ਪ੍ਰੈੱਸ ਰਿਵੀਊ: ਕੈਪਟਨ ਨੂੰ ਧਮਕੀ ਦੇਣ ਵਾਲੇ ਕੈਦੀ ਖਿਲਾਫ਼ ਜਾਂਚ ਦੇ ਹੁਕਮ

Capt Amarinder Singh Image copyright NARINDER NANU/AFP/Getty Images

ਇੰਡੀਅਨ ਐਕਸਪ੍ਰੈੱਸ ਮੁਤਾਬਕ ਫਰੀਦਕੋਟ ਜੇਲ੍ਹ ਦੇ ਇੱਕ ਕੈਦੀ ਨੇ ਫੇਸਬੁੱਕ ਲਾਈਵ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਧਮਕੀ ਦਿੱਤੀ ਹੈ।

ਤਿੰਨ ਮਿੰਟ ਤੱਕ ਕੀਤੇ ਫੇਸਬੁੱਕ ਲਾਈਵ ਰਾਹੀਂ ਕੈਦੀ ਗੋਬਿੰਦ ਸਿੰਘ ਨੇ ਡੀਜੀਪੀ ਸੁਰੇਸ਼ ਅਰੋੜਾ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਵੀ ਨਿਸ਼ਾਨੇ 'ਤੇ ਲਿਆ ਹੈ। ਹੁਣ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ।

ਵੀਡੀਓ ਵਿੱਚ ਉਸ ਨੇ ਮੁੱਖ ਮੰਤਰੀ ਸਵਾਲ ਕੀਤਾ, "ਤੁਸੀਂ ਬਠਿੰਡਾ ਵਿੱਚ ਲੋਕਾਂ ਸਾਹਮਣੇ ਡਰਗਜ਼ ਨੂੰ ਖ਼ਤਮ ਕਰਨ ਲਈ ਝੂਠੀ ਸੌਂਹ ਖਾਧੀ। ਤੁਹਾਨੂੰ ਹਰਿਮੰਦਿਰ ਸਾਹਿਬ ਜਾ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ। ਉਹ ਹਰ ਥਾਂ ਮਿਲਦੀ ਹੈ। ਮੇਰੇ ਭੈਣ-ਭਰਾ ਡਰਗਜ਼ ਦੀ ਮਾਰ ਹੇਠ ਹਨ।"

ਕਮੇਟੀ ਨੇ 12ਵੀਂ ਦੀ ਇਤਿਹਾਸ ਦੀ ਕਿਤਾਬ 'ਤੇ ਚੁੱਕੇ ਸਵਾਲ

ਦਿ ਹਿੰਦੁਸਤਾਨ ਟਾਈਮਜ਼ ਮੁਤਾਬਕ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਦੀ ਇਤਿਹਾਸ ਦੀ ਕਿਤਾਬ ਨੂੰ ਰਿਵੀਊ ਕਰਨ ਲਈ ਬਣਾਈ ਗਈ 6 ਮੈਂਬਰੀ ਕਮੇਟੀ ਨੇ ਦਾਅਵਾ ਕੀਤਾ ਹੈ ਕਿ ਤੱਥਾਂ ਨਾਲ ਛੇੜਛਾੜ ਕੀਤੀ ਗਈ ਹੈ।

Image copyright RAVEENDRAN/Getty Images

ਇਤਿਹਾਸਕਾਰ ਪ੍ਰੋ. ਕਿਰਪਾਲ ਸਿੰਘ ਦੀ ਅਗਵਾਈ ਵਾਲੀ ਕਮੇਟੀ ਦੀ ਸੋਮਵਾਰ ਨੂੰ ਪਹਿਲੀ ਪਲੇਠੀ ਬੈਠਕ ਹੋਈ।

ਇਸ ਦੌਰਾਨ ਉਨ੍ਹਾਂ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਜਿੰਨ੍ਹਾਂ ਲੋਕਾਂ ਨੇ ਕਿਤਾਬ ਤਿਆਰ ਕੀਤੀ ਹੈ ਉਨ੍ਹਾਂ ਨੇ ਕਿਤਾਬ ਦੇ ਕਿਸੇ ਵੀ ਹਿੱਸੇ ਨਾਲ ਨਿਆਂ ਨਹੀਂ ਕੀਤਾ। ਸਿੱਖ ਇਤਿਹਾਸ ਨਾਲ ਜੁੜੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।"

ਸੁਨੰਦਾ ਦੀ ਈ-ਮੇਲ 'ਮੌਤ ਦਾ ਬਿਆਨ': ਪੁਲਿਸ

ਦਿ ਟ੍ਰਿਬਿਊਨ ਮੁਤਾਬਕ, ਸੁਨੰਦਾ ਪੁਸ਼ਕਰ ਨੇ ਮੌਤ ਤੋਂ 9 ਦਿਨ ਪਹਿਲਾਂ ਆਪਣੇ ਪਤੀ ਨੂੰ ਇੱਕ ਮੇਲ ਲਿਖੀ। ਇਸ ਵਿੱਚ ਉਸ ਨੇ ਲਿਖਿਆ, "ਮੇਰੀ ਜਿਉਣ ਦੀ ਕੋਈ ਇੱਛਾ ਨਹੀਂ ਹੈ। ਮੈਂ ਸਿਰਫ਼ ਮਰਨ ਦੀ ਦੁਆ ਮੰਗਦੀ ਹਾਂ।"

Image copyright Graham Crouch/Getty Images

ਪੁਲਿਸ ਨੇ ਅਦਾਲਤ ਨੂੰ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਅਲਾਵਾ ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਸੁਨੰਦਾ ਦੀ ਮੌਤ ਜ਼ਹਿਰ ਕਾਰਨ ਹੋਈ ਸੀ।

ਉਸ ਦੇ ਕਮਰੇ ਵਿੱਚੋਂ 27 ਗੋਲੀਆਂ ਐਲਪਰੈਕਸ ਦੀਆਂ ਮਿਲੀਆਂ ਸਨ ਪਰ ਇਹ ਸਪਸ਼ਟ ਨਹੀਂ ਹੋ ਪਾਇਆ ਹੈ ਕਿ ਉਸ ਨੇ ਕਿੰਨੀਆਂ ਗੋਲੀਆਂ ਖਾਧੀਆਂ।

ਦਿੱਲੀ ਪੁਲਿਸ ਨੇ ਵਧੀਕ ਚੀਫ਼ ਮੈਟ੍ਰੋਪੋਲੀਟਨ ਮਜਿਸਟ੍ਰੇਟ ਸਮਰ ਵਿਸ਼ਾਲ ਨੂੰ ਇਹ ਦੱਸਿਆ ਕਿ ਸੁਨੰਦਾ ਦੀ ਈ-ਮੇਲ ਅਤੇ ਸੋਸ਼ਲ ਮੀਡੀਆ 'ਤੇ ਮੈਸੇਜਜ਼ ਨੂੰ ਉਸ ਦੀ 'ਮੌਤ ਦਾ ਬਿਆਨ' ਮੰਨਿਆ ਗਿਆ ਹੈ।

ਫ਼ਸਲੀ ਰਹਿੰਦ ਖੂੰਹਦ ਸਾੜਨ ਪੱਖੋਂ ਅੰਮ੍ਰਿਤਸਰ ਜ਼ਿਲ੍ਹਾ 'ਮੋਹਰੀ'

ਪੰਜਾਬੀ ਟ੍ਰਿਬਿਊਨ ਮੁਤਾਬਕ ਪੰਜਾਬ ਰਿਮੋਟ ਸੈਂਸਿੰਗ ਬੋਰਡ ਦੀ ਇੱਕ ਰਿਪੋਰਟ ਤੋਂ ਖੁਲਾਸਾ ਹੋਇਆ ਹੈ ਕਿ ਇਸ ਵਰ੍ਹੇ 10 ਅਪ੍ਰੈਲ ਤੋਂ 22 ਮਈ ਤੱਕ ਸਮੁੱਚੇ ਪੰਜਾਬ ਵਿੱਚ ਕਣਕ ਦੀ ਰਹਿੰਦ ਖੂੰਹਦ ਸਾੜਨ ਦੇ 11005 ਕੇਸ ਸਾਹਮਣੇ ਆਏ ਹਨ।

Image copyright Getty Images

ਇਨ੍ਹਾਂ ਵਿੱਚੋਂ 1033 ਕੇਸਾਂ ਨਾਲ ਅੰਮ੍ਰਿਤਸਰ ਜ਼ਿਲ੍ਹਾ ਸਿਖਰ 'ਤੇ ਹੈ। ਸਰਹੱਦੀ ਜ਼ਿਲੇ ਤੋਂ ਬਾਅਦ ਦੂਜਾ ਨੰਬਰ ਸੰਗਰੂਰ (950) ਤੇ ਤੀਜਾ ਫਿਰੋਜ਼ਪੁਰ (823) ਦਾ ਆਉਂਦਾ ਹੈ।

ਬਠਿੰਡਾ, ਗੁਰਦਾਸਪੁਰ, ਲੁਧਿਆਣਾ, ਮੋਗਾ ਅਤੇ ਤਰਨ ਤਾਰਨ ਵਿੱਚ ਰਹਿੰਦ ਖੂੰਹਦ ਸਾੜਨ ਦੇ ਕੇਸਾਂ ਦੀ ਗਿਣਤੀ 700 ਤੋਂ ਵੱਧ ਹੈ। ਸਭ ਤੋਂ ਘੱਟ 28 ਅਜਿਹੇ ਕੇਸ ਐਸਏਐਸ ਨਗਰ (ਮੁਹਾਲੀ) ਵਿੱਚ ਸਾਹਮਣੇ ਆਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)