ਸ਼ਿਮਲਾ 'ਚ ਪਾਣੀ ਸੰਕਟ ਦੇ ਇਹ ਹਨ ਕਾਰਨ

  • ਅਰਚਨਾ
  • ਬੀਬੀਸੀ ਲਈ
SHIMLA WATER CRISIS

ਤਸਵੀਰ ਸਰੋਤ, Archana/BBC

ਦੁਨੀਆਂ ਭਰ ਵਿੱਚ ਮਸ਼ਹੂਰ ਹਿਮਾਚਲ ਦੀ ਰਾਜਧਾਨੀ ਸ਼ਿਮਲਾ ਅੱਜ-ਕੱਲ੍ਹ ਪਾਣੀ ਦੀ ਮੁਸ਼ਕਿਲ ਦਾ ਸਾਹਮਣਾ ਕਰ ਰਹੀ ਹੈ।

ਗਰਮੀ ਦੇ ਨਾਲ ਇਲਾਕੇ ਵਿੱਚ ਪਾਣੀ ਦਾ ਸੰਕਟ ਇੰਨਾ ਵੱਧ ਗਿਆ ਹੈ ਕਿ ਲੋਕ ਮੁਜ਼ਾਹਰਾ ਕਰ ਰਹੇ ਹਨ ਅਤੇ ਟੈਂਕਰ ਤੋਂ ਪਾਣੀ ਲੈਣ ਲਈ ਹਰ ਗਲੀ ਵਿੱਚ ਰੌਲਾ ਪੈ ਰਿਹਾ ਹੈ।

ਹਾਲਾਤ ਅਜਿਹੇ ਹਨ ਕਿ ਸ਼ਿਮਲਾ ਦੀ ਮਾਲ ਰੋਡ 'ਤੇ ਪਾਣੀ ਲਈ ਲੋਕਾਂ ਦੀ ਲਾਈਨ ਲੱਗਣੀ ਸੁਰੂ ਹੋ ਗਈ ਹੈ। ਕੁਝ ਲੋਕਾਂ ਨੇ ਰਾਤੋਂ-ਰਾਤ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ।

ਜਦੋਂ ਪਾਣੀ ਲਈ ਕਈ ਥਾਈਂ ਮੁਜ਼ਾਹਰੇ ਹੋਏ ਤਾਂ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਖੁਦ ਕਮਾਂਡ ਸੰਭਾਲੀ।

ਸੈਰ-ਸਪਾਟੇ 'ਤੇ ਅਸਰ

ਸੈਰ-ਸਪਾਟੇ ਦੇ ਹਿਸਾਬ ਨਾਲ ਇਹੀ ਮੌਸਮ ਵਧੀਆ ਮੰਨਿਆ ਜਾ ਰਿਹਾ ਹੈ। ਅਜਿਹਾ ਵਿੱਚ ਸਭ ਤੋਂ ਵੱਧ ਪਰੇਸ਼ਾਨੀ ਹੋਟਲ ਮਾਲਿਕਾਂ ਲਈ ਹੈ।

ਪਰੇਸ਼ਾਨੀ ਦੇਖਦੇ ਹੋਏ ਹੋਟਲ ਮਾਲਿਕ ਹੁਣ ਸੈਲਾਨੀਆਂ ਨੂੰ ਸ਼ਿਮਲਾ ਨਾ ਆਉਣ ਦੀ ਅਪੀਲ ਕਰ ਰਹੇ ਹਨ।

ਤਸਵੀਰ ਸਰੋਤ, Getty Images

ਕਈ ਹੋਟਲਾਂ ਨੇ ਤਾਂ ਬੁਕਿੰਗ ਲੈਣਾ ਹੀ ਬੰਦ ਕਰ ਦਿੱਤਾ ਹੈ।

ਜਨਤਕ ਪਖਾਣੇ ਪਾਣੀ ਦੀ ਕਮੀ ਕਾਰਨ ਬੰਦ ਕਰ ਦਿੱਤੇ ਗਏ ਹਨ।

ਉੱਤਰ ਭਾਰਕ ਦੇ ਹੋਟਲ ਅਤੇ ਰੇਸਤਰਾਂ ਐਸੋਸੀਏਸ਼ਨ ਦੇ ਮੁਖੀ ਸੰਜੇ ਸੂਦ ਨੇ ਦੱਸਿਆ, "ਹੋਟਲ ਮਾਲਿਕ ਪਾਣੀ ਦੀ ਕਮੀ ਕਾਰਨ ਸੈਲਾਨੀਆਂ ਨੂੰ ਫਿਲਹਾਲ ਸ਼ਿਮਾਲ ਨਾ ਆਉਣ ਦੀ ਸਲਾਹ ਦੇ ਰਹੇ ਹਨ। ਹੋਟਲਾਂ ਨੂੰ ਨਿੱਜੀ ਟੈਂਕਰਾਂ ਤੋਂ ਵੀ ਸਪਲਾਈ ਨਹੀਂ ਮਿਲ ਪਾ ਰਹੀ ਹੈ।"

ਸ਼ਿਮਲਾ ਦੇ ਮਾਲ ਰੋਡ ਤੇ ਰਹਿਣ ਵਾਲੀ ਸੁਨੀਤਾ ਦੇਵੀ ਦਾ ਕਹਿਣਾ ਹੈ, "25 ਮਈ ਤੋਂ ਬਾਅਦ ਪਾਣੀ ਨਹੀਂ ਆਇਆ ਹੈ। ਉਸ ਦਿਨ ਵੀ ਸਿਰਫ਼ ਇੱਕ ਘੰਟੇ ਲਈ ਹੀ ਪਾਣੀ ਆਇਆ ਸੀ। ਚਾਰ ਦਿਨਾਂ ਤੋਂ ਅਸੀਂ ਇੱਘਰ-ਉੱਧਰ ਟੈਂਕਰ ਤੋਂ ਪਾਣੀ ਲਿਆ ਰਹੇ ਹਾਂ।"

ਉੱਥੇ ਹੀ ਸ਼ਿਮਲਾ ਵਿੱਚ ਦੁਕਾਨ ਚਲਾਉਣ ਵਾਲੇ ਕ੍ਰਿਸ਼ਨ ਦੇਵ ਦਾ ਕਹਿਣਾ ਹੈ ਕਿ ਪਾਣੀ ਦੀ ਮੁਸ਼ਕਿਲ ਕਾਰਨ ਉਨ੍ਹਾਂ ਨੇ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਕਾਂਗੜਾ ਭੇਜ ਦਿੱਤਾ ਹੈ।

ਪਾਣੀ ਸੰਕਟ ਅਤੇ ਸ਼ਿਮਲਾ ਦਾ ਇਤਿਹਾਸ

ਤਸਵੀਰ ਸਰੋਤ, Getty Images

ਸ਼ਿਮਲਾ ਇਸ ਹਾਲ ਤੱਕ ਕੀ ਅਚਾਨਕ ਪਹੁੰਚ ਗਿਆ ਹੈ ਜਾਂ ਫਿਰ ਇਸ ਲਈ ਤਿਆਰ ਨਹੀਂ ਸੀ। ਇਸ ਨੂੰ ਸਮਝਣ ਲਈ ਸ਼ਿਮਲਾ ਦੇ ਵਸੇਬੇ ਦੀ ਕਹਾਣੀ ਜਾਣਨਾ ਜ਼ਰੂਰੀ ਹੈ।

  • ਸ਼ਿਮਲਾ ਸ਼ਹਿਰ ਹਿਮਾਚਲ ਦੇ ਲੋਕਾਂ ਦਾ ਕਈ ਰਿਹਾਇਸ਼ੀ ਇਲਾਕਾ ਨਹੀਂ ਰਿਹਾ। 19ਵੀਂ ਸਦੀ ਵਿੱਚ ਇਹ ਹੋਂਦ ਵਿੱਚ ਉਦੋਂ ਆਇਆ ਜਦੋਂ ਮੈਦਾਨੀ ਇਲਾਕੇ ਵਿੱਚ ਪੈਣ ਵਾਲੀ ਗਰਮੀ ਅੰਗਰੇਜ਼ਾਂ ਦੀ ਸਹਿਨ ਸ਼ਕਤੀ ਤੋਂ ਬਾਹਰ ਹੋਣ ਲੱਗੀ।
  • ਸਭ ਤੋਂ ਪਹਿਲਾਂ ਬ੍ਰਿਟਿਸ਼ ਇੰਡੀਆ ਸਰਕਾਰ ਦੇ ਲੋਕ ਹਿਮਾਚਲ ਵਿੱਚ ਕਸੌਲੀ ਪਹੁੰਚੇ। ਉਸ ਤੋਂ ਬਾਅਦ ਸ਼ਿਮਲਾ ਆਏ।
  • ਇਸ ਸ਼ਹਿਰ ਦਾ ਵਾਤਾਵਰਨ ਅੰਗਰੇਜ਼ਾਂ ਨੂੰ ਇੰਨਾ ਪਸੰਦ ਆਇਆ ਕਿ ਉਨ੍ਹਾਂ ਨੇ ਸ਼ਿਮਲਾ ਨੂੰ ਬ੍ਰਿਟਿਸ਼ ਭਾਰਤ ਦੀ ਗਰਮੀ ਦੀ ਰਾਜਧਾਨੀ ਐਲਾਨ ਦਿੱਤਾ।
  • ਉਸ ਵੇਲੇ ਇਹ ਸ਼ਹਿਰ ਸਿਰਫ਼ 25 ਹਜ਼ਾਰ ਲੋਕਾਂ ਦੇ ਲਈ ਵਸਾਇਆ ਗਿਆ ਸੀ ਪਰ ਅੱਜ ਸ਼ਹਿਰ ਦੀ ਆਬਾਦੀ ਦੋ ਲੱਖ ਤੋਂ ਪਾਰ ਪਹੁੰਚ ਗਈ ਹੈ।
  • ਇਸ ਤੋਂ ਅਲਾਵਾ ਹਰ ਸਾਲ ਲੱਖਾਂ ਸੈਲਾਨੀ ਸ਼ਿਮਲਾ ਪਹੁੰਚਦੇ ਹਨ।

ਕਿੰਨੀ ਲੋੜ ਤੇ ਕਿੰਨਾ ਮਿਲ ਰਿਹਾ ਹੈ ਪਾਣੀ

ਸ਼ਿਮਲਾ ਵਿੱਚ ਇਸ ਵੇਲੇ 45 ਮਿਲੀਅਨ ਲੀਟਰ(ਐੱਮਐੱਲਡੀ) ਪਾਣੀ ਦੀ ਲੋੜ ਹਰ ਰੋਜ਼ ਪੈਂਦੀ ਹੈ। ਜਦਕਿ ਸ਼ਹਿਰ ਨੂੰ ਸਿਰਫ਼ 20 ਐੱਮਐੱਲਡੀ ਪਾਣੀ ਦੀ ਮਿਲ ਪਾ ਰਿਹਾ ਹੈ।

ਤਸਵੀਰ ਸਰੋਤ, ARCHANA/BBC

ਸ਼ਿਮਲਾ ਅਤੇ ਨੇੜਲੇ ਇਲਾਕਿਆਂ ਲਈ ਪਾਣੀ ਦੇ 5 ਸਰੋਤ ਹਨ। ਜਿਸ ਵਿੱਚ ਗੁੱਮਾ, ਗਿਰੀ, ਅਸ਼ਵਿਨੀ ਖੱਡ, ਚੁਰਟ ਅਤੇ ਸਿਓਗ ਸ਼ਾਮਿਲ ਹਨ। ਇਨ੍ਹਾਂ ਵਿੱਚੋਂ ਸ਼ਿਮਲਾ ਦੇ ਪਾਣੀ ਦੀ ਪੂਰਚੀ ਦਾ ਮੁਖ ਸਰੋਤ ਰਹੀ ਹੈ ਅਸ਼ਵਿਨੀ ਖੱਡ। ਜਿਸ ਨਾਲ ਸਪਲਾਈ ਬੀਤੇ ਦੋ ਸਾਲਾਂ ਤੋਂ ਬੰਦ ਹੈ।

ਇਸ ਦੇ ਮਾੜੇ ਪਾਣੀ ਕਾਰਨ ਦੋ ਸਾਲ ਪਹਿਲਾਂ ਪੀਲੀਆ ਫੈਲ ਗਿਆ ਸੀ ਜਿਸ ਕਾਰਨ 30 ਲੋਕਾਂ ਦੀ ਮੌਤ ਹੋਈ ਸੀ।

ਪਾਣੀ ਦੀ ਕਮੀ ਦਾ ਦੂਜਾ ਕਾਰਨ ਹੈ ਸਰਦੀਆਂ ਵਿੱਚ ਲੋੜੀਂਦੀ ਬਰਫ਼ਬਾਰੀ ਅਤੇ ਮੀਂਹ ਦੀ ਨਾਂ ਪੈਣਾ।

ਵੈਸੇ ਸ਼ਿਮਲਾ ਵਿੱਚ ਬਰਫ਼ਬਾਰੀ ਤੋਂ ਬਾਅਦ ਵੀ ਪਾਣੀ ਦੀ ਮੁਸ਼ਕਿਲ ਰਹਿੰਦੀ ਹੈ ਜਦਕਿ ਗਰਮੀਆਂ ਵਿੱਚ ਸੋਕੇ ਅਤੇ ਮੀਂਹ ਵਿੱਚ ਸਿਲਟ ਕਾਰਨ ਆਮ ਲੋਕਾਂ ਨੂੰ ਪੂਰਾ ਸਾਲ ਪਾਣੀ ਦੀ ਮੁਸ਼ਕਿਲ ਰਹਿੰਦੀ ਹੈ।

ਇੱਥੇ ਹੋ ਰਹੀ ਅੰਨ੍ਹੇਵਾਹ ਉਸਾਰ, ਨਗਰ ਨਿਗਮ ਦੇ ਬਦਹਾਲ ਸਿਸਟਮ ਅਤੇ ਪਾਣੀ ਦੀ ਲੀਕੇਜ ਵੀ ਇਸ ਮੁਸ਼ਕਿਲ ਨੂੰ ਹੋਰ ਵਧਾ ਰਹੀ ਹੈ।

ਇਲਜ਼ਾਮਾਂ ਦਾ ਦੌਰ

ਰਾਜਧਾਨੀ ਵਿੱਚ ਪਾਣੀ ਦੀ ਪੂਰਤੀ ਦੀ ਜ਼ਿੰਮੇਵਾਰੀ ਨਗਰ ਨਿਗਮ ਸ਼ਿਮਲਾ ਦੀ ਹੈ। ਜਿਸ ਦੀ ਮੇਅਰ ਇਸ ਗੰਭੀਰ ਸੰਕਟ ਵਿੱਚ ਜਨਤਾ ਨੂੰ ਆਪਣੇ ਹਾਲਾਤ ਤੇ ਛੱਡ ਕੇ ਚੀਨ ਦੇ ਸਰਕਾਰੀ ਦੌਰੇ ਤੇ ਹੈ।

ਤਸਵੀਰ ਸਰੋਤ, FACEBOOK/JAIRAM THAKUR/BBC

ਸ਼ਿਮਲਾ ਨਗਰ ਨਿਗਮ ਵਿੱਚ ਲੰਬੇ ਸਮੇਂ ਤੱਕ ਕਾੰਗਰਸ ਨੇ ਸ਼ਾਸਨ ਕੀਤਾ ਹੈ। ਇਹੀ ਕਾਰਨ ਹੈ ਕਿ ਭਾਜਪਾ ਕਾਂਗਰਸ ਨੂੰ ਹੀ ਇਸ ਦੋ ਦੋਸ਼ੀ ਮੰਨਦੀ ਹੈ।

ਭਾਜਪਾ ਦੇ ਸੂਬਾ ਪ੍ਰਧਾਨ ਸਤਪਾਲ ਸੱਤੀ ਦਾ ਕਹਿਣਾ ਹੈ ਕਿ ਨਗਰ ਨਿਗਮ ਵਿੱਚ ਕਾਂਗਰਸ ਨੇ ਲੰਮੇ ਸਮੇਂ ਤੱਕ ਸ਼ਾਸਨ ਕੀਤਾ ਹੈ ਅਤੇ ਇਸ ਮੁਸ਼ਕਿਲ ਦੇ ਹੱਲ ਲਈ ਉਹੀ ਜਡ਼ਿੰਮੇਵਾਰ ਹਨ।

ਉਨ੍ਹਾਂ ਨੇ ਕਿਹਾ, "ਭਾਜਪਾ 2017 ਵਿੱਚ ਪਹਿਲੀ ਵਾਰੀ ਨਗਰ ਨਿਗਮ ਸ਼ਿਮਲਾ ਤੇ ਕਾਬਿਜ਼ ਹੋਈ। ਸਤਲੁੱਜ ਤੋਂ ਸ਼ਿਮਲਾ ਲਈ ਪਾਣੀ ਦੀ 400 ਕਰੋੜ ਦੀ ਯੋਜਨਾ ਕੇਂਦਰ ਸਰਕਾਰ ਨੂੰ ਭੇਜੀ ਗਈ ਹੈ। ਸਾਡੀ ਕੋਸ਼ਿਸ਼ ਰਹੇਗੀ ਕਿ ਇਸ ਨੂੰ ਜਲਦੀ ਹੀ ਪੂਰਾ ਕਰ ਲਿਆ ਜਾਵੇ।"

ਉੱਥੇ ਹੀ ਸੂਬਾ ਕਾਂਗਰਸ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੂ ਦਾ ਕਹਿਣਾ ਹੈ, "ਕਾਂਗਰਸ ਇੰਨੇ ਸਾਲ ਸੱਤਾ ਵਿੱਚ ਰਹੀ ਪਰ ਅਜਿਹੇ ਹਾਲਾਤ ਕਦੇ ਪੈਦੇ ਨਹੀਂ ਹੋਏ।"

ਇਸ ਵਿਚਾਲੇ ਮੁੱਖ ਮੰਤਰੀ ਸਣੇ ਹੋਰਨਾਂ ਮੰਤਰੀਆਂ ਨੇ ਵੀ ਵੱਖ-ਵੱਖ ਥਾਂਵਾਂ ਤੇ ਲੋਕਾਂ ਨੂੰ ਸਮਝੌਣਾ ਸ਼ੁਰੂ ਕਰ ਦਿੱਤਾ ਹੈ।

ਤਸਵੀਰ ਸਰੋਤ, ARCHANA/BBC

ਮੁੱਖ ਮੰਤਰੀ ਜੈਰਾਮ ਠਾਕੁਰ ਹਰ ਰੋਜ਼ ਪਾਣੀ ਦੀ ਹਾਲਤ ਨੂੰ ਲੈ ਕੇ ਅਧਿਕਾਰੀਆਂ ਨਾਲ ਲਗਾਤਾਰ ਸਮੀਖਿਆ ਬੈਠਕ ਕਰ ਰਹੇ ਹਨ।

ਉੱਥੇ ਹੀ ਹਿਮਾਚਲ ਹਾਈ ਕੋਰਟ ਨੇ ਵੀ ਪਾਣੀ ਦੀ ਇਸ ਮੁਸ਼ਕਿਲ ਤੇ ਨੋਟਿਸ ਲੈਂਦਿਆ ਸਾਰੇ ਜੱਜਾਂ ਸਣੇ ਵੀਆਈਪੀ ਲੋਕਾਂ ਲਈ ਪਾਣੀ ਦੇ ਟੈਂਕਰਾਂ ਦੀ ਸਪਲਾਈ ਤੇ ਰੋਕ ਲਾ ਦਿੱਤੀ ਹੈ।

ਅਦਾਲਤ ਨੇ ਮੁੱਖ ਮੰਤਰੀ ਅਤੇ ਰਾਜਪਾਲ ਨੂੰ ਇਸ ਦਾਇਰੇ ਤੋਂ ਬਾਹਰ ਰੱਖਿਆ ਹੈ। ਪਹਿਲੀ ਵਾਰੀ ਹੈ ਕਿ ਭਵਨ ਦੀ ਉਸਾਰੀ ਤੇ ਵੀ ਇੱਕ ਹਫ਼ਤੇ ਲਈ ਰੋਕ ਲਾ ਦਿੱਤੀ ਹੈ।

ਜਲ ਸੰਕਟ ਕਾਰਨ ਹੀ ਪ੍ਰਸ਼ਾਸਨ ਨੇ ਕੌਮਾਂਤਰੀ ਸਮਾਗਮ ਦਾ ਪ੍ਰਬੰਧ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ। ਇੱਕ ਸਮਾਗਮ 1 ਜੂਨ ਤੋਂ 5 ਜੂਨ ਤੱਕ ਹੋਣਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)