ਕਈ ਘੰਟੇ ਤਿਹਾੜ ਜੇਲ੍ਹ ਦੇ ਬੂਹੇ ਬਾਹਰ ਪੜ੍ਹਦੀ ਸੀ ਕਸ਼ਮੀਰ ਦੀ ਟੌਪਰ

  • ਰਿਆਜ਼ ਮਸਰੂਰ
  • ਬੀਬੀਸੀ ਪੱਤਰਕਾਰ
ਤਸਵੀਰ ਕੈਪਸ਼ਨ,

ਆਪਣੀ ਮਾਂ ਨਾਲ ਸਮਾ ਸ਼ੱਬੀਰ ਸ਼ਾਹ

ਸੀਬੀਐੱਸਸੀ ਦੇ 12ਵੀਂ ਜਮਾਤ ਦੀ ਪਰੀਖਿਆ ਵਿੱਚ ਸਮਾ ਸ਼ੱਬੀਰ ਸ਼ਾਹ ਨੇ ਜੰਮੂ-ਕਸ਼ਮੀਰ 'ਚ ਟੌਪ ਕੀਤਾ ਹੈ। ਉਸਦੇ 97.8 ਫੀਸਦ ਅੰਕ ਆਏ ਹਨ। ਸਮਾ ਸ਼੍ਰੀਨਗਰ ਦੇ ਦਿੱਲੀ ਪਬਲਿਕ ਸਕੂਲ ਦੀ ਵਿਦਿਆਰਥਣ ਹੈ।

ਸੀਬੀਐੱਸਸੀ ਟੌਪਰ ਤੋਂ ਪਹਿਲਾਂ ਸਮਾ ਨੂੰ ਸੱਭ ਵੱਖਵਾਦੀ ਆਗੂ ਦੀ ਧੀ ਦੇ ਰੂਪ ਵਿੱਚ ਜਾਣਦੇ ਸਨ।

ਉਸਦੇ ਪਿਤਾ ਸ਼ੱਬੀਰ ਸ਼ਾਹ ਜੰਮੂ ਅਤੇ ਕਸ਼ਮੀਰ ਦੇ ਵੱਖਵਾਦੀ ਸੰਗਠਨ ਜੰਮੂ-ਕਸ਼ਮੀਰ ਡੈਮੋਕ੍ਰੈਟਿਕ ਫ੍ਰੀਡਮ ਪਾਰਟੀ ਦੇ ਮੁਖੀ ਰਹਿ ਚੁੱਕੇ ਹਨ।

2017 ਵਿੱਚ ਪੈਸਿਆਂ ਦਾ ਹੇਰ ਫੇਰ ਕਰਨ ਲਈ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਫਿਲਹਾਲ ਉਹ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹਨ।

ਸਮਾ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਅੱਗੇ ਕਾਨੂੰਨ ਦੀ ਪੜ੍ਹਾਈ ਕਰਨਾ ਚਾਹੁੰਦੀ ਹੈ।

ਸਮਾ ਨੇ ਇਸਦੇ ਪਿੱਛੇ ਦੀ ਵਜ੍ਹਾ ਵੀ ਦੱਸੀ। ਉਨ੍ਹਾਂ ਦੱਸਿਆ ਕਿ ਆਪਣੇ ਪਿਤਾ ਦੇ ਕੇਸ ਲਈ ਉਸਨੂੰ ਕਈ ਵਾਰ ਕੋਰਟ ਦੇ ਚੱਕਰ ਲਾਣੇ ਪਏ।

ਤਸਵੀਰ ਕੈਪਸ਼ਨ,

ਸਮਾ ਸ਼ੱਬੀਰ ਸ਼ਾਹ

ਇਸ ਦੌਰਾਨ ਉਸਨੇ ਨਿਆਂਪਾਲਿਕਾ ਵਿੱਚ ਹੋਣ ਵਾਲੇ ਭ੍ਰਿਸ਼ਟਾਚਾਰ ਅਤੇ ਵਿਤਕਰੇ ਨੂੰ ਨੇੜਿਓਂ ਵੇਖਿਆ ਹੈ।

ਸਮਾ ਨੇ ਕਿਹਾ, ''ਮੈਂ ਵੇਖਿਆ ਹੈ ਕਿ ਨਿਆਂਪਾਲਿਕਾ ਵਿੱਚ ਬਹੁਤ ਅਨਿਆਂ ਹੁੰਦਾ ਹੈ, ਅਸੀਂ ਤਾਂ ਸ਼ੁਰੂ ਤੋਂ ਇਹੀ ਪੜਿਆ ਅਤੇ ਸੁਣਿਆ ਸੀ ਕਿ ਨਿਆਂਪਾਲਿਕਾ ਸਰਕਾਰ ਦਾ ਅਹਿਮ ਹਿੱਸਾ ਹੈ।''

''ਇਹ ਬਹੁਤ ਹੀ ਤਾਕਤਵਰ ਸੰਸਥਾ ਹੈ। ਪਰ ਇੱਥੇ ਬਹੁਤ ਗੱਲਾਂ 'ਤੇ ਧਿਆਨ ਨਹੀਂ ਦਿੱਤਾ ਜਾਂਦਾ। ਇਸ ਲਈ ਮੈਂ ਸੋਚਿਆ ਕਿ ਕਾਨੂੰਨ ਦੀ ਪੜਾਈ ਕਰ ਕੇ ਜਿੱਥੇ ਵੀ ਅਨਿਆਂ ਹੁੰਦਾ ਵਿਖਾਈ ਦੇਵੇਗਾ ਉਸਨੂੰ ਘਟਾਉਣ ਦਾ ਕੰਮ ਕਰਾਂਗੀ।''

ਤਸਵੀਰ ਕੈਪਸ਼ਨ,

ਸਮਾ ਦਾ ਘਰ

ਇਹ ਕਾਮਯਾਬੀ ਕਿੰਨੀ ਅਹਿਮ?

ਪਿੱਛਲਾ ਇੱਕ ਸਾਲ ਸਮਾ ਲਈ ਬੇਹੱਦ ਤਣਾਅ ਭਰਿਆ ਸੀ। ਪਿਤਾ ਜੇਲ੍ਹ ਵਿੱਚ ਬੰਦ ਸਨ। ਅਜਿਹੇ ਮਾਹੌਲ ਵਿੱਚ ਸੂਬੇ ਦੀ ਟੌਪਰ ਹੋਣਾ ਅਤੇ ਇੰਨੀ ਵੱਡੀ ਕਾਮਯਾਬੀ ਹਾਸਲ ਕਰਨਾ ਸਮਾ ਲਈ ਮਾਅਨੇ ਰੱਖਦਾ ਹੈ।

ਸਮਾ ਨੇ ਦੱਸਿਆ, ''ਮੈਨੂੰ ਇਹ ਤਾਂ ਪਤਾ ਸੀ ਕਿ ਮੈਂ ਚੰਗੇ ਨੰਬਰ ਲੈ ਲਵਾਂਗੀ ਪਰ ਸੂਬੇ ਵਿੱਚ ਟੌਪ ਕਰਾਂਗੀ, ਇਹ ਨਹੀਂ ਸੋਚਿਆ ਸੀ।''

ਉਸ ਨੇ ਅੱਗੇ ਕਿਹਾ, ''ਕਸ਼ਮੀਰ ਦੇ ਪਹਿਲਾਂ ਹੀ ਤਣਾਅ ਭਰੇ ਹਾਲਾਤ ਹਨ, ਉੱਪਰੋਂ ਨਿਜੀ ਤੌਰ 'ਤੇ ਮੇਰੀ ਵੀ ਕਈ ਮਾਨਸਕ ਅਤੇ ਭਾਵਨਾਤਮਕ ਪਰੇਸ਼ਾਨੀਆਂ ਸਨ। ਮੈਂ ਪਿਛਲੇ ਇੱਕ ਸਾਲ ਤੋਂ ਆਪਣੇ ਬਾਬਾ ਨੂੰ ਨਹੀਂ ਮਿਲੀ ਹਾਂ, ਇਸ ਕਰਕੇ ਬੁਰੇ ਖਿਆਲ ਆਉਂਦੇ ਸਨ।''

ਸਮਾ ਨੇ ਅੱਗੇ ਕਿਹਾ, ''ਇਸਲਈ ਮੈਂ ਸੋਚਿਆ ਕਿ ਆਪਣੇ ਪਿਤਾ ਨੂੰ ਗਰਵ ਮਹਿਸੂਸ ਕਰਾਉਣਾ ਹੈ। ਉਹ ਪਿਛਲੇ ਕਾਫੀ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਇਸਲਈ ਹੋਰ ਪੜ੍ਹਕੇ ਉਨ੍ਹਾਂ ਨੂੰ ਵਧੀਆ ਮਹਿਸੂਸ ਕਰਾਉਣਾ ਚਾਹੁੰਦੀ ਸੀ।''

ਤਿਹਾੜ ਦੇ ਗੇਟ ਦੇ ਬਾਹਰ ਪੜ੍ਹਦੀ ਸੀ

ਸਮਾ ਨੂੰ ਟੌਪ ਕਰਨ ਦੀ ਪ੍ਰੇਰਨਾ ਆਪਣੇ ਪਿਤਾ ਤੋਂ ਹੀ ਮਿਲੀ।

ਸਮਾ ਨੇ ਕਿਹਾ, ''ਪਰੀਖਿਆ ਦੀ ਤਿਆਰੀ ਕਰਨ ਤੋਂ ਪਹਿਲਾਂ ਮੈਂ ਬਾਬਾ ਨੂੰ ਮਿਲਣ ਲਈ ਦਿੱਲੀ ਗਈ ਸੀ।''

''ਜਦੋਂ ਉਨ੍ਹਾਂ ਨੂੰ ਮਿਲਣ ਜਾਂਦੇ ਹਾਂ ਤਾਂ ਪੂਰਾ ਦਿਨ ਤਿਹਾੜ ਵਿੱਚ ਲੰਘ ਜਾਂਦਾ ਹੈ। ਕਿਉਂਕਿ ਲਗਭੱ ਪੰਜ ਘੰਟੇ ਇੰਤਜ਼ਾਰ ਕਰਨ ਤੋਂ ਬਾਅਦ 10 ਮਿੰਟਾਂ ਦੀ ਮੁਲਾਕਾਤ ਹੋ ਪਾਂਦੀ ਹੈ।''

ਸਮਾ ਨੇ ਦੱਸਿਆ, ''ਇੰਤਜ਼ਾਰ ਕਰਦੇ ਵੇਲੇ ਮੈਂ ਗੱਡੀ ਵਿੱਚ ਬੈਠ ਕੇ ਜਾਂ ਸਫਰ ਕਰਦੇ ਵੇਲੇ ਪੜ੍ਹਦੀ ਸੀ। ਮੈਂ ਜੇਲ੍ਹ ਪ੍ਰਸ਼ਾਸਨ ਨੂੰ ਇਹ ਵੀ ਕਹਿੰਦੀ ਸੀ ਕਿ ਮੈਨੂੰ ਇੰਤਜ਼ਾਰ ਵਾਲੇ ਪੰਜ ਘੰਟਿਆਂ ਲਈ ਕਿਤਾਬ ਅੰਦਰ ਲੈ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਪਰ ਪ੍ਰਸ਼ਾਸਨ ਨਹੀਂ ਮੰਨਦਾ ਸੀ। ਇਸ ਤੋਂ ਬਾਅਦ ਮੈਂ ਤਿਹਾੜ ਜੇਲ੍ਹ ਦੇ ਬਾਹਰ ਬੈਠ ਕੇ ਪੜ੍ਹਾਈ ਕਰਦੀ ਸੀ।''

ਸਮਾ ਦੀ ਮਾਂ ਬਿਲਕਿਸ ਜੋ ਕਿ ਡਾਕਟਰ ਹਨ, ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ ਦੀ ਕਾਮਯਾਬੀ 'ਤੇ ਮਾਣ ਹੈ ਕਿਉਂਕਿ ਇੰਨੇ ਮਾੜੇ ਹਾਲਾਤਾਂ ਵਿੱਚ ਵੀ ਉਸ ਨੇ ਇਹ ਕਾਮਯਾਬੀ ਹਾਸਲ ਕੀਤੀ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਤੀ ਨੇ ਹਮੇਸ਼ਾ ਉਨ੍ਹਾਂ ਨੂੰ ਇਹੀ ਕਿਹਾ ਹੈ ਕਿ ਬੱਚਿਆਂ ਨੂੰ ਚੰਗੀ ਤਰ੍ਹਾਂ ਪੜ੍ਹਾਉਣਾ ਹੈ ਅਤੇ ਉਨ੍ਹਾਂ ਦਾ ਭਵਿੱਖ ਬਿਹਤਰ ਬਣਾਉਣਾ ਹੈ।

ਸ਼ੱਬੀਰ ਸ਼ਾਹ 'ਤੇ ਕੀ ਇਲਜ਼ਾਮ ਹੈ?

ਸ਼ੱਬੀਰ ਸ਼ਾਹ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੂੰ ਹਵਾਲਾ ਤੋਂ ਚਰਮਪੰਖੀ ਗਤੀਵਿਧੀਆਂ ਨੂੰ ਵਧਾਵਾ ਦੇਣ ਲਈ ਪੈਸੇ ਮਿਲਦੇ ਸਨ।

ਨਾਲ ਹੀ ਐਨਫੋਰਸਮੈਂਟ ਡਾਇਰੈਕੋਰੇਟ ਰਾਹੀਂ ਵਾਰ ਵਾਰ ਬੁਲਾਏ ਜਾਣ ਦੇ ਬਾਵਜੂਦ ਵੀ ਉਹ ਹਾਜ਼ਿਰ ਨਹੀਂ ਹੋਏ, ਜਿਸ ਤੋਂ ਬਾਅਦ ਦਿੱਲੀ ਦੀ ਇੱਕ ਅਦਾਲਾਤ ਨੇ ਉਨ੍ਹਾਂ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ।

ਸਮਾਚਾਰ ਏਜੰਸੀ ਪੀਟੀਆਈ ਮੁਤਾਬਕ, 2005 ਵਿੱਚ ਦਿੱਲੀ ਪੁਲਿਸ ਨੇ ਮੁਹੰਮਦ ਅਸਲਮ ਵਾਨੀ ਨਾਂ ਦੇ ਹਵਾਲਾ ਡੀਲਰ ਨੂੰ 63 ਲੱਖ ਰੁਪਇਆਂ ਦੇ ਨਾਲ ਗ੍ਰਿਫ਼ਤਾਰ ਕੀਤਾ ਸੀ।

ਤਸਵੀਰ ਕੈਪਸ਼ਨ,

ਸ਼ੱਬੀਰ ਸ਼ਾਹ

ਵਾਨੀ ਮੁਤਾਬਕ ਇਸ ਵਿੱਚੋਂ 50 ਲੱਖ ਰੁਪਏ ਸ਼ਾਹ ਅਤੇ ਦੱਸ ਲੱਖ ਜੈਸ਼-ਏ-ਮੁੰਹਮਦ ਦੇ ਏਰੀਆ ਕਮਾਂਡਰ ਅਬੂ ਬਕਰ ਨੂੰ ਮਿਲਣੇ ਸੀ, ਬਾਕੀ ਉਸਦਾ ਕਮੀਸ਼ਨ ਸੀ।

ਸ਼ੱਬੀਰ ਸ਼ਾਹ ਪੂਰੇ ਮਾਮਲੇ ਨੂੰ ਰਾਜਨੀਤਕ ਦੱਸਦੇ ਹਨ ਅਤੇ ਕਹਿੰਦੇ ਹਨ ਕਿ ਭਾਰਤ ਸਰਕਾਰ ਬਹੁਤ ਖਤਰਨਾਕ ਖੇਡ ਖੇਡ ਰਹੀ ਹੈ। ਨਾ ਹੀ ਸਿਰਫ ਉਨ੍ਹਾਂ ਨਾਲ ਬਲਕਿ ਦੂਜੇ ਕਸ਼ਮੀਰੀ ਵੱਖਵਾਦੀ ਆਗੂਆਂ ਨਾਲ ਵੀ ਜਿਵੇਂ ਕਿ ਗਿਲਾਨੀ ਜਿਸਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)