ਰੇਪ ਵੀਡੀਓ ਵਾਇਰਲ ਕਰਨ ਤੋਂ ਰੋਕਣਾ ਕਿਉਂ ਮੁਸ਼ਕਿਲ ਹੈ?

ਰੇਪ ਵੀਡੀਓ

ਦਿੱਲੀ ਦੇ ਮੰਗੋਲਪੁਰੀ ਇਲਾਕੇ ਵਿੱਚ ਇੱਕ ਬੱਚੀ ਗੇਂਦ ਨਾਲ ਖੇਡ ਰਹੀ ਸੀ। ਖੇਡਦੇ-ਖੇਡਦੇ ਗੇਂਦ ਨੇੜੇ ਦੇ ਜੰਞ ਘਰ ਵਿੱਚ ਚਲੀ ਗਈ। ਗੇਂਦ ਵਾਪਿਸ ਕਰਨ ਦੇ ਵਾਅਦੇ ਨਾਲ ਇੱਕ ਅਧੇੜ ਉਮਰ ਦੇ ਉਸਦੇ ਗੁਆਂਢੀ ਨੇ ਉਸ ਨੂੰ ਜੰਞ ਘਰ ਦੇ ਅੰਦਰ ਬੁਲਾਇਆ।

ਗੁਆਂਢੀ ਖ਼ੁਦ ਦੋ ਬੱਚਿਆਂ ਦਾ ਪਿਤਾ ਹੈ। ਫਿਰ ਉਸ ਨੇ ਜੰਞ ਘਰ ਵਿੱਚ ਦੋ ਹੋਰ ਮੁੰਡਿਆਂ ਨੂੰ ਬੁਲਾਇਆ। ਸਾਰਿਆਂ ਨੇ ਵਾਰੀ-ਵਾਰ ਉਸਦਾ ਰੇਪ ਕੀਤਾ।

ਕੋਲ ਖੜ੍ਹਾ ਕੁੜੀ ਦਾ ਚਚੇਰਾ ਭਰਾ ਉਸਦੀ ਵੀਡੀਓ ਬਣਾਉਂਦਾ ਰਿਹਾ।

ਸਿਰਫ਼ ਦੋ ਦਿਨ ਵਿੱਚ ਵੀਡੀਓ ਪੂਰੇ ਮੁਹੱਲੇ 'ਚ ਵਾਇਰਲ ਹੋ ਗਈ।

ਮੋਬਾਈਲ ਫੋਨ ਅਤੇ ਵੀਡੀਓ

ਕੁੜੀ ਦੀ ਮਾਂ ਲੀਲਾ( ਬਦਲਿਆ ਹੋਇਆ ਨਾਮ) ਨਾਲ ਇਸ ਬਾਰੇ ਗੱਲਬਾਤ ਕੀਤੀ। ਪਹਿਲੀ ਵਾਰ 'ਚ ਤਾਂ ਲੀਲਾ ਨੂੰ ਯਕੀਨ ਹੀ ਨਹੀਂ ਹੋਇਆ।

ਅਗਲੇ ਦਿਨ ਕੁੜੀ ਦੇ ਤਾਏ ਨੇ ਲੀਲਾ ਨੂੰ ਮੁੜ ਕਿਹਾ,''ਵੀਡੀਓ ਤੇਰੀ ਹੀ ਕੁੜੀ ਦੀ ਹੈ। ਇੱਕ ਵਾਰ ਦੇਖ ਲਓ। ਪੁਲਿਸ ਨੂੰ ਸ਼ਿਕਾਇਤ ਤਾਂ ਕਰਨੀ ਹੀ ਪਵੇਗੀ।''

ਕੁੜੀ ਦੀ ਮਾਂ ਦੀ ਤਾਂ ਵੀਡੀਓ ਦੇਖਣ ਦੀ ਹਿੰਮਤ ਨਾ ਹੋਈ। ਇਸ ਲਈ ਆਪਣੇ ਮੁੰਡੇ ਨੂੰ ਵੀਡੀਓ ਦੇਖਣ ਲਈ ਕਿਹਾ।

ਕੁੜੀ ਦਾ ਭਰਾ ਵੀ ਨਾਬਾਲਿਗ ਹੀ ਹੈ ਪਰ ਮਾਂ ਦੇ ਕਹਿਣ 'ਤੇ ਗੁਆਂਢ ਦੇ ਮੁੰਡੇ ਦੇ ਘਰ ਉਸਦੇ ਮੋਬਾਈਲ ਵਿੱਚ ਵੀਡੀਓ ਦੇਖਣ ਗਿਆ।

ਸ਼ਾਮ ਦੇ ਕਰੀਬ 5 ਵੱਜੇ ਸੀ। ਅੱਧੀ ਵੀਡੀਓ ਦੇਖ ਕੇ ਹੀ ਉਹ ਘਰ ਵਾਪਿਸ ਆ ਗਿਆ। ਰੋਂਦੇ ਹੋਏ ਮਾਂ ਨੂੰ ਕਿਹਾ,''ਵੀਡੀਓ ਭੈਣ ਦੀ ਹੀ ਹੈ।''

ਇਹ ਕਹਿੰਦੇ ਹੋਏ ਲੀਲਾ ਨਾਲ ਲਿਪਟ ਕੇ ਰੋਣ ਲੱਗਾ। ਲੀਲਾ ਨੇ ਤੁਰੰਤ 100 ਨੰਬਰ 'ਤੇ ਫੋਨ ਕੀਤਾ ਅਤੇ ਪੁਲਿਸ ਨੂੰ ਬੁਲਾਇਆ।

ਪੁਲਿਸ ਨੇ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਅਤੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਲੀਲਾ ਦੇ ਨਾਲ-ਨਾਲ ਤਿੰਨਾਂ ਦਾ ਮੋਬਾਈਲ ਜ਼ਬਤ ਕਰ ਲਿਆ ਪਰ ਵੀਡੀਓ ਤਾਂ ਉਦੋਂ ਤੱਕ ਵਾਇਰਲ ਹੋ ਚੁੱਕਿਆ ਸੀ। ਕੁੜੀ ਦੀ ਬਦਨਾਮੀ ਹੋ ਚੁੱਕੀ ਸੀ। ਪੁਲਿਸ ਇਸ ਵੀਡੀਓ ਨੂੰ ਰੋਕ ਸਕਣ ਵਿੱਚ ਨਾਕਾਮ ਰਹੀ।

ਰੇਪ ਵੀਡੀਓ ਦੇ ਦੂਜੇ ਮਾਮਲੇ

ਇਸੇ ਸਾਲ ਅਪ੍ਰੈਲ ਦੇ ਅਖ਼ੀਰ ਵਿੱਚ ਇੱਕ ਵੀਡੀਓ ਬਿਹਾਰ ਦੇ ਜਹਾਨਾਬਾਦ ਇਲਾਕੇ ਤੋਂ ਵੀ ਵਾਇਰਲ ਹੋਇਆ।

ਇਸ ਵੀਡੀਓ ਵਿੱਚ ਕੁਝ ਮੁੰਡੇ ਇੱਕ ਕੁੜੀ ਦੇ ਕੱਪੜੇ ਜ਼ਬਰਦਸਤੀ ਉਤਾਰਦੇ ਨਜ਼ਰ ਆਏ, ਕੁੜੀ ਦਾ ਸੰਘਰਸ਼ ਵੀ ਸਾਫ਼ ਦੇਖਿਆ। ਨੇੜੇ ਖੜ੍ਹੇ ਕਈ ਮੁੰਡੇ ਹੱਸ ਰਹੇ ਹਨ। ਇਸ ਮਾਮਲੇ ਵਿੱਚ ਵੀ ਗ੍ਰਿਫ਼ਤਾਰੀ ਹੋਈ ਪਰ ਵੀਡੀਓ ਵਾਇਰਲ ਹੋ ਚੁੱਕੀ ਸੀ, ਪੁਲਿਸ ਕੁਝ ਨਹੀਂ ਕਰ ਸਕੀ।

ਕਠੂਆ ਰੇਪ ਮਾਮਲੇ ਤੋਂ ਬਾਅਦ ਵੀ ਅਜਿਹੀਆਂ ਖ਼ਬਰਾਂ ਆਈਆਂ ਕਿ ਉਸ ਮਾਮਲੇ ਵਿੱਚ ਬੱਚੀ ਦੇ ਰੇਪ ਵੀਡੀਓ ਦੀ ਭਾਲ ਹੁਣ ਪੋਰਨ ਸਾਈਟ 'ਤੇ ਸ਼ੁਰੂ ਹੋ ਚੁੱਕੀ ਹੈ। ਇੱਕ ਪੋਰਨ ਸਾਈਟ 'ਤੇ ਕਈ ਦਿਨ ਪਹਿਲਾਂ ਇਹ ਟੌਪ ਟਰੈਂਡ 'ਤੇ ਸੀ।

ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਕਿ ਸਮਾਰਟ ਫ਼ੋਨ ਤੋਂ ਵੀਡੀਓ ਬਣਾਉਣਾ ਅਤੇ ਉਸ ਨੂੰ ਦੂਜਿਆਂ ਨੂੰ ਭੇਜਣਾ ਕਾਫ਼ੀ ਸੌਖਾ ਹੋ ਗਿਆ ਹੈ।

ਅੰਕੜਿਆਂ ਦੀ ਮੰਨੀਏ ਤਾਂ ਦੇਸ ਵਿੱਚ ਪਿਛਲੇ ਚਾਰ ਸਾਲਾਂ 'ਚ ਮੋਬਾਈਲ ਫ਼ੋਨ ਦੀ ਵਰਤੋਂ ਵਿੱਚ 15 ਫ਼ੀਸਦ ਵਾਧਾ ਹੋਇਆ ਹੈ।

ਸਾਲ 2014 ਵਿੱਚ 21.2 ਫ਼ੀਸਦ ਲੋਕ ਮੋਬਾਈਲ ਦੀ ਵਰਤੋਂ ਕਰਦੇ ਸੀ ਉੱਥੇ ਹੀ 2018 ਵਿੱਚ ਇਹ ਅੰਕੜਾ ਵਧ ਕੇ 36 ਫ਼ੀਸਦ ਹੋ ਗਿਆ ਹੈ।

ਕੁਝ ਅੰਕੜਿਆਂ ਮੁਤਾਬਕ ਅੱਜ ਦੀ ਤਰੀਕ ਵਿੱਚ ਦੇਸ 'ਚ ਜਿੰਨੇ ਲੋਕ ਮੋਬਾਈਲ ਫ਼ੋਨ ਦੀ ਵਰਤੋਂ ਕਰ ਰਹੇ ਹਨ ਉਨ੍ਹਾਂ ਵਿੱਚੋਂ 62 ਫ਼ੀਸਦ ਸਮਾਰਟ ਫ਼ੋਨ ਹੈ।

ਭਾਰਤ ਦੀ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਮੁਤਾਬਕ ਆਬਾਦੀ ਦੇ ਹਿਸਾਬ ਨਾਲ ਫ਼ੋਨ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਦੇਸ ਵਿੱਚ ਦਿੱਲੀ 'ਚ ਸਭ ਤੋਂ ਵੱਧ ਹੈ ਅਤੇ ਬਿਹਾਰ ਵਿੱਚ ਸਭ ਤੋਂ ਘੱਟ। ਦੇਸ ਭਰ ਵਿੱਚ 100 ਪਿੱਛੇ ਤਕਰੀਬਨ 93 ਲੋਕਾਂ ਕੋਲ ਮੋਬਾਈਲ ਫ਼ੋਨ ਹੈ।

ਇਸ ਅੰਕੜੇ ਤੋਂ ਬਾਅਦ ਇਹ ਸਮਝਣਾ ਮੁਸ਼ਕਿਲ ਨਹੀਂ ਹੋਵੇਗਾ ਕਿ ਇੱਕ ਵੀਡੀਓ ਦਿੱਲੀ ਵਿੱਚ ਬਿਹਾਰ ਦੇ ਮੁਕਾਬਲੇ ਜਲਦੀ ਵਾਇਰਲ ਹੋ ਸਕਦਾ ਹੈ। ਅਕਸਰ ਅਜਿਹੇ ਮਾਮਲੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਤੱਕ ਪਹੁੰਚਦੇ ਹਨ।

ਕੀ ਕਹਿੰਦਾ ਹੈ ਕਾਨੂੰਨ?

ਅਜਿਹੇ ਮਾਮਲਿਆਂ ਵਿੱਚ ਪੁਲਿਸ ਆਈਟੀ ਐਕਟ ਤਹਿਤ ਮਾਮਲਾ ਦਰਜ ਕਰ ਸਕਦੀ ਹੈ।

ਸਾਈਬਰ ਐਕਸਪਰਟ ਪਵਨ ਦੁੱਗਲ ਮੁਤਾਬਕ ਆਈਟੀ ਐਕਟ ਦੀ ਧਾਰਾ 67A ਦੇ ਤਹਿਤ ਅਜਿਹੇ ਵੀਡੀਓ ਬਣਾਉਣਾ ਅਤੇ ਫੈਲਾਉਣਾ ਜਾਂ ਫੈਲਾਉਣ ਵਿੱਚ ਮਦਦ ਕਰਨਾ ਜੁਰਮ ਹੈ।

ਐਨਾ ਹੀ ਨਹੀਂ ਜੇਕਰ ਤੁਹਾਡੇ ਫੋਨ ਵਿੱਚ ਅਜਿਹਾ ਵੀਡੀਓ ਸਟੋਰ ਵੀ ਹੋਵੇ ਤਾਂ ਵੀ ਇਹ ਜੁਰਮ ਮੰਨਿਆ ਜਾਂਦਾ ਹੈ।

ਸਜ਼ਾ ਦੀ ਗੱਲ ਕਰੀਏ ਤਾਂ ਅਜਿਹੇ ਜੁਰਮ ਵਿੱਚ ਗ੍ਰਿਫ਼ਤਾਰੀ ਹੋਣ 'ਤੇ ਪੰਜ ਸਾਲ ਤੱਕ ਦੀ ਕੈਦ ਅਤੇ 10 ਲੱਖ ਰੁਪਏ ਜ਼ੁਰਮਾਨਾ ਹੈ।

ਪੁਲਿਸ ਹਰ ਰੇਪ ਵੀਡੀਓ ਦੇ ਮਾਮਲੇ ਵਿੱਚ ਇਸੇ ਕਾਨੂੰਨ ਤਹਿਤ ਗ੍ਰਿਫ਼ਤਾਰੀ ਕਰਦੀ ਹੈ।

ਸਾਈਬਰ ਜੁਰਮ ਦੇ ਅੰਕੜੇ

ਐਨਸੀਆਰਬੀ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਪਿਛਲੇ ਤਿੰਨ ਸਾਲਾਂ ਵਿੱਚ ਸਾਈਬਰ ਕਰਾਈਮ ਦੇ ਅੰਕੜੇ ਕਾਫ਼ੀ ਵਧੇ ਹਨ।

2014 ਵਿੱਚ ਸਾਈਬਰ ਦੇ 9622 ਮਾਮਲੇ ਸਾਹਮਣੇ ਆਏ ਸਨ। 2015 ਵਿੱਚ 11,952 ਮਾਮਲੇ ਸਾਹਮਣੇ ਆਏ ਸਨ।

ਜਦਕਿ 2016 ਵਿੱਚ 12317 ਮਾਮਲੇ ਸਾਹਮਣੇ ਆਏ ਸਨ। ਹਾਲਾਂਕਿ ਇਨ੍ਹਾਂ ਅੰਕੜਿਆਂ ਵਿੱਚ ਸਿਰਫ਼ ਰੇਪ ਵੀਡੀਓ ਸ਼ਾਮਲ ਨਹੀਂ ਹੈ।

ਬੱਚਿਆਂ ਪ੍ਰਤੀ ਜ਼ੁਰਮ ਰੋਕਣ ਲਈ ਕੰਮ ਕਰਨ ਵਾਲੀ ਸਰਕਾਰੀ ਸੰਸਥਾ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ ਦੀ ਮੁਖੀ ਸਤੂਤੀ ਕੱਕੜ ਦਾ ਕਹਿਣਾ ਹੈ ਕਿ ਇਨ੍ਹਾਂ ਅੰਕੜਿਆਂ ਤੋਂ ਇਹ ਅਨੁਮਾਨ ਲਗਾਉਣਾ ਮੁਸ਼ਕਿਲ ਨਹੀਂ ਹੈ ਕਿ ਇੰਟਰਨੈੱਟ ਸਾਡੇ ਲਈ ਕਿਸ ਹੱਦ ਤੱਕ ਖਤਰਨਾਕ ਹੋ ਗਿਆ ਹੈ।

ਸਤੂਤੀ ਕੱਕੜ ਮੁਤਾਬਕ, ਰੇਪ ਸਮੇਂ ਵੀਡੀਓ ਬਣਾਉਣ ਦੇ ਮਾਮਲੇ ਪਹਿਲਾਂ ਵੀ ਉਨ੍ਹਾਂ ਦੇ ਸਾਹਮਣੇ ਆਉਂਦੇ ਰਹੇ ਹਨ।

ਉਹ ਕਹਿੰਦੀ ਹੈ,''ਹਾਲ ਹੀ ਦੇ ਦਿਨਾਂ 'ਚ ਇਸ ਵਿੱਚ ਇਜ਼ਾਫ਼ਾ ਜ਼ਰੂਰ ਹੋਇਆ ਹੈ। ਮੰਗੋਲਪੁਰੀ ਦੀ ਘਟਨਾ ਬਹੁਤ ਦੁਖ਼ ਵਾਲੀ ਹੈ। ਅਜਿਹਾ ਇਸ ਲਈ ਵੀ ਕਿਉਂਕਿ ਕੁੜੀ ਉਸਦਾ ਵਿਰੋਧ ਕਰਨ ਦੀ ਹਾਲਤ ਵਿੱਚ ਨਹੀਂ ਸੀ।''

ਪਰ ਅਜਿਹੇ ਵੀਡੀਓ ਨੂੰ ਰੋਕ ਸਕਣਾ ਮੁਸ਼ਕਿਲ ਜ਼ਰੂਰ ਹੁੰਦਾ ਹੈ। ਉਹ ਮੰਨਦੀ ਹੈ ਕਿ ਇੱਕ ਵਾਰ ਅਜਿਹਾ ਵੀਡੀਓ ਸਰਕੂਲੇਸ਼ਨ ਵਿੱਚ ਆ ਜਾਂਦਾ ਹੈ, ਫਿਰ ਉਸ ਨੂੰ ਨੈੱਟਵਰਕ ਤੋਂ ਹਟਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਕਈ ਮਾਮਲਿਆਂ ਵਿੱਚ ਆਈਟੀ ਅਤੇ ਗ੍ਰਹਿ ਮੰਤਰਾਲੇ ਤੋਂ ਮਦਦ ਲੈਣੀ ਪੈਂਦੀ ਹੈ।

ਦਿੱਲੀ ਦੇ ਮੰਗੋਲਪੁਰੀ ਦੀ ਘਟਨਾ ਅਜਿਹੀ ਹੀ ਸੀ। ਆਪਣੇ ਜੱਦੀ ਘਰ ਤੋਂ ਕਰੀਬ 10 ਕਿੱਲੋਮੀਟਰ ਦੂਰ ਕੁੜੀ ਦੀ ਮਾਂ ਲੀਲਾ ਨੇ ਦਰਜੀ ਦੀ ਦੁਕਾਨ ਖੋਲ੍ਹੀ ਹੋਈ ਹੈ।

ਸਿਲਾਈ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਢਿੱਡ ਭਰਦੀ ਹੈ।

ਰੇਪ ਵੀਡੀਓ ਕਿਵੇਂ ਹੋ ਜਾਂਦਾ ਹੈ ਵਾਇਰਲ

ਇਹੀ ਸਵਾਲ ਅਸੀਂ ਅਨੁਜ ਅਗਰਵਾਲ ਤੋਂ ਪੁੱਛਿਆ। ਅਨੁਜ ਅਗਰਵਾਲ ਦਿੱਲੀ ਪੁਲਿਸ ਨੂੰ ਅਜਿਹੇ ਮਾਮਲੇ ਤੋਂ ਨਿਪਟਣ ਦੀ ਟਰੇਨਿੰਗ ਦਿੰਦੇ ਹਨ।

ਉਨ੍ਹਾਂ ਮੁਤਾਬਕ ਉਹ ਹੁਣ ਤੱਕ ਦੇਸ ਦੇ ਵੱਖ-ਵੱਖ ਸੂਬਿਆਂ ਵਿੱਚ 1000 ਤੋਂ ਵੱਧ ਪੁਲਿਸ ਵਾਲਿਆਂ ਨੂੰ ਅਜਿਹੇ ਜੁਰਮ ਨਾਲ ਨਜਿੱਠਣ ਦੀ ਟਰੇਨਿੰਗ ਦੇ ਚੁੱਕੇ ਹਨ।

ਅਨੁਜ ਅਗਰਵਾਲ ਦੱਸਦੇ ਹਨ, ਇਸ ਤਰ੍ਹਾਂ ਦੇ ਜ਼ੁਰਮ-ਸਪੈਸ਼ਲਾਈਜ਼ਡ ਅਤੇ ਆਰਗੇਨਾਈਜ਼ਡ ਦੋਵੇਂ ਤਰੀਕੇ ਨਾਲ ਅੰਜਾਮ ਦਿੱਤਾ ਜਾ ਰਿਹਾ ਹੈ।

ਅਨੁਜ ਮੁਤਾਬਕ ਕੁਝ ਦੇਸਾਂ ਵਿੱਚ ਇਸ ਤਰ੍ਹਾਂ ਦੇ ਵੀਡੀਓ ਦਾ ਇੱਕ ਪੂਰਾ ਬਾਜ਼ਾਰ ਹੈ।

ਕੌਮੀ ਅਤੇ ਕੌਮਾਂਤਰੀ ਦੋਵਾਂ ਬਾਜ਼ਾਰਾਂ ਵਿੱਚ ਇਸਦੀ ਮੰਗ ਹੈ। ਇਹ ਡਾਰਕ ਬੇਵ ਅਤੇ ਗ਼ੈਰਕਾਨੂੰਨੀ ਦੁਨੀਆਂ ਦੀ ਕੋਈ ਪੁਖਤਾ ਰਿਪੋਰਟ ਨਹੀਂ ਹੈ।

ਪਵਨ ਦੁੱਗਲ ਕਹਿੰਦੇ ਹਨ,''ਭਾਰਤੀ, ਇੱਥੋਂ ਦੇ ਲੋਕਾਂ ਨਾਲ ਸ਼ੂਟ ਕੀਤੇ ਗਏ ਰੇਪ ਵੀਡੀਓ ਵਧੇਰੇ ਦੇਖਣਾ ਚਾਹੁੰਦੇ ਹਨ। ਉਸ ਨਾਲ ਉਹ ਖ਼ੁਦ ਨੂੰ ਜੋੜ ਕੇ ਦੇਖ ਪਾਉਂਦੇ ਹਨ।''

ਇੱਕ ਅਨੁਮਾਨ ਮੁਤਾਬਕ ਦੁਨੀਆਂ ਦੇ ਸਭ ਤੋਂ ਵੱਡੇ ਵਪਾਰਾਂ ਵਿੱਚੋਂ ਇਹ ਵਪਾਰ ਇੱਕ ਹੈ। ਪੂਰਬੀ ਯੂਰਪ ਦੇ ਕਈ ਦੇਸ ਹਨ ਜਿੱਥੇ ਪੋਰਨ ਨੂੰ ਲੈ ਕੇ ਸਰਕਾਰ ਸਖ਼ਤ ਨਹੀਂ ਹੈ, ਉੱਥੇ ਇਸਦਾ ਬਾਜ਼ਾਰ ਜ਼ਿਆਦਾ ਵੱਡਾ ਹੈ।

  • ਕਈ ਰੇਪ ਵੀਡੀਓਜ਼ ਦੀ ਪੋਰਨ ਵੀਡੀਓਜ਼ ਦੇ ਤੌਰ 'ਤੇ ਵਰਤੋਂ ਕੀਤੀ ਜਾਂਦੀ ਹੈ।
  • ਅਨੁਜ ਮੁਤਾਬਕ ਇਸ ਤਰ੍ਹਾਂ ਦੇ ਵੀਡੀਓ ਬਣਾਉਣ ਦੇ ਕਈ ਕਾਰਨ ਹੁੰਦੇ ਹਨ।
  • ਕਈ ਵਾਰ ਸਿਰਫ਼ ਆਪਣੀ ਮਰਦਾਨਗੀ ਸਾਬਤ ਕਰਨ ਲਈ ਇਸਦੀ ਵਰਤੋਂ ਕੀਤੀ ਜਾਂਦੀ ਹੈ।
  • ਕਈ ਵਾਰ ਲੋਕ ਗੰਦੀ ਮਾਨਸਿਕਤਾ ਕਾਰਨ ਅਜਿਹੇ ਕੰਮ ਕਰਦੇ ਹਨ।
  • ਧਮਕਾਉਣ ਲਈ ਵੀ ਹੁਣ ਇਸਦੀ ਵਰਤੋਂ ਸ਼ੁਰੂ ਹੋ ਗਈ ਹੈ।
  • ਅੱਜ ਦੇ ਦਿਨਾਂ ਵਿੱਚ ਬਦਲਾ ਲੈਣ ਕਰਕੇ ਵੀ ਇਸਦੀ ਵਰਤੋਂ ਹੋ ਰਹੀ ਹੈ।

ਅਨੁਜ ਮੁਤਾਬਕ ਬ੍ਰੇਕ ਅਪ 'ਰਿਵੇਂਜ ਪੋਰਨ' ਦਾ ਕਾਰਨ ਬਣਦਾ ਜਾ ਰਿਹਾ ਹੈ। ਇਹ ਮਾਮਲੇ ਘੱਟ ਉਮਰ ਦੇ ਬੱਚਿਆਂ ਨੂੰ ਜ਼ਿਆਦਾ ਹੁੰਦੇ ਹਨ। 16 ਤੋਂ 25 ਸਾਲ ਦੇ ਉਮਰ ਦੇ ਮੁੰਡੇ-ਕੁੜੀਆਂ ਇਸ ਵਿੱਚ ਵਧੇਰੇ ਹੁੰਦੇ ਹਨ।

'ਰਿਵੇਂਜ ਪੋਰਨ' ਦੇ ਮਾਮਲੇ ਹਾਲ ਹੀ ਦੇ ਦਿਨਾਂ 'ਚ ਵਧੇ ਹਨ। ਇਸ ਵਿੱਚ ਤਕਰੀਬਨ 20 ਤੋਂ 25 ਫ਼ੀਸਦ ਦਾ ਇਜ਼ਾਫ਼ਾ ਹੋਇਆ ਹੈ। ਭਾਰਤ ਵਿੱਚ ਰੇਪ ਵੀਡੀਓ ਦੀ ਅਕਸਰ ਧਮਕੀ ਦੇ ਕੇ ਅੱਗੇ ਵੀ ਕੁੜੀ ਦੀ ਵਰਤੋਂ ਕੀਤੀ ਜਾਂਦੀ ਹੈ।

ਵੀਡੀਓ ਵਾਇਰਲ ਕਰਨਾ ਵਾਲਾ ਫੜਿਆ ਕਿਉਂ ਨਹੀਂ ਜਾਂਦਾ

ਅਨੁਜ ਮੰਨਦੇ ਹਨ ਕਿ ਇਨ੍ਹਾਂ ਨੂੰ ਫੜਨਾ ਬਹੁਤ ਮੁਸ਼ਕਿਲ ਹੈ। ਅਜਿਹੇ ਮਾਮਲੇ ਵਿੱਚ ਪੁਲਿਸ ਨੇ ਸਭ ਤੋਂ ਪਹਿਲਾਂ ਵੀਡੀਓ ਦੇ ਸੋਰਸ ਦਾ ਪਤਾ ਲਗਾਉਣਾ ਹੁੰਦਾ ਹੈ।

ਜਦੋਂ ਵੀ ਇਸ ਤਰ੍ਹਾਂ ਦੇ ਜੁਰਮ ਦੀ ਸ਼ਿਕਾਇਤ ਹੁੰਦੀ ਹੈ ਤਾਂ ਪੁਲਿਸ ਮੌਕੇ 'ਤੇ ਪਹੁੰਚ ਕੇ ਸਭ ਤੋਂ ਪਹਿਲਾਂ ਮੋਬਾਈਲ ਜ਼ਬਤ ਕਰਦੀ ਹੈ।

Image copyright Getty Images

ਜੇਕਰ ਵੀਡੀਓ ਸੋਸ਼ਲ ਸਾਈਟ 'ਤੇ ਹੈ ਉਦੋਂ ਤਾਂ ਫੇਸਬੁੱਕ ਤੇ ਗੂਗਲ ਨਾਲ ਗੱਲ ਕਰਨ ਦੀ ਲੋੜ ਪੈਂਦੀ ਹੈ। ਜੇਕਰ ਵੀਡੀਓ ਮੋਬਾਈਲ 'ਤੇ ਬਣਿਆ ਹੁੰਦਾ ਹੈ ਤਾਂ ਮੁਸ਼ਕਿਲ ਹੋਰ ਵਧ ਜਾਂਦੀ ਹੈ ਕਿਉਂਕਿ ਮੋਬਾਈਲ P2P ਪਲੇਟਫਾਰਮ ਹੁੰਦਾ ਹੈ, ਇੱਕ ਦੇ ਮੋਬਾਈਲ ਤੋਂ ਦੂਜੇ ਦੇ ਮੋਬਾਈਲ ਤੱਕ ਵੀਡੀਓ ਪਹੁੰਚ ਜਾਂਦੀ ਹੈ।

ਜੇਕਰ ਪੀੜਤਾ ਖ਼ੁਦ ਇਸ ਬਾਰੇ ਦੱਸੇ ਤਾਂ ਮੁਸ਼ਕਿਲ ਥੋੜ੍ਹੀ ਘੱਟ ਜਾਂਦੀ ਹੈ।

ਡਿਵਾਈਸ ਜ਼ਬਤ ਕਰਨ ਤੋਂ ਬਾਅਦ ਉਸਦੀ ਡਿਜੀਟਲ ਫੋਰੈਂਸਿਕ ਜਾਂਚ ਹੁੰਦੀ ਹੈ। ਇਸ ਲਈ ਵੱਖਰੇ ਲੈਬ ਹੁੰਦੇ ਹਨ।

ਆਈਟੀ ਐਕਟ ਦੀ ਧਾਰਾ 67 ਮੁਤਾਬਕ ਕਿਸੀ ਵੀ ਅਸ਼ਲੀਲ ਸਮੱਗਰੀ ਨੂੰ ਕੈਪਚਰ ਕੀਤਾ ਜਾਵੇ ਤਾਂ ਘੱਟੋ-ਘੱਟ ਪੰਜ ਸਾਲ ਦੀ ਸਜ਼ਾ ਹੁੰਦੀ ਹੈ। ਜੇਕਰ ਨਬਾਲਿਗ ਨਾਲ ਅਜਿਹਾ ਹੁੰਦਾ ਤਾਂ ਸਜ਼ਾ ਹੋਰ ਵੱਧ ਜਾਂਦੀ ਹੈ।

ਅਨੁਜ ਮੁਤਾਬਕ ਸਜ਼ਾ ਦਾ ਪ੍ਰਬੰਧ ਹੈ ਪਰ ਕਾਨੂੰਨ ਨੂੰ ਅਮਲ ਵਿੱਚ ਲਿਆਉਣ 'ਚ ਦਿੱਕਤ ਹੈ।

ਪਹਿਲੀ ਦਿਕੱਤ ਤਾਂ ਇਹ ਹੈ ਕਿਪੁਲਿਸ ਦੇ ਕੋਲ ਪਹਿਲਾਂ ਤੋਂ ਹੀ ਅਜਿਹੇ ਕਈ ਮਾਮਲੇ ਹੁੰਦੇ ਹਨ। ਅਜਿਹੇ ਵਿੱਚ ਸਾਈਬਰ ਜੁਰਮ ਵਿੱਚ ਸਬੂਤ ਜਮਾ ਕਰਵਾਉਣ ਵਿੱਚ ਉਹ ਵਧੇਰੇ ਸਮਾਂ ਨਹੀਂ ਦਿੰਦੇ।

ਦੂਜੀ ਵੱਡੀ ਸਮੱਸਿਆ ਹੈ ਪੁਲਿਸ ਵਾਲਿਆਂ ਨੂੰ ਜਾਣਕਾਰੀ ਨਾ ਹੋਣਾ। ਰੇਪ ਵੀਡੀਓ ਦੇ ਮਾਮਲੇ ਵਿੱਚ ਸਬੂਤ ਇਕੱਠੇ ਕਰਨਾ ਆਪਣੇ ਆਪ ਵਿੱਚ ਬਹੁਤ ਵੱਡਾ ਕੰਮ ਹੈ।

ਕਈ ਵਾਰ ਸ਼ਿਕਾਇਤ ਝੂਠੀ ਵੀ ਹੁੰਦੀ ਹੈ। ਕਈ ਵਾਰ ਮਾਮਲੇ ਵਿੱਚ ਸਹਿਮਤੀ ਵੀ ਹੁੰਦੀ ਹੈ।

Image copyright Getty Images

ਜੇਕਰ ਮੇਲ ਜਾਂ ਸੀਡੀ 'ਚ ਵੀਡੀਓ ਹੁੰਦੀ ਹੈ ਤਾਂ ਉਸਦਾ ਮੇਟਾ-ਡੇਟਾ ਮਿਲਣਾ ਸੌਖਾ ਹੋ ਜਾਂਦਾ ਹੈ।

ਜੇਕਰ ਵੀਡੀਓ ਵੱਟਸ-ਐਪ 'ਤੇ ਹੁੰਦਾ ਹੈ ਤਾਂ ਮੇਟਾ-ਡੇਟਾ ਖ਼ੁਦ ਹੀ ਡਿਲੀਟ ਹੋ ਜਾਂਦਾ ਹੈ। ਇਸ ਲਈ ਇਸ ਤਰ੍ਹਾਂ ਦੇ ਵੀਡੀਓ ਦੀ ਜਾਂਚ ਵਿੱਚ ਕਈ ਚੁਣੌਤੀਆਂ ਹੁੰਦੀਆਂ ਹਨ।

ਸਾਈਬਰ ਐਕਸਪਰਟ ਪਵਨ ਦੁੱਗਲ ਦੀ ਮੰਨੀਏ ਤਾਂ ਵੱਟਸ-ਐਪ 'ਤੇ ਫੈਲ ਰਹੇ ਵੀਡੀਓ ਵਿੱਚ ਦੋ ਤਰ੍ਹਾਂ ਦੀ ਪ੍ਰੇਸਾਨੀ ਹੁੰਦੀ ਹੈ।

ਪਹਿਲਾ ਤਾਂ ਇਹ ਕਿ ਵੱਟਸ-ਐਪ ਦਾ ਦਫ਼ਤਰ ਭਾਰਤ ਵਿੱਚ ਨਹੀਂ ਹੈ ਇਸ ਲਈ ਉਨ੍ਹਾਂ ਤੋਂ ਜਾਣਕਾਰੀ ਲੈਣ ਵਿੱਚ ਮੁਸ਼ਕਿਲ ਆਉਂਦੀ ਹੈ।

ਦੂਜੀ ਗੱਲ ਇਹ ਵੱਟਸ-ਐਪ ਵਿੱਚ ਐਂਡ ਟੂ ਐਂਡ ਐਨਕਰਿਪਸ਼ਨ ਹੁੰਦਾ ਹੈ। ਇਸਦਾ ਮਤਲਬ ਇਹ ਹੈ ਕਿ ਜਦੋਂ ਮੈਸੇਜ ਇੱਕ ਮੋਬਾਈਲ ਤੋਂ ਦੂਜੇ ਮੋਬਾਈਲ 'ਤੇ ਜਾਂਦਾ ਹੈ ਤਾਂ ਮੈਸੇਜ ਭੇਜਣ ਤੋਂ ਬਾਅਦ ਉਸ 'ਤੇ ਤਾਲਾ ਲੱਗ ਜਾਂਦਾ ਹੈ। ਜਿਸ ਨੂੰ ਵਿਚਾਲੇ ਕੋਈ ਪੜ੍ਹ ਨਹੀਂ ਸਕਦਾ।

ਜਿਸ ਲਈ ਮੈਸੇਜ ਹੁੰਦਾ ਹੈ, ਜਦੋਂ ਉਸਦੇ ਮੋਬਾਈਲ 'ਤੇ ਮੈਸੇਜ ਪਹੁੰਚ ਜਾਂਦਾ ਹੈ ਉਦੋਂ ਹੀ ਉਸ ਮੈਸੇਜ ਦਾ ਤਾਲਾ ਖੁੱਲ੍ਹਦਾ ਹੈ। ਵਟਸ-ਐਪ ਮੁਤਾਬਕ ਉਸ ਐਨਕਰਿਪਸ਼ਨ ਦੀ ਚਾਬੀ ਖ਼ੁਦ ਉਨ੍ਹਾਂ ਕੋਲ ਨਹੀਂ ਹੁੰਦੀ। ਇਸ ਲਈ ਡਾਟਾ ਕਿੱਥੋਂ ਤੋਂ ਕਿੱਥੇ ਪਹੁੰਚਿਆਂ ਇਹ ਪਤਾ ਕਰਨਾ ਮੁਸ਼ਕਿਲ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)