ਬਲੂ ਸਟਾਰ: ਅਕਾਲ ਤਖ਼ਤ 'ਤੇ ਫੌਜੀ ਹਮਲੇ ਤੋਂ ਪਹਿਲਾਂ ਤੇ ਬਾਅਦ 'ਚ ਕੀ-ਕੀ ਹੋਇਆ

ਆਪਰੇਸ਼ਨ ਬਲੂਸਟਾਰ

ਤਸਵੀਰ ਸਰੋਤ, NARINDER NANU/Getty Images

ਭਾਰਤ ਦੀ ਆਜ਼ਾਦੀ ਤੋਂ ਬਾਅਦ ਇਤਿਹਾਸ ਦੀ ਚਰਚਾ ਸ਼ਾਇਦ ਆਪਰੇਸ਼ਨ ਬਲੂ ਸਟਾਰ ਦੇ ਜ਼ਿਕਰ ਤੋਂ ਬਿਨਾਂ ਅਧੂਰੀ ਹੈ।

ਜੂਨ 1984 ਵਿੱਚ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਤੇ ਭਾਰਤੀ ਫੌਜ ਦੇ ਹਮਲੇ ਨੂੰ ਆਪਰੇਸ਼ਨ ਬਲੂ ਸਟਾਰ ਕਿਹਾ ਗਿਆ। ਜਦੋਂ ਵੀ ਇਸ ਦਾ ਜ਼ਿਕਰ ਆਵੇਗਾ ਤੇ ਅਕਾਲੀਆਂ ਦੀ ਪੰਜਾਬ ਬਾਰੇ ਖ਼ੁਦਮੁਖਤਿਆਰੀ ਦੀ ਮੰਗ ਅਤੇ ਦਮਦਮੀ ਟਕਸਾਲ ਦੇ ਤਤਕਾਲੀ ਮੁਖੀ ਜਰਨੈਲ ਸਿੰਘ ਭਿੰਡਰਾਵਾਲੇ ਸਮੇਤ ਕਈ ਸਿੱਖ ਆਗੂਆਂ ਦੀ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਬਾਰੇ ਮੰਗਾਂ ਦੀ ਚਰਚਾ ਜ਼ਰੂਰ ਹੋਵੇਗੀ।

ਆਓ ਕੁਝ ਅਹਿਮ ਘਟਨਾਵਾਂ ਵੇਖੀਏ ਤਾਂ ਕਿ ਅਸੀਂ ਆਪਰੇਸ਼ਨ ਬਲੂ ਸਟਾਰ ਦੀਆਂ ਘਟਨਾਵਾਂ ਦੀ ਲੜੀ ਨੂੰ ਆਸਾਨੀ ਨਾਲ ਸਮਝ ਸਕੀਏ।

ਇਹ ਵੀ ਪੜ੍ਹੋ:

1973-ਆਨੰਦਪੁਰ ਸਾਹਿਬ ਮਤਾ ਪਾਸ

ਮਤੇ ਵਿੱਚ ਕੇਂਦਰ ਨੂੰ ਵਿਦੇਸ਼ੀ ਮਾਮਲੇ, ਮੁਦਰਾ, ਰੱਖਿਆ ਅਤੇ ਸੰਚਾਰ ਸਮੇਤ ਸਿਰਫ਼ ਪੰਜ ਜ਼ਿੰਮੇਵਾਰੀਆਂ ਆਪਣੇ ਕੋਲ ਰੱਖਦੇ ਹੋਏ ਬਾਕੀ ਦੇ ਅਧਿਕਾਰ ਸੂਬੇ ਨੂੰ ਦੇਣ ਅਤੇ ਪੰਜਾਬ ਨੂੰ ਇੱਕ ਖ਼ੁਦਮੁਖਤਿਆਰ ਸੂਬੇ ਦੇ ਰੂਪ ਵਿੱਚ ਸਵੀਕਾਰ ਕਰਨ ਸਬੰਧੀ ਗੱਲਾਂ ਕਹੀਆਂ ਗਈਆਂ ਸਨ।

1977-ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖਾਂ ਦੀਆਂ ਧਾਰਮਿਕ ਪ੍ਰਚਾਰ ਨਾਲ ਸਬੰਧਤ ਸੰਸਥਾਵਾਂ ਵਿਚੋਂ ਪ੍ਰਮੁੱਖ ਦਮਦਮੀ ਟਕਸਾਲ ਦੇ ਮੁਖੀ ਚੁਣੇ ਗਏ ਅਤੇ ਉਨ੍ਹਾਂ ਅੰਮ੍ਰਿਤ ਪ੍ਰਚਾਰ ਮੁਹਿੰਮ ਵਿਚ ਤੇਜ਼ੀ ਲਿਆਉਣ ਦੀ ਸ਼ੁਰੂਆਤ ਕੀਤੀ।

ਅਪ੍ਰੈਲ, 1978-ਅਖੰਡ ਕੀਰਤਨੀ ਜਥੇ ਤੇ ਦਮਦਮੀ ਟਕਸਾਲ ਨਾਲ ਸਬੰਧਤ ਸਿੱਖਾਂ ਵੱਲੋਂ ਨਿਰੰਕਾਰੀਆਂ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੌਰਾਨ ਅੰਮ੍ਰਿਤਸਰ ਵਿੱਚ ਫਾਇਰਿੰਗ ਦੌਰਾਨ 13 ਸਿੱਖਾਂ ਦੀ ਮੌਤ ਹੋਈ। ਅਸਲ ਵਿਚ ਇਸ ਵਾਰਦਾਤ ਦੌਰਾਨ 18 ਜਣੇ ਮਾਰੇ ਗਏ, ਜਿੰਨ੍ਹਾਂ ਵਿਚੋਂ 13 ਸਿੱਖ ਜਥੇ ਨਾਲ ਸਬੰਧਤ ਸਨ, 3 ਨਿਰੰਕਾਰੀ ਅਤੇ 2 ਆਮ ਲੋਕ ਸਨ।

ਤਸਵੀਰ ਸਰੋਤ, NARINDER NANU/GettyImages

ਜੂਨ, 1978-ਅਕਾਲ ਤਖਤ ਸਾਹਿਬ ਨੇ ਨਿਰੰਕਾਰੀ ਪੰਥ ਦੇ ਬਾਈਕਾਟ ਦਾ ਹੁਕਮਨਾਮਾ ਜਾਰੀ ਕੀਤਾ।

ਸਾਕਾ ਜੂਨ '84

ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿੱਚ ਦਮਦਮੀ ਟਕਸਾਲ ਦੇ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖਾਂ ਦੇ ਮਸਲੇ ਬੇਬਾਕੀ ਨਾਲ ਚੁੱਕਣ ਕਾਰਨ ਸਿਆਸਤ ਦੇ ਕੇਂਦਰ ਬਿੰਦੂ ਬਣ ਚੁੱਕੇ ਸਨ। ਅਕਤੂਬਰ 1983ਵਿੱਚ ਢਿੱਲਵਾਂ ਬੱਸ ਕਾਂਡ ਦੌਰਾਨ 6 ਹਿੰਦੂ ਮਾਰੇ ਗਏ ਤੇ ਪੰਜਾਬ 'ਚ ਕਾਂਗਰਸ ਦੀ ਦਰਬਾਰਾ ਸਿੰਘ ਸਰਕਾਰ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ ਉੱਤੇ ਭੰਗ ਕਰ ਦਿੱਤਾ ਗਿਆ। ਪੰਜਾਬ ਵਿੱਚ ਹਿੰਸਾ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ ਤੇ 1984 ਵਿੱਚ ਜੂਨ ਤੱਕ ਹਿੰਸਕ ਵਾਰਦਾਤਾਂ ਵਿੱਚ ਦਰਜਨਾਂ ਆਮ ਲੋਕੀ ਮਾਰੇ ਅਤੇ ਪੁਲਿਸ ਮੁਲਾਜ਼ਮ ਮਾਰੇ ਜਾ ਚੁੱਕੇ ਸਨ। ਉਸ ਤੋਂ ਬਾਅਦ ਜੂਨ 1984 ਦੌਰਾਨ ਭਾਰਤੀ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਉੱਤੇ ਕੀਤਾ ਗਿਆ ਹਮਲਾ 'ਆਪਰੇਸ਼ਨ ਬਲੂ ਸਟਾਰ' ਵਜੋਂ ਜਾਣਿਆਂ ਜਾਂਦਾ ਹੈ। ਸਰਕਾਰ ਮੁਤਾਬਕ ਇਹ ਹਮਲਾਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਅਕਾਲ ਤਖ਼ਤ ਉੱਤੇ ਕਬਜ਼ਾ ਕਰੀ ਬੈਠੇ ਹਥਿਆਰਬੰਦ ਖਾੜਕੂਆਂ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਚੋਂ ਕੱਢਣ ਲਈ ਕੀਤਾ ਗਿਆ। ਹਮਲੇ ਦੌਰਾਨ ਫੌਜ ਦੀ ਅਗਵਾਈ ਕਰ ਰਹੇ ਜਨਰਲ ਕੁਲਦੀਪ ਸਿੰਘ ਬਰਾੜ ਦਾਅਵਾ ਕਰਦੇ ਹਨ ਕਿ ਭਿੰਡਰਾਂਵਾਲੇ ਜਾਂ ਉਨ੍ਹਾਂ ਦੇ ਸਾਥੀ ਵੱਖਰੇ ਰਾਜ ਖਾਲਿਸਤਾਨ ਦਾ ਐਲਾਨ ਕਰਨ ਵਾਲੇ ਸਨ ਅਤੇ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਦੀ ਮਦਦ ਮਿਲ ਸਕਦੀ ਸੀ. ਇਸ ਲਈ ਫੌਜੀ ਐਕਸ਼ਨ ਕਰਨਾ ਜ਼ਰੂਰੀ ਸੀ। ਪਰ ਸਿੱਖ ਵਿਦਵਾਨ ਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਲਾਹਾਕਾਰ ਰਹੇ ਡਾਕਟਰ ਭਗਵਾਨ ਸਿੰਘ ਇਸ ਦਾਅਵੇ ਨੂੰ ਰੱਦ ਕਰਦੇ ਹਨ, ਉਨ੍ਹਾਂ ਮੁਤਾਬਕ ਇਹ ਯੋਜਨਾ ਪਹਿਲਾਂ ਗਿਣੀ-ਮਿਥੀ ਗਈ ਸੀ।ਕੁਝ ਸਿੱਖ ਆਗੂਆਂ ਮੁਤਾਬਕ ਇਸ ਹਮਲੇ ਰਾਹੀਂ ਦੇਸ਼ ਦੀਆਂ ਕੁਝ ਸਿਆਸੀ ਧਿਰਾਂ ਮੁਲਕ ਵਿੱਚ ਫਿਰਕੂ ਧਰੁਵੀਕਰਨ ਕਰਕੇ ਆਪਣੇ ਸਿਆਸੀ ਹਿੱਤ ਪੂਰਨਾ ਚਾਹੁੰਦੀਆਂ ਸਨ। ਸਰਕਾਰੀ ਵਾਟ ਪੇਪਰ ਮੁਤਾਬਕ ਹਮਲੇ 'ਚ 493 ਆਮ ਲੋਕ ਤੇ 83 ਫੌਜੀ ਮਾਰੇ ਗਏ। ਕੇਂਦਰੀ ਸਿੱਖ ਅਜਾਇਬ ਘਰ ਵਿੱਚ ਹਮਲੇ ਦੇ ਮ੍ਰਿਤਕਾਂ ਦੀ ਸੂਚੀ ਵਿੱਚ 743 ਨਾਂ ਸ਼ਾਮਲ ਹਨ। ਪੰਜਾਬ ਪੁਲਿਸ ਦੇ ਤਤਕਾਲੀਅਧਿਕਾਰੀ ਅਪਾਰ ਸਿੰਘ ਬਾਜਵਾ ਨੇ ਬੀਬੀਸੀ ਨੂੰ 2004 ਵਿੱਚ ਦੱਸਿਆ ਸੀ ਕਿ ਉਨ੍ਹਾਂ 800 ਲਾਸ਼ਾਂ ਆਪ ਗਿਣੀਆਂ ਸਨ। ਜਦਕਿ ਮਨੁੱਖੀ ਅਧਿਕਾਰ ਕਾਰਕੁਨ ਇੰਦਰਜੀਤ ਸਿੰਘ ਜੇਜੀ ਅਤੇ ਕਈ ਹੋਰ ਮੰਨੇ-ਪ੍ਰਮੰਨੇ ਪੱਤਰਕਾਰ ਤੇ ਵਿਦਵਾਨ ਮ੍ਰਿਤਕਾਂ ਦੀ ਗਿਣਤੀ 4,000 ਤੋਂ 5,000 ਦੱਸਦੇ ਹਨ। ਇਹ ਲੜੀ 2018 ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ।

ਅਕਤੂਬਰ, 1978- ਲੁਧਿਆਣਾ ਵਿਖੇ 18ਵੇਂ ਅਖਿਲ ਭਾਰਤੀ ਅਕਾਲੀ ਸਮਾਰੋਹ ਦਾ ਆਯੋਜਨ, ਜਿਸ ਵਿੱਚ ਆਨੰਦਪੁਰ ਸਾਹਿਬ ਮਤੇ 'ਤੇ ਇੱਕ ਲਚਕੀਲਾ ਰੁਖ ਆਪਣਾਉਂਦੇ ਹੋਏ ਦੂਜਾ ਮਤਾ ਪਾਸ ਕੀਤਾ ਗਿਆ।

ਸਤੰਬਰ, 1979-ਅਕਾਲੀ ਦਲ ਦੀ ਦੋ ਗੁੱਟਾਂ ਵਿੱਚ ਵੰਡ, ਪਹਿਲੇ ਗੁੱਟ ਦੀ ਅਗਵਾਈ ਹਰਚੰਦ ਸਿੰਘ ਲੌਂਗੋਵਾਲ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਸਾਂਭੀ ਜਦਕਿ ਦੂਜੇ ਗੁੱਟ ਦੀ ਅਗਵਾਈ ਜਗਦੇਵ ਸਿੰਘ ਤਲਵੰਡੀ ਅਤੇ ਤਤਕਾਲੀ ਐੱਸਜੀਪੀਸੀ ਮੁਖੀ ਗੁਰਚਰਨ ਸਿੰਘ ਟੌਹੜਾ ਦੇ ਹੱਥ ਵਿੱਚ ਆ ਗਈ।

ਇਹ ਵੀ ਪੜ੍ਹੋ :

ਅਪ੍ਰੈਲ, 1980-ਨਿਰੰਕਾਰੀ ਪੰਥ ਦੇ ਪ੍ਰਮੁੱਖ ਗੁਰਬਚਨ ਸਿੰਘ 'ਤੇ ਜਾਨਲੇਵਾ ਹਮਲਾ, ਉਸ ਵੇਲੇ ਉਹ ਦਿੱਲੀ ਸਥਿਤ ਆਪਣੇ ਮੁੱਖ ਦਫਤਰ ਆ ਰਹੇ ਸਨ। ਇਸ ਹਮਲੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ।

ਭਿੰਡਰਾਂਵਾਲੇ ਵੱਲੋਂ ਆਤਮ ਸਮਰਪਣ

ਸਤੰਬਰ, 1981-ਹਿੰਦ ਸਮਾਚਾਰ ਸਮੂਹ ਦੇ ਮੁਖੀ ਲਾਲਾ ਜਗਤ ਨਾਰਾਇਣ ਦੇ ਕਤਲ ਮਾਮਲੇ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਆਤਮ ਸਮਰਪਣ ਕੀਤਾ। ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਜੇਲ੍ਹ ਭੇਜ ਦਿੱਤਾ ਗਿਆ।

ਜਰਨੈਲ ਸਿੰਘ ਭਿੰਡਰਾਂਵਾਲੇ ਆਪਣੇ ਮਕਸਦ ਲਈ ਹਿੰਸਾ ਦਾ ਰਾਹ ਆਪਣਾਉਣ ਨੂੰ ਸਹੀ ਸਮਝਦੇ ਸਨ।

ਇਸੇ ਮਹੀਨੇ ਦਲ ਖਾਲਸਾ ਦੇ ਗਜਿੰਦਰ ਸਿੰਘ ਅਤੇ ਸਤਨਾਮ ਸਿੰਘ ਪਾਉਂਟਾ ਸਣੇ ਪੰਜ ਮੈਂਬਰ ਸ਼੍ਰੀਨਗਰ ਤੋਂ ਦਿੱਲੀ ਆ ਰਹੇ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਨੂੰ ਹਾਈਜੈਕ ਕਰ ਕੇ ਲਾਹੌਰ ਲੈ ਗਏ।

ਅਗਵਾ ਕਰਨਾ ਵਾਲਿਆਂ ਨੇ ਨਕਦ ਰਕਮ ਅਤੇ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਜੇਲ੍ਹ ਤੋਂ ਰਿਹਾਅ ਕਰਨ ਦੀ ਮੰਗ ਰੱਖੀ।

ਅਕਤੂਬਰ, 1981-ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ।

ਇਸੇ ਮਹੀਨੇ ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਦੀ ਕੇਂਦਰ ਸਰਕਾਰ ਵਿਚਾਲੇ ਪਹਿਲੇ ਦੌਰ ਦੀ ਗੱਲਬਾਤ ਹੋਈ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਲਚਕੀਲਾ ਰੁਖ ਆਪਣਾ ਕੇ ਆਪਣੀਆਂ ਮੰਗਾਂ ਨੂੰ 45 ਤੋਂ ਘਟਾ ਕੇ 15 ਕਰ ਦਿੱਤਾ।

ਇਸ ਵਿੱਚ ਇੱਕ ਅਹਿਮ ਸ਼ਰਤ ਸੀ ਭਿੰਡਰਾਂਵਾਲੇ ਦੀ ਬਿਨਾਂ ਕਿਸੇ ਸ਼ਰਤ ਦੇ ਰਿਹਾਈ।

ਤਸਵੀਰ ਸਰੋਤ, NARINDER NANU/Getty Images

ਅਪ੍ਰੈਲ, 1982- ਸ਼੍ਰੋਮਣੀ ਅਕਾਲੀ ਦਲ ਅਤੇ ਕੇਂਦਰ ਸਰਕਾਰ ਵਿਚਾਲੇ ਤੀਜੇ ਦੌਰ ਦੀ ਗੱਲਬਾਤ। ਇਸ ਗੱਲਬਾਤ ਨੂੰ ਅਕਾਲੀ ਦਲ ਨੇ ਨਾਕਾਮਯਾਬ ਦੱਸਿਆ।

ਇਸੇ ਮਹੀਨੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਵਿਰੋਧ ਨੂੰ ਅੱਗੇ ਵਧਾਉਂਦੇ ਹੋਏ ਯਮੁਨਾ ਸਤਲੁਜ ਲਿੰਕ ਨਹਿਰ ਦਾ ਜ਼ੋਰਦਾਰ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਅਤੇ ਨਹਿਰ ਰੋਕੋ ਮੋਰਚਾ ਖੋਲ੍ਹ ਦਿੱਤਾ।

ਜੁਲਾਈ, 1982- ਭਿੰਡਰਾਂਵਾਲੇ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਗੁਰੂ ਨਾਨਕ ਨਿਵਾਸ ਦੇ ਕਮਰਾ ਨੰਬਰ 47 ਵਿੱਚ ਆ ਜਾਂਦੇ ਹਨ।

ਹਾਈਜੈਕ, ਕਤਲ, ਹਿੰਸਾ...ਸੁਲਗਿਆ ਪੰਜਾਬ

ਅਗਸਤ, 1982- ਅਕਾਲੀ ਦਲ ਨੇ ਧਰਮ ਯੁੱਧ ਮੋਰਚੇ ਦਾ ਐਲਾਨ ਕੀਤਾ।

ਇਸੇ ਮਹੀਨੇ ਦਿੱਲੀ ਤੋਂ ਸ਼੍ਰੀਨਗਰ ਜਾ ਰਹੇ 126 ਯਾਤਰੀਆਂ ਵਾਲੇ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਨੂੰ ਹਾਈਜੈਕ ਕਰ ਕੇ ਲਾਹੌਰ ਵਿੱਚ ਲੈਂਡ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਲਾਹੌਰ ਤੋਂ ਉਸਦੀ ਇਜਾਜ਼ਤ ਨਹੀਂ ਮਿਲੀ।

ਇਹ ਵੀ ਪੜ੍ਹੋ ;

ਇਸ ਤੋਂ ਬਾਅਦ ਜਹਾਜ਼ ਨੂੰ ਅੰਮ੍ਰਿਤਸਰ ਵਿੱਚ ਲੈਂਡ ਕਰਾਇਆ ਗਿਆ। ਅਗਵਾ ਕਰਨ ਵਾਲੇ ਨੂੰ ਅੰਮ੍ਰਿਤਸਰ ਵਿੱਚ ਗ੍ਰਿਫਤਾਰ ਕਰ ਲਿਆ ਗਿਆ।

ਇਸੇ ਮਹੀਨੇ ਇੰਡੀਅਨ ਏਅਰਲਾਈਨਜ਼ ਦੇ ਇੱਕ ਹੋਰ ਜਹਾਜ਼ ਨੂੰ ਜੋਧਪੁਰ ਰਸਤੇ ਮੁੰਬਈ ਤੋਂ ਦਿੱਲੀ ਆਉਂਦੇ ਵੇਲੇ ਹਾਈਜੈਕ ਕੀਤਾ ਗਿਆ।

ਇਸ ਜਹਾਜ਼ ਨੂੰ ਵੀ ਲਾਹੌਰ ਵਿੱਚ ਲੈਂਡ ਕਰਨ ਦੀ ਇਜਾਜ਼ਤ ਨਹੀਂ ਮਿਲੀ ਜਿਸ ਤੋਂ ਬਾਅਦ ਅੰਮ੍ਰਿਤਸਰ ਵਿੱਚ ਲੈਂਡਿੰਗ ਕਰਾਈ ਗਈ।

ਅੰਮ੍ਰਿਤਸਰ ਹਵਾਈ ਅੱਡੇ 'ਤੇ ਕਮਾਂਡੋ ਕਾਰਵਾਈ ਵਿੱਚ ਅਗਵਾ ਕਰਨ ਵਾਲੇ ਸਿੱਖ ਮੁਸੀਬਤ ਸਿੰਘ ਦੀ ਮੌਤ।

ਨਵੰਬਰ, 1982- ਦਿੱਲੀ ਵਿੱਚ ਨੌਵੇਂ ਏਸ਼ੀਆਈ ਖੇਡਾਂ ਦੇ ਆਯੋਜਨ ਦੌਰਾਨ ਅਕਾਲੀ ਦਲ ਨੇ ਵਿਰੋਧ ਦੀ ਅਪੀਲ ਕੀਤੀ।

ਕਈ ਸਿੱਖ ਰਾਜਧਾਨੀ ਵਿੱਚ ਦਾਖਲ ਹੁੰਦੇ ਫੜੇ ਗਏ। ਕੁਝ ਨੂੰ ਜ਼ੁਲਮ ਦਾ ਸ਼ਿਕਾਰ ਬਣਾਇਆ ਗਿਆ। ਸਿੱਖਾਂ 'ਤੇ ਜ਼ੁਲਮ ਢਾਉਣ ਦੇ ਮਾਮਲੇ ਸਭ ਤੋਂ ਵੱਧ ਹਰਿਆਣਾ ਵਿੱਚ ਸਾਹਮਣੇ ਆਏ।

ਅਪ੍ਰੈਲ, 1983- ਪੰਜਾਬ ਪੁਲਿਸ ਦੇ ਡੀਆਈਜੀ ਅਵਤਾਰ ਸਿੰਘ ਅਟਵਾਲ ਦਾ ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਅੱਗੇ ਕਤਲ ਕਰ ਦਿੱਤਾ ਗਿਆ।

ਜੂਨ-ਅਗਸਤ, 1983- ਅਕਾਲੀ ਦਲ ਨੇ ਰੇਲ ਰੋਕੋ ਅਤੇ ਕੰਮ ਰੋਕੋ ਮੋਰਚਾ ਖੋਲਿਆ। ਇਸ ਨਾਲ ਆਮ ਜਨਜੀਵਨ ਅਤੇ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।

ਇਹ ਵੀ ਪੜ੍ਹੋ ;

ਅਕਤੂਬਰ, 1983- ਦਰਬਾਰਾ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਭੰਗ ਕਰਕੇ ਸੂਬੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਗਿਆ।

ਭਿੰਡਰਾਂਵਾਲੇ ਦਾ ਅਕਾਲ ਤਖ਼ਤ ਡੇਰਾ

ਦਸੰਬਰ, 1983- ਭਿੰਡਰਾਂਵਾਲੇ ਹੁਣ ਦਰਬਾਰ ਸਾਹਿਬ ਦੇ ਗੁਰੂ ਨਾਨਕ ਨਿਵਾਸ ਕੰਪਲੈਕਸ ਦੇ ਸਭ ਤੋਂ ਅਹਿਮ ਹਿੱਸੇ ਯਾਨੀ ਅਕਾਲ ਤਖਤ ਸਾਹਿਬ ਵਿੱਚ ਪਹੁੰਚ ਗਏ ਸਨ।

ਤਸਵੀਰ ਸਰੋਤ, Thinkstock

ਫਰਵਰੀ, 1984- ਪੰਜਾਬੀ ਦੇ ਚਰਚਿਤ ਮੈਗਜ਼ੀਨ 'ਪ੍ਰੀਤਲੜੀ' ਦੇ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਸੁਮਿਤ ਸਿੰਘ ਸ਼ੰਮੀ ਦਾ ਕਤਲ ਕਰ ਦਿੱਤਾ ਗਿਆ।

ਅਪ੍ਰੈਲ, 1984- ਸਾਬਕਾ ਵਿਧਾਇਕ ਅਤੇ ਅੰਮ੍ਰਿਤਸਰ ਵਿੱਚ ਭਾਜਪਾ ਪ੍ਰਧਾਨ ਹਰਬੰਸ ਲਾਲ ਖੰਨਾ ਨੂੰ ਉਨ੍ਹਾਂ ਦੇ ਅੰਗਰੱਖਿਅਕ ਸਮੇਤ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਅਗਲੇ ਦਿਨ ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਹਿੰਸਾ ਭੜਕ ਗਈ। ਇਸ ਵਿੱਚ ਅੱਠ ਲੋਕ ਮਾਰੇ ਗਏ ਅਤੇ ਨੌ ਜ਼ਖ਼ਮੀ ਹੋਏ ਸਨ।

ਆਪਰੇਸ਼ਨ ਬਲੂ ਸਟਾਰ ਤੇ ਭਿੰਡਰਾਂਵਾਲੇ ਦੀ ਮੌਤ

ਇਸੇ ਹਫ਼ਤੇ ਪੰਜਾਬ ਯੂਨੀਵਰਿਸਟੀ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਨਾਲ ਨੇੜਲੇ ਰਿਸ਼ਤੇ ਰੱਖਣ ਵਾਲੇ ਵਿਸ਼ਵਨਾਥ ਤਿਵਾੜੀ ਦਾ ਕਤਲ ਕਰ ਦਿੱਤਾ ਗਿਆ।

ਦੋਵੇਂ ਗੁੱਟਾਂ, ਲੌਂਗੋਵਾਲ ਅਤੇ ਭਿੰਡਰਾਂਵਾਲੇ ਨੇ ਪਰਚੇ ਵੰਡ ਕੇ ਇੱਕ ਦੂਜੇ 'ਤੇ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਦੇ ਇਲਜ਼ਾਮ ਲਗਾਏ।

ਮਈ, 1984- ਹਿੰਦ ਸਮਾਚਾਰ ਸਮੂਹ ਦੇ ਸੰਪਾਦਕ ਜਗਤ ਨਾਰਾਇਣ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਰਮੇਸ਼ ਚੰਦਰ ਨੇ ਜ਼ਿੰਮੇਵਾਰੀ ਸਾਂਭੀ ਪਰ ਉਸੇ ਮਹੀਨੇ ਉਨ੍ਹਾਂ ਦਾ ਵੀ ਜਲੰਧਰ ਦੇ ਨਾਮਦੇਵ ਚੌਕ ’ਤੇ ਕਤਲ ਕਰ ਦਿੱਤਾ ਗਿਆ।

ਇਹ ਵਾਰਦਾਤ ਉਸੇ ਸ਼ਾਮ ਦੀ ਹੈ ਜਿਸ ਦਿਨ ਸਰਕਾਰ ਨੇ ਸੰਵਿਧਾਨ ਦੀ ਧਾਰਾ 25 ਦੀਆਂ ਕਾਪੀਆਂ ਸਾੜਨ ਕਾਰਨ ਹਿਰਾਸਤ ਵਿਚ ਲਏ ਅਕਾਲੀਆਂ ਨੂੰ ਰਿਹਾਅ ਕੀਤਾ ਸੀ। ਸੰਵਿਧਾਨ ਦੀ ਧਾਰਾ 25 ਤਹਿਤ ਸਿੱਖ ਧਰਮ ਹਿੰਦੂ ਮੈਰਿਜ ਐਕਟ ਤਹਿਤ ਆਉਂਦਾ ਹੈ।

ਅਕਾਲੀ ਦਲ ਇਸ ਦਾ ਵਿਰੋਧ ਕਰਦਾ ਰਿਹਾ ਹੈ, ਕਿਉਂ ਕਿ ਉਨ੍ਹਾਂ ਦੀ ਦਲੀਲ ਹੈ ਕਿ ਧਾਰਾ 25 ਸਿੱਖਾਂ ਦੀ ਵੱਖਰੀ ਹਸਤੀ ਮੰਨਣ ਦੀ ਬਜਾਇ ਹਿੰਦੂ ਧਰਮ ਦਾ ਹਿੱਸਾ ਮੰਨਦੀ ਹੈ।

6 ਜੂਨ, 1984- ਦਰਬਾਰ ਸਾਹਿਬ ਵਿੱਚ ਭਾਰਤੀ ਫੌਜ ਦਰਬਾਰ ਸਾਹਿਬ ਕੰਪਲੈਕਸ ਵਿੱਚ ਦਾਖਲ ਹੋ ਗਈ।

ਫੌਜ ਨੇ ਸ੍ਰੀ ਹਰਮਿੰਦਰ ਸਾਹਿਬ ਨੂੰ ਚਾਰੇ ਪਾਸਿਓਂ ਘੇਰ ਲਿਆ। ਭਾਰੀ ਗੋਲੀਬਾਰੀ ਅਤੇ ਸੰਘਰਸ਼ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋਈ।

ਦਰਬਾਰ ਸਾਹਿਬ ਕੰਪਲੈਕਸ ਉੱਤੇ ਹੋਏ ਇਸ ਹਮਲੇ ਵਿੱਚ ਭਿੰਡਰਾਂਵਾਲੇ ਅਤੇ ਲੈਫਟੀਨੈਂਟ ਜਨਰਲ ਸੁਬੇਗ ਸਿੰਘ ਸਣੇ ਕਈ ਮੁੱਖ ਲੋਕਾਂ ਦੀ ਮੌਤ ਹੋਈ।

ਇਸ ਨੂੰ ਬਲੂ ਸਟਾਰ ਆਪਰੇਸ਼ਨ ਕਿਹਾ ਗਿਆ।

7-10 ਜੂਨ, 1984- ਦੇਸ ਦੇ ਕਈ ਹਿੱਸਿਆਂ ਵਿੱਚ ਸਿੱਖ ਫੌਜੀਆਂ ਦੇ ਬਾਗੀ ਹੋਣ ਦੀਆਂ ਖਬਰਾਂ ਆਉਂਦੀਆਂ ਹਨ।

ਸਿੱਖ ਰੈਜੀਮੈਂਟ ਦੇ ਕਰੀਬ 500 ਫੌਜੀਆਂ ਨੇ ਰਾਜਸਥਾਨ ਦੇ ਗੰਗਾਨਗਰ ਵਿੱਚ ਆਪਰੇਸ਼ਨ ਬਲੂ ਸਟਾਰ ਦੀਆਂ ਖਬਰਾਂ ਸੁਣ ਕੇ ਬਗਾਵਤ ਕਰ ਦਿੱਤੀ ਸੀ। ਬਿਹਾਰ ਦੇ ਰਾਮਗੜ(ਹੁਣ ਝਾਰਖੰਡ), ਅਲਵਰ, ਜੰਮੂ, ਠਾਣੇ ਅਤੇ ਪੁਣੇ ਵਿੱਚ ਸਿੱਖ ਫੌਜੀਆਂ ਨੇ ਬਗਾਵਤ ਕੀਤੀ ਸੀ।

ਰਾਮਗੜ ਵਿੱਚ ਬਾਗੀ ਫੌਜੀਆਂ ਨੇ ਆਪਣੇ ਕਮਾਂਡਰ, ਬ੍ਰਿਗੇਡੀਅਰ ਐਸਸੀ ਪੁਰੀ ਦਾ ਕਤਲ ਕਰ ਦਿੱਤਾ ਸੀ।

ਜੁਲਾਈ, 1984- ਭਾਰਤ ਸਰਕਾਰ ਨੇ ਆਪਰੇਸ਼ਨ ਬਲੂ ਸਟਾਰ 'ਤੇ ਇੱਕ ਵਾਈਟ ਪੇਪਰ ਜਾਰੀ ਕੀਤਾ, ਪਰ ਉਸ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ।

ਇੰਦਰਾ ਗਾਂਧੀ ਦਾ ਕਤਲ ਅਤੇ ਸਿੱਖ ਕਤਲੇਆਮ

ਆਪਰੇਸ਼ਨ ਬਲੂ ਸਟਾਰ ਦੇ ਚਾਰ ਮਹੀਨੇ ਬਾਅਦ ਹੀ ਇੰਦਰਾ ਗਾਂਧੀ ਦਾ ਉਨ੍ਹਾਂ ਦੇ ਦੋ ਸਿੱਖ ਬਾਡੀਗਾਰਡਾਂ ਨੇ ਕਤਲ ਕਰ ਦਿੱਤਾ।

31 ਅਕਤੂਬਰ, 1984- ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਦੋ ਸਿੱਖ ਬਾਡੀਗਾਰਡਾਂ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਨੇ ਉਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

ਤਸਵੀਰ ਸਰੋਤ, Getty Images

ਇੰਦਰਾ ਗਾਂਧੀ ਦੇ ਕਤਲ ਤੋਂ ਤੁਰੰਤ ਬਾਅਦ ਦੇਸ ਦੇ ਕਈ ਹਿੱਸਿਆਂ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਜਿਸ ਵਿੱਚ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਗਈਆਂ।

ਜੂਨ, 1985- ਏਅਰ ਇੰਡੀਆ ਦੀ ਉਡਾਨ ਸੰਖਿਆ 182 ਦੇ ਜਹਾਜ਼ ਵਿੱਚ ਧਮਾਕਾ ਹੋਇਆ ਜਿਸਦੇ ਵਿੱਚ 329 ਲੋਕਾਂ ਦੀ ਮੌਤ ਹੋ ਗਈ। ਕੈਨੇਡਾ ਦੇ ਵਾਸੀ ਇੰਦਰਜੀਤ ਸਿੰਘ ਰਿਆਤ ਨੂੰ ਇਸ ਮਾਮਲੇ ਦਾ ਦੋਸ਼ੀ ਪਾਇਆ ਗਿਆ।

ਜੁਲਾਈ, 1985- ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਹਰਚੰਦ ਸਿੰਘ ਲੌਂਗੋਵਾਲ ਨੇ ਇੱਕ ਸਮਝੌਤੇ 'ਤੇ ਦਸਤਖਤ ਕੀਤੇ। ਪਰ ਇਸ ਸਮਝੌਤੇ ਉੱਤੇ ਅਮਲ ਨਾ ਹੋ ਸਕਿਆ।

ਅਗਸਤ, 1985- ਇੱਕ ਗੁਰਦੁਆਰੇ ਵਿੱਚ ਭਾਸ਼ਣ ਦਿੰਦੇ ਸਮੇਂ ਹਰਚੰਦ ਸਿੰਘ ਲੌਂਗੋਵਾਲ 'ਤੇ ਹਮਲਾ ਕਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ।

ਸਤੰਬਰ, 1985- ਅਕਾਲੀ ਦਲ ਨੂੰ ਪੰਜਾਬ ਦੀਆਂ ਚੋਣਾਂ ਵਿੱਚ ਭਾਰੀ ਜਿੱਤ ਮਿਲੀ। ਸੁਰਜੀਤ ਸਿੰਘ ਬਰਨਾਲਾ ਪੰਜਾਬ ਦੇ ਮੁੱਖ ਮੰਤਰੀ ਬਣੇ।

ਜਨਵਰੀ, 1986- ਦਰਬਾਰ ਸਾਹਿਬ ਦਾ ਕੰਟਰੋਲ ਇੱਕ ਵਾਰ ਫੇਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ ਗਿਆ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)