ਪ੍ਰੈੱਸ ਰਿਵੀਊ ꞉ ਕਠੂਆ ਰੇਪ ਕੇਸ ਦੀ ਸੁਣਵਾਈ ਕਰ ਰਹੇ ਜੱਜ ਨੇ ਮੰਗੀ Z ਸਿਕਿਊਰਿਟੀ

ਕਠੂਆ

ਤਸਵੀਰ ਸਰੋਤ, Getty Images

ਉੱਚ ਸੁਰੱਖਿਆ ਹੇਠ ਪਠਾਨਕੋਟ ਦੀ ਵਿਸ਼ੇਸ਼ ਅਦਾਲਤ ਵਿੱਚ ਕਠੂਆ ਦੀ ਬੱਚੀ ਨਾਲ ਹੋਏ ਬਲਾਤਕਾਰ ਦੇ ਕੇਸ ਦੀ ਸੁਣਵਾਈ ਸ਼ੁਰੂ ਹੋਈ।

ਇਸ ਕੇਸ ਦੀ ਸੁਣਵਾਈ ਜੱਜ ਡਾ. ਤੇਜਵਿੰਦਰ ਸਿੰਘ ਕਰ ਰਹੇ ਹਨ। ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਆਪਣੇ ਲਈ Z ਸੁਰੱਖਿਆ ਦੀ ਮੰਗ ਕੀਤੀ ਹੈ।

ਇਸ ਉਪਰ ਪੁਲਿਸ ਅਧਿਕਾਰੀਆਂ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ। ਮੁਲਜ਼ਮ ਨੂੰ ਕਠੂਆ ਜੇਲ੍ਹ ਤੋਂ ਪੰਜਾਬ ਪੁਲਿਸ ਦੀ ਇੱਕ ਬੱਸ ਵਿੱਚ ਪਠਾਨਕੋਟ ਲਿਆਂਦਾ ਗਿਆ। ਚਾਰਜਸ਼ੀਟ ਮੁਤਾਬਕ ਕੇਸ ਵਿੱਚ 221 ਗਵਾਹ ਹਨ।

ਤਸਵੀਰ ਸਰੋਤ, Getty Images

ਪੰਜਾਬ ਸਰਕਾਰ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਤਿਆਰ ਕੀਤੀ ਗਈ ਮਾਈਨਿੰਗ ਨੀਤੀ ਨੂੰ ਰੱਦ ਕਰ ਦਿੱਤਾ ਹੈ।

ਦਿ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਹੁਣ ਸਰਕਾਰ ਨੇ ਇਹ ਜਿੰਮੇਵਾਰੀ ਮਾਈਨਿੰਗ ਅਤੇ ਜਿਓਲੋਜੀਕਲ ਮੰਤਰੀ ਸੁਖਜਿੰਦਰ ਸਿੰਘ ਸਰਕਾਰੀਆ ਨੂੰ ਸੌਂਪੀ ਹੈ।

ਇਹ ਫੈਸਲਾ ਕੁਝ ਕੈਬਨਿਟ ਮੰਤਰੀ ਜੋ ਕਿ ਸਿੱਧੂ ਦੀ ਕਮੇਟੀ ਦੇ ਮੈਂਬਰ ਵੀ ਸਨ ਵੱਲੋਂ ਇਤਰਾਜ਼ ਪ੍ਰਗਟਾਏ ਜਾਣ ਮਗਰੋਂ ਲਿਆ ਗਿਆ ਹੈ।

ਖ਼ਬਰ ਮੁਤਾਬਕ ਸਰਕਾਰੀਆ ਇਹ ਨਵੀਂ ਨੀਤੀ ਨਵੇਂ ਸਿਰਿਓਂ ਤਿਆਰ ਕਰਨਗੇ ਅਤੇ ਸਰਕਾਰ ਦੇ ਮਾਲੀਏ ਦੇ ਪੱਖ ਨੂੰ ਵੀ ਧਿਆਨ ਵਿੱਚ ਰੱਖਣਗੇ।

ਕਿਸਾਨਾਂ ਵੱਲੋਂ 10 ਰੋਜ਼ਾ ਦੇਸ ਵਿਆਪੀ ਹੜਤਾਲ ਅੱਜ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਸ ਵਿੱਚ 110 ਵੱਖ-ਵੱਖ ਕਿਸਾਨ ਜੱਥੇਬੰਦੀਆਂ ਸ਼ਾਮਲ ਹੋ ਰਹੀਆਂ ਹਨ।

ਹੜਤਾਲ ਵਿੱਚ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਆਪਣੀਆਂ ਸਬਜ਼ੀਆਂ, ਦੁੱਧ ਅਤੇ ਹੋਰ ਖੇਤੀਬਾੜੀ ਉਤਪਾਦ ਵੇਚਣ ਲਈ ਸ਼ਹਿਰਾਂ ਵਿੱਚ ਨਾ ਲਿਜਾਣ।

ਖ਼ਬਰ ਮੁਤਾਬਕ ਕਿਸਾਨ ਜੱਥੇਬੰਦੀਆਂ ਸਵਾਮੀਨਾਥਨ ਕਮਿਸ਼ਨ ਦੀ ਸਿਫ਼ਾਰਿਸ਼ ਮੁਤਾਬਕ ਕਿਸਾਨਾਂ ਲਈ ਘੱਟੋ-ਘੱਟ ਆਮਦਨ ਨਿਰਧਾਰਿਤ ਕਰਨ ਦੀ ਮੰਗ ਕਰ ਰਹੀਆਂ ਹਨ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)