ਆਪਰੇਸ਼ਨ ਬਲੂ ਸਟਾਰ: ਕਲਮਾਂ ਛੱਡ ਖਾੜਕੂ ਲਹਿਰ ਵਿੱਚ ਸ਼ਾਮਿਲ ਹੋਣ ਵਾਲੇ ਕੁਝ ਨੌਜਵਾਨ

  • ਖੁਸ਼ਹਾਲ ਲਾਲੀ
  • ਬੀਬੀਸੀ ਪੱਤਰਕਾਰ
ਅਮਰਿੰਦਰ ਸਿੰਘ
ਤਸਵੀਰ ਕੈਪਸ਼ਨ,

ਦੁਬਈ ਵਿੱਚ ਆਤਮ ਸਮਰਪਣ ਕਰਨ ਤੋਂ ਬਾਅਦ ਅਮਰਿੰਦਰ ਸਿੰਘ ਨੂੰ 9 ਦਿਨ ਸਿਆਸੀ ਸ਼ਰਨ ਤਹਿਤ ਰੱਖਿਆ ਗਿਆ

ਆਪਰੇਸ਼ਨ ਬਲੂ ਸਟਾਰ ਨਾਲ ਸਿੱਖਾਂ ਦੇ ਮਨਾਂ ਵਿੱਚ ਬੇ-ਭਰੋਸਗੀ ਅਤੇ ਬੇਗਾਨਗੀ ਦਾ ਆਲਮ ਸਿਖ਼ਰਾਂ ਉੱਤੇ ਪਹੁੰਚ ਗਿਆ ਸੀ। ਭਾਰਤ ਵਿੱਚ ਕਈ ਥਾਂਵਾਂ 'ਤੇ ਸਿੱਖ ਬਗਾਵਤ ਉੱਤੇ ਉਤਰ ਆਏ। ਕਈ ਸਿੱਖ ਨੌਜਵਾਨ ਫੌਜੀਆਂ ਨੇ ਬੈਰਕਾਂ ਛੱਡ ਦਿੱਤੀਆਂ ਅਤੇ ਬਾਗੀ ਹੋ ਗਏ। ਪੰਜਾਬ ਨੇ ਕਰੀਬ ਇੱਕ ਦਹਾਕਾ ਹਿੰਸਾ ਦੀ ਭੱਠੀ ਵਿੱਚ ਤਪਣ ਦਾ ਸੰਤਾਪ ਝੱਲਿਆ।

ਆਪਰੇਸ਼ਨ ਬਲੂ ਸਟਾਰ ਨੇ ਸੈਂਕੜੇ ਸਿੱਖ ਨੌਜਵਾਨਾਂ ਨੂੰ ਕਿਵੇਂ ਬਗਾਵਤ ਦੇ ਰਾਹ ਪਾਇਆ ਅਤੇ ਕੱਟੜਵਾਦ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਸਦਾ ਲਈ ਬਦਲ ਦਿੱਤਾ। ਪੇਸ਼ ਹੈ ਅਜਿਹੀਆਂ ਤਿੰਨ ਕਹਾਣੀਆਂ ਜੋ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਪੰਜਾਬ ਦੇ ਨੌਜਵਾਨਾਂ ਦੀ ਹੋਣੀ ਦੇ ਸੰਦਰਭ ਨੂੰ ਪੇਸ਼ ਕਰ ਰਹੀਆਂ ਹਨ।

ਇਹ ਵੀ ਪੜ੍ਹੋ:

ਇੰਜੀਨੀਅਰ ਬਣਨਾ ਸੀ ਅਗਵਾਕਾਰ ਬਣ ਗਿਆ

24 ਅਗਸਤ 1984 ਵਿੱਚ ਇੰਡੀਅਨ ਏਅਰਲਾਈਨਜ਼ ਦਾ ਹਵਾਈ ਜਹਾਜ਼ ਚੰਡੀਗੜ੍ਹ ਤੋਂ ਅਗਵਾ ਕਰ ਲਿਆ ਗਿਆ। ਇਹ ਅਪਰੇਸ਼ਨ ਬਲੂ ਸਟਾਰ ਖ਼ਿਲਾਫ਼ ਪੰਜਾਬੀ ਨੌਜਵਾਨਾਂ ਵੱਲੋਂ ਗੁੱਸੇ ਦਾ ਪ੍ਰਗਟਾਵਾ ਕਰਨ ਦਾ ਆਪਣਾ ਤਰੀਕਾ ਸੀ।

ਜਹਾਜ਼ ਨੂੰ ਅਗਵਾ ਕਰਨ ਵਾਲੇ ਸੱਤ ਨੌਜਵਾਨਾਂ ਵਿੱਚ 4 ਸਿੱਖ ਸਨ ਅਤੇ 3 ਮੋਨੇ ਸਨ।

ਇਨ੍ਹਾਂ ਸੱਤਾਂ ਵਿੱਚੋਂ ਇੱਕ ਸੀ 18 ਸਾਲਾ ਅਮਰਿੰਦਰ ਸਿੰਘ। ਅਮਰਿੰਦਰ ਸਿੰਘ ਮੁਤਾਬਕ ਉਹ ਉਦੋਂ ਪ੍ਰੀ-ਇੰਜੀਨੀਅਰਿੰਗ ਕਰਦਾ ਸੀ।

ਘਟਨਾ ਨੂੰ ਯਾਦ ਕਰਦਿਆਂ ਅਮਰਿੰਦਰ ਸਿੰਘ ਦੱਸਦੇ ਨੇ, "ਜਹਾਜ਼ ਨੂੰ ਅਗਵਾ ਕਰਕੇ ਸ੍ਰੀ ਦਰਬਾਰ ਸਾਹਿਬ ਉੱਤੋਂ ਗੇੜਾ ਕਢਵਾਇਆ ਗਿਆ, ਇੱਕ ਦੋ ਚੱਕਰ ਲਾਉਣ ਤੋਂ ਬਾਅਦ ਲਾਹੌਰ ਅਤੇ ਕਰਾਚੀ ਲੈਂਡ ਕਰਵਾ ਕੇ ਤੇਲ ਪੁਆਇਆ ਅਤੇ ਫਿਰ ਦੁਬਈ ਜਾ ਕੇ ਆਤਮ-ਸਮਰਪਣ ਕੀਤਾ।"

ਸਾਕਾ ਜੂਨ '84

ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿੱਚ ਦਮਦਮੀ ਟਕਸਾਲ ਦੇ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖਾਂ ਦੇ ਮਸਲੇ ਬੇਬਾਕੀ ਨਾਲ ਚੁੱਕਣ ਕਾਰਨ ਸਿਆਸਤ ਦੇ ਕੇਂਦਰ ਬਿੰਦੂ ਬਣ ਚੁੱਕੇ ਸਨ। ਅਕਤੂਬਰ 1983ਵਿੱਚ ਢਿੱਲਵਾਂ ਬੱਸ ਕਾਂਡ ਦੌਰਾਨ 6 ਹਿੰਦੂ ਮਾਰੇ ਗਏ ਤੇ ਪੰਜਾਬ 'ਚ ਕਾਂਗਰਸ ਦੀ ਦਰਬਾਰਾ ਸਿੰਘ ਸਰਕਾਰ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ ਉੱਤੇ ਭੰਗ ਕਰ ਦਿੱਤਾ ਗਿਆ। ਪੰਜਾਬ ਵਿੱਚ ਹਿੰਸਾ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ ਤੇ 1984 ਵਿੱਚ ਜੂਨ ਤੱਕ ਹਿੰਸਕ ਵਾਰਦਾਤਾਂ ਵਿੱਚ ਦਰਜਨਾਂ ਆਮ ਲੋਕੀ ਮਾਰੇ ਅਤੇ ਪੁਲਿਸ ਮੁਲਾਜ਼ਮ ਮਾਰੇ ਜਾ ਚੁੱਕੇ ਸਨ। ਉਸ ਤੋਂ ਬਾਅਦ ਜੂਨ 1984 ਦੌਰਾਨ ਭਾਰਤੀ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਉੱਤੇ ਕੀਤਾ ਗਿਆ ਹਮਲਾ 'ਆਪਰੇਸ਼ਨ ਬਲੂ ਸਟਾਰ' ਵਜੋਂ ਜਾਣਿਆਂ ਜਾਂਦਾ ਹੈ। ਸਰਕਾਰ ਮੁਤਾਬਕ ਇਹ ਹਮਲਾਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਅਕਾਲ ਤਖ਼ਤ ਉੱਤੇ ਕਬਜ਼ਾ ਕਰੀ ਬੈਠੇ ਹਥਿਆਰਬੰਦ ਖਾੜਕੂਆਂ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਚੋਂ ਕੱਢਣ ਲਈ ਕੀਤਾ ਗਿਆ। ਹਮਲੇ ਦੌਰਾਨ ਫੌਜ ਦੀ ਅਗਵਾਈ ਕਰ ਰਹੇ ਜਨਰਲ ਕੁਲਦੀਪ ਸਿੰਘ ਬਰਾੜ ਦਾਅਵਾ ਕਰਦੇ ਹਨ ਕਿ ਭਿੰਡਰਾਂਵਾਲੇ ਜਾਂ ਉਨ੍ਹਾਂ ਦੇ ਸਾਥੀ ਵੱਖਰੇ ਰਾਜ ਖਾਲਿਸਤਾਨ ਦਾ ਐਲਾਨ ਕਰਨ ਵਾਲੇ ਸਨ ਅਤੇ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਦੀ ਮਦਦ ਮਿਲ ਸਕਦੀ ਸੀ. ਇਸ ਲਈ ਫੌਜੀ ਐਕਸ਼ਨ ਕਰਨਾ ਜ਼ਰੂਰੀ ਸੀ। ਪਰ ਸਿੱਖ ਵਿਦਵਾਨ ਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਲਾਹਾਕਾਰ ਰਹੇ ਡਾਕਟਰ ਭਗਵਾਨ ਸਿੰਘ ਇਸ ਦਾਅਵੇ ਨੂੰ ਰੱਦ ਕਰਦੇ ਹਨ, ਉਨ੍ਹਾਂ ਮੁਤਾਬਕ ਇਹ ਯੋਜਨਾ ਪਹਿਲਾਂ ਗਿਣੀ-ਮਿਥੀ ਗਈ ਸੀ।ਕੁਝ ਸਿੱਖ ਆਗੂਆਂ ਮੁਤਾਬਕ ਇਸ ਹਮਲੇ ਰਾਹੀਂ ਦੇਸ਼ ਦੀਆਂ ਕੁਝ ਸਿਆਸੀ ਧਿਰਾਂ ਮੁਲਕ ਵਿੱਚ ਫਿਰਕੂ ਧਰੁਵੀਕਰਨ ਕਰਕੇ ਆਪਣੇ ਸਿਆਸੀ ਹਿੱਤ ਪੂਰਨਾ ਚਾਹੁੰਦੀਆਂ ਸਨ। ਸਰਕਾਰੀ ਵਾਟ ਪੇਪਰ ਮੁਤਾਬਕ ਹਮਲੇ 'ਚ 493 ਆਮ ਲੋਕ ਤੇ 83 ਫੌਜੀ ਮਾਰੇ ਗਏ। ਕੇਂਦਰੀ ਸਿੱਖ ਅਜਾਇਬ ਘਰ ਵਿੱਚ ਹਮਲੇ ਦੇ ਮ੍ਰਿਤਕਾਂ ਦੀ ਸੂਚੀ ਵਿੱਚ 743 ਨਾਂ ਸ਼ਾਮਲ ਹਨ। ਪੰਜਾਬ ਪੁਲਿਸ ਦੇ ਤਤਕਾਲੀਅਧਿਕਾਰੀ ਅਪਾਰ ਸਿੰਘ ਬਾਜਵਾ ਨੇ ਬੀਬੀਸੀ ਨੂੰ 2004 ਵਿੱਚ ਦੱਸਿਆ ਸੀ ਕਿ ਉਨ੍ਹਾਂ 800 ਲਾਸ਼ਾਂ ਆਪ ਗਿਣੀਆਂ ਸਨ। ਜਦਕਿ ਮਨੁੱਖੀ ਅਧਿਕਾਰ ਕਾਰਕੁਨ ਇੰਦਰਜੀਤ ਸਿੰਘ ਜੇਜੀ ਅਤੇ ਕਈ ਹੋਰ ਮੰਨੇ-ਪ੍ਰਮੰਨੇ ਪੱਤਰਕਾਰ ਤੇ ਵਿਦਵਾਨ ਮ੍ਰਿਤਕਾਂ ਦੀ ਗਿਣਤੀ 4,000 ਤੋਂ 5,000 ਦੱਸਦੇ ਹਨ। ਇਹ ਲੜੀ 2018 ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ।

ਅਮਰਿੰਦਰ ਸਿੰਘ ਨੇ ਦੱਸਿਆ, ਕਿ ਦੁਬਈ ਵਿੱਚ ਆਤਮ ਸਮਰਪਣ ਕਰਨ ਤੋਂ ਬਾਅਦ ਉਨ੍ਹਾਂ ਨੂੰ 9 ਦਿਨ ਸਿਆਸੀ ਸ਼ਰਨ ਤਹਿਤ ਰੱਖਿਆ ਗਿਆ ਅਤੇ ਫਿਰ ਭਾਰਤੀ ਏਜੰਸੀਆਂ ਪੰਜਾਬ ਲੈ ਆਈਆਂ, ਜਿੱਥੇ ਉਨ੍ਹਾਂ ਉੱਤੇ ਅਦਾਲਤੀ ਕਾਰਵਾਈ ਸ਼ੁਰੂ ਕੀਤੀ ਗਈ, 4 ਮਹੀਨੇ ਚੰਡੀਗੜ੍ਹ ਦੀ ਜੇਲ੍ਹ ਵਿੱਚ ਰੱਖਣ ਤੋਂ ਬਾਅਦ ਜੋਧਪੁਰ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਗਿਆ।

12 ਸਾਲ ਜੇਲ੍ਹ ਕੱਟਣੀ ਪਈ

12 ਸਾਲ ਜੇਲ੍ਹ ਕੱਟਣ ਤੋਂ ਵਾਲੇ ਅਮਰਿੰਦਰ ਸਿੰਘ ਅੱਜ-ਕੱਲ ਸ਼੍ਰੋਮਣੀ ਅਕਾਲੀ ਦਲ ਦੇ ਚੰਡੀਗੜ੍ਹ ਦੇ ਆਗੂ ਹਨ। ਉਹ ਇੱਥੋਂ ਇੱਕ ਵਾਰ ਸ਼੍ਰੋਮਣੀ ਕਮੇਟੀ ਮੈਂਬਰ ਵੀ ਰਹਿ ਚੁੱਕੇ ਹਨ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਅਮਰਿੰਦਰ ਸਿੰਘ ਨੇ ਦੱਸਿਆ, "ਦਰਬਾਰ ਸਾਹਿਬ ਉੱਤੇ ਫ਼ੌਜੀ ਕਾਰਵਾਈ ਨਾਲ ਆਮ ਸਿੱਖਾਂ ਦੀ ਮਾਨਸਿਕਤਾ ਰੋਹ ,ਗੁੱਸੇ ਅਤੇ ਮਾਯੂਸੀ ਨਾਲ ਭਰ ਗਈ ਸੀ। ਆਮ ਲੋਕਾਂ ਲਈ ਇਹ ਵੱਡੇ ਸਦਮੇ ਵਰਗਾ ਸੀ। ਉਨ੍ਹਾਂ ਲਈ ਇਹ ਹਮਲਾ ਇੱਕ ਧਾਰਮਿਕ ਸਥਾਨ ਉੱਤੇ ਨਹੀਂ ਬਲਕਿ ਉਹ ਸੋਚਦੇ ਸਨ,ਜਿਵੇਂ ਉਨ੍ਹਾਂ ਦਾ ਘਰ ਢਾਹ ਦਿੱਤਾ ਹੋਵੇ।"

ਕਦੇ ਸੰਤ ਭਿੰਡਰਾਵਾਲੇ ਨੂੰ ਨਹੀਂ ਮਿਲੇ

ਅਮਰਿੰਦਰ ਸਿੰਘ ਕਹਿੰਦੇ ਹਨ, "ਜਦੋਂ ਰਾਸ਼ਟਰਵਾਦ ਦੀ ਭਾਵਨਾ ਨਾਲ ਭਰੀ ਫੌਜ ਦੇ ਅਨੁਸਾਸ਼ਿਤ ਫੌਜੀ ਬਗਾਵਤ ਉੱਤੇ ਉੁਤਰ ਆਉਣ ਅਤੇ ਖ਼ੁਸਵੰਤ ਸਿੰਘ ਵਰਗਾ ਅਲਟਰਾ ਮਾਡਰਨ ਸਿੱਖ ਭਾਰਤ ਦਾ ਸਭ ਤੋਂ ਵੱਡਾ ਸਿਵਲ ਐਵਾਰਡ ਵਾਪਸ ਕਰ ਦੇਵੇ ਅਤੇ ਕੈਪਟਨ ਅਮਰਿੰਦਰ ਸਿੰਘ ਵਰਗਾ ਉਦਾਰਵਾਦੀ ਤੇ ਮੁੱਖ ਧਾਰਾ ਦਾ ਸਿਆਸਤਾਦਨ ਲੋਕ ਸਭਾ ਦੀ ਮੈਂਬਰੀ ਛੱਡ ਦੇਵੇ ਤਾਂ ਆਮ ਸਿੱਖ ਦੀ ਮਾਨਸਿਕਤਾ ਦਾ ਅੰਦਾਜ਼ਾ ਸਹਿਜੇ ਹੀ ਲੱਗ ਜਾਂਦਾ ਹੈ ਕਿ ਉਹ ਕਿਸ ਕਦਰ ਰੋਹ ਦਾ ਸ਼ਿਕਾਰ ਹੋਇਆ ਹੋਵੇਗਾ।"

ਅਮਰਿੰਦਰ ਸਿੰਘ ਮੁਤਾਬਕ ਉਹ ਨਾ ਕਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਮਿਲਿਆ ਸੀ ਅਤੇ ਨਾ ਉਨ੍ਹਾਂ ਦਾ ਲਹਿਰ ਨਾਲ ਕੋਈ ਲੈਣ-ਦੇਣ ਸੀ। ਉਨ੍ਹਾਂ ਦੇ ਮਨ ਵਿੱਚ ਅਕਾਲ ਤਖ਼ਤ ਦੀ ਮਹੱਤਤਾ ਦਾ ਜੋ ਬਿੰਬ ਬਣਿਆ ਸੀ ਉਹ ਖੁਸ਼ਵੰਤ ਸਿੰਘ ਦੀਆਂ ਲਿਖਤਾਂ ਤੋਂ ਬਣਿਆ ਸੀ।

18 ਸਾਲ ਜੇਲ੍ਹ ਕੱਟਣ ਵਾਲੇ ਕੁੱਕੀ ਗਿੱਲ

ਰਣਜੀਤ ਸਿੰਘ ਕੁੱਕੀ ਕੌਮਾਂਤਰੀ ਪ੍ਰਸਿੱਧੀ ਹਾਸਲ ਖੇਤੀ ਵਿਗਿਆਨੀ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਉਪ-ਕੁਲਪਤੀ ਡਾ. ਖੇਮ ਸਿੰਘ ਗਿੱਲ ਦਾ ਪੁੱਤਰ ਹੈ। ਉਹ ਖੁਦ ਜੈਨੇਟਿਕਸ ਵਿੱਚ ਐੱਮਐਸੀ ਕਰ ਰਿਹਾ ਸੀ ਅਤੇ ਪੀਐੱਚਡੀ ਕਰਨ ਲਈ ਅਮਰੀਕਾ ਜਾਣ ਦੀ ਤਿਆਰੀ ਕਰ ਰਿਹਾ ਸੀ।

ਅਚਾਨਕ ਜੂਨ ਚੁਰਾਸੀ ਵਿੱਚ ਆਪਰੇਸ਼ਨ ਬਲੂ ਸਟਾਰ ਵਾਪਰ ਗਿਆ ਅਤੇ ਉਸ ਦੀ ਜ਼ਿੰਦਗੀ ਹੀ ਬਦਲ ਗਈ।

ਉਸ ਸਾਕੇ ਨੂੰ ਯਾਦ ਕਰਦਿਆਂ ਕੁੱਕੀ ਦੱਸਦੇ ਨੇ, "ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਜੂਨ ਦੇ ਆਖਰੀ ਦਿਨਾਂ ਵਿੱਚ ਆਪਣੇ ਯੂਨੀਵਰਸਿਟੀ ਦੇ ਦੋ ਦੋਸਤਾਂ ਦਲਜੀਤ ਸਿੰਘ ਤੇ ਸੁਖਵਿੰਦਰ ਸਿੰਘ ਸੁੱਖੀ ਨਾਲ ਦਰਬਾਰ ਸਾਹਿਬ ਗਏ।"

ਇੰ ਲੱਗਿਆ ਇਹ ਹਮਲਾ ਸਿੱਧਾ ਮੇਰੇ ਉੱਤੇ ਹੋਵੇ

ਕੁੱਕੀ ਕਹਿੰਦੇ ਨੇ, "ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਤਾਂ ਪਹਿਲੇ ਵੀ ਜਾਂਦੇ ਸੀ, ਪਰ ਉਸ ਦਿਨ ਅਕਾਲ ਤਖਤ ਸਾਹਿਬ ਉੱਤੇ ਜੋ ਮੰਜ਼ਰ ਦੇਖਿਆ ਅਤੇ ਲੋਕਾਂ ਦੀ ਮਾਯੂਸੀ ਤੇ ਦੁੱਖ ਦੇਖ ਕੇ ਜ਼ਿੰਦਗੀ ਦਾ ਰਾਹ ਹੀ ਬਦਲ ਗਿਆ। ਇੰਜ ਲੱਗਿਆ ਜਿਵੇਂ ਇਹ ਹਮਲਾ ਸਿੱਧਾ ਮੇਰੇ ਉੱਤੇ ਹੋਵੇ।"

ਕੁੱਕੀ ਕਹਿੰਦੇ ਹਨ, "ਉਦੋਂ ਨਾ ਮੇਰੀ ਕੋਈ ਸਿਆਸਤ ਵਿੱਚ ਰੁਚੀ ਸੀ ਅਤੇ ਨਾ ਮੈਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਕਦੇ ਮਿਲਿਆ ਸੀ ਪਰ ਮਨ ਇੰਨਾ ਗੁੱਸੇ ਨਾਲ ਭਰ ਗਿਆ ਕਿ ਸੋਚਿਆ ਕਿ ਕੁਝ ਕਰਨਾ ਚਾਹੀਦਾ ਹੈ।"

ਤਸਵੀਰ ਸਰੋਤ, Ranjit singh kuki/bbc

ਤਸਵੀਰ ਕੈਪਸ਼ਨ,

ਅਕਾਲ ਤਖਤ ਸਾਹਿਬ ਵਿਖੇ ਜੋ ਮੰਜ਼ਰ ਦੇਖਿਆ ਅਤੇ ਲੋਕਾਂ ਦੀ ਮਾਯੂਸੀ ਤੇ ਦੁੱਖ ਦੇਖ ਕੇ ਜ਼ਿੰਦਗੀ ਦਾ ਰਾਹ ਹੀ ਬਦਲ ਗਿਆ

ਇਹ ਵੀ ਪੜ੍ਹੋ:

ਕੁੱਕੀ ਦੱਸਦੇ ਨੇ, "ਉੱਥੋਂ ਅਸੀ ਮਕਸਦ ਲੈ ਕੇ ਨਿਕਲੇ, ਕਿ ਜਿਨ੍ਹਾਂ ਨੇ ਇਹ ਸਭ ਕੀਤਾ ਹੈ ਉਨ੍ਹਾਂ ਨੂੰ ਬਖ਼ਸ਼ਣਾ ਨਹੀਂ, ਫਿਰ ਸਿੱਖ ਦੰਗਿਆਂ ਦੇ ਦੋਸ਼ੀ ਵੀ ਇਸੇ ਲੜੀ ਵਿੱਚ ਸ਼ਾਮਲ ਹੋ ਗਏ। ਹਮਲਾ ਕਰਨ ਵਾਲੇ ਕੁਝ ਜਰਨੈਲ ਤੇ ਸਿੱਖ ਕਤਲੇਆਮ ਲਈ ਦੋਸ਼ੀ ਆਗੂਆਂ ਨੂੰ ਮਾਰਨ ਦਾ ਫ਼ੈਸਲਾ ਕੀਤਾ ਗਿਆ।"

ਅਵੰਤਿਕਾ ਕਾਰਨ ਹੋਈ ਰਿਹਾਈ

ਇਸ ਦੌਰਾਨ ਕਾਂਗਰਸੀ ਆਗੂ ਲਲਿਤ ਮਾਕਨ, ਜਰਨਲ ਵੈਦਿਆ ਸਣੇ ਕਈ ਕਤਲ ਹੋਏ। ਫਿਰ ਘਰ ਤਾਂ ਮੁੜ ਨਹੀਂ ਸਕਦੇ ਸਾਂ ਅਤੇ ਸੋਚਿਆ ਕਿ ਵਿਦੇਸ਼ਾਂ ਵਿੱਚ ਜਾ ਕੇ ਲਹਿਰ ਨੂੰ ਅੱਗੇ ਵਧਾਉਣ ਲਈ ਮਦਦ ਜੁਟਾਈਏ ਤੇ ਕੌਮਾਂਤਰੀ ਮੁਹਿੰਮਾਂ ਦਾ ਅਧਿਐਨ ਕਰੀਏ।

1986 ਵਿੱਚ ਕੁੱਕੀ ਅਮਰੀਕਾ ਚਲੇ ਗਏ। ਇਸ ਦੌਰਾਨ ਇੰਟਰਪੋਲ ਦੀ ਮਦਦ ਨਾਲ ਭਾਰਤ ਤੋਂ ਉਨ੍ਹਾਂ ਦੇ ਵਾਰੰਟ ਜਾਰੀ ਹੋ ਗਏ ਉਨ੍ਹਾਂ ਨੂੰ ਲਲਿਤ ਮਾਕਨ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਸੀ।ਉਹ ਡੇਢ ਸਾਲ ਦੇ ਕਰੀਬ ਅਮਰੀਕਾ ਵਿੱਚ ਗਤੀਵਿਧੀਆਂ ਚਲਾਉਦੇ ਰਹੇ ਫਿਰ ਜਦੋਂ ਭਾਰਤ ਮੁੜਨ ਦੀ ਕੋਸ਼ਿਸ਼ ਦੌਰਾਨ ਉਹ ਫੜੇ ਗਏ।

ਇਹ ਵੀ ਪੜ੍ਹੋ :

ਉਨ੍ਹਾਂ ਦੀ ਭਾਰਤ ਹਵਾਲਗੀ ਦਾ 13 ਸਾਲ ਕੇਸ ਚੱਲਿਆ। ਉਹ ਕੇਸ ਤਾਂ ਜਿੱਤ ਗਏ ਪਰ ਭਾਰਤ ਵਾਪਸ ਆਉਣ ਲਈ ਉਨ੍ਹਾਂ ਨੂੰ ਭਾਰਤ ਵਿੱਚ ਵੀ 5 ਸਾਲ ਜੇਲ੍ਹ ਕੱਟਣੀ ਪਈ।

2004 ਵਿੱਚ ਜਦੋਂ ਕੁੱਕੀ ਪੈਰੋਲ ਉੱਤੇ ਸਨ ਤਾਂ ਕਾਂਗਰਸੀ ਉਮੀਦਵਾਰ ਮੁਨੀਸ਼ ਤਿਵਾੜੀ ਦੇ ਪ੍ਰਚਾਰ ਲਈ ਆਈ ਲਲਿਤ ਮਾਕਨ ਦੀ ਧੀ ਅਵੰਤਿਕਾ ਮਾਕਨ ਆਈ। ਮਰਹੂਮ ਪੱਤਰਕਾਰ ਅੰਮ੍ਰਿਤਾ ਚੌਧਰੀ ਦੇ ਕਹਿਣ ਉੱਤੇ ਉਹ ਕੁੱਕੀ ਨੂੰ ਮਿਲਣ ਆ ਗਈ।

ਤਸਵੀਰ ਸਰੋਤ, Ranjit singh kukki/bbc

ਤਸਵੀਰ ਕੈਪਸ਼ਨ,

ਰਣਜੀਤ ਸਿੰਘ ਕੁੱਕੀ ਹੁਣ ਆਪਣੇ ਪਰਿਵਾਰ ਨਾਲ ਲੁਧਿਆਣਾ ਰਹਿੰਦੇ ਹਨ

ਕੁੱਕੀ ਨੇ ਉਸ ਨੂੰ ਦੱਸਿਆ ਕਿ ਉਹ ਹਾਲਾਤ ਅਜਿਹੇ ਸਨ। ਇਹ ਸਾਰਾ ਕੁਝ ਸਾਕਾ ਨੀਲਾ ਤਾਰਾ ਦਾ ਨਤੀਜਾ ਸੀ। ਉਨ੍ਹਾਂ ਦੀ ਮਾਕਨ ਪਰਿਵਾਰ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ। ਕੁੱਕੀ ਦੀ ਕਹਾਣੀ ਤੇ ਵਿਚਾਰ ਸੁਣ ਕੇ ਅਵਿੰਕਤਾ ਐਨਾ ਪ੍ਰਭਾਵਿਤ ਹੋਈ ਕਿ ਉਸ ਨੇ ਕੁੱਕੀ ਦੀ ਰਿਹਾਈ ਲਈ ਅਪੀਲ ਕੀਤੀ ।

'ਵੱਖਵਾਦ ਦਾ ਸਮਰਥਕ ਨਹੀਂ ਹਾਂ'

ਅਵੰਤਿਕਾ ਦੇ ਯਤਨਾਂ ਸਦਕਾ ਕੁੱਕੀ ਦੀ ਸਜ਼ਾ ਵੀ ਮੁਆਫ਼ ਹੋਈ । ਖਾਲਿਸਤਾਨ ਲਹਿਰ ਬਾਰੇ ਪੁੱਛੇ ਜਾਣ ਉੱਤੇ ਕੁੱਕੀ ਕਹਿੰਦੇ ਹਨ ਕਿ "ਮੈਂ ਵੱਖਵਾਦ ਦਾ ਸਮਰਥਕ ਨਹੀਂ ਹਾਂ , ਅੱਜ ਜਦੋਂ ਪੂਰੀ ਦੁਨੀਆਂ ਇਕੱਠੀ ਹੋ ਰਹੀ ਹੈ ਅਸੀ ਵੱਖ ਹੋਣ ਦੀਆਂ ਲੀਹਾਂ ਉੱਤੇ ਨਹੀਂ ਚੱਲਦੇ।"

ਉਹ ਕਹਿੰਦੇ ਹਨ, "ਮੇਰੀ ਲੜਾਈ ਬਣਦੇ ਹੱਕਾਂ ਦੀ ਲੜਾਈ ਸੀ , ਸਾਡੇ ਸਵੈਮਾਣ ਦੀ ਲੜਾਈ ਸੀ। ਆਪਰੇਸ਼ਨ ਬਲੂ ਸਟਾਰ ਨੇ ਅਜਿਹੇ ਹਾਲਾਤ ਪੈਦਾ ਕੀਤੇ ਜਿਸ ਨੇ ਮੈਨੂੰ ਸੰਘਰਸ਼ ਦੇ ਰਾਹ ਉੱਤੇ ਤੋਰ ਦਿੱਤਾ।''

ਅੱਜ-ਕੱਲ ਕੁੱਕੀ ਲੁਧਿਆਣਾ ਵਿੱਚ ਆਪਣੀ ਪਤਨੀ ਤੇ ਬੱਚੀ ਨਾਲ ਰਹਿੰਦੇ ਹਨ ਅਤੇ ਸਮਾਜਿਕ ਤੇ ਸਿਆਸੀ ਮੁੱਦਿਆਂ ਉੱਤੇ ਲਿਖਦੇ ਹਨ।

ਕੱਟੜਵਾਦੀ ਲਹਿਰ 'ਚ ਕਿਵੇਂ ਸ਼ਾਮਲ ਹੋਇਆ ਕੰਵਰਪਾਲ

ਕੰਵਰਪਾਲ ਸਿੰਘ ਬਿੱਟੂ ਦਲ ਖ਼ਾਲਸਾ ਦੇ ਸੀਨੀਅਰ ਆਗੂ ਹਨ ਅਤੇ ਪੰਥਕ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਮੁੱਦਿਆਂ ਉੱਤੇ ਪੰਜਾਬ ਵਿਚ ਬੇਬਾਕ ਅਵਾਜ਼ ਚੁੱਕਦੇ ਹਨ ।

ਕੰਵਰਪਾਲ ਸਿੰਘ ਨੇ ਦੱਸਿਆ, "ਸ੍ਰੀ ਹਰਿਮੰਦਰ ਸਾਹਿਬ ਉੱਤੇ ਫੌ਼ਜੀ ਹਮਲੇ ਦੌਰਾਨ ਮੈਂ 14 ਸਾਲਾਂ ਦਾ ਸੀ। ਇਸ ਨੂੰ ਮੈਂ ਕਾਫ਼ੀ ਨੇੜੇ ਤੋਂ ਦੇਖਿਆ ਸੀ। ਜਦੋਂ ਟੈਂਕ ਸਾਡੀਆਂ ਗਲੀਆਂ ਵਿੱਚੋਂ ਲੰਘੇ, ਸਾਨੂੰ ਖ਼ੌਫ਼ਜ਼ਦਾ ਕਰਦੇ ਹੋਏ ਅੱਗੇ ਵਧੇ ਅਤੇ ਫਿਰ ਗੋਲੀਬਾਰੀ ਤੋਂ ਅਸੀਂ ਸਹਿਮ ਗਏ। ਅਕਾਲ ਤਖ਼ਤ ਤੇ ਹਰਿਮੰਦਰ ਸਾਹਿਬ ਉੱਤੇ ਗੋਲੇ ਸੁੱਟੇ ਗਏ ਤੇ ਅਸੀਂ ਕਦੇ ਛੱਤਾਂ ਅਤੇ ਕਦੇ ਬਾਰੀਆਂ ਵਿੱਚੋਂ ਦੇਖਦੇ ਰਹਿ ਗਏ।"

ਉਹ ਅੱਗੇ ਦੱਸਦੇ ਹਨ, "ਇਹ ਬਹੁਤ ਬੁਰਾ ਅਹਿਸਾਸ ਸੀ, ਸੱਤਾ ਨਾਲ ਨਫ਼ਰਤ ਹੋ ਗਈ..ਉਸ ਮੁਲਕ ਅਤੇ ਸਰਕਾਰ, ਜਿਸ ਨਾਲ ਅਸੀਂ 1947 ਵਿੱਚ ਖੁਦ ਜੁੜੇ ਸੀ। ਇਹ ਦੁੱਖ ਉਦੋਂ ਹੋਰ ਵਧ ਗਿਆ ਜਦੋਂ ਇਹ ਸੋਚ ਦਿਮਾਗ ਵਿੱਚ ਆਈ ਕਿ ਜਿਨ੍ਹਾਂ ਲੋਕਾਂ ਨਾਲ ਮਿਲ ਕੇ ਮੁਲਕ ਦੀ ਆਜ਼ਾਦੀ ਦੀ ਲੜਾਈ ਲੜੀ ਸੀ ਉਹ 30-40 ਸਾਲਾਂ ਵਿੱਚ ਹੀ ਬੇਗਾਨੇ ਹੋ ਗਏ। ਉਨ੍ਹਾਂ ਨੇ ਸਿੱਖਾਂ ਦੇ ਸਭ ਤੋਂ ਮੁਕੱਦਸ ਅਸਥਾਨ ਨੂੰ ਵੀ ਨਾ ਬਖ਼ਸ਼ਿਆ।"

"ਅਸੀਂ ਆਮ ਲੋਕ ਸੀ,ਇਸ ਲਈ ਹਾਲਾਤ ਨਾਲ ਨਿਪਟਣ ਲਈ ਕੁਝ ਨਹੀਂ ਕਰ ਸਕਦੇ ਸੀ। ਉਮਰ ਬਹੁਤ ਛੋਟੀ ਸੀ ਪਰ ਗੁੱਸਾ ਤੇ ਰੋਹ ਓਨਾ ਹੀ ਵਧੇਰੇ।"

ਰੋਹ ਤੇ ਗੁੱਸਾ ਬਦਲਾ ਲੈਣ ਦੀ ਭਾਵਨਾ ਬਣ ਗਿਆ

ਕੰਵਰਪਾਲ ਸਿੰਘ ਬਿੱਟੂ ਮੁਤਾਬਕ ਜਦੋਂ ਦਰਬਾਰ ਸਾਹਿਬ ਉੱਤੇ ਹਮਲਾ ਖਤਮ ਹੋਇਆ ਤੇ ਉਨ੍ਹਾਂ ਨੂੰ ਅੰਦਰ ਜਾਣ ਦੀ ਆਗਿਆ ਮਿਲੀ ਤਾਂ ਜਾ ਕੇ ਦੇਖਿਆ ਕਿ ਅਕਾਲ ਤਖਤ ਟੁੱਟਿਆ ਪਿਆ ਸੀ। ਥਾਂ-ਥਾਂ ਗੋਲੀਆਂ ਦੇ ਨਿਸ਼ਾਨ ਸਨ।ਇਸ ਸਾਰੇ ਹਾਲਾਤ ਨੇ ਮਨ ਵਿੱਚ ਰੋਹ ਪੈਦਾ ਕਰ ਦਿੱਤਾ।

ਤਸਵੀਰ ਕੈਪਸ਼ਨ,

1984 ਤੋਂ 1996 ਤੱਕ ਮੈਂ 12 ਸਾਲ ਤੱਕ ਅੰਡਰਗਰਾਉਂਡ ਰਿਹਾ

ਕੰਵਰਪਾਲ ਕਹਿੰਦੇ ਨੇ ਕਿ ਹੌਲੀ-ਹੌਲੀ ਇਹ ਰੋਹ ਤੇ ਗੁੱਸਾ ਬਦਲਾ ਲੈਣ ਦੀ ਭਾਵਨਾ ਵਿੱਚ ਤਬਦੀਲ ਹੋਣ ਲੱਗਾ ਪਿਆ। ਉਹ ਉਸ ਸਮੇਂ ਜਵਾਨ ਸੀ, ਖੂਨ ਗਰਮ ਸੀ ਤੇ ਭਾਰਤ ਸਰਕਾਰ ਨੇ ਸਿੱਖ ਕੌਮ ਨਾਲ ਜ਼ਿਆਦਤੀ ਕੀਤੀ ਸੀ।

ਇਹ ਵੀ ਪੜ੍ਹੋ:

ਕੰਵਰਪਾਲ ਮੁਤਾਬਕ "ਅਜਿਹੇ ਹਾਲਾਤ ਦੌਰਾਨ ਘਰ ਵਿੱਚ ਰਹਿਣਾ ਲਾਹਨਤ ਵਰਗਾ ਲੱਗਣ ਲੱਗ ਪਿਆ । ਇਸੇ ਮਾਹੌਲ ਵਿੱਚ ਮੈਂ ਕੁਝ ਹੋਰ ਦੋਸਤਾਂ ਨਾਲ ਘਰ ਛੱਡਣ ਦਾ ਫ਼ੈਸਲਾ ਕਰ ਲਿਆ। ਅਸਲ ਵਿੱਚ ਇਸ ਘਟਨਾ ਤੋਂ ਹਰ ਸਿੱਖ ਦੁਖੀ ਸੀ। ਸਾਡੀ ਕਾਲੌਨੀ ਵਿੱਚ ਮੈਂ ਔਰਤਾਂ ਰੋਂਦੀਆਂ ਦੇਖੀਆਂ ,ਉਹ ਕਹਿ ਰਹੀਆਂ ਸਨ, ' ਮੁੰਡਿਓ ਕੁਝ ਕਰੋ'। ਇਸ ਹਾਲਾਤ ਨੇ ਵਿਦਿਆਰਥੀਆਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ।"

"ਸਿੱਖਾਂ ਦੇ ਮਨਾਂ ਵਿੱਚ ਇਹ ਗੱਲ ਘਰ ਕਰ ਗਈ ਕਿ ਸਿੱਖਾਂ ਦਾ ਭਾਰਤ ਨਾਲ ਰਿਸ਼ਤਾ ਹੁਣ ਖ਼ਤਮ ਹੋ ਗਿਆ ਹੈ।"

"ਰੋਹ ਪ੍ਰਗਟਾਉਣ ਲਈ ਅਸੀਂ ਤਿੰਨ-ਚਾਰ ਵਿਦਿਆਰਥੀ ਬੱਬਰ ਖ਼ਾਲਸਾ ਵਿੱਚ ਸ਼ਾਮਲ ਹੋ ਗਏ। ਸਾਡਾ ਮਕਸਦ ਸੀ ਭਾਰਤ ਸਰਕਾਰ ਵੱਲੋਂ ਕੀਤੀ ਜ਼ਿਆਦਤੀ ਦਾ ਬਦਲਾ ਲੈਣਾ। ਪਹਿਲਾਂ ਅਸੀਂ ਸੰਘਰਸ਼ ਵਿੱਚ ਸ਼ਾਮਲ ਹੋਏ ਅਤੇ ਫਿਰ ਹੌਲੀ-ਹੌਲੀ ਮੁੱਦੇ ਦੀ ਸਮਝ ਆਈ।"

ਖਾਲਿਸਤਾਨ ਦੀ ਮੰਗ ਉੱਠ ਖੜ੍ਹੀ ਹੋਈ

ਕੰਵਰਪਾਲ ਦੱਸਦੇ ਹਨ, "ਖਾਲਿਸਤਾਨ ਦੀ ਮੰਗ ਉੱਠ ਖੜ੍ਹੀ ਹੋਈ ਅਤੇ ਅਸੀਂ ਸੋਚਣ ਲੱਗੇ ਕਿ ਜਦੋਂ ਸਾਡਾ ਭਾਰਤ ਨਾਲ ਰਿਸ਼ਤਾ ਖ਼ਤਮ ਹੋ ਗਿਆ ਹੈ ਤਾਂ ਅੱਗੇ ਕੀ ਕਰਨਾ ਹੈ? ਇਹ ਤੈਅ ਕੀਤਾ ਗਿਆ ਕਿ ਇੱਕ ਵੱਖਰਾ ਦੇਸ ਬਣਾਇਆ ਜਾਣਾ ਚਾਹੀਦਾ ਹੈ। ਇਨ੍ਹਾਂ ਗਤੀਵਿਧੀਆਂ ਦੌਰਾਨ 1984 ਤੋਂ 96 ਤੱਕ ਮੈਂ 12 ਸਾਲ ਅੰਡਰਗਰਾਉਂਡ ਰਿਹਾ। 1986 ਦੌਰਾਨ ਥੋੜ੍ਹੇ ਸਮੇਂ ਲਈ ਜੇਲ੍ਹ ਵੀ ਕੱਟੀ।"

ਤਸਵੀਰ ਸਰੋਤ, kanwarpal Singh/FB

"ਇਸ ਦੌਰਾਨ ਕਾਫ਼ੀ ਹਿੰਸਾ ਹੋਈ, ਖੂਬ ਖੂਨ ਵਿਹਾ... ਸਰਕਾਰ ਪਾਸਿਓਂ ਦਮਨ ਵਧਿਆ ਤੇ ਸਾਡੇ ਵੱਲੋਂ ਵੀ ਜਵਾਬੀ ਕਾਰਵਾਈ ਓਨੀ ਹੀ ਕਰਾਰੀ ਸੀ ਪਰ ਅੱਜ ਜਦੋਂ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਇਸ ਦਾ ਕੋਈ ਪਛਤਾਵਾ ਨਹੀਂ ਹੈ। ਅਸੀਂ ਜੋ ਕੁਝ ਕੀਤਾ ਉਹ ਆਪਣੀ ਧਾਰਮਿਕ ਜ਼ਿੰਮੇਦਾਰੀ ਸਮਝਦਿਆਂ ਕੀਤਾ।"

ਇਹ ਵੀ ਪੜ੍ਹੋ

ਕੰਵਰਪਾਲ ਮੁਤਾਬਕ 1996 ਵਿੱਚ ਮੁੜ ਗ੍ਰਿਫ਼ਤਾਰੀ ਹੋਈ ਅਤੇ 1997 ਵਿੱਚ ਰਿਹਾਅ ਹੋਇਆ ਉਦੋਂ ਤੱਕ ਕਾਫ਼ੀ ਸਮਾਂ ਬੀਤ ਗਿਆ ਸੀ ਤੇ ਹਾਲਾਤ ਬਦਲ ਗਏ ਸਨ।

"ਲੋਕਾਂ ਦਾ ਗੁੱਸਾ ਅੰਦਰੋ-ਅੰਦਰੀ ਦਬ ਗਿਆ ਸੀ ਅਤੇ ਜ਼ੁਲਮ ਵੀ ਕਾਫ਼ੀ ਹੋ ਚੁੱਕਾ ਸੀ। ਹੁਣ ਸੋਚਦੇ ਹਾਂ ਕਿ ਜਿਸ ਮਕਸਦ ਲਈ ਅਸੀਂ ਕੁਰਬਾਨੀਆਂ ਕੀਤੀਆਂ ਉਸਨੂੰ ਅੱਗੇ ਵਧਾਉਣਾ ਚਾਹੀਦਾ ਹੈ। ਪਰ ਹੁਣ ਬਦਲੇ ਹਾਲਾਤ ਵਿੱਚ ਸੰਘਰਸ਼ ਦਾ ਤਰੀਕਾ ਬਦਲ ਚੁੱਕਾ ਹੈ।"

ਕੰਵਰਪਾਲ ਕਹਿੰਦੇ ਨੇ, "ਹੁਣ ਅਸੀਂ ਆਪਣੀ ਕੌਮ ਦੇ ਹਿੱਤਾਂ ਦੀ ਰੱਖਿਆ ਕਰਨ ਅਤੇ ਦਰਪੇਸ਼ ਚੁਣੌਤੀਆਂ ਨਾਲ ਜੂਝ ਰਹੇ ਹਨ। ਹੁਣ ਅਸੀਂ ਇਸੇ ਨਿਸ਼ਾਨੇ ਉੱਤੇ ਚੱਲ ਰਹੇ ਹਾਂ।"

( ਕੰਵਰਪਾਲ ਸਿੰਘ ਬਿੱਟੂ ਸੰਬੰਧੀ ਜਾਣਕਾਰੀ 2009 ਵਿੱਚ ਬੀਬੀਸੀ 'ਚ ਛਪੀ ਉਨ੍ਹਾਂ ਦੀ ਇੱਕ ਮੁਲਾਕਾਤ ਉੱਤੇ ਆਧਾਰਿਤ)

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)