'ਆਪਰੇਸ਼ਨ ਬਲੂ ਸਟਾਰ ਦਾ ਬਦਲਾ ਲੈਣ ਲਈ ਮੈਂ ਬਣੀ ਖਾੜਕੂ'

ਸੰਦੀਪ ਕੌਰ Image copyright Sarabjeet Singh Dhaliwal/BBC
ਫੋਟੋ ਕੈਪਸ਼ਨ ਹਥਿਆਰਬੰਦ ਮੁਹਿੰਮ ਦੌਰਾਨ ਮਾਰੇ ਗਏ ਖਾੜਕੂਆਂ ਦੇ ਬੱਚਿਆਂ ਨੂੰ ਸਾਂਭਦੀ ਹੈ ਸੰਦੀਪ ਕੌਰ

"ਮੈ ਆਪਰੇਸ਼ਨ ਬਲੂ ਸਟਾਰ ਦੌਰਾਨ ਸਿੱਖਾਂ 'ਤੇ ਹੋਏ ਕਤਲ ਦਾ ਬਦਲਾ ਲੈਣਾ ਚਾਹੁੰਦੀ ਸੀ ਇਸ ਕਰ ਕੇ ਮੈਂ ਖਾੜਕੂ ਮੁਹਿੰਮ ਵਿੱਚ ਸ਼ਾਮਲ ਹੋਈ" ਇਹ ਕਹਿਣਾ ਹੈ ਅੰਮ੍ਰਿਤਸਰ ਦੀ ਰਵਿੰਦਰਜੀਤ ਕੌਰ ਉਰਫ਼ ਸੰਦੀਪ ਕੌਰ ਦਾ।

ਸੰਦੀਪ ਕੌਰ ਮੁਤਾਬਕ ਉਨ੍ਹਾਂ ਨੇ ਜ਼ਿੰਦਗੀ ਵਿੱਚ ਕਈ ਸੁਪਨੇ ਦੇਖੇ ਸਨ ਪਰ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਤਾਂ ਉਨ੍ਹਾਂ ਦੇ ਸਾਰੇ ਸੁਪਨੇ ਇੱਕ ਪਾਸੇ ਰਹਿ ਗਏ। ਸੰਦੀਪ ਕੌਰ ਵਾਰ ਵਾਰ ਸਵਾਲ ਪੁੱਛਦੇ ਹਨ ਕਿ ਦਰਬਾਰ ਸਾਹਿਬ ਉੱਤੇ ਹਮਲਾ ਕਿਉਂ ਹੋਇਆ?

ਸੰਦੀਪ ਕਹਿੰਦੇ ਹਨ ਫੌਜੀ ਕਾਰਵਾਈ ਖ਼ਤਮ ਹੋਣ ਤੋਂ ਬਾਅਦ ਜਦੋਂ ਉਹ ਦਰਬਾਰ ਸਾਹਿਬ ਸਾਫ਼-ਸਫ਼ਾਈ ਦੀ ਸੇਵਾ ਲਈ ਪਹੁੰਚੇ ਤਾਂ ਉੱਥੋਂ ਦੀ ਹਾਲਤ ਦੇਖ ਉਨ੍ਹਾਂ ਦੇ ਮਨ ਉੱਤੇ ਕਾਫ਼ੀ ਬੁਰਾ ਪ੍ਰਭਾਵ ਪਿਆ।

ਦੋ ਤਿੰਨ ਸਾਲਾਂ ਬਾਅਦ ਜਦੋਂ ਪੰਜਾਬ ਵਿੱਚ ਹਥਿਆਰਬੰਦ ਮੁਹਿੰਮ ਦਾ ਅਸਰ ਵਧਣ ਲੱਗਾ ਤਾਂ ਸੰਦੀਪ ਦਾ ਝੁਕਾਅ ਵੀ ਇਸ ਮੁਹਿੰਮ ਵੱਲ ਹੋਇਆ

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
VIDEO: 'ਮੈਂ ਪਤੀ ਨਾਲ ਪੁਲਿਸ ਮੁਕਾਬਲੇ ਦਾ ਵੀ ਸਾਹਮਣਾ ਕੀਤਾ ਤੇ ਪੰਜ ਸਾਲ ਜੇਲ੍ਹ ਕੱਟੀ'

ਸੰਦੀਪ ਦਾ ਅਤੀਤ ਬੱਬਰ ਖ਼ਾਲਸਾ ਸੰਗਠਨ ਨਾਲ ਜੁੜਿਆ ਹੈ। ਹਥਿਆਰਬੰਦ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਨੇ 18 ਸਾਲ ਦੀ ਉਮਰ ਵਿੱਚ ਬੱਬਰ ਖ਼ਾਲਸਾ ਕਾਰਕੁਨ ਧਰਮ ਸਿੰਘ ਕਾਸ਼ਤੀਵਾਲ ਨਾਲ ਵਿਆਹ ਕਰਵਾਇਆ।

ਗ੍ਰਿਫ਼ਤਾਰ ਹੋਣ ਤੋਂ ਬਾਅਦ ਜੇਲ੍ਹ ਕੱਟੀ। ਜੇਲ੍ਹ ਦੀ ਜ਼ਿੰਦਗੀ ਤੋਂ ਬਾਅਦ ਸੰਦੀਪ ਕੌਰ ਅੱਜ ਕੱਲ੍ਹ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਵਿੱਚ ਅਨਾਥ ਅਤੇ ਬੇਸਹਾਰਾ ਬੱਚਿਆਂ ਦੀ ਦੇਖਭਾਲ ਕਰਨ ਵਾਲੀ ਸੰਸਥਾ ਚਲਾ ਰਹੇ ਹਨ।

ਸੰਦੀਪ ਕੌਰ ਦਾ ਕਹਿਣਾ ਸੀ, ''ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੇ ਮਾਮਲੇ ਵਿੱਚ ਜਦੋਂ ਸਤਵੰਤ ਸਿੰਘ ਅਤੇ ਕੇਹਰ ਸਿੰਘ ਨੂੰ ਫਾਂਸੀ ਦਿੱਤੀ ਗਈ ਤਾਂ ਉਨ੍ਹਾਂ ਨੇ ਵੱਖਵਾਦੀ ਮੁਹਿੰਮ ਵਿੱਚ ਸ਼ਾਮਲ ਹੋ ਕੇ ਸਿੱਖਾਂ ਨਾਲ ਹੋ ਰਹੀ ਬੇਇਨਸਾਫੀ ਦਾ ਬਦਲਾ ਲੈਣ ਦੀ ਸੋਚੀ।''


ਸਾਕਾ ਜੂਨ '84

ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖਾਂ ਦੇ ਮਸਲੇ ਬੇਬਾਕੀ ਨਾਲ ਚੁੱਕਣ ਕਾਰਨ ਸਿਆਸਤ ਦੇ ਕੇਂਦਰ ਬਿੰਦੂ ਬਣ ਚੁੱਕੇ ਸਨ। ਅਕਤੂਬਰ 1983ਵਿੱਚ ਢਿੱਲਵਾਂ ਬੱਸ ਕਾਂਡ ਦੌਰਾਨ 6 ਹਿੰਦੂ ਮਾਰੇ ਗਏ ਤੇ ਪੰਜਾਬ 'ਚ ਕਾਂਗਰਸ ਦੀ ਦਰਬਾਰਾ ਸਿੰਘ ਸਰਕਾਰ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ ਉੱਤੇ ਭੰਗ ਕਰ ਦਿੱਤਾ ਗਿਆ। ਪੰਜਾਬ ਵਿੱਚ ਹਿੰਸਾ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ ਤੇ 1984 ਵਿੱਚ ਜੂਨ ਤੱਕ ਹਿੰਸਕ ਵਾਰਦਾਤਾਂ ਵਿੱਚ ਦਰਜਨਾਂ ਆਮ ਲੋਕੀ ਮਾਰੇ ਅਤੇ ਪੁਲਿਸ ਮੁਲਾਜ਼ਮ ਮਾਰੇ ਜਾ ਚੁੱਕੇ ਸਨ। ਉਸ ਤੋਂ ਬਾਅਦ ਜੂਨ 1984 ਦੌਰਾਨ ਭਾਰਤੀ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਉੱਤੇ ਕੀਤਾ ਗਿਆ ਹਮਲਾ 'ਆਪਰੇਸ਼ਨ ਬਲੂ ਸਟਾਰ' ਵਜੋਂ ਜਾਣਿਆਂ ਜਾਂਦਾ ਹੈ। ਸਰਕਾਰ ਮੁਤਾਬਕ ਇਹ ਹਮਲਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਅਕਾਲ ਤਖ਼ਤ ਉੱਤੇ ਕਬਜ਼ਾ ਕਰੀ ਬੈਠੇ ਹਥਿਆਰਬੰਦ ਖਾੜਕੂਆਂ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਚੋਂ ਕੱਢਣ ਲਈ ਕੀਤਾ ਗਿਆ। ਹਮਲੇ ਦੌਰਾਨ ਫੌਜ ਦੀ ਅਗਵਾਈ ਕਰ ਰਹੇ ਜਨਰਲ ਕੁਲਦੀਪ ਸਿੰਘ ਬਰਾੜ ਦਾਅਵਾ ਕਰਦੇ ਹਨ ਕਿ ਸੰਤ ਭਿੰਡਰਾਂਵਾਲੇ ਜਾਂ ਉਨ੍ਹਾਂ ਦੇ ਸਾਥੀ ਵੱਖਰੇ ਰਾਜ ਖਾਲਿਸਤਾਨ ਦਾ ਐਲਾਨ ਕਰਨ ਵਾਲੇ ਸਨ ਅਤੇ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਦੀ ਮਦਦ ਮਿਲ ਸਕਦੀ ਸੀਇਸ ਲਈ ਫੌਜੀ ਐਕਸ਼ਨ ਕਰਨਾ ਜ਼ਰੂਰੀ ਸੀ। ਪਰ ਸਿੱਖ ਵਿਦਵਾਨ ਤੇ ਸੰਤ ਭਿੰਡਰਾਂਵਾਲਿਆਂ ਦੇ ਸਲਾਹਾਕਾਰ ਰਹੇ ਡਾਕਟਰ ਭਗਵਾਨ ਸਿੰਘ ਇਸ ਦਾਅਵੇ ਨੂੰ ਰੱਦ ਕਰਦੇ ਹਨ, ਉਨ੍ਹਾਂ ਮੁਤਾਬਕ ਇਹ ਯੋਜਨਾ ਪਹਿਲਾਂ ਗਿਣੀ-ਮਿਥੀ ਗਈ ਸੀ।ਸਿੱਖ ਆਗੂਆਂ ਮੁਤਾਬਕ ਇਸ ਹਮਲੇ ਰਾਹੀਂ ਦੇਸ਼ ਦੀਆਂ ਕੁਝ ਸਿਆਸੀ ਧਿਰਾਂ ਮੁਲਕ ਵਿੱਚ ਫਿਰਕੂ ਧਰੁਵੀਕਰਨ ਕਰਕੇ ਆਪਣੇ ਸਿਆਸੀ ਹਿੱਤ ਪੂਰਨਾ ਚਾਹੁੰਦੀਆਂ ਸਨ। ਸਰਕਾਰੀ ਵਾਟ ਪੇਪਰ ਮੁਤਾਬਕ ਹਮਲੇ 'ਚ 83 ਫੌਜੀ ਤੇ 493 ਆਮ ਲੋਕ ਮਾਰੇ ਗਏ। ਕੇਂਦਰੀ ਸਿੱਖ ਅਜਾਇਬ ਘਰ ਵਿੱਚ ਹਮਲੇ ਦੇ ਮ੍ਰਿਤਕਾਂ ਦੀ ਸੂਚੀ ਵਿੱਚ 743 ਨਾਂ ਸ਼ਾਮਲ ਹਨ। ਪੰਜਾਬ ਪੁਲਿਸ ਦੇ ਤਤਕਾਲੀਅਧਿਕਾਰੀ ਅਪਾਰ ਸਿੰਘ ਬਾਜਵਾ ਨੇ ਬੀਬੀਸੀ ਨੂੰ 2004 ਵਿੱਚ ਦੱਸਿਆ ਸੀ ਕਿ ਉਨ੍ਹਾਂ 800 ਲਾਸ਼ਾਂ ਆਪ ਗਿਣੀਆਂ ਸਨ। ਜਦਕਿ ਮਨੁੱਖੀ ਅਧਿਕਾਰ ਕਾਰਕੁਨ ਇੰਦਰਜੀਤ ਸਿੰਘ ਜੇਜੀ ਅਤੇ ਕਈ ਮੰਨੇ-ਪ੍ਰਮੰਨੇ ਪੱਤਰਕਾਰ ਤੇ ਵਿਦਵਾਨ ਮ੍ਰਿਤਕਾਂ ਦੀ ਗਿਣਤੀ 4,000 ਤੋਂ 5,000 ਦੱਸਦੇ ਹਨ। ਇਸ ਸਾਕੇ ਦੇ ਵੱਖ-ਵੱਖ ਪਹਿਲੂਆਂ ਨੂੰ ਬਿਆਨ ਕਰ ਰਹੀ ਹੈ ਬੀਬੀਸੀ ਪੰਜਾਬੀ ਦੀ ਇਹ ਖਾਸ ਲੜੀ ਸਾਕਾ ਜੂਨ '84..


ਖਾੜਕੂ ਨਾਲ ਵਿਆਹ

ਸੰਦੀਪ ਮੁਤਾਬਕ, ''ਮੁਹਿੰਮ ਵਿੱਚ ਅਣਵਿਆਹੀਆਂ ਕੁੜੀਆਂ ਨੂੰ ਨਹੀਂ ਸੀ ਸ਼ਾਮਲ ਕੀਤਾ ਜਾਂਦਾ ਇਸ ਲਈ ਮੈਂ ਖਾੜਕੂ ਨਾਲ ਵਿਆਹ ਕਰਵਾ ਕੇ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਯੋਜਨਾ ਬਣਾਈ, ਪਰ ਇਹ ਉਸ ਲਈ ਇੰਨਾ ਸੌਖਾ ਨਹੀਂ ਸੀ। ਸਭ ਤੋਂ ਵੱਡੀ ਦਿੱਕਤ ਸੀ ਘਰ ਵਾਲਿਆਂ ਨੂੰ ਮਨਾਉਣਾ ਕਿਉਂਕਿ ਉਹ ਇਸ ਗੱਲ ਦਾ ਵਿਰੋਧ ਕਰ ਰਹੇ ਸਨ।''

Image copyright Sarabjeet Singh Dhaliwal/BBC

ਸੰਦੀਪ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜ਼ਿੱਦ ਅੱਗੇ ਘਰ ਵਾਲਿਆਂ ਨੂੰ ਵੀ ਝੁਕਣਾ ਪਿਆ। ਬਹੁਤ ਹੀ ਸਾਦੇ ਤਰੀਕੇ ਨਾਲ ਉਹ ਬੱਬਰ ਖ਼ਾਲਸਾ ਸੰਗਠਨ ਨਾਲ ਜੁੜੇ ਧਰਮ ਸਿੰਘ ਕਾਸ਼ਤੀਵਾਲ ਨਾਲ ਬਕਾਇਦਾ ਵਿਆਹ ਕਰਵਾ ਕੇ ਹਥਿਆਰਬੰਦ ਲਹਿਰ ਵਿੱਚ ਸ਼ਾਮਲ ਹੋ ਗਈ।

ਜਥੇਬੰਦੀ ਵਿੱਚ ਸ਼ਾਮਲ ਹੋਣ ਉੱਤੇ ਸੰਦੀਪ ਨੂੰ ਹਥਿਆਰ ਚਲਾਉਣ ਅਤੇ ਹੋਰ ਟਰੇਨਿੰਗ ਉਸ ਦੇ ਪਤੀ ਨੇ ਹੀ ਦਿੱਤੀ।

ਸੰਦੀਪ ਮੁਤਾਬਕ, ''ਮੇਰਾ ਤੇ ਮੇਰੇ ਪਤੀ ਦਾ ਪੁਲਿਸ ਨਾਲ ਮੁਕਾਬਲਾ ਵੀ ਹੋਇਆ। ਖ਼ਾਸ ਤੌਰ ਉੱਤੇ ਯੂਪੀ ਦੇ ਸ਼ਾਹਜਹਾਂਪੁਰ ਵਿੱਚ ਪੰਜ ਮਈ 1989 ਨੂੰ ਉਨ੍ਹਾਂ ਦੇ ਪੁਲਿਸ ਨਾਲ ਹੋਏ ਮੁਕਾਬਲੇ ਦੌਰਾਨ ਮੌਤ ਸਾਹਮਣੇ ਖੜੀ ਨਜ਼ਰ ਆਈ ਪਰ ਅਸੀਂ ਪੁਲਿਸ ਨੂੰ ਚਕਮਾ ਦੇਣ ਵਿਚ ਕਾਮਯਾਬ ਹੋ ਗਏ। ਮੇਰੀ ਗ੍ਰਿਫ਼ਤਾਰੀ ਅੰਮ੍ਰਿਤਸਰ ਵਿੱਚ ਹੋਈ।''

ਜੇਲ੍ਹ ਦੀ ਜ਼ਿੰਦਗੀ

ਸੰਦੀਪ ਦੱਸਦੀ ਹੈ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਨੂੰ ਵੱਖ-ਵੱਖ ਜੇਲ੍ਹਾਂ ਵਿੱਚ ਕਰੀਬ ਸਾਢੇ ਚਾਰ ਸਾਲ ਤੱਕ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਜੇਲ੍ਹ ਦੀ ਜ਼ਿੰਦਗੀ ਕਾਫ਼ੀ ਬੁਰੀ ਸੀ।

ਇਸ ਸਮੇਂ ਦੌਰਾਨ ਉਸ ਨੂੰ ਸਭ ਤੋਂ ਜ਼ਿਆਦਾ ਸਾਥ ਆਪਣੇ ਪਿਤਾ ਤੋਂ ਮਿਲਿਆ।

ਸੰਦੀਪ ਮੁਤਾਬਕ, ''ਉਹ ਸਮਾਂ ਹੀ ਅਜਿਹਾ ਸੀ ਕਿ ਜ਼ਿਆਦਾਤਰ ਨੌਜਵਾਨ ਪੀੜੀ ਦਾ ਝੁਕਾਅ ਖਾੜਕੂ ਲਹਿਰ ਵੱਲ ਸੀ।"

ਮਹਿਲਾਵਾਂ ਦੀ ਗਿਣਤੀ ਜ਼ਿਆਦਾ ਨਹੀਂ ਸੀ ਪਰ ਜੇਲ੍ਹ ਵਿੱਚ ਉਸ ਨੂੰ ਕਈ ਮਹਿਲਾਵਾਂ ਮਿਲੀਆਂ ਸਨ, ਜੋ ਲਹਿਰ ਵਿੱਚ ਸ਼ਾਮਲ ਸਨ।

Image copyright Sarabjeet Singh Dhaliwal/BBC

ਉਨ੍ਹਾਂ ਮੁਤਾਬਕ ਪਤੀ ਦੀ ਮੌਤ ਦੀ ਖ਼ਬਰ ਵੀ ਉਨ੍ਹਾਂ ਨੂੰ ਜੇਲ੍ਹ ਵਿੱਚ ਹੀ ਮਿਲੀ। ਪਤੀ ਦੀ ਮੌਤ ਤੋਂ ਬਾਅਦ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਅਤੇ ਉਹ ਬੁਰੀ ਤਰਾਂ ਟੁੱਟ ਗਏ, ਅਜਿਹੇ ਸਮੇਂ ਕਿਤਾਬੀ ਗਿਆਨ ਰਾਹੀਂ ਉਨ੍ਹਾਂ ਆਪਣੇ ਆਪ ਨੂੰ ਮੁੜ ਖੜਾ ਕੀਤਾ।

ਸੰਦੀਪ ਕਹਿੰਦੇ ਹਨ ਕਿ ਹੌਲੀ-ਹੌਲੀ ਹਥਿਆਰਬੰਦ ਮੁਹਿੰਮ ਵੀ ਮੱਧਮ ਪੈਣ ਲੱਗ ਗਈ ਸੀ। ਇਸ ਲਈ ਜੇਲ੍ਹ ਵਿੱਚ ਬਾਕੀ ਦੀ ਜਿੰਦਗੀ ਹਥਿਆਰਾਂ ਦੀ ਥਾਂ ਪੜ੍ਹਾਈ ਵੱਲ ਲਿਆਉਣ ਦਾ ਫੈਸਲਾ ਕੀਤਾ। ਜੇਲ੍ਹ ਵਿੱਚ ਸੰਦੀਪ ਨੇ ਬਾਰ੍ਹਵੀਂ, ਗਿਆਨੀ ਅਤੇ ਬੀ.ਏ. ਦੀ ਪੜ੍ਹਾਈ ਕੀਤੀ।

ਜੇਲ੍ਹ ਤੋਂ ਬਾਹਰ ਦੀ ਜ਼ਿੰਦਗੀ

ਸੰਦੀਪ ਮੁਤਾਬਕ 5 ਜੁਲਾਈ 1996 ਨੂੰ ਉਹ ਜੇਲ੍ਹ ਤੋਂ ਬਾਹਰ ਆਏ, ਉਸ ਸਮੇਂ ਉਨ੍ਹਾਂ ਦੀ ਉਮਰ ਕਰੀਬ 24 ਸਾਲ ਸੀ। ਮੁੜ ਤੋਂ ਜ਼ਿੰਦਗੀ ਸ਼ੁਰੂ ਕਰਨੀ ਸੌਖੀ ਨਹੀਂ ਸੀ, ਲੋਕ ਸ਼ੱਕ ਦੀ ਨਜ਼ਰ ਨਾਲ ਦੇਖਦੇ ਸੀ।

Image copyright Sarabjeet Singh Dhaliwal/BBC

ਸੰਦੀਪ ਨੇ ਦੱਸਿਆ ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਸੰਘਰਸ਼ ਦੌਰਾਨ ਜੋ ਲੋਕ ਮਾਰੇ ਗਏ ਹਨ , ਉਨ੍ਹਾਂ ਦੇ ਬੇਸਹਾਰਾ ਬੱਚਿਆਂ ਨੂੰ ਸੰਭਾਲਣਾ ਅਤੇ ਚੰਗੀ ਸਿੱਖਿਆ ਰਾਹੀਂ ਉਨ੍ਹਾਂ ਨੂੰ ਚੰਗੇ ਨਾਗਰਿਕ ਬਣਾਉਣਾ ਸੀ।

ਪਰ ਇਹ ਕੰਮ ਇੰਨਾ ਸੌਖਾ ਨਹੀਂ ਸੀ ਕਿਉਂਕਿ ਲੋਕ ਅਜੇ ਵੀ ਮੈਨੂੰ ਲੋਕ ਮੇਰੇ ਅਤੀਤ ਕਾਰਨ ਸਹੀ ਨਜ਼ਰੀਏ ਨਾਲ ਨਹੀਂ ਸੀ ਦੇਖਦੇ।ਪਰ ਹੌਲੀ ਹੌਲੀ ਤਮਾਮ ਦਿੱਕਤਾਂ ਦੇ ਬਾਵਜੂਦ ਜਿੰਦਗੀ ਅਸਾਨ ਹੁੰਦੀ ਗਈ ਹੁਣ ਇਹ ਬੇਸਹਾਰਾ ਕੁੜੀਆਂ ਦੀ ਸਾਂਭ-ਸੰਭਾਲ ਕਰਨ ਵਾਲੀ ਸੰਸਥਾ ਚਲਾ ਰਹੇ ਹਨ।

ਸੰਦੀਪ ਦੀ ਖਾੜਕੂ ਮੁਹਿੰਮ ਬਾਰੇ ਸੋਚ

ਸੰਦੀਪ ਹੁਣ ਵੀ ਆਪਣੇ ਆਪ ਨੂੰ ਖ਼ਾਲਿਸਤਾਨੀ ਸਮਰਥਕ ਮੰਨਦੇ ਹਨ।ਇਸ ਪਿੱਛੇ ਉਨ੍ਹਾਂ ਦੀ ਦਲੀਲ ਹੈ ਕਿ ਆਪਣਾ ਹੱਕ ਮੰਗਣਾ ਕੋਈ ਗ਼ਲਤ ਗੱਲ ਨਹੀਂ ਹੈ।

ਸੰਦੀਪ ਦਾ ਕਹਿਣਾ ਹੈ, '' ਮੈਨੂੰ ਆਪਣੇ ਅਤੀਤ ਅਤੇ ਆਪਣੇ ਵੱਲੋਂ ਕੀਤਾ ਗਏ ਕੰਮਾਂ ਉੱਤੇ ਕੋਈ ਪਛਤਾਵਾ ਨਹੀਂ ਹੈ ਕਿਉਂਕਿ ਮੈਂ ਜੋ ਕੁਝ ਕੀਤਾ ਉਹ ਸਮੇਂ ਦੀ ਲੋੜ ਅਨੁਸਾਰ ਕੀਤਾ।''

ਆਪਰੇਸ਼ਨ ਬਲੂ ਸਟਾਰ ਸਬੰਧੀ ਹੋਰ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)