ਦਲਿਤਾਂ ਦੇ ਕਤਲੇਆਮ ਦਾ ਕਾਰਨ ‘ਇੱਕ ਰੁਪਏ ਦਿਹਾੜੀ ਵਧਾਉਣ ਦੀ ਮੰਗ’ ਬਣਿਆ

  • ਪ੍ਰਿਅੰਕਾ ਦੂਬੇ
  • ਬੀਬੀਸੀ ਪੱਤਰਕਾਰ, ਭੋਜਪੁਰ(ਬਿਹਾਰ) ਦੇ ਬਥਾਨੀ ਟੋਲਾ ਤੋਂ
ਤਸਵੀਰ ਕੈਪਸ਼ਨ,

ਪੀੜਤ ਸਾਧੂ ਪਲਟਨ ਰਾਮ ਦਾ ਘਰ ਉਸਦੀ ਪੋਤੀ ਦੇ ਸਮਾਰਕ ਦੇ ਸਾਹਮਣੇ ਹੀ ਹੈ।

ਸਾਧੂ ਪਲਟਨ ਰਾਮ ਨੂੰ ਆਪਣੀ ਉਮਰ ਦਾ ਕੋਈ ਅੰਦਾਜ਼ਾ ਨਹੀਂ ਹੈ ਪਰ ਹੁਣ ਬਿਨਾਂ ਸਹਾਰੇ ਉਨ੍ਹਾਂ ਦੇ ਪੈਰ ਜ਼ਮੀਨ 'ਤੇ ਨਹੀਂ ਟਿਕ ਰਹੇ।

ਆਪਣੇ ਕਮਜ਼ੋਰ ਸਰੀਰ 'ਤੇ ਚਿੱਟੀਆਂ ਲੰਬੀਆਂ ਜਟਾਵਾਂ ਖਿਲਾਰ ਕੇ ਪਿੰਡ ਦੀਆਂ ਬਰੂਹਾਂ 'ਤੇ ਆਪਣੇ ਘਰ ਦੇ ਸਾਹਮਣੇ ਬੈਠੇ ਪਲਟਨ ਰਾਮ ਮੁੱਢ ਤੋਂ ਹੀ ਸਾਧੂ ਨਹੀਂ ਸਨ।

ਉਨ੍ਹਾਂ ਦੇ ਸਾਧੂ ਬਣਨ ਦੀ ਕਹਾਣੀ ਉਨ੍ਹਾਂ ਦੇ ਪਿੰਡ ਦੇ ਦੁਖਾਂਤ ਨਾਲ ਜੁੜੀ ਹੋਈ ਹੈ।

ਪਲਟਨ ਰਾਮ ਬਿਹਾਰ ਦੇ ਭੋਜਪੁਰ ਜ਼ਿਲ੍ਹੇ ਵਿੱਚ ਬਥਾਨੀ ਟੋਲਾ ਪਿੰਡ ਦੇ ਨਿਵਾਸੀ ਹਨ। 21 ਜੁਲਾਈ 1996 ਨੂੰ 'ਰਣਵੀਰ ਸੈਨਾ' ਨੇ ਉਨ੍ਹਾਂ ਦੇ ਪਿੰਡ 'ਤੇ ਹਮਲਾ ਕੀਤਾ ਸੀ।

ਇਸ ਹਮਲੇ ਵਿੱਚ ਰਣਵੀਰ ਸੈਨਾ ਦੇ ਹਮਲਾਵਰਾਂ ਨੇ 21 ਦਲਿਤਾਂ ਅਤੇ ਮੁਸਲਮਾਨਾਂ ਦਾ ਕਤਲ ਕਰ ਦਿੱਤਾ ਸੀ ਜਿਨ੍ਹਾਂ ਵਿੱਚ 11 ਔਰਤਾਂ, 6 ਬੱਚੇ ਸਨ। ਇੱਥੋਂ ਤੱਕ ਕਿ ਤਿੰਨ ਦੁੱਧ ਚੁੰਘਦੇ ਬੱਚਿਆਂ ਨੂੰ ਵੀ ਨਹੀਂ ਛੱਡਿਆ ਗਿਆ ਸੀ।

'ਬਥਾਨੀ ਟੋਲਾ ਜਨਸੰਹਾਰ' ਦੇ ਨਾਂ ਨਾਲ ਜਾਣਿਆ ਜਾਂਦਾ ਕਤਲੇਆਮ, ਦੇਸ ਭਰ ਵਿੱਚ ਦਲਿਤਾਂ ਖ਼ਿਲਾਫ਼ ਹੋਣ ਵਾਲੀ ਹਿੰਸਾ ਦੇ ਇਤਿਹਾਸ ਵਿੱਚ ਇੱਕ ਪੰਨੇ ਦੀ ਤਰ੍ਹਾਂ ਦਰਜ ਹੈ।

ਤਸਵੀਰ ਕੈਪਸ਼ਨ,

ਮਾਰਵਾਰੀ ਚੌਧਰੀ ਮੱਲਾਹ ਦੇ ਘਰ ਦਾ ਉਹ ਵਿਹੜਾ ਜਿੱਥੇ 14 ਲੋਕਾਂ ਦਾ ਕਤਲ ਹੋਇਆ ਸੀ

ਪਲਟਨ ਰਾਮ ਦੀ 13 ਸਾਲਾ ਕੁੜੀ ਫੂਲਾ ਕੁਮਾਰੀ ਨੂੰ ਵੀ ਮਾਰ ਦਿੱਤਾ ਗਿਆ ਸੀ।

ਪਿੰਡ ਵਿੱਚ ਇੱਕ ਸ਼ਹੀਦ ਸਮਾਰਕ ਬਣਾਇਆ ਗਿਆ ਹੈ ਜਿਸ ਵਿੱਚ ਸਾਰੇ ਮ੍ਰਿਤਕਾਂ ਦੇ ਚਿਹਰੇ ਉਭਾਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਪਲਟਨ ਰਾਮ ਦਾ ਇੱਕ ਕਮਰੇ ਦਾ ਘਰ ਠੀਕ ਇਸੇ ਸਮਾਰਕ ਦੇ ਸਾਹਮਣੇ ਹੈ।

ਬੋਲਣ ਵਿੱਚ ਤਕਲੀਫ਼

ਇੱਕ ਮੈਲੀ ਧੋਤੀ ਬੰਨ੍ਹੀ ਪਲਟਨ ਰਾਮ ਘਰ ਦੇ ਵਰਾਂਡੇ ਵਿੱਚ ਆਪਣੀਆਂ ਜਟਾਵਾਂ ਖੋਲ ਕੇ ਬੈਠੇ ਹਨ। ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਨੂੰ ਘੱਟ ਸੁਣਾਈ ਦਿੰਦਾ ਹੈ।

ਮਈ ਮਹੀਨੇ ਦੀ ਤਪਦੀ ਗਰਮੀ ਅਤੇ ਕਮਜ਼ੋਰੀ ਕਾਰਨ ਉਨ੍ਹਾਂ ਨੂੰ ਬੋਲਣ ਵਿੱਚ ਵੀ ਕਾਫ਼ੀ ਤਕਲੀਫ਼ ਹੈ।

ਫੂਲਾ ਕੁਮਾਰ ਬਾਰੇ ਪੁੱਛਣ 'ਤੇ ਪਲਟਨ ਰਾਮ ਆਪਣਾ ਹੱਥ ਚੁੱਕ ਕੇ ਸਾਹਮਣੇ ਬਣੀ ਸ਼ਹੀਦ ਸਮਾਰਕ ਵਿੱਚ ਮੌਜੂਦ ਫੂਲਾ ਦੇ ਚਿਹਰੇ ਵੱਲ ਇਸ਼ਾਰਾ ਕਰਦੇ ਹਨ ਅਤੇ ਕਹਿੰਦੇ ਹਨ,''ਉਹ ਹੈ ਸਾਡੀ ਫੂਲਾ, ਮੈਂ ਉਸ ਨੂੰ ਰੋਜ਼ ਦੇਖਦਾ ਹਾਂ।''

ਐਨਾ ਕਹਿਣ ਤੋਂ ਬਾਅਦ ਉਸ ਦੀਆਂ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਸਮਾਰਕ ਨੂੰ ਦੇਖਦੇ ਧੁੰਦਲਾ ਜਾਂਦੀਆਂ ਹਨ। ਬਥਾਨੀ ਟੋਲਾ ਕਤਲੇਆਮ ਦੇ ਚਸ਼ਮਦੀਦਾਂ ਵਿੱਚੋਂ ਇੱਕ ਫੂਲਾ ਦੇ ਕਤਲ ਤੋਂ ਤਿੰਨ ਸਾਲ ਬਾਅਦ ਪਲਟਨ ਰਾਮ ਸਾਧੂ ਬਣ ਗਏ।

ਰਣਵੀਰ ਸੈਨਾ ਦਾ ਨਾਮ

14 ਸਾਲ ਦੀ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਭੋਜਪੁਰ ਦੀ ਹੇਠਲੀ ਅਦਾਲਤ ਨੇ 68 ਮੁਲਜ਼ਮਾਂ ਵਿੱਚੋਂ 23 ਨੂੰ ਦੋਸ਼ੀ ਕਰਾਰ ਦਿੱਤਾ।

ਤਸਵੀਰ ਕੈਪਸ਼ਨ,

ਬਥਾਨੀ ਟੋਲਾ ਪਿੰਡ ਵੱਲ ਜਾਂਦੀ ਸੜਕ

ਮਈ 2010 ਵਿੱਚ ਭੋਜਪੁਰ ਦੇ ਜ਼ਿਲ੍ਹਾ ਦਫ਼ਤਰ ਆਰਾ ਵਿੱਚ ਸੁਣਾਏ ਗਏ ਇਸ ਫ਼ੈਸਲੇ ਵਿੱਚੋਂ 20 ਦੋਸ਼ੀਆਂ ਨੂੰ ਉਮਰ ਕੈਦ ਅਤੇ ਤਿੰਨ ਮੁਲਜ਼ਮਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ।

ਪਰ ਅਪ੍ਰੈਲ 2012 ਦੇ ਨਵੇਂ ਫ਼ੈਸਲੇ ਵਿੱਚ ਪਟਨਾ ਹਾਈ ਕੋਰਟ ਨੇ 'ਸਬੂਤਾਂ ਦੀ ਘਾਟ' ਦੇ ਕਾਰਨ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ। ਇਨ੍ਹਾਂ ਬਰੀ ਹੋਏ ਲੋਕਾਂ ਵਿੱਚ ਰਣਵੀਰ ਸੈਨਾ ਦੇ ਮੁਖੀ ਬ੍ਰਹਮੇਸ਼ਵਰ 'ਮੁਖੀਆ' ਦਾ ਨਾਂ ਵੀ ਸ਼ਾਮਲ ਹੈ।

'ਉੱਚੀਆਂ ਜਾਤਾਂ' ਦੇ ਜ਼ਿਮੀਦਾਰਾਂ ਦੀ ਹਥਿਆਰਬੰਦ ਫੌਜ ਬਣਾਉਣ ਵਾਲੇ ਬ੍ਰਹਮੇਸ਼ਵਰ ਮੁਖੀਆ ਨੂੰ 2012 ਵਿੱਚ ਗੋਲੀ ਮਾਰ ਦਿੱਤੀ ਗਈ ਸੀ।

ਸਾਰੇ ਮੁਲਜ਼ਮਾਂ ਦੀ ਰਿਹਾਈ ਤੋਂ ਬਾਅਦ ਬਥਾਨੀ ਟੋਲਾ ਦੇ ਨਿਵਾਸੀ ਸੁਪਰੀਮ ਕੋਰਟ ਵਿੱਚ ਇਨਸਾਫ਼ ਦੀ ਫਰਿਆਦ ਲੈ ਕੇ ਤਾਂ ਗਏ ਪਰ ਉਨ੍ਹਾਂ ਨੂੰ ਇਨਸਾਫ਼ ਮਿਲਣ ਦੀ ਉਮੀਦ ਨਾਂਹ ਦੇ ਬਰਾਬਰ ਹੈ।

ਬਥਾਨੀ ਟੋਲਾ ਕਤਲੇਆਮ ਦੀ ਕਹਾਣੀ ਦਲਿਤਾਂ ਅਤੇ ਮੁਸਲਮਾਨਾਂ ਲਈ ਇਨਸਾਫ਼ ਦੇ ਮੁਸ਼ਕਿਲ ਰਸਤਿਆਂ ਦਾ ਜਿਉਂਦੀ-ਜਾਗਦੀ ਮਿਸਾਲ ਹੈ।

ਦਲਿਤਾਂ ਅਤੇ ਮੁਸਲਮਾਨਾਂ ਨੂੰ ਕਿੰਨਾ ਮਿਲਦਾ ਹੈ ਨਿਆਂ?

ਦਲਿਤਾਂ ਅਤੇ ਮੁਸਲਮਾਨਾਂ ਨਾਲ ਜੁੜੀ ਬੀਬੀਸੀ ਦੀ ਸਪੈਸ਼ਲ ਸੀਰੀਜ਼ ਲਈ ਜਦੋਂ ਅਸੀਂ ਇਸ ਸਵਾਲ ਦਾ ਜਵਾਬ ਲੱਭਣ ਲਈ ਬਥਾਨੀ ਟੋਲਾ ਦੇ ਦਲਿਤ ਪੀੜਤਾਂ ਨੂੰ ਮਿਲੇ ਤਾਂ ਨਿਰਾਸ਼ਾ ਵਿੱਚ ਡੁੱਬੀ ਇੱਕ ਉਦਾਸ ਤਸਵੀਰ ਉਭਰ ਕੇ ਸਾਹਮਣੇ ਆਈ।

ਤਸਵੀਰ ਕੈਪਸ਼ਨ,

ਬਥਾਨੀ ਟੋਲਾ ਕਤਲੇਆਮ ਦੇ ਚਸ਼ਮਦੀਦ ਹੀਰਲਾਲ, ਯਮੁਨਾ ਰਾਮ, ਕਪਿਲ ਅਤੇ ਮਾਰਵਾਰੀ ਚੌਧਰੀ ਮੱਲਾਹ

ਕੌਮੀ ਜ਼ੁਰਮ ਰਿਕਾਰਡ ਬਿਊਰੋ (ਐਨਸੀਆਰਬੀ) ਦੇ ਇਸ ਸਾਲ ਦੇ ਅੰਕੜੇ ਦੱਸਦੇ ਹਨ ਕਿ 1996 ਵਿੱਚ ਜਾਤੀ ਹਿੰਸਾ ਦਾ ਸ਼ਿਕਾਰ ਹੋਏ ਬਥਾਨੀ ਟੋਲਾ ਦੇ ਦਲਿਤ ਹਿੰਸਾ ਦੇ ਇਸ ਸਿਲਸਿਲੇ ਵਿੱਚ ਇਕੱਲੇ ਨਹੀਂ ਹਨ।

ਐਨਸੀਆਰਬੀ ਦੇ ਅੰਕੜਿਆਂ ਮੁਤਾਬਕ ਪਿਛਲੇ 10 ਸਾਲਾਂ ਵਿੱਚ ((2007-2017) ਭਾਰਤ ਵਿੱਚ ਦਲਿਤਾਂ ਉੱਤੇ ਹੋਣ ਵਾਲੀ ਹਿੰਸਾ ਵਿੱਚ 66 ਫ਼ੀਸਦ ਵਾਧਾ ਹੋਇਆ ਹੈ।

ਇਨ੍ਹਾਂ ਅੰਕੜਿਆਂ ਮੁਤਾਬਕ ਹਰ 15 ਮਿੰਟਾਂ ਵਿੱਚ ਭਾਰਤ 'ਚ ਕਿਸੇ ਇੱਕ ਦਲਿਤ ਖ਼ਿਲਾਫ਼ ਇੱਕ ਮੁਕੱਦਮਾ ਦਰਜ ਕੀਤਾ ਜਾਂਦਾ ਹੈ।

ਬੀਤੇ ਨਵੰਬਰ ਵਿੱਚ ਜਾਰੀ ਕੀਤੇ ਗਏ ਐਨਸੀਆਰਬੀ ਦੇ ਤਾਜ਼ਾ ਅੰਕੜੇ ਦੱਸਦੇ ਹਨ ਕਿ 2015 ਵਿੱਚ ਦਰਜ 38,670 ਮਾਮਲਿਆਂ ਦੇ ਮੁਕਾਬਲੇ 2016 'ਚ ਦਲਿਤਾਂ ਖ਼ਿਲਾਫ਼ 40801 ਜ਼ੁਰਮ ਦੇ ਮਾਮਲੇ ਦਰਜ ਕੀਤੇ ਗਏ।

ਅਪ੍ਰੈਲ 2018 ਵਿੱਚ ਗ੍ਰਹਿ ਮੰਤਰਾਲੇ ਦੀ ਇੱਕ ਰਿਪੋਰਟ ਮੁਤਾਬਕ ਦਲਿਤਾਂ ਖ਼ਿਲਾਫ਼ ਜਾਰੀ ਜਾਤੀ ਹਿੰਸਾ ਦੇ ਮਾਮਲੇ ਵਿੱਚ ਦੋਸ਼ੀਆਂ ਨੂੰ ਸਜ਼ਾ ਮਿਲਣ ਦੀ ਦਰ ਸਿਰਫ਼ 16.3 ਫ਼ੀਸਦ ਹੈ।

'ਰਣਬੀਰ ਬਾਬਾ ਦੀ ਜੈ' ਦੇ ਨਾਅਰੇ

ਬਥਾਨੀ ਟੋਲਾ ਦੇ ਲੋਕਾਂ ਦੀ ਕਹਾਣੀ ਇਨ੍ਹਾਂ ਅੰਕੜਿਆਂ ਨੂੰ ਖ਼ੂਬ ਬਿਆਨ ਕਰਦੀ ਹੈ। ਪਲਟਨ ਰਾਮ ਨਾਲ ਗੱਲਬਾਤ ਦੌਰਾਨ ਪਿੰਡ ਦੇ ਬਾਕੀ ਲੋਕ ਮੇਰੇ ਨੇੜੇ ਆ ਕੇ ਇਕੱਠੇ ਹੋ ਜਾਂਦੇ ਹਨ। ਫਿਰ ਤਕਰੀਬਨ 40 ਮੀਟਰ ਦੂਰ ਸਥਿਤ ਮਾਰਵਾਰੀ ਚੌਧਰੀ ਮੱਲਾਹ ਦੇ ਘਰ ਲਿਜਾਇਆ ਜਾਂਦਾ ਹੈ।

ਤਸਵੀਰ ਕੈਪਸ਼ਨ,

ਅਰਵਲ ਜ਼ਿਲ੍ਹੇ ਵਿੱਚ ਸੋਨ ਨਦੀ ਕਿਨਾਰੇ ਵਸਿਆ ਲਕਸ਼ਮਣਪੁਰ ਬਾਥੇ ਪਿੰਡ। ਇਹ ਉਹੀ ਰਸਤਾ ਹੈ ਜਿੱਥੇ 1 ਦਸੰਬਰ 1997 ਦੀ ਰਾਤ ਰਣਵੀਰ ਸੈਨਾ ਨੇ ਹਮਲਾ ਬੋਲਿਆ ਸੀ

ਅੱਜ ਇੱਟਾਂ ਦੇ ਪੱਕੇ ਕਮਰਿਆਂ ਵਿੱਚ ਮੌਜੂਦ ਇਸ ਘਰ ਦੇ ਵਿਹੜੇ ਵਿੱਚ ਬਥਾਨੀ ਕਤਲੇਆਮ ਦੌਰਾਨ 14 ਕਤਲ ਹੋਏ ਸੀ। ਮਾਰੇ ਗਏ ਲੋਕਾਂ ਵਿੱਚ ਸਿਰਫ਼ ਔਰਤਾਂ ਅਤੇ ਬੱਚੇ ਸ਼ਾਮਲ ਸਨ।

ਘਰ ਦੇ ਮੁੱਖ ਦਰਵਾਜ਼ੇ ਵਿੱਚ ਅੱਜ ਤੱਕ ਫਸੀ ਬੰਦੂਕ ਦੀ ਇੱਕ ਗੋਲੀ ਦਿਖਾਉਂਦੇ ਹੋਏ ਮਾਰਵਾਰੀ ਦੱਸਦੇ ਹਨ,''ਉਸ ਸਮੇਂ ਇਸ ਘਰ ਵਿੱਚ ਸਿਰਫ਼ ਮਿੱਟੀ ਦੇ ਬਣੇ ਕੱਚੇ ਕਮਰੇ ਸੀ।''

''ਜੁਲਾਈ ਵਿੱਚ ਦੁਪਹਿਰ ਦਾ ਸਮਾਂ ਸੀ। ਪਿੰਡੇ ਦੇ ਇਸ ਟੋਲੇ ਵਿੱਚ ਸਿਰਫ਼ ਜ਼ਮੀਨ ਤੋਂ ਵਾਂਝੇ ਦਲਿਤ ਹੀ ਰਹਿੰਦੇ ਹਨ। ਉਸ ਦਿਨ ਵੀ ਵਧੇਰੇ ਲੋਕ ਮਜ਼ਦੂਰੀ ਲਈ ਹੀ ਗਏ ਹੋਏ ਸੀ। ਉਦੋਂ ਹੀ ਦੁਪਹਿਰ ਸਮੇਂ 'ਰਣਵੀਰ ਬਾਬਾ ਦੀ ਜੈ' ਦੇ ਨਾਅਰੇ ਲਾਉਂਦੇ ਹੋਏ ਰਣਵੀਰ ਸੈਨਾ ਦੇ ਲੋਕ ਟੋਲੇ ਵਿੱਚ ਵੜ ਗਏ।''

ਉਹ ਅੱਗੇ ਕਹਿੰਦੇ ਹਨ,''ਦੀਵਾਲੀ ਦੇ ਪਟਾਕਿਆਂ ਦੀ ਤਰ੍ਹਾਂ ਗੋਲੀਆਂ ਚਲਾਈਆਂ ਜਾ ਰਹੀਆਂ ਸਨ। 60 ਦੇ ਕਰੀਬ ਆਦਮੀ ਸਨ। ਸਾਰਿਆਂ ਦੇ ਹੱਥਾਂ ਵਿੱਚ ਬੰਦੂਕਾਂ, ਰਾਈਫ਼ਲ, ਤਲਵਾਰਾਂ ਅਤੇ ਗੰਡਾਸੇ ਸਨ। ਅੱਧੇ ਘੰਟੇ ਦੇ ਅੰਦਰ ਉਨ੍ਹਾਂ ਨੇ ਪਿੰਡ ਵਿੱਚ 21 ਲਾਸ਼ਾ ਵਿਛਾ ਦਿੱਤੀਆਂ। ਮੇਰੇ ਘਰ ਦੇ ਤਿੰਨ ਜੀਅ ਮਾਰੇ ਗਏ। 11 ਸਾਲ ਦਾ ਪੋਤਾ ਸੀ, ਸਭ ਨੂੰ ਕੱਟ ਦਿੱਤਾ।''

ਤਸਵੀਰ ਕੈਪਸ਼ਨ,

ਪੀੜਤ ਮਹੇਸ਼ ਕੁਮਾਰ, ਜਿਨ੍ਹਾਂ ਦੇ ਪਰਿਵਾਰ ਦੇ 4 ਮੈਂਬਰ ਬਾਥੇ ਕਤਲੇਆਮ ਵਿੱਚ ਮਾਰੇ ਗਏ ਸੀ

ਘਟਨਾ ਦੇ ਚਸ਼ਮਦੀਦ ਗਵਾਹ ਅਤੇ ਪਿੰਡ ਦੇ ਹੀ ਦੂਜੇ ਬਜ਼ੁਰਗ ਹਰੀਲਾਲ ਕਹਿੰਦੇ ਹਨ,''ਉਨ੍ਹਾਂ ਦੇ ਪਿੰਡ ਵਿੱਚ ਕਤਲੇਆਮ ਸਿਰਫ਼ ਇਸ ਲਈ ਹੋਇਆ ਕਿਉਂਕਿ ਪਿੰਡ ਦੇ ਦਲਿਤ ਆਪਣੀ ਮਜ਼ਦੂਰੀ 20 ਰੁਪਏ ਤੋਂ 21 ਰੁਪਏ ਕਰਵਾਉਣ ਦੀ ਮੰਗ ਕਰ ਰਹੇ ਸੀ।''

ਉਹ ਕਹਿੰਦੇ ਹਨ,''ਸ਼ੁਰੂ ਵਿੱਚ ਤਾਂ ਸਾਡੇ ਇੱਥੇ ਕਰੀਬ 150 ਦਲਿਤ ਬੰਧੂਆ ਮਜ਼ਦੂਰ ਸਨ। ਫਿਰ 1979 ਵਿੱਚ ਇੱਥੇ ਜ਼ਿਲ੍ਹੇ 'ਚ ਇੱਕ ਕੁਲੈਕਟਰ ਆਏ-ਮਨੋਜ ਕੁਮਾਰ ਸ਼੍ਰੀਵਾਸਤਵ। ਉਨ੍ਹਾਂ ਨੇ ਲੇਬਰ ਕੋਰਟ ਵਿੱਚ ਲੜਾਈ ਲੜ ਕੇ ਸਾਡੇ ਬੰਧੂਆ ਮਜ਼ਦੂਰਾਂ 'ਤੇ ਰੋਕ ਲਗਵਾਈ ਅਤੇ ਸਾਰੇ ਬੰਦੀ ਦਲਿਤਾਂ ਨੂੰ ਆਜ਼ਾਦ ਕਰਵਾਇਆ। ਇਸ ਨਾਲ ਸਾਡੇ ਪਿੰਡ ਦੇ ਸਰਵਨਾਂ ਨੂੰ ਬਹੁਤ ਬੁਰਾ ਲੱਗਿਆ।''

'22 ਸਾਲ ਤੋਂ ਸੌਂ ਨਹੀਂ ਸਕਿਆ'

ਬਥਾਨੀ ਕਤਲੇਆਮ ਵਿੱਚ ਨਈਮੁੱਦੀਨ ਦੇ ਪਰਿਵਾਰ ਦੇ ਲੋਕਾਂ ਦਾ ਕਤਲ ਹੋਇਆ ਸੀ। ਘਟਨਾ ਤੋਂ ਬਾਅਦ ਡਰ ਦੇ ਮਾਰੇ ਨਈਮੁੱਦੀਨ ਨੇ ਆਪਣੇ ਬਚੇ ਹੋਏ ਪਰਿਵਾਰ ਨਾਲ ਪਿੰਡ ਛੱਡ ਕੇ ਆਰਾ ਵਿੱਚ ਆ ਕੇ ਰਹਿਣ ਦਾ ਫ਼ੈਸਲਾ ਕੀਤਾ।

ਤਸਵੀਰ ਕੈਪਸ਼ਨ,

ਬਥਾਨੀ ਟੋਲਾ ਕਤਲੇਆਮ ਦੇ ਪੀੜਤ ਮੁਹਮੰਦ ਨਈਮੁੱਦੀਨ

ਮ੍ਰਿਤਕਾਂ ਵਿੱਚ ਉਨ੍ਹਾਂ ਦੀ ਵੱਡੀ ਭੈਣ, ਵੱਡੀ ਨੂੰਹ, ਦਸ ਸਾਲਾਂ ਮੁੰਡੇ ਦੇ ਨਾਲ-ਨਾਲ ਤਿੰਨ ਮਹੀਨੇ ਦੀ ਨਵ ਜੰਮੀ ਪੋਤੀ ਵੀ ਸ਼ਾਮਲ ਹੈ।

ਦਲਿਤਾਂ ਅਤੇ ਮੁਸਲਮਾਨਾਂ ਲਈ ਨਿਆਂ ਦੇ ਕੀ ਮਾਇਨੇ ਹਨ। ਇਹ ਸਵਾਲ ਸੁਣ ਕੇ ਨਈਮੁੱਦੀਨ ਦੀਆਂ ਅੱਖਾਂ ਅਤੇ ਗਲਾ ਦੋਵੇਂ ਭਰ ਜਾਂਦੇ ਹਨ।

ਇੱਕ ਗਿਲਾਸ ਪਾਣੀ ਪੀਣ ਤੋਂ ਬਾਅਦ ਖ਼ੁਦ ਨੂੰ ਸੰਭਾਲਦੇ ਹੋਏ ਨਈਮੁੱਦੀਨ ਕਹਿੰਦੇ ਹਨ,'' ਆਪਣੇ 6 ਜੀਆਂ ਨੂੰ ਆਪਣੇ ਹੱਥਾਂ ਨਾਲ ਮਿੱਟੀ ਪਾਈ ਹੈ। 22 ਸਾਲ ਤੋਂ ਸੌਂ ਨਹੀਂ ਸਕਿਆ। ਸਾਰਿਆਂ ਦੀਆਂ ਲਾਸ਼ਾਂ ਇੱਕ ਹੀ ਟਕੈਰਟਰ ਵਿੱਚ ਰੱਖ ਕੇ ਲੈ ਗਏ ਸੀ। ਮੇਰੇ 10 ਸਾਲਾ ਮੁੰਡੇ ਦੀ ਧੌਣ ਕੱਟ ਦਿੱਤੀ ਸੀ। 20 ਦਿਨ ਪਟਨਾ ਦੇ ਹਸਪਤਾਲ ਵਿੱਚ ਭਰਤੀ ਰਹਿਣ ਤੋਂ ਬਾਅਦ ਉਹ ਮਰ ਗਿਆ।''

(ਇਹ ਕਹਾਣੀ ਬੀਬੀਸੀ ਵੱਲੋਂ ਦਲਿਤਾਂ ਅਤੇ ਮੁਸਲਮਾਨਾਂ 'ਤੇ ਚਲਾਈ ਜਾ ਰਹੀ ਵਿਸ਼ੇਸ਼ ਲੜੀ ਦਾ ਹਿੱਸਾ ਹੈ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)