ਆਪਰੇਸ਼ਨ ਬਲੂ ਸਟਾਰ: ਜਰਨੈਲ ਸਿੰਘ ਭਿੰਡਰਾਵਾਲੇ ਦੀ ਸ਼ਖ਼ਸੀਅਤ ਅਤੇ ਸੋਚ -ਨਜ਼ਰੀਆ

ਤਸਵੀਰ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਭਾਰਤ ਪ੍ਰਸ਼ਾਸਿਤ ਕਸ਼ਮੀਰ ਦੇ ਆਗੂ ਫਾਰੂਖ਼ ਅਬਦੁੱਲਾ Image copyright Satpal danish
ਫੋਟੋ ਕੈਪਸ਼ਨ ਤਸਵੀਰ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਭਾਰਤ ਪ੍ਰਸ਼ਾਸਿਤ ਕਸ਼ਮੀਰ ਦੇ ਆਗੂ ਫਾਰੂਖ਼ ਅਬਦੁੱਲਾ

ਇੱਕ ਸਮਾਂ ਸੀ ਜਦੋਂ ਪੰਜਾਬ ਨੂੰ ਬਰਤਾਨਵੀ ਭਾਰਤੀ ਫੌਜ ਵਿੱਚ ਭਰਤੀ ਲਈ ਸਭ ਤੋਂ ਵਧੀਆ ਉਪਜਾਊ ਜ਼ਮੀਨ ਮੰਨਿਆ ਜਾਂਦਾ ਸੀ।

ਇਹ ਇੱਕ ਅਜੀਬ ਇਤਫ਼ਾਕ ਹੈ ਕਿ ਜਿਸ ਵਿਅਕਤੀ ਨੂੰ 1980 ਦੇ ਦਹਾਕੇ ਵਿਚ ਸਿੱਖ ਕੱਟੜਵਾਦ ਦੇ ਜਨਮਦਾਤੇ ਵਜੋਂ ਜਾਣਿਆ ਜਾਂਦਾ ਹੈ, ਉਸ ਦੇ ਮਾਪਿਆਂ ਨੇ ਉਸ ਨੂੰ ਜਰਨੈਲ ਸਿੰਘ ਨਾਮ ਦਿੱਤਾ ਸੀ।

ਜਰਨੈਲ ਸਿੰਘ ਦੇ ਨਾਮ ਨਾਲ ਸੰਤ ਤੇ ਭਿੰਡਰਾਂਵਾਲੇ ਸ਼ਬਦ ਉਦੋਂ ਜੁੜੇ ਜਦੋਂ ਉਹ ਸਿੱਖ ਧਰਮ ਅਤੇ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦਾ ਪ੍ਰਚਾਰ ਤੇ ਪਸਾਰ ਕਰਨ ਵਾਲੀ ਸੰਸਥਾ ਦਮਦਮੀ ਟਕਸਾਲ ਦੇ ਪ੍ਰਧਾਨ ਚੁਣੇ ਗਏ।

ਪੇਂਡੂ ਪਿਛੋਕੜ ਵਾਲੇ ਇਸ ਨੌਜਵਾਨ ਨੂੰ ਬਹੁਤੀ ਰਸਮੀ ਸਿੱਖਿਆ ਹਾਸਲ ਨਹੀਂ ਸੀ। ਉਨ੍ਹਾਂ ਦਾ ਰਹੱਸਮਈ ਪਰ ਆਸਾਧਾਰਨ ਤਰੀਕੇ ਨਾਲ ਉਭਰਨਾ, ਪੰਜਾਬ ਦੇ ਹੱਕਾਂ ਦੀ ਲੜਾਈ ਦੇ ਸਭ ਤੋਂ ਖ਼ਤਰਨਾਕ ਦੌਰ ਵਿੱਚ ਪਹੁੰਚਣ ਬਾਰੇ ਕਾਫ਼ੀ ਕੁਝ ਬਿਆਨ ਕਰਦਾ ਹੈ। ਇਸ ਸੰਘਰਸ਼ ਨੂੰ ਕੌਮਾਂਤਰੀ ਪੱਧਰ ਉੱਤੇ ਸਿੱਖ ਕੌਮ ਨਾਲ ਜੋੜ ਕੇ ਵੀ ਦੇਖਿਆ ਜਾਂਦਾ ਹੈ।

ਜਗਤਾਰ ਸਿੰਘ ਦਾ ਇਹ ਨਜ਼ਰੀਆ 6 ਜੂਨ 2009 ਨੂੰ ਬੀਬੀਸੀ ਹਿੰਦੀ ਡੌਟਕੌਮ 'ਤੇ ਪ੍ਰਕਾਸ਼ਿਤ ਕੀਤਾ ਗਿਆ ਸੀ

Image copyright Damdami taksal
ਫੋਟੋ ਕੈਪਸ਼ਨ ਸੰਤ ਭਿੰਡਰਾਵਾਲਿਆਂ ਦਾ ਨਾਂ 'ਗਨ ਕਲਚਰ' ਜਾਂ ਬੰਦੂਕ ਸੱਭਿਆਚਾਰ ਨਾਲ ਜੁੜਦਾ ਹੈ।

ਇਹ ਅੰਦੋਲਨ ਭਾਰਤ ਸਰਕਾਰ ਦੀ ਤਾਕਤ ਨਾਲ ਲੜਨ ਵਿੱਚ ਨਾਕਾਮ ਰਿਹਾ। ਭਾਵੇਂ ਭਿੰਡਰਾਵਾਲੇ ਦੀ ਸ਼ਖ਼ਸੀਅਤ ਅਤੇ ਸੋਚ ਅੱਜ ਵੀ ਜ਼ਿੰਦਾ ਹੈ।

ਭਗਤ ਸਿੰਘ ਤੇ ਭਿੰਡਰਾਂਵਾਲੇ

ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਵਿੱਚ ਜਿਨ੍ਹਾਂ ਦੋ ਆਗੂਆਂ ਦੀਆਂ ਤਸਵੀਰਾਂ ਸਭ ਤੋਂ ਵੱਧ ਵਿਕੀਆਂ ਹਨ, ਉਹ ਨੇ ਭਾਰਤੀ ਆਜ਼ਾਦੀ ਘੁਲਾਟੀਏ ਭਗਤ ਸਿੰਘ ਅਤੇ ਜਰਨੈਲ ਸਿੰਘ ਭਿੰਡਰਾਵਾਲੇ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਇਨ੍ਹਾਂ ਦੋਵਾਂ ਆਗੂਆਂ ਦੀ ਤੁਲਨਾ ਨਹੀਂ ਹੋ ਸਕਦੀ ਜਿੱਥੇ ਭਗਤ ਸਿੰਘ ਦੀ ਪਛਾਣ ਇੱਕ ਵਿਚਾਰਕ ਦੇ ਤੌਰ ਉੱਤੇ ਹੁੰਦੀ ਹੈ, ਉੱਥੇ ਭਿੰਡਰਾਵਾਲੇ ਦਾ ਨਾਂ 'ਗਨ ਕਲਚਰ' ਜਾਂ ਬੰਦੂਕ ਸੱਭਿਆਚਾਰ ਨਾਲ ਜੁੜਦਾ ਹੈ।

Image copyright Satpal danish
ਫੋਟੋ ਕੈਪਸ਼ਨ ਸਾਲ 1977 ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਦਮਦਮੀ ਟਕਸਾਲ ਦਾ ਮੁਖੀ ਨਿਯੁਕਤ ਕਰਨ ਵੇਲੇ ਪ੍ਰਕਾਸ਼ ਸਿੰਘ ਬਾਦਲ ਤੇ ਤਤਕਾਲੀ ਐਸਜੀਪੀਸੀ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਮੌਜੂਦ ਸਨ

ਇਸ ਤੋਂ ਇਲਾਵਾ ਇੱਕ ਹੋਰ ਦੂਜਾ ਵੱਡਾ ਫ਼ਰਕ ਹੈ। ਭਗਤ ਸਿੰਘ ਘੱਟੋ-ਘੱਟ ਦੱਖਣੀ ਏਸ਼ੀਆ ਵਿੱਚ ਸਭ ਲਈ ਸਨਮਾਨਿਤ ਹਨ ਜਦਕਿ ਭਿੰਡਰਾਵਾਲੇ ਦੀ ਪਛਾਣ ਇੱਕ ਖਾਸ ਭਾਈਚਾਰੇ ਦੇ ਆਗੂ ਵਜੋਂ ਹੁੰਦੀ ਹੈ ਇਸ ਲਈ ਜਿੰਨੇ ਲੋਕ ਉਨ੍ਹਾਂ ਨੂੰ ਮੁਹੱਬਤ ਕਰਨ ਵਾਲੇ ਹਨ ਉਸ ਤੋਂ ਕਿਤੇ ਵੱਧ ਗਿਣਤੀ ਹੈ, ਉਨ੍ਹਾਂ ਲੋਕਾਂ ਦੀ ਜੋ ਉਨ੍ਹਾਂ ਨੂੰ ਨਫ਼ਰਤ ਕਰਦੇ ਹਨ।

ਹੀਰੋ ਜਾਂ ਅੱਤਵਾਦੀ

ਕੋਈ ਵਿਅਕਤੀ ਕਿਸੇ ਲਈ ਹੀਰੋ ਹੋ ਸਕਦਾ ਹੈ ਤਾਂ ਦੂਜੇ ਲਈ ਅੱਤਵਾਦੀ। ਇਹ ਗੱਲ ਸਿਧਾਂਤਕ ਵਖਰੇਵੇਂ ਵਾਲੀ ਧਾਰਨਾ ਉੱਤੇ ਆਧਾਰਿਤ ਹੈ।

Image copyright damdami taksal
ਫੋਟੋ ਕੈਪਸ਼ਨ ਸੰਤ ਭਿੰਡਰਾਂਵਾਲੇ ਨੇ 30 ਸਾਲ ਦੀ ਉਮਰ ਵਿੱਚ ਦਮਦਮੀ ਟਕਸਾਲ ਵਿਖੇ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ

ਜਿਸ ਵੇਲੇ ਭਿੰਡਰਾਂਵਾਲੇ ਨੇ ਦਮਦਮੀ ਟਕਸਾਲ ਦੇ ਮੁਖੀ ਦਾ ਅਹੁਦਾ ਸੰਭਾਲਿਆ ਸੀ ਉਦੋਂ ਉਨ੍ਹਾਂ ਦੀ ਉਮਰ 30 ਸਾਲ ਦੀ ਸੀ। ਕਿਸੇ ਨੇ ਇਸ ਗੱਲ ਦੀ ਕਲਪਨਾ ਵੀ ਨਹੀਂ ਕੀਤੀ ਸੀ ਕਿ ਅਗਲੇ ਕੁਝ ਮਹੀਨਿਆਂ ਵਿੱਚ ਉਹ ਅਜਿਹੀਆਂ ਗਤੀਵਿਧੀਆਂ ਨੂੰ ਹਵਾ ਦੇਣਗੇ, ਜਿਸ ਨਾਲ ਪੰਜਾਬ ਦੀ ਫਿਜ਼ਾ ਬਦਲ ਜਾਵੇਗੀ।

ਇਹ ਦੌਰ ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਇੱਕ ਦਹਾਕੇ ਤੱਕ ਚੱਲਦਾ ਰਿਹਾ ਅਤੇ ਆਮ ਲੋਕਾਂ ਸਣੇ ਹਜ਼ਾਰਾਂ ਵਿਅਕਤੀ ਇਸ ਹਿੰਸਕ ਦੌਰ ਦੀ ਭੇਂਟ ਚੜ੍ਹ ਗਏ।


ਸਾਕਾ ਜੂਨ '84

ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖਾਂ ਦੇ ਮਸਲੇ ਬੇਬਾਕੀ ਨਾਲ ਚੁੱਕਣ ਕਾਰਨ ਸਿਆਸਤ ਦੇ ਕੇਂਦਰ ਬਿੰਦੂ ਬਣ ਚੁੱਕੇ ਸਨ। ਅਕਤੂਬਰ 1983ਵਿੱਚ ਢਿੱਲਵਾਂ ਬੱਸ ਕਾਂਡ ਦੌਰਾਨ 6 ਹਿੰਦੂ ਮਾਰੇ ਗਏ ਤੇ ਪੰਜਾਬ 'ਚ ਕਾਂਗਰਸ ਦੀ ਦਰਬਾਰਾ ਸਿੰਘ ਸਰਕਾਰ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ ਉੱਤੇ ਭੰਗ ਕਰ ਦਿੱਤਾ ਗਿਆ। ਪੰਜਾਬ ਵਿੱਚ ਹਿੰਸਾ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ ਤੇ 1984 ਵਿੱਚ ਜੂਨ ਤੱਕ ਹਿੰਸਕ ਵਾਰਦਾਤਾਂ ਵਿੱਚ ਦਰਜਨਾਂ ਆਮ ਲੋਕ ਅਤੇ ਪੁਲਿਸ ਮੁਲਾਜ਼ਮ ਮਾਰੇ ਜਾ ਚੁੱਕੇ ਸਨ। ਉਸ ਤੋਂ ਬਾਅਦ ਜੂਨ 1984 ਦੌਰਾਨ ਭਾਰਤੀ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਉੱਤੇ ਕੀਤਾ ਗਿਆ ਹਮਲਾ 'ਆਪਰੇਸ਼ਨ ਬਲੂ ਸਟਾਰ' ਵਜੋਂ ਜਾਣਿਆਂ ਜਾਂਦਾ ਹੈ। ਸਰਕਾਰ ਮੁਤਾਬਕ ਇਹ ਹਮਲਾ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਅਕਾਲ ਤਖ਼ਤ ਉੱਤੇ ਬੈਠੇ ਹਥਿਆਰਬੰਦ ਖਾੜਕੂਆਂ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਚੋਂ ਕੱਢਣ ਲਈ ਕੀਤਾ ਗਿਆ। ਹਮਲੇ ਦੌਰਾਨ ਫੌਜ ਦੀ ਅਗਵਾਈ ਕਰ ਰਹੇ ਜਨਰਲ ਕੁਲਦੀਪ ਸਿੰਘ ਬਰਾੜ ਦਾਅਵਾ ਕਰਦੇ ਹਨ ਕਿ ਭਿੰਡਰਾਂਵਾਲੇ ਜਾਂ ਉਨ੍ਹਾਂ ਦੇ ਸਾਥੀ ਵੱਖਰੇ ਰਾਜ ਖਾਲਿਸਤਾਨ ਦਾ ਐਲਾਨ ਕਰਨ ਵਾਲੇ ਸਨ ਅਤੇ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਦੀ ਮਦਦ ਮਿਲ ਸਕਦੀ ਸੀਇਸ ਲਈ ਫੌਜੀ ਐਕਸ਼ਨ ਕਰਨਾ ਜ਼ਰੂਰੀ ਸੀ। ਪਰ ਸਿੱਖ ਵਿਦਵਾਨ ਤੇ ਭਿੰਡਰਾਂਵਾਲਿਆਂ ਦੇ ਸਲਾਹਾਕਾਰ ਰਹੇ ਡਾਕਟਰ ਭਗਵਾਨ ਸਿੰਘ ਇਸ ਦਾਅਵੇ ਨੂੰ ਰੱਦ ਕਰਦੇ ਹਨ ਉਨ੍ਹਾਂ ਮੁਤਾਬਕ ਇਹ ਯੋਜਨਾ ਪਹਿਲਾਂ ਗਿਣੀ-ਮਿਥੀ ਗਈ ਸੀ।ਸਿੱਖ ਆਗੂਆਂ ਮੁਤਾਬਕ ਇਸ ਹਮਲੇ ਰਾਹੀਂ ਦੇਸ਼ ਦੀਆਂ ਕੁਝ ਸਿਆਸੀ ਧਿਰਾਂ ਮੁਲਕ ਵਿੱਚ ਫਿਰਕੂ ਧਰੁਵੀਕਰਨ ਕਰਕੇ ਆਪਣੇ ਸਿਆਸੀ ਹਿੱਤ ਪੂਰਨਾ ਚਾਹੁੰਦੀਆਂ ਸਨ। ਸਰਕਾਰੀ ਵਾਟ ਪੇਪਰ ਮੁਤਾਬਕ ਹਮਲੇ 'ਚ 83 ਫੌਜੀ ਤੇ 493 ਆਮ ਲੋਕ ਮਾਰੇ ਗਏ। ਕੇਂਦਰੀ ਸਿੱਖ ਅਜਾਇਬ ਘਰ ਵਿੱਚ ਹਮਲੇ ਦੇ ਮ੍ਰਿਤਕਾਂ ਦੀ ਸੂਚੀ ਵਿੱਚ 743 ਨਾਂ ਸ਼ਾਮਲ ਹਨ। ਪੰਜਾਬ ਪੁਲਿਸ ਦੇ ਤਤਕਾਲੀਅਧਿਕਾਰੀ ਅਪਾਰ ਸਿੰਘ ਬਾਜਵਾ ਨੇ ਬੀਬੀਸੀ ਨੂੰ 2004 ਵਿੱਚ ਦੱਸਿਆ ਸੀ ਕਿ ਉਨ੍ਹਾਂ 800 ਲਾਸ਼ਾਂ ਆਪ ਗਿਣੀਆਂ ਸਨ। ਜਦਕਿ ਮਨੁੱਖੀ ਅਧਿਕਾਰ ਕਾਰਕੁਨ ਇੰਦਰਜੀਤ ਸਿੰਘ ਜੇਜੀ ਅਤੇ ਕਈ ਮੰਨੇ-ਪ੍ਰਮੰਨੇ ਪੱਤਰਕਾਰ ਤੇ ਵਿਦਵਾਨ ਮ੍ਰਿਤਕਾਂ ਦੀ ਗਿਣਤੀ 4,000 ਤੋਂ 5,000 ਹੋਣ ਦਾ ਦਾਅਵਾ ਕਰਦੇ ਹਨ। ਇਸ ਸਾਕੇ ਦੇ ਵੱਖ-ਵੱਖ ਪਹਿਲੂਆਂ ਨੂੰ ਬਿਆਨ ਕਰ ਰਹੀ ਖਾਸ ਲੜੀ ਜੂਨ 2018 ਵਿਚ ਪ੍ਰਕਾਸ਼ਿਤ ਕੀਤੀ ਗਈ ਸੀ।


ਮੰਦਭਾਗੀ ਗੱਲ ਇਹ ਹੈ ਕਿ ਅਜਿਹੇ ਸਮੇਂ ਵਿੱਚ ਜਦੋਂ ਭਾਰਤ ਨੂੰ ਵਾਰ-ਵਾਰ ਕੱਟੜਵਾਦ ਨਾਲ ਜੂਝਣਾ ਪੈ ਰਿਹਾ ਹੈ ਤਾਂ ਇੰਝ ਲੱਗ ਰਿਹਾ ਹੈ ਜਿਵੇਂ ਪੰਜਾਬ ਦੇ ਹਾਲਾਤ ਤੋਂ ਕੋਈ ਸਬਕ ਨਹੀਂ ਸਿੱਖਿਆ ਗਿਆ।

ਇਨ੍ਹਾਂ ਹਾਲਾਤਾਂ ਵਿੱਚ ਪੰਜਾਬ 'ਚ ਕੱਟੜਵਾਦ ਦੇ ਸਰੋਤ ਮੰਨੇ ਜਾਂਦੇ ਭਿੰਡਰਾਂਵਾਲੇ ਦੀ ਇਸ ਮਾਮਲੇ ਵਿੱਚ ਭੂਮਿਕਾ ਦਾ ਨਿਰਪੱਖਤਾ ਨਾਲ ਮੁਲਾਂਕਣ ਕਰਨ ਦੀ ਲੋੜ ਹੈ।

ਸਾਲ 1977 ਵਿੱਚ ਉਨ੍ਹਾਂ ਨੂੰ ਦਮਦਮੀ ਟਕਸਾਲ ਦਾ ਪ੍ਰਮੁੱਖ ਬਣਾਏ ਜਾਣ ਦੇ ਚਸ਼ਮਦੀਦ , ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਿੱਖਾਂ ਦੀ ਸਭ ਤੋਂ ਵੱਡੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਸਨ। ਉਹ ਵੀ ਮੁਬਾਰਕਬਾਦ ਕਹਿਣ ਲਈ ਉੱਥੇ ਹਾਜ਼ਰ ਸਨ।

Image copyright Damdami taksal
ਫੋਟੋ ਕੈਪਸ਼ਨ ਸੰਤ ਭਿਡਰਾਂਵਾਲੇ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਦਮਦਮੀ ਟਕਸਾਲ ਦਾ ਨਿਰੰਕਾਰੀਆ ਨਾਲ ਸਿੱਧਾ ਟਕਰਾਅ ਸ਼ੁਰੂ ਹੋ ਚੁੱਕਿਆ ਸੀ

ਭਿੰਡਰਾਂਵਾਲੇ ਦੀ ਨਿਯੁਕਤੀ ਤੋਂ ਤੁਰੰਤ ਬਾਅਦ, ਉਸ ਇਲਾਕੇ ਵਿਚ ਸਿਆਸੀ ਚਰਚਾ ਬਦਲਣੀ ਸ਼ੁਰੂ ਹੋ ਗਈ। ਜਦੋਂ ਭਿੰਡਰਾਂਵਾਲੇ ਨੇ ਦਮਦਮੀ ਟਕਸਾਲ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ, ਉਸ ਸਮੇਂ ਦਮਦਮੀ ਟਕਸਾਲ ਦਾ ਨਿਰੰਕਾਰੀਆਂ ਨਾਲ ਸਿੱਧਾ ਟਕਰਾਅ ਸ਼ੁਰੂ ਹੋ ਚੁੱਕਿਆ ਸੀ।

ਨਿਰੰਕਾਰੀ ਕਾਂਡ

1978 ਦੀ ਵਿਸਾਖੀ ਦੇ ਖ਼ੂਨੀ ਨਿਰੰਕਾਰੀ ਕਾਂਡ ਤੋਂ ਬਾਅਦ ਪੰਜਾਬ ਹਮੇਸ਼ਾ ਲਈ ਬਦਲ ਗਿਆ। ਇਹ ਕਦੇ ਵੀ ਮੁੜ ਕੇ, ਪਹਿਲਾਂ ਵਰਗਾ ਨਹੀਂ ਹੋ ਸਕਿਆ। ਇਸ ਕਾਂਡ ਦੌਰਾਨ ਮਰਨ ਵਾਲੇ ਸਿੱਖ ਕਾਰਕੁਨ ਦਮਦਮੀ ਟਕਸਾਲ ਅਤੇ ਅਖੰਡ ਕੀਰਤਨੀ ਜਥੇ ਨਾਲ ਸਬੰਧਿਤ ਸਨ।

ਕੁਝ ਦਿਨਾਂ ਦੇ ਅੰਦਰ ਹੀ ਭਿੰਡਰਾਂਵਾਲੇ ਨੇ ਇੱਕ ਨਵਾਂ ਰਾਹ ਅਪਣਾਇਆ। ਨਿਆਂਇਕ ਪ੍ਰਣਾਲੀ ਤਹਿਸ-ਨਹਿਸ ਹੋ ਰਹੀ ਸੀ ਅਤੇ ਬਦਲੇ ਦੀ ਭਾਵਨਾ ਦਾ ਰੂਪ ਅਖ਼ਤਿਆਰ ਕਰ ਰਹੀ ਸੀ।

ਇਕ ਪੱਤਰਕਾਰ ਦੇ ਰੂਪ ਵਿੱਚ ਮੇਰੀ ਭਿੰਡਰਾਂਵਾਲੇ ਨਾਲ ਰਸਮੀ ਅਤੇ ਗੈਰ-ਰਸਮੀ ਗੱਲਬਾਤ ਦੌਰਾਨ ਇਸ ਤਰ੍ਹਾਂ ਜਾਪਦਾ ਸੀ ਕਿ ਉਸ ਸਮੇਂ ਭਿੰਡਰਾਂਵਾਲੇ ਨੇ ਆਪਣਾ ਮਨ ਬਣਾ ਲਿਆ ਸੀ ਕਿ ਉਹ ਪੰਥ ਲਈ ਕੁਝ ਖ਼ਾਸ ਕਰਨ ਦਾ ਮਨ ਬਣਾ ਰਹੇ ਹਨ-ਜੋ ਜ਼ਿੰਦਗੀ ਦੀ ਕੁਰਬਾਨੀ ਵੀ ਹੋ ਸਕਦੀ ਹੈ। ਇਹ ਗੁਣ ਉਨ੍ਹਾਂ ਨੂੰ ਰਵਾਇਤੀ ਅਕਾਲੀ ਲੀਡਰਸ਼ਿਪ ਤੋਂ ਪੂਰੀ ਤਰ੍ਹਾਂ ਵੱਖ ਕਰਦਾ ਸੀ।

ਹਾਲਾਤ ਬਾਅਦ ਵਿਚ ਭਾਰਤ ਦੇ ਵਿਰੁੱਧ ਸੰਘਰਸ਼ ਵਿੱਚ ਬਦਲ ਗਏ, ਭਾਵੇਂ ਕਿ ਇਨ੍ਹਾਂ ਹਾਲਾਤ ਦਾ ਮਕਸਦ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾ ਤੱਕ ਸਪੱਸ਼ਟ ਨਹੀਂ ਸੀ।

ਪਰ ਇੱਕ ਗੱਲ ਸਪੱਸ਼ਟ ਹੈ ਕਿ ਜਰਨੈਲ ਸਿੰਘ ਨੇ ਕਦੇ ਵੀ ਖਾਲਿਸਤਾਨ ਦੀ ਮੰਗ ਨਹੀਂ ਕੀਤੀ।

ਇਹ ਸੱਚ ਹੈ ਕਿ ਉਨ੍ਹਾਂ ਨੇ ਅਕਾਲੀ ਦਲ ਵੱਲੋਂ 1973 ਵਿੱਚ ਪਾਸ ਕੀਤੇ ਆਨੰਦਪੁਰ ਸਾਹਿਬ ਦੇ ਮਤੇ ਦਾ ਸਮਰਥਨ ਕੀਤਾ ਸੀ ਪਰ ਇਹ ਪ੍ਰਸਤਾਵ ਖੁਦਮੁਖਤਿਆਰੀ ਦੀ ਗੱਲ ਕਰਦਾ ਹੈ, ਵੱਖਰੇ ਦੇਸ ਦੀ ਨਹੀਂ।

Image copyright Satpal danish
ਫੋਟੋ ਕੈਪਸ਼ਨ ਸੁਬਰਮਣੀਅਮ ਸੁਵਾਮੀ ਵਰਗੇ ਕਈ ਆਗੂਆਂ ਨੇ ਜਰਨੈਲ ਸਿੰਘ ਭਿੰਡਰਾਂਵਾਲਾ ਨਾਲ ਮਿਲ ਕੇ ਹਾਲਾਤ ਸੁਧਾਰਨ ਦੀ ਕੋਸ਼ਿਸ਼ ਕੀਤੀ

ਭਿੰਡਰਾਂਵਾਲੇ ਦੀ ਚਰਚਾ ਉਸ ਸਮੇਂ ਹੋਰ ਤੇਜ਼ ਹੋ ਗਈ ਜਦੋਂ ਨਿਰੰਕਾਰੀ ਸੰਪਰਦਾਇ ਦੇ ਆਗੂ ਗੁਰਬਚਨ ਸਿੰਘ ਦੀ ਹੱਤਿਆ ਕੀਤੀ ਗਈ।

ਜਦੋਂ ਭਿੰਡਰਾਂਵਾਲੇ ਦਮਦਮੀ ਟਕਸਾਲ ਦੇ ਮੁੱਖ ਦਫ਼ਤਰ ਚੌਂਕ ਮਹਿਤਾ ਨੂੰ ਛੱਡ ਕੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਪਹੁੰਚ ਗਏ ਤਾਂ ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਕੋਲ ਆਉਣ ਲੱਗ ਪਏ। ਇਸ ਤੋਂ ਬਾਅਦ ਉਹ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਉਦੋਂ ਤੱਕ ਨਹੀਂ ਆਏ ਜਦੋਂ ਤੱਕ ਉਨ੍ਹਾਂ ਦੀ ਫੌਜੀ ਕਾਰਵਾਈ ਦੌਰਾਨ ਮੌਤ ਨਹੀਂ ਹੋ ਗਈ।

ਸਿੱਖ ਭਾਈਚਾਰੇ ਦੇ ਉਹ ਲੋਕ ਜਿਹੜੇ ਉਨ੍ਹਾਂ ਦੇ ਸਮਰਥਕ ਸਨ, ਉਹ ਸਮਾਜ ਵਿਚ ਵੱਖ-ਵੱਖ ਅਹੁਦਿਆਂ ਅਤੇ ਖੇਤਰਾਂ ਵਿਚ ਸਰਗਰਮ ਸਨ। ਇਨ੍ਹਾਂ ਵਿੱਚ ਸੇਵਾਮੁਕਤ ਫੌਜੀ ਅਫਸਰ, ਨੌਕਰਸ਼ਾਹ, ਅਤੇ ਸਿੱਖਿਆ ਮਾਹਰ ਸ਼ਾਮਲ ਸਨ। ਜਿਸ ਗੱਲ ਨੇ ਉਹਨਾਂ ਨੂੰ ਕ੍ਰਿਸ਼ਮਈ ਸ਼ਖਸੀਅਤ ਵੱਜੋਂ ਉਭਾਰਿਆ, ਉਹ ਸੀ ਆਮ ਲੋਕਾਂ ਨਾਲ ਸਿੱਧਾ ਸੰਵਾਦ ਅਤੇ ਲੋਕਾਂ ਦੀ ਉਨ੍ਹਾਂ ਵਿੱਚ ਭਰੋਸੇਯੋਗਤਾ।

ਇਹ ਭਰੋਸੇਯੋਗਤਾ ਕਾਫ਼ੀ ਹੱਦ ਤੱਕ ਸ਼੍ਰੋਮਣੀ ਅਕਾਲੀ ਦਲ ਗੁਆ ਰਿਹਾ ਸੀ। ਉਨ੍ਹਾਂ ਦੀ ਸੋਚ ਸਪੱਸ਼ਟਵਾਦੀ ਸੀ ਅਤੇ ਉਹ ਦੋਗਲੇਪਣ ਉੱਤੇ ਵਿਸ਼ਵਾਸ਼ ਨਹੀਂ ਕਰਦੇ ਸਨ।

ਪੈਸਾ ਭ੍ਰਿਸ਼ਟ ਨਾ ਬਣਾ ਸਕਿਆ

ਇਸ ਲੇਖਕ ਨੇ 26 ਮਈ 1984 ਨੂੰ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ, ਜਦੋਂ ਇਹ ਮੰਨਿਆ ਜਾ ਰਿਹਾ ਸੀ ਕਿ ਫੌਜ ਨੂੰ ਆਪਰੇਸ਼ਨ ਲਈ ਹਰੀ-ਝੰਡੀ ਦਿੱਤੀ ਜਾ ਚੁੱਕੀ ਸੀ। ਇਹ ਇਕ ਘੰਟੇ ਤੋਂ ਵੱਧ ਸਮੇਂ ਲਈ ਆਹਮੋ-ਸਾਹਮਣੇ ਬੈਠ ਕੇ ਕੀਤੀ ਗਈ ਮੁਲਾਕਾਤ ਸੀ। ਉਹ ਉਦੋਂ ਹੀ ਜਾਣਦੇ ਸਨ ਕਿ ਕੀ ਹੋਣ ਜਾ ਰਿਹਾ ਹੈ ਅਤੇ ਉਹ ਹਾਲਾਤ ਤੋਂ ਵਾਕਫ਼ ਸਨ।

Image copyright Getty Images

ਉਹ ਇਸ ਮਸਲੇ ਦਾ ਸਨਮਾਨਜਨਕ ਤੇ ਸਾਂਤੀਪੂਰਨ ਤਰੀਕੇ ਨਾਲ ਹੱਲ ਲੱਭਣ ਦੇ ਵਿਰੁੱਧ ਨਹੀਂ ਸਨ। ਇਸੇ ਮੁਲਾਕਾਤ ਦੌਰਾਨ ਮੈਨੂੰ ਉਨ੍ਹਾਂ ਦੇ ਸਾਥੀ ਨਾਲ ਦੇ ਕਮਰੇ ਵਿਚ ਬੰਦੂਕਾਂ ਦੀ ਸਾਫ਼-ਸਫ਼ਾਈ ਕਰਦੇ ਦਿਖ ਰਹੇ ਸਨ।

ਭਾਵੇਂ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਗੁਰਚਰਨ ਸਿੰਘ ਟੋਹੜਾ ਉਨ੍ਹਾਂ ਦੇ ਤਰੀਕੇ ਨਾਲ ਸਹਿਮਤ ਨਹੀਂ ਸਨ ਪਰ ਉਨ੍ਹਾਂ ਨੇ ਕਈ ਮੁਸ਼ਕਿਲ ਸਮਿਆਂ ਵਿੱਚ ਜਰਨੈਲ ਸਿੰਘ ਨੂੰ ਨੈਤਿਕ ਸਮਰਥਨ ਦਿੱਤਾ ਸੀ। ਸਿੱਖ ਭਾਈਚਾਰੇ ਦੇ ਵਿੱਚੋਂ ਉਨ੍ਹਾਂ ਨੂੰ ਦਿਹਾਤੀ ਖੇਤਰਾਂ ਵਿਚ ਵਧੇਰੇ ਪ੍ਰਵਾਨਗੀ ਤੇ ਸਮਰਥਨ ਮਿਲਿਆ।

ਸਾਲ 1981 ਵਿੱਚ ਇਸ ਪੱਤਰਕਾਰ ਨੇ ਭਿੰਡਰਾਂਵਾਲੇ ਦੀ ਇੰਡੀਅਨ ਐਕਸਪ੍ਰੈੱਸ ਅਖਬਾਰ ਲਈ ਇੰਟਰਵਿਊ ਕੀਤੀ ਸੀ ਜਿਸ ਨੂੰ ਇੱਕ ਅਖ਼ਬਾਰ ਨੇ 'ਸ਼ਹੀਦੀ ਦੀ ਭਾਲ ਵਿੱਚ ...' ਸਿਰਲੇਖ ਹੇਠ ਛਾਪਿਆ ਸੀ।

ਉਨ੍ਹਾਂ ਨੇ ਜਿਹੜਾ ਰਾਹ ਚੁਣਿਆ ਸੀ , ਉਹ ਉਨ੍ਹਾਂ ਨੂੰ ਅੰਤ ਤੱਕ ਲੈ ਗਿਆ, ਜਿਸ ਨੂੰ ਉਹ ਕਾਫ਼ੀ ਸਮਾਂ ਪਹਿਲਾਂ ਤੋਂ ਲੱਭ ਰਹੇ ਸੀ।

(ਜਗਤਾਰ ਸਿੰਘ ਸੀਨੀਅਰ ਪੱਤਰਕਾਰ ਹਨ, ਜਿਨ੍ਹਾਂ ਨੇ ਪੰਜਾਬ ਤੋਂ ਇੰਡੀਅਨ ਐਕਸਪ੍ਰੈਸ ਲਈ ਲਗਭਗ 25 ਸਾਲ ਤੱਕ ਰਿਪੋਰਟਿੰਗ ਕੀਤੀ ਹੈ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)