇਹ ਵੀ ਦੇਖੋ ਕਿ ਕਾਨੂੰਨ ਦੀ ਰਖਵਾਲੀ ਕਰਨਾ ਅਤੇ ਮੁਸ਼ਤੈਦ ਡਿਊਟੀ ਕਰਨਾ ਸੌਖਾ ਨਹੀਂ ਹੈ।

ਬਦਲਾਅ ਦੀਆਂ ਆਵਾਜ਼ਾਂ ਅਤੇ ਹਲਚਲਾਂ ਵੀ ਅਜਿਹੇ ਮਾੜੇ ਵੇਲੇ ਵਿੱਚ ਨਵੀਂ ਅੰਗੜਾਈ ਲੈਂਦੀਆਂ ਹਨ।

ਕਾਰੋਬਾਰੀ ਲਿਬਰਲਾਂ ਜਾਂ ਇਨਆਰਗੇਨਿਕ ਬੁੱਧੀਜੀਵੀਆਂ ਜਾਂ ਸਿਆਸੀ ਸਾਜਿਸ਼ਕਰਤਾ ਦੀਆਂ ਪਲਟਨਾਂ, ਇਨਸਾਫ਼ ਦੀ ਪੁਕਾਰ ਨੂੰ ਘਾਹ ਦੀ ਤਰ੍ਹਾਂ ਦਰੜਦੇ ਹੋਏ ਤਾਂ ਲੰਘ ਸਕਦੀ ਹੈ ਪਰ ਉਸ ਨੂੰ ਮਿਟਾ ਨਹੀਂ ਸਕਦੀ।

ਪਿੱਛੋਂ ਆਉਂਦੀਆਂ ਹਵਾਵਾਂ ਅਤੇ ਧੁੱਪ ਦੀ ਤਹਿ ਅਤੇ ਮਿੱਟੀ ਦੀ ਨਮੀ ਉਨ੍ਹਾਂ ਨੂੰ ਫਿਰ ਬੁਲੰਦ ਕਰ ਦਿੰਦੀ ਹੈ।

ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)