'ਵੇਦਾਂਤਾ ਅਤੇ ਭਾਰਤ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਲੋਕ'

  • ਵਿਨੀਤ ਖਰੇ
  • ਪੱਤਰਕਾਰ ਬੀਬੀਸੀ
ਅਨਿਲ ਅਗਰਵਾਲ

ਟਿਊਟੀਕੋਰਿਨ ਵਿੱਚ ਪੁਲਿਸ ਫਾਇਰਿੰਗ ਅਤੇ ਕੁੱਟਮਾਰ ਵਿੱਚ ਮਾਰੇ ਗਏ 13 ਲੋਕਾਂ ਦੀ ਮੌਤ 'ਤੇ ਜਾਰੀ ਹੰਗਾਮੇ 'ਤੇ ਵੇਦਾਂਤਾ ਦੇ ਮੁਖੀ ਅਨਿਲ ਅਗਰਵਾਲ ਦਾ ਕਹਿਣਾ ਹੈ ਕਿ ਕੁਝ ਨਿੱਜੀ ਸਵਾਰਥ ਵਾਲੇ ਲੋਕ ਉਨ੍ਹਾਂ ਦੀ ਕੰਪਨੀ ਵੇਦਾਂਤਾ ਅਤੇ ਭਾਰਤ ਨੂੰ ਬਦਨਾਮ ਕਰਨਾ ਚਾਹੁੰਦੇ ਹਨ।

ਦਰਅਸਲ ਬੀਬਸੀ ਨੇ ਵੇਦਾਂਤਾ ਦੇ ਖ਼ਿਲਾਫ਼ ਜਾਰੀ ਪ੍ਰਦਰਸ਼ਨ ਅਤੇ ਲੋਕਾਂ ਦੇ ਮਾਰੇ ਜਾਣ 'ਤੇ ਕੰਪਨੀ ਦਾ ਪੱਖ ਜਾਣਨ ਲਈ ਮੁਖੀ ਅਨਿਲ ਅਗਰਵਾਲ ਨੂੰ ਇੱਕ ਈਮੇਲ ਲਿਖਿਆ ਸੀ, ਜਿਸ ਵਿੱਚ ਉਨ੍ਹਾਂ ਨੂੰ ਕਈ ਸਵਾਲ ਪੁੱਛੇ ਗਏ ਸਨ।

ਸਵਾਲਾਂ ਦੇ ਜਵਾਬ ਵਿੱਚ ਅਨਿਲ ਅਗਰਵਾਲ ਕਹਿੰਦੇ ਹਨ ਕਿ, "ਟਿਊਟੀਕੋਰਿਨ ਵਿੱਚ ਪ੍ਰਦਰਸ਼ਨ ਕੁਝ ਨਿੱਜੀ ਸਵਾਰਥ ਵਾਲੇ ਲੋਕਾਂ ਦਾ ਕੀਤਾ-ਧਰਿਆ ਹੈ ਜੋ ਨਾ ਸਿਰਫ਼ ਵੇਦਾਂਤਾ ਬਲਕਿ ਖਿੱਚਵੇਂ ਨਿਵੇਸ਼ ਸਥਾਨ ਵਜੋਂ ਭਾਰਤ ਸ਼ਾਨ ਖ਼ਰਾਬ ਕਰ ਰਹੇ ਹਨ।"

ਅਨਿਲ ਅਗਰਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿਸ਼ਵਾਸ਼ ਹੈ ਕਿ ਸੂਬਾ ਸਰਕਾਰ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ ਉਸ ਨਾਲ ਹੀ ਸੱਚ ਬਾਹਰ ਆਵੇਗਾ।

ਸਟੱਰਲਾਈਟ 'ਤੇ ਕੀ ਨੇ ਇਲਜ਼ਾਮ?

ਟਿਊਟੀਕੋਰਿਨ ਵਿੱਚ ਵੇਦਾਂਤਾ ਗਰੁੱਪ ਦੀ ਕੰਪਨੀ ਸਟੱਰਲਾਈਟ ਕੋਪਰ ਦੇ ਖ਼ਿਲਾਫ਼ ਪ੍ਰਦਰਸ਼ਨ 'ਤੇ ਪੁਲਿਸ ਫਾਇਰਿੰਗ ਅਤੇ ਲਾਠੀਚਾਰਜ਼ ਵਿੱਚ ਹੁਣ ਤੱਕ 13 ਲੋਕ ਮਾਰੇ ਗਏ ਹਨ। ਇਹ ਵਿਰੋਧ ਲੰਬੇ ਸਮੇਂ ਤੋਂ ਜਾਰੀ ਹੈ।

ਸਥਾਨਕ ਲੋਕਾਂ ਦਾ ਇਲਜ਼ਾਮ ਹੈ ਕਿ ਸਟੱਰਲਾਈਟ ਕੋਪਰ ਪਲਾਂਟ ਤੋਂ ਨਿਕਲਣ ਵਾਲਾ ਖ਼ਤਰਨਾਕ ਉਦਯੌਗਿਕ ਕੂੜਾ, ਜ਼ਮੀਨ, ਹਵਾ ਅਤੇ ਪਾਣੀ ਵਿੱਚ ਪ੍ਰਦੂਸ਼ਨ ਫੈਲਾਉਣ ਤੋਂ ਇਲਾਵਾ ਉਨ੍ਹਾਂ ਦੀ ਸਿਹਤ ਨੂੰ ਵੱਡਾ ਨੁਕਸਾਨ ਪਹੁੰਚ ਰਿਹਾ ਹੈ ਜਿਸ ਨਾਲ ਲੋਕਾਂ ਦੀ ਮੌਤ ਵੀ ਹੋਈ ਹੈ ਅਤੇ ਉਹ ਚਾਹੁੰਦੇ ਹਨ ਉਸ ਨੂੰ ਬੰਦ ਕੀਤਾ ਜਾਵੇ।

ਹਾਲਾਂਕਿ ਕੰਪਨੀ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕਰਦੀ ਹੈ।

ਟਿਊਟੀਕੋਰਿਨ ਵਿੱਚ ਅਜੇ ਵੀ ਵੱਡੀ ਗਿਣਤੀ ਵਿੱਚ ਪੁਲਿਸ ਮੌਜੂਦ ਹੈ ਅਤੇ ਇੰਟਰਨੈੱਟ ਬੰਦ ਹੈ। ਸੂਬਾ ਸਰਕਾਰ ਨੇ ਘਟਨਾ ਦੀ ਨਿਆਂਇਕ ਜਾਂਚ ਦੇ ਹੁਕਮ ਜਾਰੀ ਕੀਤੇ ਹਨ।

ਤਮਿਲਨਾਡੂ ਦੇ ਮੁੱਖ ਮੰਤਰੀ ਈਕੇ ਪਲਾਨੀਸਵਾਮੀ ਨੇ ਵੀ ਵੀਰਵਾਰ ਨੂੰ ਕਿਹਾ ਸਿ ਕਿ ਕੁਝ ਸਿਆਸੀ ਨੇਤਾ ਅਤੇ ਅਸਮਾਜਿਕ ਤੱਤ ਪ੍ਰਦਰਸ਼ਨਾਂ ਵਿੱਚ ਆ ਰਲੇ ਹਨ ਅਤੇ ਇਸ ਨੂੰ ਗ਼ਲਤ ਰਾਹ 'ਤੇ ਲੈ ਗਏ ਹਨ।

ਇਸ ਬਿਆਨ ਦੀ ਸੋਸ਼ਲ ਮੀਡੀਆ 'ਤੇ ਕਾਫੀ ਨਿਖੇਧੀ ਹੋਈ ਸੀ।

ਅਨਿਲ ਅਗਰਵਾਲ ਨੇ ਵੀਰਵਾਰ ਨੂੰ ਟਵਿੱਟਰ 'ਤੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਟਿਊਟੀਕੋਰਿਨ ਦੀਆਂ ਘਟਨਾਵਾਂ ਨੂੰ "ਮੰਦਭਾਗਾ" ਅਤੇ ਦੁਖ ਦੇਣ ਵਾਲੀਆਂ ਦੱਸਿਆ ਸਨ।

ਆਪਣੇ ਵੀਡੀਓ ਸੰਦੇਸ਼ ਵਿੱਚ ਅਨਿਲ ਨੇ ਕਿਹਾ ਸੀ ਕਿ ਉਹ ਵਪਾਰ ਲੋਕਾਂ ਦੀ ਮਰਜ਼ੀ ਨਾਲ ਅੱਗੇ ਵਧਾਉਣਾ ਚਾਹੁੰਣਗੇ ਅਤੇ ਇਹ ਉਨ੍ਹਾਂ ਦੀ ਤਰੱਕੀ ਲਈ ਹੈ।

ਪਹਿਲਾਂ ਵੀ ਵਿਵਾਦਾਂ ਵਿੱਚ ਰਹੀ ਹੈ ਵੇਦਾਂਤਾ

ਵਾਤਾਵਰਣ ਨਾਲ ਜੁੜੇ ਸਵਾਲਾਂ ਬਾਰੇ ਅਨਿਲ ਅਗਰਵਾਲ ਦਾ ਕਹਿਣਾ ਹੈ, "ਕੰਪਨੀ ਸਿਹਤ, ਸੁਰੱਖਿਆ ਅਤੇ ਵਾਤਾਵਰਣ ਨਾਲ ਜੁੜੇ ਸਾਰੇ ਮਾਨਕਾਂ ਦਾ ਪਾਲਣ ਕਰਦੀ ਹੈ ਅਤੇ ਪਿਛਲੇ ਸਾਲਾਂ ਵਿੱਚ ਕੰਪਨੀ ਨੇ ਪ੍ਰਸ਼ਾਸਨ ਅਤੇ ਕੇਂਦਰੀ ਵਾਤਾਵਰਣ ਮੰਤਰਾਲੇ ਦੇ ਸਾਰੇ ਨੇਮਾਂ ਦਾ ਪਾਲਣ ਕੀਤਾ ਹੈ।"

ਸਥਾਨਕ ਲੋਕ ਅਤੇ ਵਰਕਰਾਂ ਕੰਪਨੀ ਦੇ ਇਨ੍ਹਾਂ ਦਾਅਵਿਆਂ ਨੂੰ ਗ਼ਲਤ ਦੱਸਦੇ ਹਨ।

ਕੀ ਘਟਨਾ ਵਿੱਚ ਮਾਰੇ ਗਏ ਲੋਕਾਂ ਦੀ ਮਦਦ ਲਈ ਉਨ੍ਹਾਂ ਦੀ ਮਦਦ ਦੀ ਯੋਜਨਾ ਹੈ, ਇਸ 'ਤੇ ਅਨਿਲ ਅਗਰਵਾਲ ਵੱਲੋਂ ਸਿੱਧਾ ਜਵਾਬ ਨਹੀਂ ਮਿਲਿਆ ਅਤੇ ਕਿਹਾ ਗਿਆ ਹੈ, "ਇਸ ਸੰਕਟ ਦੇ ਮੌਕਿਆਂ 'ਤੇ ਟਿਊਟੀਕੋਰਿਨ ਦੇ ਲੋਕਾਂ ਨੂੰ ਜੋ ਵੀ ਮਦਦ ਚਾਹੀਦੀ ਹੋਵੇਗੀ ਅਸੀਂ ਉਨ੍ਹਾਂ ਦੀ ਮਦਦ ਕਰਾਂਗੇ।''

"ਕੰਪਨੀ ਨੇ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਭਾਈਚਾਰੇ ਅਤੇ ਕਰਮਚਾਰੀਆਂ ਦੀ ਸੁਰੱਖਿਆ ਲਈ ਅਪੀਲ ਕੀਤੀ ਹੈ।"

ਤਮਿਲਨਾਡੂ ਦੇ ਟਿਊਟੀਕੋਰਿਨ ਤੋਂ ਪਹਿਲਾਂ ਉਡੀਸਾ ਅਤੇ ਛੱਤੀਸਗੜ੍ਹ ਵਿੱਚ ਵੀ ਆਪਣੇ ਨਿਵੇਸ਼ ਬਾਰੇ ਵਿਵਾਦਾਂ ਵਿੱਚ ਰਹੇ ਹਨ। ਅਜਿਹਾ ਕਿਉਂ ਹੈ, ਇਸ 'ਤੇ ਪੁੱਛੇ ਗਏ ਸਵਾਲ ਦਾ ਬਿਹਾਰ ਦੇ ਪਟਨਾ 'ਚ ਪੈਦਾ ਹੋਏ ਅਨਿਲ ਅਗਰਵਾਲ ਨੋ ਕੋਈ ਜਵਾਬ ਨਹੀਂ ਦਿੱਤਾ।

ਚਾਰ ਲੱਖ ਟਨ ਤਾਂਬੇ ਦਾ ਉਤਪਾਦਨ ਕਰਦੀ ਹੈ ਸਟੱਰਲਾਈਟ

ਜਿਸ ਤਰ੍ਹਾਂ ਟਿਊਟੀਕੋਰਿਨ ਵਿੱਚ ਪੁਲਿਸ ਵੱਲੋਂ ਲੋਕਾਂ 'ਤੇ ਗੋਲੀਆਂ ਚਲਾਈਆਂ ਗਈਆਂ ਅਤੇ ਉਨ੍ਹਾਂ ਨੂੰ ਕੁੱਟਿਆ-ਮਾਰਿਆ ਗਿਆ, ਇਸ 'ਤੇ ਅਜਿਹੇ ਇਲਜ਼ਾਮ ਵੀ ਲੱਗੇ ਹਨ ਕਿ ਸਥਾਨਕ ਪੁਲਿਸ ਅਤੇ ਪ੍ਰਸ਼ਾਸਨ 'ਤੇ ਵੇਦਾਂਤਾ ਦਾ ਅਸਰ ਹੈ ਜਿਸ ਕਾਰਨ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਅਜਿਹੀ ਕਾਰਵਾਈ ਕੀਤੀ ਗਈ।

ਅਨਿਲ ਅਗਰਵਾਲ ਨੇ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ, "ਦੇਸ-ਵਿਦੇਸ਼ ਵਿੱਚ ਕਈ ਥਾਂਵਾਂ 'ਤੇ ਸਾਡੇ ਆਪਰੇਸ਼ਨ ਚੱਲ ਰਹੇ ਹਨ। ਅਸੀਂ ਆਪਣਾ ਬਿਜ਼ਨਸ ਜਾਇਜ਼ ਤਰੀਕੇ ਨਾਲ ਚਲਾਉਣ ਲਈ ਵਿਸ਼ਵਾਸ਼ ਰੱਖਦੇ ਹਾਂ ਨਾ ਕਿ ਪ੍ਰਸ਼ਾਸਨ 'ਤੇ ਕੋਈ ਪ੍ਰਭਾਵ ਪਾ ਕੇ।"

ਵੇਦਾਂਤਾ ਦੁਨੀਆਂ ਦੀ ਸਭ ਤੋਂ ਵੱਡੀਆਂ ਮਾਇਨਿੰਗ ਦੀਆਂ ਕੰਪਨੀਆਂ ਵਿੱਚੋਂ ਇੱਕ ਹੈ। ਅਨਿਲ ਅਗਰਵਾਲ ਨੇ ਮੁੰਬਈ ਵਿੱਚ ਵੇਦਾਂਤਾ ਨਾਮ ਦੀ ਕੰਪਨੀ ਬਣਾਈ ਸੀ ਜਿਸ ਨੂੰ ਉਨ੍ਹਾਂ ਨੇ ਲੰਡਨ ਸਟਾਕ ਐਕਸਚੈਂਜ ਵਿੱਚ ਰਜਿਸਟਰਡ ਕਰਵਾਇਆ ਸੀ। ਸਟੱਰਲਾਈਟ ਵੇਦਾਂਤਾ ਦੀ ਹੀ ਕੰਪਨੀ ਹੈ।

ਟਿਊਟੀਕੋਰਿਨ ਵਾਲੇ ਕਾਰਖ਼ਾਨੇ ਵਿੱਚ ਹਰ ਸਾਲ 4 ਲੱਖ ਟਨ ਤਾਂਬੇ ਦਾ ਉਤਪਾਦਨ ਹੁੰਦਾ ਹੈ। ਕੰਪਨੀ ਇਸ ਦੀ ਸਮਰਥਾ ਦੁਗਣੀ ਕਰਨਾ ਚਾਹੁੰਦੀ ਹੈ।

ਤਮਿਲਨਾਡੂ ਪ੍ਰਦੂਸ਼ਨ ਕੰਟ੍ਰੋਲ ਬੋਰਡ ਨੇ ਕੰਪਨੀ ਨੂੰ ਕੰਮ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਪਲਾਂਟ ਦੀ ਬਿਜਲੀ ਨੂੰ ਵੀ ਕੱਟ ਦਿੱਤਾ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)