ਸ਼ਾਹਕੋਟ ਜ਼ਿਮਨੀ ਚੋਣ: ‘ਭਾਜਪਾ ਨੂੰ ਅਕਾਲੀਆਂ ਸਣੇ ਹੋਰਾਂ ਦਾ ਸਾਥ ਮੁਫ਼ਤੋ-ਮੁਫ਼ਤੀ ਨਹੀਂ ਮਿਲੇਗਾ’

  • ਅਰਵਿੰਦ ਛਾਬੜਾ
  • ਬੀਬੀਸੀ ਪੰਜਾਬੀ
ਭਾਜਪਾ ਅਤੇ ਅਕਾਲੀ ਦਲ ਦਾ ਗਠਜੋੜ

ਤਸਵੀਰ ਸਰੋਤ, NARINDER NANU/GettyImages

ਸਿਆਸੀ ਮਾਹਿਰਾਂ ਮੁਤਾਬਿਕ ਸ਼ਾਹਕੋਟ ਜ਼ਿਮਨੀ ਚੋਣ ਨੇ ਇਹ ਤੈਅ ਕਰ ਦਿੱਤਾ ਹੈ ਕਿ ਹੁਣ ਅਕਾਲੀ ਦਲ ਤੇ ਭਾਜਪਾ ਨੂੰ ਆਪਣੇ ਗਠਜੋੜ ਬਾਰੇ ਮੁੜ ਤੋਂ ਵਿਚਾਰ ਕਰਨਾ ਪਵੇਗਾ।

ਇਨ੍ਹਾਂ ਚੋਣਾਂ ਨੇ ਆਮ ਆਦਮੀ ਪਾਰਟੀ ਨੂੰ ਸਮੇਟਦੇ ਹੋਏ ਅਕਾਲੀ ਦਲ ਨੂੰ ਫਿਰ ਤੋਂ ਮੁੱਖ ਵਿਰੋਧੀ ਧਿਰ ਵਜੋਂ ਸਥਾਪਿਤ ਕਰ ਦਿੱਤਾ ਹੈ।

ਕਾਂਗਰਸ ਦੀ ਇਸ ਜਿੱਤ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਦੇ ਕਾਰਨਾਂ ਨੂੰ ਲੈ ਕੇ ਬੀਬੀਸੀ ਨੇ ਸਿਆਸੀ ਮਾਹਿਰਾਂ ਨਾਲ ਗੱਲਬਾਤ ਕੀਤੀ।

ਇੰਸਟੀਟਿਊਟ ਆਫ ਡੈਵਲਪਮੈਂਟ ਐਂਡ ਕਮਿਊਨੀਕੇਸ਼ਨ ਦੇ ਡਾਇਰੈਕਟਰ ਡਾਕਟਰ ਪ੍ਰਮੋਦ ਕੁਮਾਰ ਨਾਲ ਗੱਲਬਾਤ ਕੀਤੀ ਗਈ।

ਡਾ. ਪ੍ਰਮੋਦ ਮੁਤਾਬਕ ਸ਼ਾਹਕੋਟ ਦੀ ਜ਼ਿਮਨੀ ਚੋਣ ਦੇ ਨਤੀਜੇ ਨੂੰ ਕੌਮੀ ਸੰਦਰਭ ਵਿੱਚ ਸਮਝਿਆ ਜਾ ਸਕਦਾ ਹੈ ਜਿਸਦੀ ਆਉਂਦੀਆ 2019 ਦੀਆਂ ਚੋਣਾਂ 'ਤੇ ਅਹਿਮ ਛਾਪ ਦਿਖਾਈ ਦੇ ਸਕਦੀ ਹੈ।

ਡਾ. ਪ੍ਰਮੋਦ ਕਹਿੰਦੇ ਹਨ ਭਾਜਪਾ ਵੱਲੋਂ ਖੇਤਰੀ ਪਾਰਟੀਆਂ ਨੂੰ ਹਾਸ਼ੀਏ 'ਤੇ ਧੱਕਣਾ ਉਸ ਨੂੰ ਹੀ ਪੁੱਠਾ ਪੈ ਗਿਆ ਹੈ।

ਇਨ੍ਹਾਂ ਚੋਣਾਂ ਬਹਾਨੇ ਕਮੰਡਲ(ਹਿੰਦੁਤਵ ਦਾ ਪ੍ਰਤੀਕ) ਅਤੇ ਮੰਡਲ (ਵੱਖ-ਵੱਖ ਜਾਤਾਂ ਦਾ ਇਕੱਠ) ਦੀ ਸਿਆਸਤ ਨੂੰ ਚੇਤੇ ਕੀਤਾ ਜਾ ਸਕਦਾ ਹੈ, ਹਾਲਾਂਕਿ ਮੁਸਲਮਾਨਾਂ ਨੂੰ ਹਾਸ਼ੀਏ ਉੱਤੇ ਰੱਖਣ ਵਿੱਚ ਗੈਰ-ਭਾਜਪਾ ਦਲ ਫਰੰਟ ਵੀ ਪਿੱਛੇ ਨਹੀਂ ਰਹੇ।

ਤਸਵੀਰ ਸਰੋਤ, Pib.nic.in

ਇਸ ਨਾਲ ਭਾਜਪਾ ਵੱਲੋਂ ਅਪਣਾਈ ਜਾਂਦੀ ਖੇਤਰੀ ਪਾਰਟੀਆਂ ਨੂੰ ਦਰਕਿਨਾਰ ਕਰਨ ਦੀ ਰਣਨੀਤੀ ਦਾ ਵੀ ਖੁਲਾਸਾ ਹੋਇਆ ਹੈ।

ਸਾਲ 2014 ਵਿੱਚ ਮੱਧ ਪ੍ਰਦੇਸ਼ ਦੇ ਤਸਗਾਓਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ ਰੈਲੀ ਵਿੱਚ ਦਿੱਤੇ ਗਏ ਭਾਸ਼ਣ ਨੂੰ ਵੀ ਡਾ. ਪ੍ਰਮੋਦ ਯਾਦ ਕਰਦੇ ਹਨ।

ਰੈਲੀ ਵਿੱਚ ਮੋਦੀ ਨੇ ਕਿਹਾ ਸੀ, ''ਗਠਜੋੜ ਵਿੱਚ ਕੋਈ ਵੀ ਪਾਰਟੀ ਜ਼ਿੰਮੇਵਾਰੀ ਨਹੀਂ ਲੈਂਦੀ। ਜੇਕਰ ਫਾਇਦਾ ਲੈਣਾ ਹੈ ਤਾਂ ਭਾਜਪਾ ਨੂੰ ਜਿਤਾਓ।''

ਇਹ ਗੱਲ ਉਸ ਵੇਲੇ ਕਹੀ ਗਈ ਸੀ ਜਦੋਂ 2009 ਤੋਂ 2014 ਵਿਚਾਲੇ ਸੀਟਾਂ ਅਤੇ ਵੋਟਾਂ ਵਿੱਚ ਖੇਤਰੀ ਪਾਰਟੀਆਂ ਦੀ ਹਿੱਸੇਦਾਰੀ ਵਿੱਚ 5 ਤੋਂ 6 ਫੀਸਦ ਤੱਕ ਵਧੀ ਸੀ। ਜਦਕਿ ਕੌਮੀ ਪਾਰਟੀਆਂ ਦੀ ਹਿੱਸੇਦਾਰੀ ਵਿੱਚ 6 ਫੀਸਦ ਦੀ ਗਿਰਾਵਟ ਆਈ ਸੀ।

ਜ਼ਮੀਨੀ ਤੌਰ ਉੱਤੇ ਫਿਰ ਭਾਜਪਾ ਨੇ ਸਥਾਨਕ ਤੌਰ 'ਤੇ ਆਪਣੀ ਲੀਡਰਸ਼ਿਪ ਨੂੰ ਮਜ਼ਬੂਤ ਕਰਨਾ ਅਤੇ ਸਥਾਨਕ ਮੁੱਦੇ ਚੁੱਕਣੇ ਸ਼ੁਰੂ ਕਰ ਦਿੱਤੇ।

'ਭਾਜਪਾ ਨੇ ਦਿੱਤਾ ਕਾਂਗਰਸ ਦਾ ਸਾਥ'

ਇਹ ਪੰਜਾਬ ਵਿੱਚ ਵੀ ਦੇਖਣ ਨੂੰ ਮਿਲਿਆ। ਮਿਸਾਲ ਦੇ ਤੌਰ 'ਤੇ ਭਾਜਪਾ ਨੇ ਆਪਣੀ ਭਾਈਵਾਲ ਅਕਾਲੀ ਦਲ ਤੋਂ ਵਿਚਾਰ ਵਟਾਂਦਰਾ ਕੀਤੇ ਬਿਨਾਂ ਘੱਟ ਗਿਣਤੀ ਕਮਿਸ਼ਨ ਵਿੱਚ ਇੱਕ ਸਿੱਖ ਦੀ ਨਿਯੁਕਤੀ ਕਰ ਦਿੱਤੀ।

ਡਾ. ਪ੍ਰਮੋਦ ਕਹਿੰਦੇ ਹਨ, ''ਇਹ ਸਾਫ ਹੈ ਕਿ ਪੰਜਾਬ ਦੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਆਪਣਾ ਸਿਆਸੀ ਦਾਅ ਕਾਂਗਰਸ ਦੇ ਹੱਕ ਵਿੱਚ ਖੇਡਿਆ। ਅਕਾਲੀ ਦਲ ਹੁਣ ਵੀ ਇਸ ਦਾ ਸੇਕ ਮਹਿਸੂਸ ਕਰ ਰਿਹਾ ਹੈ।''

''ਸ਼ਾਹਕੋਟ ਦੀ ਜ਼ਿਮਨੀ ਚੋਣ ਨੂੰ ਵੀ ਇਸੇ ਸੰਦਰਭ ਵਿੱਚ ਦੇਖਿਆ ਜਾ ਸਕਦਾ ਹੈ। ਭਾਜਪਾ ਵਿਰੋਧੀ ਫਰੰਟ ਨੇ ਕਾਂਗਰਸ ਦੀ ਹਮਾਇਤ ਕੀਤੀ ਅਕਾਲੀ ਦਲ ਨੂੰ ਹਰਾਉਣ ਲਈ। ਇਸ ਵਿੱਚ ਸ਼ਾਮਲ ਸਨ ਬੀਐੱਸਪੀ, ਖੱਬੇ ਪੱਖੀ ਅਤੇ ਆਮ ਆਦਮੀ ਪਾਰਟੀ।ਦਿਲਚਸਪ ਇਹ ਹੈ ਕਿ ਅਕਾਲੀ ਦਲ ਆਪਣਾ ਵੋਟ ਸ਼ੇਅਰ ਬਰਕਰਾਰ ਰੱਖਣ ਵਿੱਚ ਕਾਮਯਾਬ ਹੋ ਗਿਆ।''

''ਇਹ ਚੋਣ ਦੇ ਨਤੀਜੇ ਦੇਖ ਕੇ ਭਾਜਪਾ ਨਾਲ ਅਕਾਲੀ ਦਲ ਨੂੰ ਆਪਣੇ ਗਠਜੋੜ ਬਾਰੇ ਵਿਚਾਰ ਕਰਨ ਦੀ ਲੋੜ ਹੈ।''

ਡਾ. ਪ੍ਰਮੋਦ ਮੁਤਾਬਕ ਅਕਾਲੀ ਦਲ ਕੋਲ ਹੁਣ ਤਿੰਨ ਰਸਤੇ ਹਨ, "ਉਹ ਲੋਕ ਸਭਾ ਚੋਣ ਤੋਂ ਪਹਿਲਾਂ ਵਿਰੋਧੀ ਧਿਰਾਂ ਦੇ ਗਠਜੋੜ ਵਿੱਚ ਸ਼ਾਮਿਲ ਹੋ ਸਕਦੇ ਹਨ, ਜਾਂ ਸਿਰਫ ਬੀਐਸਪੀ ਨਾਲ ਗਠਜੋੜ ਕਰ ਸਕਦੇ ਹਨ ਜਿਵੇਂ 1996 'ਚ ਕੀਤਾ ਸੀ। ਅਕਾਲੀ ਦਲ ਭਾਜਪਾ ਨਾਲ ਗਠਜੋੜ ਰੱਖ ਸਕਦਾ ਹੈ, ਪਰ ਇਸ ਦਾ ਫਾਇਦਾ ਕਾਂਗਰਸ ਨੂੰ ਹੋਵੇਗਾ।"

ਉਨ੍ਹਾਂ ਕਿਹਾ, ''ਭਾਜਪਾ ਨਾਲ ਸ਼ਿਵ ਸੇਨਾ ਦਾ ਗਠਜੋੜ ਹੋਵੇ ਜਾਂ ਨਿਤੀਸ਼ ਕੁਮਾਰ ਦਾ, ਜਾਂ ਫੇਰ ਅਕਾਲੀ ਦਲ, ਇਹ ਵੇਖਣਾ ਜ਼ਰੂਰੀ ਹੁੰਦਾ ਹੈ ਕਿ ਦੂਜੀ ਪਾਰਟੀ ਦਾ ਕਿੰਨਾ ਅਹਿਮ ਰੋਲ ਹੈ।''

''ਜੇ ਉਹ ਸਿਰਫ ਨਾਂ ਦਾ ਗਠਜੋੜ ਹੈ ਤਾਂ ਕੀ ਭਾਜਪਾ ਨੂੰ ਇਸ ਗਠਜੋੜ ਵਿੱਚ ਰਹਿਣਾ ਚਾਹੀਦਾ ਹੈ? ਜੇ ਹਾਂ ਤਾਂ ਕਿਹੜੀਆਂ ਸ਼ਰਤਾਂ 'ਤੇ ਰਹਿਣਾ ਚਾਹੀਦਾ ਹੈ?''

ਕੀ ਗਠਜੋੜ ਟੁੱਟ ਸਕਦਾ ਹੈ?

ਪ੍ਰਮੋਦ ਕੁਮਾਰ ਮੁਤਾਬਕ ਇਹ ਫੈਸਲਾ ਭਾਜਪਾ ਹੀ ਲੈ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਇਹ ਗਠਜੋੜ ਚੋਣਾਂ ਤੋਂ ਪਹਿਲਾਂ ਹੋਇਆ ਹੈ, ਨਾ ਕਿ ਬਾਅਦ ਵਿੱਚ ਜਿਸ ਕਰਕੇ ਇਸਦੀ ਅਹਿਮੀਅਤ ਵੱਧ ਹੈ।

ਉਨ੍ਹਾਂ ਕਿਹਾ, ''ਉਸ ਵੇਲੇ ਸ਼ਾਂਤੀ ਕਾਇਮ ਰੱਖਣ ਲਈ ਇਹ ਗਠਜੋੜ ਕੀਤਾ ਗਿਆ ਸੀ, ਇਸ ਲਈ ਇਸਨੂੰ ਤੋੜਨਾ ਵੀ ਇੰਨਾ ਸੌਖਾ ਨਹੀਂ ਹੋਵੇਗਾ।''

ਤਸਵੀਰ ਸਰੋਤ, NARINDER NANU/Getty Images

ਉਨ੍ਹਾਂ ਅੱਗੇ ਕਿਹਾ, ''ਜਦੋਂ ਤੱਕ ਭਾਜਪਾ ਖੇਤਰੀ ਪਾਰਟੀਆਂ ਵੱਲ ਆਪਣਾ ਰਵੱਈਆ ਨਹੀਂ ਬਦਲਦੀ, ਉਹ ਹਾਰਦੀ ਰਹੇਗੀ। ਸਿਰਫ ਆਪਣੀ ਸੱਤਾ ਨੂੰ ਵਧਾਉਣ ਲਈ ਕੀਤੀ ਗਈ ਰਾਜਨੀਤੀ ਗਲਤ ਹੈ।''

ਗਠਜੋੜ ਬਾਰੇ ਟਿੱਪਣੀ ਕਰਦਿਆਂ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਦਾ ਵੀ ਕਹਿਣਾ ਸੀ ਕਿ ਇਹ ਗਠਜੋੜ ਫਾਇਦੇਮੰਦ ਨਹੀਂ ਰਿਹਾ ਹੈ।

ਉਨ੍ਹਾਂ ਕਿਹਾ, ''ਇਹ ਵੀ ਵੇਖਣਾ ਜ਼ਰੂਰੀ ਹੈ ਕਿ ਹੁਣ ਤੱਕ ਪੰਜਾਬ ਨੂੰ ਇਸ ਗਠਜੋੜ ਦਾ ਕੀ ਲਾਭ ਹੋਇਆ ਹੈ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤੱਕ ਪੰਜਾਬ ਦੇ ਹੱਕ ਵਿੱਚ ਕੋਈ ਵੀ ਫੈਸਲਾ ਨਹੀਂ ਲਿਆ ਹੈ।''

ਡਾ. ਪ੍ਰਮੋਦ ਦਾ ਕਹਿਣਾ ਹੈ ਕਿ ਭਾਜਪਾ ਦਾ ਖੇਤਰੀ ਪਾਰਟੀਆਂ ਨੂੰ ਅਹਮਿਅਤ ਨਾ ਦੇਣ ਦੇ ਫੈਸਲੇ ਦਾ ਉਸ ਨੂੰ ਨੁਕਸਾਨ ਹੋਇਆ ਹੈ। ਸ਼ਾਹਕੋਟ ਦੀ ਜ਼ਿਮਨੀ ਚੋਣ ਦੇ ਨਤੀਜਿਆਂ ਦਾ 2019 ਦੀਆਂ ਲੋਕ ਸਭਾ ਚੋਣਾਂ 'ਤੇ ਅਸਰ ਦੇਖਣ ਨੂੰ ਮਿਲੇਗਾ।

ਅਕਾਲੀ ਦਲ ਦਾ ਪ੍ਰਦਰਸ਼ਨ

ਭਾਵੇਂ ਅਕਾਲੀ ਦਲ ਹਾਰ ਗਿਆ ਹੋਵੇ ਪਰ ਮਾਹਿਰਾਂ ਮੁਤਾਬਕ ਉਹ ਇੱਕ ਵਿਰੋਧੀ ਪਾਰਟੀ ਦੇ ਤੌਰ 'ਤੇ ਮੁੜ ਖੜੀ ਹੋ ਗਈ ਹੈ।

ਪਰ ਨਾਲ ਹੀ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਬਹੁਤੀ ਚੰਗੀ ਨਹੀਂ ਸੀ।

ਜਗਤਾਰ ਸਿੰਘ ਨੇ ਕਿਹਾ, ''ਆਪ ਕੋਈ ਪਾਰਟੀ ਨਹੀਂ ਸੀ, ਉਹ ਸਿਰਫ ਪੰਜਾਬ ਦੀ ਜਨਤਾ ਦਾ ਗੁੱਸਾ ਕੱਢਣ ਦਾ ਇੱਕ ਰਾਹ ਸੀ। ਉਹ ਇੱਕ ਪ੍ਰੈੱਸ ਨੋਟ ਪਾਰਟੀ ਹੈ, ਪੰਜਾਬ ਵਿੱਚ ਉਨ੍ਹਾਂ ਦਾ ਕੋਈ ਰੋਲ ਨਹੀਂ, ਇਸ ਲਈ ਉਨ੍ਹਾਂ ਦਾ ਸਫਾਇਆ ਹੋ ਗਿਆ।''

ਤਸਵੀਰ ਸਰੋਤ, SAJJAD HUSSAIN/GettyImages

ਸੀਨੀਅਰ ਪੱਤਰਕਾਰ ਅਕਾਲੀ ਦਲ ਦੀ ਨਾਕਾਮਯਾਬੀ ਦੇ ਪਿੱਛੇ ਵੀ ਕਾਰਨ ਦੱਸੇ ਹਨ।

ਉਨ੍ਹਾਂ ਕਿਹਾ, ''ਅਕਾਲੀ ਦਲ ਨੂੰ ਕਿਸੇ ਵੀ ਬੂਥ ਵਿੱਚ ਬਹੁਮਤ ਨਹੀਂ ਮਿਲਿਆ। ਜਿਹੜੀ ਪਾਰਟੀ ਦਾ ਇਸ ਇਲਾਕੇ ਵਿੱਚ ਪੰਜ ਸਾਲਾਂ ਤੱਕ ਵਿਧਾਇਕ ਰਿਹਾ ਹੋਵੇ, ਉਸਨੂੰ ਵੋਟਾਂ ਹੀ ਨਾ ਪੈਣ ਤਾਂ ਫੇਰ ਪਾਰਟੀ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਉਹ ਕੀ ਕਰ ਰਹੇ ਹਨ?''

ਉਨ੍ਹਾਂ ਮੁਤਾਬਕ ਜਦੋਂ ਤੱਕ ਅਕਾਲੀ ਦਲ ਖੁਦ ਨੂੰ ਲਾਮਬੰਦ ਨਹੀਂ ਕਰਦੀ, ਜਿੱਤ ਮੁਸ਼ਕਿਲ ਹੈ, ਕਿਉਂਕਿ ਲੋਕਾਂ ਦੀ ਨਫਰਤ ਘਟੀ ਹੈ ਪਰ ਗੁੱਸਾ ਅਜੇ ਵੀ ਕਾਇਮ ਹੈ।

ਸੱਤਾਧਾਰੀ ਹੋਣ ਕਰਕੇ ਜਿੱਤੀ ਕਾਂਗਰਸ?

ਕਈ ਲੋਕਾਂ ਮੁਤਾਬਕ ਕਾਂਗਰਸ ਦੀ ਇਹ ਜਿੱਤ ਕੋਈ ਵੱਡੀ ਗੱਲ ਨਹੀਂ ਹੈ। ਅਕਸਰ ਸੱਤਾਧਾਰੀ ਪਾਰਟੀ ਹੀ ਜ਼ਿਮਣੀ ਚੋਣਾਂ ਵਿੱਚ ਜਿੱਤਦੀ ਹੈ।

ਪਰ ਜਗਤਾਰ ਸਿੰਘ ਮੁਤਾਬਕ ਯੂਪੀ ਦੇ ਕੈਰਾਨਾ ਦੀ ਚੋਣ ਵਿੱਚ ਅਜਿਹਾ ਬਿਲਕੁਲ ਨਹੀਂ ਹੋਇਆ, ਇਸ ਲਈ ਜ਼ਰੂਰੀ ਨਹੀਂ ਹੁੰਦਾ ਕਿ ਸੱਤਾਧਾਰੀ ਪਾਰਟੀ ਹੀ ਜਿੱਤੇ।

ਉਨ੍ਹਾਂ ਕਿਹਾ, ''ਅਮਰਿੰਦਰ ਦੀ ਸਰਕਾਰ ਚਲਾਉਣ ਵਿੱਚ ਕੋਈ ਦਿਲਚਸਪੀ ਨਹੀਂ ਹੈ, ਉਸ ਦੇ ਬਾਵਜੂਦ ਉਹ ਜਿੱਤ ਰਹੇ ਹਨ ਕਿਉਂਕਿ ਲੋਕ ਅਕਾਲੀ ਦਲ ਤੋਂ ਨਾਰਾਜ਼ ਹਨ।''

''ਇਸ ਦੇ ਨਾਲ ਹੀ ਕਾਂਗਰਸ ਖਿਲਾਫ ਨਕਾਰਾਤਮਕਤਾ ਘੱਟ ਹੈ। ਲੋਕਾਂ ਨੂੰ ਉਮੀਦ ਹੈ ਕਿ ਸ਼ਾਇਦ ਆਉਣ ਵਾਲੇ ਕੁਝ ਸਮੇਂ ਵਿੱਚ ਕਾਂਗਰਸ ਵਧੀਆ ਕੰਮ ਕਰੇਗੀ।''

''ਕਿਸਾਨਾਂ ਦੀ ਕਰਜ਼ਾ ਮੁਆਫੀ ਜੇ ਉਹ ਬਿਹਤਰ ਤਰੀਕੇ ਨਾਲ ਕਰਦੇ ਤਾਂ ਹੋਰ ਵਧੀਆ ਹੋਣਾ ਸੀ ਪਰ ਕੁਝ ਫੈਸਲੇ ਉਨ੍ਹਾਂ ਨੇ ਚੰਗੇ ਵੀ ਲਏ ਹਨ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)