IPL: ਜਾਣੋ ਕਿੰਨੀ ਹੁੰਦੀ ਹੈ ਚੀਅਰ ਲੀਡਰਜ਼ ਦੀ ਕਮਾਈ

  • ਸੁਰਿਆਂਸ਼ੀ ਪਾਂਡੇ
  • ਬੀਬੀਸੀ ਪੱਤਰਕਾਰ
ਕੁਝ ਚੀਅਰ ਲੀਡਰਜ਼ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਾਰਤ ਵਿੱਚ ਸੈਲੀਬਰੇਟੀ ਵਰਗਾ ਲੱਗਦਾ ਹੈ
ਤਸਵੀਰ ਕੈਪਸ਼ਨ,

ਕੁਝ ਚੀਅਰ ਲੀਡਰਜ਼ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਾਰਤ ਵਿੱਚ ਸੈਲੀਬ੍ਰਿਟੀ ਵਰਗਾ ਲੱਗਦਾ ਹੈ

ਆਈਪੀਐੱਲ ਦੇ ਹਰ ਛਿੱਕੇ ਅਤੇ ਚੌਕੇ 'ਤੇ ਨੱਚਦੀਆਂ ਚੀਅਰਲੀਡਰਜ਼ ਹਰ ਕਿਸੇ ਦਾ ਧਿਆਨ ਖਿੱਚਦੀਆਂ ਹਨ।

ਆਈਪੀਐੱਲ ਦੀ ਚਮਕ ਤੇ ਗਲੈਮਰ ਵਿਚਾਲੇ ਉਨ੍ਹਾਂ ਚੀਅਰ ਲੀਡਰਜ਼ ਦੀਆਂ ਕਹਾਣੀਆਂ ਕਿਤੇ ਗੁਆਚ ਜਾਂਦੀਆਂ ਹਨ ਜੋ ਹਰ ਹਰ ਸਾਲ ਖਿਡਾਰੀਆਂ ਵਾਂਗ ਹੀ ਮੈਦਾਨ ਤੇ ਪਰਫੌਰਮ ਕਰਦੀਆਂ ਹਨ।

ਇਨ੍ਹਾਂ ਬਾਰੇ ਗੱਲਾਂ ਕਈ ਹੁੰਦੀਆਂ ਹਨ ਪਰ ਕੀ ਕਦੇ ਤੁਸੀਂ ਇਨ੍ਹਾਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਹੈ?

ਇਸ ਸਾਲ 8 ਟੀਮਾਂ ਵਿੱਚ 6 ਟੀਮਾਂ ਦੀਆਂ ਚੀਅਰ ਲੀਡਰਜ਼ ਵਿਦੇਸ਼ੀ ਮੂਲ ਦੀਆਂ ਰਹੀਆਂ ਹਨ ਜਦਕਿ ਚੇੱਨਈ ਸੂਪਰਕਿੰਗਸ ਅਤੇ ਰਾਜਸਥਾਨ ਰੌਇਲਜ਼ ਦੀਆਂ ਚੀਅਰ ਲੀਡਰਜ਼ ਭਾਰਤੀ ਮੂਲ ਦੀਆਂ ਸਨ।

ਜਦੋਂ ਅਸੀਂ ਦਿੱਲੀ ਡੇਅਰਡੈਵਿਲਸ ਦੀਆਂ ਚੀਅਰ ਲੀਡਰਜ਼ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦਿਲ ਖੋਲ੍ਹ ਕੇ ਕਈ ਗੱਲਾਂ ਦੱਸੀਆਂ ਜਿਵੇਂ ਉਹ ਇੰਤਜ਼ਾਰ ਕਰ ਰਹੀਆਂ ਹੋਣ ਕਿ ਉਨ੍ਹਾਂ ਦੇ ਨਾਲ ਵੀ ਕੋਈ ਗੱਲਬਾਤ ਕਰੇ।

ਕੌਣ ਹਨ ਇਹ ਚੀਅਰ ਲੀਡਰਜ਼?

ਦਿੱਲੀ ਡੇਅਰਡੇਵਿਲਜ਼ ਦੀ ਜਿਨ੍ਹਾਂ ਚੀਅਰ ਲੀਡਰਜ਼ ਨਾਲ ਅਸੀਂ ਰੂਬਰੂ ਹੋਏ ਉਨ੍ਹਾਂ ਵਿੱਚੋਂ ਚਾਰ ਕੁੜੀਆਂ ਯੂਰਪ ਦੀਆਂ ਸਨ ਅਤੇ ਦੋ ਆਸਟ੍ਰੇਲੀਆ ਤੋਂ ਆਈਆਂ ਸਨ।

IPL ਵਿੱਚ ਵਧੇਰੇ ਚੀਅਰ ਲੀਡਰਜ਼ ਯੂਰਪ ਤੋਂ ਆਉਂਦੀਆਂ ਹਨ। ਆਸਟਰੇਲੀਆ ਤੋਂ ਆਈ ਕੈਥਰੀਨ ਨੇ ਦੱਸਿਆ ਕਿ ਉਹ ਪੇਸ਼ੇ ਤੋਂ ਡਾਂਸਰ ਹੈ ਅਤੇ ਕਈ ਦੇਸਾਂ ਵਿੱਚ ਪਰਫੌਰਮ ਕਰ ਚੁੱਕੀ ਹਨ ਅਤੇ ਹਾਲ ਵਿੱਚ ਹੀ ਉਹ 6 ਮਹੀਨੇ ਦੇ ਲਈ ਮੈਕਸਿਕੋ ਗਈ ਸੀ।

ਕੈਥਰੀਨ ਮੁਤਾਬਕ, "ਤਿੰਨ ਸਾਲ ਦੀ ਉਮਰ ਤੋਂ ਹੀ ਮੈਨੂੰ ਡਾਂਸ ਦਾ ਜਨੂੰਨ ਸੀ ਅਤੇ ਇਹੀ ਜਨੂੰਨ ਮੈਨੂੰ ਹੌਲੀ-ਹੌਲੀ ਚੀਅਰਲੀਡਿੰਗ ਦੇ ਪੇਸ਼ੇ ਵੱਲ ਖਿੱਚ ਲਿਆਇਆ।''

ਵੀਡੀਓ ਕੈਪਸ਼ਨ,

ਚੀਅਰ ਲੀਡਰਜ਼

ਚੀਅਰ ਲੀਡਿੰਗ ਕਰਦਿਆਂ ਟੁੱਟੀਆਂ ਪਸਲੀਆਂ

ਜੇ ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਪੇਸ਼ੇ ਵਿੱਚ ਆਉਣ ਵਾਲੇ ਸਿਰਫ਼ ਡਾਂਸ ਹੀ ਕਰਦੇ ਹਨ ਤਾਂ ਇੰਗਲੈਂਡ ਦੇ ਮੈਨਚੈਸਟਰ ਤੋਂ ਆਈ ਡੈਨ ਬੇਟਮੈਨ ਜੋ ਦੱਸ ਰਹੀ ਹੈ ਉਹ ਤੁਹਾਨੂੰ ਹੈਰਾਨ ਕਰ ਦੇਣ ਲਈ ਕਾਫ਼ੀ ਹੈ।

ਡੈਨ ਬੇਟਮੈਨ ਨੇ ਦੱਸਿਆ, "ਜਦੋਂ ਮੈਂ 11 ਸਾਲ ਦੀ ਸੀ ਤਾਂ ਮੈਂ ਸਕੂਲ ਵਿੱਚ ਚੀਅਰ ਲੀਡਿੰਗ ਕਰਨਾ ਸ਼ੁਰੂ ਕਰ ਦਿੱਤਾ ਸੀ। ਸਕੂਲ ਵਿੱਚ ਚੀਅਰ ਲੀਡਿੰਗ ਕਰਨ ਦੌਰਾਨ ਇੱਕ ਵਾਰ ਮੇਰੀਆਂ ਪਸਲੀਆਂ ਟੁੱਟ ਗਈਆਂ ਸਨ। ਮੈਨੂੰ ਉਸ ਸੱਟ ਤੋਂ ਉਭਰਨ ਵਿੱਚ ਕਾਫੀ ਵਕਤ ਲੱਗ ਗਿਆ ਸੀ।''

ਤਸਵੀਰ ਕੈਪਸ਼ਨ,

ਅਮਰੀਕਾ ਵਿੱਚ ਚੀਅਰ ਲੀਡਰਜ਼ ਦਾ ਸਭ ਤੋਂ ਜ਼ਿਆਦਾ ਬੋਲਬਾਲਾ ਹੈ

ਡੈਨ ਬੇਟਮੈਨ ਦੱਸਦੀ ਹੈ ਕਿ IPL ਵਿੱਚ ਸਿਰਫ਼ ਡਾਂਸ ਹੁੰਦਾ ਹੈ ਪਰ ਵਿਦੇਸ਼ਾਂ ਵਿੱਚ ਚੀਅਰ ਲੀਡਰਜ਼ ਨੂੰ ਫਾਰਮੇਸ਼ਨਜ਼ ਵੀ ਬਣਾਉਣੀਆਂ ਹੁੰਦੀਆਂ ਹਨ ਜਿਸ ਦੇ ਲਈ ਸਰੀਰ ਦਾ ਲਚੀਲਾ ਹੋਣਾ ਜ਼ਰੂਰੀ ਹੋਣਾ ਚਾਹੀਦਾ ਹੈ।

ਉਹ ਦੱਸਦੀ ਹੈ ਕਿ ਇਹ ਇੱਕ ਖੇਡ ਵਾਂਗ ਹੀ ਹੈ। ਅਸੀਂ ਵੀ ਓਨੀ ਮਿਹਨਤ ਅਤੇ ਟਰੇਨਿੰਗ ਕਰਦੇ ਹਾਂ ਜਿੰਨੀ ਮੈਦਾਨ 'ਤੇ ਖਿਡਾਰੀ ਕਰਦਾ ਹੈ।

ਡੈਨ ਦੱਸਦੀ ਹੈ ਕਿ ਉਹ ਇਸ ਤੋਂ ਪਹਿਲਾਂ ਬਾਕਸਿੰਗ ਦੇ ਖੇਡ ਦੇ ਲਈ ਵੀ ਚੀਅਰ ਲੀਡਿੰਗ ਕਰ ਚੁੱਕੀ ਹੈ।

ਜਦੋਂ ਮਰਦ ਚੀਅਰ ਲੀਡਰ ਹੁੰਦੇ ਸੀ

ਚੀਅਰ ਲੀਡਿੰਗ ਦੀ ਰਵਾਇਤ ਅਮਰੀਕਾ ਵਿੱਚ ਸਭ ਤੋਂ ਜ਼ਿਆਦਾ ਮਸ਼ਹੂਰ ਹੈ। ਯੂਰਪ ਵਿੱਚ ਹੋਣ ਵਾਲੀਆਂ ਖੇਡਾਂ ਵਿੱਚ ਇਸਨੂੰ ਕਾਫੀ ਦੇਖਿਆ ਜਾਂਦਾ ਹੈ।

ਚੀਅਰ ਲੀਡਿੰਗ ਦੀ ਸ਼ੁਰੂਆਤ ਅਮਰੀਕਾ ਦੀ ਯੂਨੀਵਰਸਿਟੀ ਆਫ ਮਿਨੀਸੋਟਾ ਵਿੱਚ ਹੋਈ ਸੀ ਅਤੇ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਦੀ ਸ਼ੁਰੂਆਤ ਕਿਸੇ ਕੁੜੀ ਨੇ ਨਹੀਂ ਸਗੋਂ ਬਲਕਿ ਇੱਕ ਮਰਦ ਨੇ ਕੀਤੀ ਸੀ ਜਿਸ ਦਾ ਨਾਂ ਜੌਨ ਕੈਂਪਬਲ ਸੀ।

ਤਸਵੀਰ ਕੈਪਸ਼ਨ,

IPL ਵਿੱਚ 60 ਚੀਅਰ ਲੀਜਰਜ਼ ਵਿਦੇਸ਼ੀ ਮੂਲ ਦੀਆਂ ਹਨ

ਇਹੀ ਨਹੀਂ ਜੋ ਚੀਅਰ ਸਕਵੈਡ ਉਨ੍ਹਾਂ ਨੇ ਬਣਾਇਆ ਸੀ ਉਸ ਵਿੱਚ ਸਾਰੇ ਮਰਦ ਸਨ। ਭਾਵੇਂ 1940 ਤੋਂ ਬਾਅਦ ਦੂਜੀ ਵਿਸ਼ਵ ਜੰਗ ਦੌਰਾਨ ਮਰਦਾਂ ਨੂੰ ਜੰਗ ਦੇ ਲਈ ਜਾਣਾ ਪੈਂਦਾ ਸੀ ਜਿਸ ਤੋਂ ਬਾਅਦ ਔਰਤਾਂ ਦੀ ਬਤੌਰ ਚੀਅਰ ਲੀਡਰਜ਼ ਵਜੋਂ ਭਰਤੀ ਹੋਣ ਲੱਗੀ।

ਚੀਅਰ ਲੀਡਰਜ਼ ਦੀ ਤਨਖ਼ਾਹ

ਖੈਰ ਇਤਿਹਾਸ ਤੋਂ ਤੁਹਾਨੂੰ ਮੌਜੂਦਾ ਦੌਰ ਵੱਲ ਵਾਪਸ ਲੈ ਜਾਂਦੇ ਹਾਂ ਅਤੇ ਹੁਣ ਗੱਲ ਕਰਦੇ ਹਾਂ ਚੀਅਰ ਲੀਡਰਜ਼ ਦੀ ਆਮਦਨ ਬਾਰੇ। ਆਖਰਕਾਰ ਕਿੰਨੀ ਹੁੰਦੀ ਹੈ ਚੀਅਰ ਲੀਡਰਜ਼ ਦੀ ਤਨਖ਼ਾਹ?

ਅਸੀਂ ਇਨ੍ਹਾਂ ਦੀ ਇੱਕ ਏਜੰਸੀ ਦੇ ਮੁਲਾਜ਼ਮ ਨਾਲ ਸੰਪਰਕ ਕੀਤਾ ਜਿਸ ਨੇ ਸਾਨੂੰ ਦੱਸਿਆ ਗਿਆ ਕਿ ਵਿਦੇਸ਼ਾਂ ਤੋਂ ਆਈਆਂ ਚੀਅਰ ਲੀਡਰਸ ਏਜੰਸੀਆਂ ਜ਼ਰੀਏ ਆਉਂਦੀਆਂ ਹਨ ਅਤੇ ਇਨ੍ਹਾਂ ਏਜੰਸੀਆਂ ਨਾਲ ਹੀ ਕਰਾਰ ਕੀਤਾ ਜਾਂਦਾ ਹੈ।

ਉਨ੍ਹਾਂ ਨੇ ਦੱਸਿਆ ਕਿ IPL ਵਿੱਚ ਵਿਦੇਸ਼ੀ ਮੂਲ ਦੀ ਚੀਅਰ ਲੀਡਰ ਤਕਰੀਬਨ 1500-2000 ਪਾਊਂਡ ਯਾਨੀ ਤਕਰੀਬਨ ਇੱਕ ਲੱਖ ਤੋਂ 80 ਹਜ਼ਾਰ ਰੁਪਏ ਹਰ ਮਹੀਨੇ ਕਮਾਉਂਦੀਆਂ ਹਨ।

ਤਸਵੀਰ ਕੈਪਸ਼ਨ,

IPL ਵਿੱਚ ਜ਼ਿਆਦਾਤਰ ਚੀਅਰ ਲੀਡਰਜ਼ ਯੂਰਪ ਤੋਂ ਆਉਂਦੀਆਂ ਹਨ

ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਯੂਰਪੀਅਨ ਚੀਅਰ ਲੀਡਰਜ਼ ਅਤੇ ਕਿਸੇ ਹੋਰ ਦੇਸ ਤੋਂ ਆਈਆਂ ਚੀਅਰ ਲੀਡਰਜ਼ ਵਿਚਾਲੇ ਤਨਖ਼ਾਹ ਦਾ ਅੰਤਰ ਹੁੰਦਾ ਹੈ।

ਜਦੋਂ ਅਸੀਂ ਚੀਅਰ ਲੀਡਰਜ਼ ਤੋਂ ਉਨ੍ਹਾਂ ਦੇ ਤਨਖ਼ਾਹ ਬਾਰੇ ਉਨ੍ਹਾਂ ਦੀ ਰਾਏ ਪੁੱਛੀ ਤਾਂ ਦਿੱਲੀ ਡੇਅਰਡੈਵਿਲਜ਼ ਦੀ ਚੀਅਰ ਲੀਡਰ ਐਲੇ ਨੇ ਕਿਹਾ ਕਿ ਜਿੰਨੀ ਮਿਹਨਤ ਉਹ ਕਰਦੀਆਂ ਹਨ ਅਤੇ ਜਿਸ ਦੇਸ ਤੋਂ ਉਹ ਆਉਂਦੀਆਂ ਹਨ ਉਸ ਹਿਸਾਬ ਨਾਲ ਉਹ ਆਪਣੀ ਤਨਖ਼ਾਹ ਤੋਂ ਸੰਤੁਸ਼ਟ ਨਹੀਂ ਹਨ।

ਕੀ ਦਰਸ਼ਕਾਂ ਦੀਆਂ ਨਜ਼ਰਾਂ ਪ੍ਰੇਸ਼ਾਨ ਕਰਦੀਆਂ ਹਨ?

ਆਖਿਰਕਾਰ IPL ਦੌਰਾਨ ਚੀਅਰ ਲੀਡਰਜ਼ ਨੂੰ ਕਿਵੇਂ ਦਾ ਮਹਿਸੂਸ ਹੁੰਦੀ ਹੈ।

ਡੈਨ ਬੇਟਮੈਨ ਦੱਸਦੀ ਹੈ ਕਿ ਭਾਰਤ ਵਿੱਚ ਉਨ੍ਹਾਂ ਨੂੰ ਆ ਕੇ ਬਹੁਤ ਚੰਗਾ ਲੱਗਦਾ ਹੈ ਅਤੇ ਇੱਥੇ ਉਹ ਕਿਸੇ ਸੈਲੀਬ੍ਰਿਟੀ ਵਾਂਗ ਮਹਿਸੂਸ ਕਰਦੀਆਂ ਹਨ। ਲੋਕ ਉਨ੍ਹਾਂ ਦਾ ਆਟੋਗ੍ਰਾਫ ਮੰਗਦੇ ਹਨ।

ਭਾਵੇਂ ਦਰਸ਼ਕਾਂ ਨੂੰ ਨਸੀਹਤ ਦਿੰਦੇ ਹੋਏ ਇੰਗਲੈਂਡ ਤੋਂ ਆਈ ਡੈਨ ਬੇਟਮੈਨ ਕਹਿੰਦੀ ਹੈ ਕਿ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਕਿ ਪੋਡੀਅਮ 'ਤੇ ਡਾਂਸ ਕਰਦੀਆਂ ਕੁੜੀਆਂ ਕੋਈ ਭੋਗ-ਵਿਲਾਸ ਦਾ ਸਾਮਾਨ ਨਹੀਂ ਹਨ।

"ਅਸੀਂ ਕੁੜੀਆਂ ਹਾਂ ਜਿਨ੍ਹਾਂ ਦਾ ਪੇਸ਼ਾ ਚੀਅਰ ਲੀਡਿੰਗ ਹੈ। ਸਾਨੂੰ ਇਨਸਾਨ ਵਾਂਗ ਸਮਝਿਆ ਜਾਵੇ ਅਤੇ ਨਾ ਕੋਈ ਸਾਡੇ ਸਰੀਰ 'ਤੇ ਟਿੱਪਣੀ ਕਰੇ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)