ਆਪਰੇਸ਼ਨ ਬਲੂ ਸਟਾਰ: ਪੰਜਾਬੀਆਂ ਨੂੰ ਪਏ 'ਚੁਰਾਸੀ' ਦੇ ਗੇੜ ਨੇ ਜ਼ਿੰਦਗੀ ਉਜਾੜ ਦਿੱਤੀ

  • ਰਵਿੰਦਰ ਸਿੰਘ ਰੌਬਿਨ
  • ਬੀਬੀਸੀ ਪੰਜਾਬੀ ਦੇ ਲਈ
ਅਨਿਲ ਸੂਦ ਤੇ ਤਜਿੰਦਰਪਾਲ ਸਿੰਘ ਚਾਵਲਾ

ਤਸਵੀਰ ਸਰੋਤ, Ravindersinghrobin/bbc

ਤਸਵੀਰ ਕੈਪਸ਼ਨ,

ਅਨਿਲ ਸੂਦ ਤੇ ਤਜਿੰਦਰਪਾਲ ਸਿੰਘ ਚਾਵਲਾ

ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਨੇ ਪੰਜਾਬ ਦੇ ਲੋਕਾਂ ਨੂੰ ਅਜਿਹੇ ਜ਼ਖ਼ਮ ਦਿੱਤੇ, ਜਿੰਨ੍ਹਾਂ ਦੇ ਜ਼ਖ਼ਮ ਹਰ ਸਾਲ ਜੂਨ ਮਹੀਨੇ ਦੇ ਆਉਂਦਿਆਂ ਹੀ ਰਿਸਣ ਲੱਗਦੇ ਹਨ।

ਸਿਆਸੀ ਤੇ ਧਾਰਮਿਕ ਮੰਗਾਂ ਦੀ ਲੜਾਈ ਹਿੰਸਾ ਤੇ ਕਤਲੋਗਾਰਦ ਦੇ ਦੌਰ ਵਿੱਚ ਬਦਲ ਗਈ ਤੇ ਭਰਾ ਮਾਰੂ ਜੰਗ ਦਾ ਰੂਪ ਧਾਰ ਗਈ। ਆਪਰੇਸ਼ਨ ਬਲੂ ਸਟਾਰ ਸਾਕੇ ਨੇ ਤਾਂ ਸਦੀਆਂ ਤੋਂ ਨਹੁੰ ਮਾਸ ਦਾ ਹਿੰਦੂ ਤੇ ਸਿੱਖਾਂ ਦਾ ਰਿਸ਼ਤਾ ਵੀ ਤੋੜ ਦਿੱਤਾ ਤੇ ਨਫ਼ਰਤ ਦੀ ਦੀਵਾਰ ਖੜੀ ਕਰ ਦਿੱਤੀ।

ਹਜ਼ਾਰਾਂ ਪਰਿਵਾਰਾਂ ਨੂੰ ਆਪਣੇ ਸਕੇ-ਸਬੰਧੀ ਗੁਆਉਣੇ ਪਏ। ਪੁਲਿਸ ਦੇ ਆਪਰੇਸ਼ਨਾਂ ਤੇ ਖਾੜਕੂਆਂ ਵੱਲੋਂ ਕੀਤੀ ਗਈ ਕਤਲੋਗਾਰਦ ਨੇ ਅਨੇਕਾਂ ਪਰਿਵਾਰਾਂ ਨੂੰ ਪੰਜਾਬ ਛੱਡ ਜਾਣ ਲਈ ਮਜਬੂਰ ਕੀਤਾ।

ਹਾਲਾਤ ਤੋਂ ਤੰਗ ਆ ਕੇ ਕੁਝ ਵਿਦੇਸ਼ ਭੱਜ ਗਏ ਅਤੇ ਕੁਝ ਗੁਆਂਢੀ ਸੂਬਿਆਂ ਵਿੱਚ ਹਿਜ਼ਰਤ ਕਰ ਗਏ। ਪੰਜਾਬ ਨੂੰ ਛੱਡ ਕੇ ਜਾਣ ਲਈ ਮਜ਼ਬੂਰ ਹੋਣ ਵਾਲਿਆਂ ਵਿੱਚ ਹਿੰਦੂ ਵੀ ਸਨ ਤੇ ਸਿੱਖ ਵੀ।

ਅਜਿਹੇ ਹੀ ਦੋ ਪਰਿਵਾਰਾਂ ਦੀ ਹੱਡਬੀਤੀ ਰਾਹੀਂ ਪੰਜਾਬੀਆਂ ਵੱਲੋਂ ਪਿੰਡੇ ਉੱਤੇ ਹੰਢਾਏ ਗਏ ਇਸ ਦਰਦਨਾਕ ਦੌਰ ਦੀ ਝਲਕ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਸਾਕਾ ਜੂਨ '84

ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖਾਂ ਦੇ ਮਸਲੇ ਬੇਬਾਕੀ ਨਾਲ ਚੁੱਕਣ ਕਾਰਨ ਸਿਆਸਤ ਦੇ ਕੇਂਦਰ ਬਿੰਦੂ ਬਣ ਚੁੱਕੇ ਸਨ। ਅਕਤੂਬਰ 1983ਵਿੱਚ ਢਿੱਲਵਾਂ ਬੱਸ ਕਾਂਡ ਦੌਰਾਨ 6 ਹਿੰਦੂ ਮਾਰੇ ਗਏ ਤੇ ਪੰਜਾਬ 'ਚ ਕਾਂਗਰਸ ਦੀ ਦਰਬਾਰਾ ਸਿੰਘ ਸਰਕਾਰ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ ਉੱਤੇ ਭੰਗ ਕਰ ਦਿੱਤਾ ਗਿਆ। ਪੰਜਾਬ ਵਿੱਚ ਹਿੰਸਾ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ ਤੇ 1984 ਵਿੱਚ ਜੂਨ ਤੱਕ ਹਿੰਸਕ ਵਾਰਦਾਤਾਂ ਵਿੱਚ ਦਰਜਨਾਂ ਆਮ ਲੋਕ ਅਤੇ ਪੁਲਿਸ ਮੁਲਾਜ਼ਮ ਮਾਰੇ ਜਾ ਚੁੱਕੇ ਸਨ। ਉਸ ਤੋਂ ਬਾਅਦ ਜੂਨ 1984 ਦੌਰਾਨ ਭਾਰਤੀ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਉੱਤੇ ਕੀਤਾ ਗਿਆ ਹਮਲਾ 'ਆਪਰੇਸ਼ਨ ਬਲੂ ਸਟਾਰ' ਵਜੋਂ ਜਾਣਿਆਂ ਜਾਂਦਾ ਹੈ। ਸਰਕਾਰ ਮੁਤਾਬਕ ਇਹ ਹਮਲਾ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਅਕਾਲ ਤਖ਼ਤ ਉੱਤੇ ਬੈਠੇ ਹਥਿਆਰਬੰਦ ਖਾੜਕੂਆਂ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਚੋਂ ਕੱਢਣ ਲਈ ਕੀਤਾ ਗਿਆ। ਹਮਲੇ ਦੌਰਾਨ ਫੌਜ ਦੀ ਅਗਵਾਈ ਕਰ ਰਹੇ ਜਨਰਲ ਕੁਲਦੀਪ ਸਿੰਘ ਬਰਾੜ ਦਾਅਵਾ ਕਰਦੇ ਹਨ ਕਿ ਭਿੰਡਰਾਂਵਾਲੇ ਜਾਂ ਉਨ੍ਹਾਂ ਦੇ ਸਾਥੀ ਵੱਖਰੇ ਰਾਜ ਖਾਲਿਸਤਾਨ ਦਾ ਐਲਾਨ ਕਰਨ ਵਾਲੇ ਸਨ ਅਤੇ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਦੀ ਮਦਦ ਮਿਲ ਸਕਦੀ ਸੀ ਇਸ ਲਈ ਫੌਜੀ ਐਕਸ਼ਨ ਕਰਨਾ ਜ਼ਰੂਰੀ ਸੀ। ਪਰ ਸਿੱਖ ਵਿਦਵਾਨ ਤੇ ਭਿੰਡਰਾਂਵਾਲਿਆਂ ਦੇ ਸਲਾਹਾਕਾਰ ਰਹੇ ਡਾਕਟਰ ਭਗਵਾਨ ਸਿੰਘ ਇਸ ਦਾਅਵੇ ਨੂੰ ਰੱਦ ਕਰਦੇ ਹਨ ਉਨ੍ਹਾਂ ਮੁਤਾਬਕ ਇਹ ਯੋਜਨਾ ਪਹਿਲਾਂ ਗਿਣੀ-ਮਿਥੀ ਗਈ ਸੀ। ਸਿੱਖ ਆਗੂਆਂ ਮੁਤਾਬਕ ਇਸ ਹਮਲੇ ਰਾਹੀਂ ਦੇਸ਼ ਦੀਆਂ ਕੁਝ ਸਿਆਸੀ ਧਿਰਾਂ ਮੁਲਕ ਵਿੱਚ ਫਿਰਕੂ ਧਰੁਵੀਕਰਨ ਕਰਕੇ ਆਪਣੇ ਸਿਆਸੀ ਹਿੱਤ ਪੂਰਨਾ ਚਾਹੁੰਦੀਆਂ ਸਨ। ਸਰਕਾਰੀ ਵਾਟ ਪੇਪਰ ਮੁਤਾਬਕ ਹਮਲੇ 'ਚ 83 ਫੌਜੀ ਤੇ 493 ਆਮ ਲੋਕ ਮਾਰੇ ਗਏ। ਕੇਂਦਰੀ ਸਿੱਖ ਅਜਾਇਬ ਘਰ ਵਿੱਚ ਹਮਲੇ ਦੇ ਮ੍ਰਿਤਕਾਂ ਦੀ ਸੂਚੀ ਵਿੱਚ 743 ਨਾਂ ਸ਼ਾਮਲ ਹਨ। ਪੰਜਾਬ ਪੁਲਿਸ ਦੇ ਤਤਕਾਲੀਅਧਿਕਾਰੀ ਅਪਾਰ ਸਿੰਘ ਬਾਜਵਾ ਨੇ ਬੀਬੀਸੀ ਨੂੰ 2004 ਵਿੱਚ ਦੱਸਿਆ ਸੀ ਕਿ ਉਨ੍ਹਾਂ 800 ਲਾਸ਼ਾਂ ਆਪ ਗਿਣੀਆਂ ਸਨ। ਜਦਕਿ ਮਨੁੱਖੀ ਅਧਿਕਾਰ ਕਾਰਕੁਨ ਇੰਦਰਜੀਤ ਸਿੰਘ ਜੇਜੀ ਅਤੇ ਕਈ ਮੰਨੇ-ਪ੍ਰਮੰਨੇ ਪੱਤਰਕਾਰ ਤੇ ਵਿਦਵਾਨ ਮ੍ਰਿਤਕਾਂ ਦੀ ਗਿਣਤੀ 4,000 ਤੋਂ 5,000 ਹੋਣ ਦਾ ਦਾਅਵਾ ਕਰਦੇ ਹਨ। ਇਸ ਸਾਕੇ ਦੇ ਵੱਖ-ਵੱਖ ਪਹਿਲੂਆਂ ਨੂੰ ਬਿਆਨ ਕਰ ਰਹੀ ਖਾਸ ਲੜੀ ਜੂਨ 2018 ਵਿਚ ਪ੍ਰਕਾਸ਼ਿਤ ਕੀਤੀ ਗਈ ਸੀ।

ਸਰਹੱਦੀ ਖੇਤਰ ਤੋਂ ਵੱਧ ਹਿਜ਼ਰਤ

ਉਸ ਕਾਲੇ ਦੌਰ ਦਾ ਸੰਤਾਪ ਵੈਸੇ ਤਾਂ ਪੂਰੇ ਪੰਜਾਬ ਨੇ ਹੀ ਹੰਢਾਇਆ ਸੀ ਪਰ ਬਹੁਤਾ ਅਸਰ ਸਰਹੱਦੀ ਖ਼ੇਤਰ ਦੇ ਲੋਕਾਂ 'ਤੇ ਦੇਖਣ ਨੂੰ ਮਿਲਿਆ। ਇਨ੍ਹਾਂ ਵਿੱਚੋਂ ਹੀ ਤਰਨ ਤਾਰਨ ਦੇ ਅਨਿਲ ਸੂਦ ਦਾ ਪਰਿਵਾਰ ਵੀ ਸ਼ਾਮਿਲ ਸੀ।

ਕਿੱਤੇ ਵਜੋਂ ਕਾਰੋਬਾਰੀ ਅਨਿਲ ਸੂਦ ਦਾ ਪਰਿਵਾਰ ਹਰਿਆਣਾ ਦੇ ਕਰਨਾਲ ਜਾ ਵਸਿਆ ਸੀ, ਸੂਦ ਪਰਿਵਾਰ ਦਾ ਸ਼ੈਲਰ ,ਪੈਟਰੋਲ ਪੰਪ ਅਤੇ ਇੱਕ ਸਿਨੇਮਾ ਹਾਲ ਸੀ।

ਅਨਿਲ ਸੂਦ ਆਪਣੀ ਹੱਡਬੀਤੀ ਸੁਣਾਉਂਦਿਆ ਕਹਿੰਦੇ ਹਨ, ''ਉਹ ਸਮਾਂ ਐਨਾ ਭਿਆਨਕ ਸੀ ਕਿ ਨਾ ਚਾਹੁੰਦੇ ਹੋਏ ਵੀ ਸਾਨੂੰ ਪੰਜਾਬ ਛੱਡ ਕੇ ਹਰਿਆਣਾ ਦੇ ਜ਼ਿਲ੍ਹੇ ਕਰਨਾਲ ਜਾਣਾ ਪਿਆ।''

ਧਮਕੀਆਂ ਤੇ ਵਾਰਦਾਤਾਂ ਦੀ ਦਹਿਸ਼ਤ

ਅਨਿਲ ਸੂਦ ਨੇ ਦੱਸਿਆ ਕਿ ਆਪਰੇਸ਼ਨ ਬਲੂ ਸਟਾਰ ਦੇ ਨਾਂ ਹੇਠ ਫੌਜੀ ਕਾਰਵਾਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ, ਪਰ ਤਰਨ-ਤਾਰਨ ਵਿਖੇ ਗੁਰੂ ਅਰਜਨ ਦੇਵ ਜੀ ਦੇ ਗੁਰਦੁਆਰਾ ਸਾਹਿਬ ਦੇ ਕੋਲ ਸਥਿਤ ਸਰਾਂ ਵਾਲੇ ਪਾਸੇ ਸੁਰੱਖਿਆ ਦਸਤੇ ਅਤੇ ਖਾੜਕੂਆਂ ਦੇ ਦਰਮਿਆਨ ਗੋਲੀਬਾਰੀ ਹੋ ਰਹੀ ਸੀ।

ਉਨ੍ਹਾਂ ਕਿਹਾ, 'ਤਰਨ-ਤਾਰਨ ਇੱਕ ਛੋਟਾ ਜਿਹਾ ਸ਼ਹਿਰ ਸੀ, ਜਿਥੇ ਹਰ ਕੋਈ ਇੱਕ ਦੂਜੇ ਨੂੰ ਜਾਣਦਾ ਸੀ ਤੇ ਮਿਲਵਰਤਣ ਵੀ ਪੂਰਾ ਸੀ, ਆਏ ਦਿਨ ਕਿਸੇ ਨੂੰ ਅਗਵਾ ਦੀ ਧਮਕੀ ਤੇ ਕਿਸੇ ਨੂੰ ਜਾਨੋ ਮਾਰਨ ਦੀਆਂ ਚਿੱਠੀਆਂ ਆਉਣੀਆਂ ਸ਼ੁਰੂ ਹੋ ਗਈਆਂ ਸਨ'।

ਤਸਵੀਰ ਸਰੋਤ, Ravinder singh robbin/bbc

ਤਸਵੀਰ ਕੈਪਸ਼ਨ,

ਅਨਿਲ ਸੂਦ ਆਪਣੇ ਤਜਰਬੇ ਸਾਂਝੇ ਕਰਦੇ ਹੋਏ

ਉਨ੍ਹਾਂ ਕਿਹਾ, '1984 ਤੋਂ ਬਾਅਦ ਤੇ ਹਾਲਤ ਜ਼ਿਆਦਾ ਵਿਗੜ ਗਏ ਸਨ। ਚਿੱਠੀਆਂ ਪਾਉਣ ਵਾਲੇ ਪਤਾ ਨਹੀਂ ਕੌਣ ਸਨ ,ਪਰ ਉਨ੍ਹਾਂ ਦੀ ਦਹਿਸ਼ਤ ਦਿਨ-ਬ-ਦਿਨ ਵਧਦੀ ਜਾ ਰਹੀ ਸੀ'।

ਉਨ੍ਹਾਂ ਦਾ ਦਾਅਵਾ ਕਰਦਿਆ ਕਿਹਾ, 'ਇੱਕ ਗੱਲ ਤੇ ਪੱਕੀ ਹੈ ਕਿ ਉਹ ਤਰਨ-ਤਾਰਨ ਦੇ ਨਹੀਂ ਸਨ। ਕਦੇ ਕਦੇ ਪੁਲਿਸ ਮੁਕਾਬਲੇ 'ਚ ਕਿਸੇ ਲੁਟੇਰੇ ਦੀ ਮਰਨ ਦੀ ਖ਼ਬਰ ਵੀ ਆ ਜਾਂਦੀ ਸੀ, ਕੁਝ ਦਿਨ ਤੇ ਠੱਲ ਪੈ ਜਾਂਦੀ ਸੀ। ਪਰ ਫਿਰ ਦੁਬਾਰਾ ਡਰ ਦਾ ਮਾਹੌਲ ਬਣ ਜਾਂਦਾ ਸੀ'।

ਤਰਨ-ਤਾਰਨ ਬਾਜ਼ਾਰ ਦਾ ਗੋਲੀਕਾਂਡ

ਇਨ੍ਹਾਂ ਲੁਟੇਰਿਆਂ ਨੂੰ ਸਿੱਖ ਅਤੇ ਹਿੰਦੂ ਨਾਲ ਕੋਈ ਮਤਲਬ ਨਹੀਂ ਸੀ, ਉਨ੍ਹਾਂ ਦਾ ਮਕਸਦ ਤੇ ਲੁੱਟਾਂ ਖੋਹਾਂ ਕਰਨਾਂ ਸੀ ਤੇ ਲੋਕਾਂ ਵਿੱਚ ਆਪਣੀ ਦਹਿਸ਼ਤ ਬਣਾਈ ਰੱਖਣਾ ਸੀ।

ਉਨ੍ਹਾਂ ਕਿਹਾ "ਮੈਨੂੰ ਸੰਨ ਤੇ ਯਾਦ ਨਹੀਂ ਪਰ ਗੱਲ ਉਨ੍ਹਾਂ ਦਿਨਾਂ ਦੀ ਏ, ਜਦੋਂ ਕੁਝ ਸ਼ਰਾਰਤੀ ਅਨਸਰਾਂ ਨੇ ਤਰਨ-ਤਾਰਨ ਦੇ ਬਾਜ਼ਾਰ 'ਚ ਗੋਲੀਆਂ ਚਲਾ ਕਈ ਲੋਕਾਂ ਨੂੰ ਮਾਰ ਸੁੱਟਿਆ ਸੀ, ਜਿਸ ਵਿੱਚ ਸਿੱਖ ਤੇ ਹਿੰਦੂ ਦੋਵੇਂ ਸ਼ਾਮਲ ਸਨ'।

1986-87 ਤੱਕ ਤੇ ਇੰਝ ਲੱਗਦਾ ਸੀ ਕਿ ਕੋਈ ਵੀ ਪਰਿਵਾਰ ਬਚਿਆ ਨਹੀਂ ਸੀ ਜਿਹੜਾ ਇਸ ਹਿੰਸਕ ਦੌਰ ਤੋਂ ਪੀੜਿਤ ਨਾ ਹੋਵੇ। ਸੂਦ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ 'ਚ ਵੀ ਇੱਕ ਸਰਦਾਰ ਜੀ ਨੂੰ ਅਗਵਾ ਕਰਕੇ ਲੱਖਾਂ ਰੁਪਏ ਦੀ ਫਿਰੌਤੀ ਲੈ ਗਏ ਸਨ।

ਬੱਚਿਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼

ਸੂਦ ਨੇ ਭਰੇ ਮਨ ਨਾਲ ਦੱਸਿਆ ਕਿ ਸੰਨ 1988 'ਚ ਉਨ੍ਹਾਂ ਦੇ ਪਰਿਵਾਰ ਦੇ ਚਾਰ ਬੱਚੇ ਸਕੂਲ ਵਿੱਚ ਸਨ। ਜਿਨ੍ਹਾਂ ਨੂੰ ਲੈਣ ਲਈ ਉਹ ਸਕੂਲ ਗਏ ਸਨ।

ਤਸਵੀਰ ਸਰੋਤ, Ravinder singh robbin/bbc

ਤਸਵੀਰ ਕੈਪਸ਼ਨ,

ਗੱਲਬਾਤ ਦੌਰਾਨ ਪਤਨੀ ਸੰਧਿਆ ਸੂਦ ਨਾਲ ਅਨਿਲ ਸੂਦ

ਉਨ੍ਹਾਂ ਦੱਸਿਆ ਕਿ ਤਿੰਨ ਬੱਚਿਆਂ ਨੂੰ ਛੁੱਟੀ ਜਲਦੀ ਹੋ ਗਈ ਸੀ ਤੇ ਇੱਕ ਬੱਚੇ ਨੂੰ ਛੁੱਟੀ ਦੇਰ ਨਾਲ ਹੋਣੀ ਸੀ।

ਉਨ੍ਹਾਂ ਦੱਸਿਆ ਕਿ ਤਿੰਨ ਬੱਚੇ ਤੇ ਉਹ ਆਪ ਕਾਰ ਵਿੱਚ ਬੈਠ ਕੇ ਜਦ ਘਰ ਵੱਲ ਆ ਰਹੇ ਸਨ ਤਾਂ ਕੁਝ ਅਣਪਛਾਤੇ ਹੱਥਿਆਰਬੰਦ ਹਮਲਾਵਰਾਂ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਬੜੀ ਦਲੇਰੀ ਨਾਲ ਹਮਲਾਵਰਾਂ ਤੋਂ ਆਪਣੇ ਬੱਚਿਆਂ ਨੂੰ ਬਚਾਇਆ ਤੇ ਪੁਲਿਸ ਦੇ ਸਹਿਯੋਗ ਨਾਲ ਉਹ ਮੁੜ ਉਨ੍ਹਾਂ ਹਮਲਾਵਰਾਂ ਨੂੰ ਲੱਭਣ ਪੁੱਜੇ।

ਉਨ੍ਹਾਂ ਕਿਹਾ ਕਿ ਜੇ ਮਰਨਾ ਹੀ ਹੈ ਤਾਂ ਕਿਉ ਨਾ ਲੜ ਕੇ ਮਰਿਆ ਜਾਵੇ। ਤਕਰੀਬਨ ਡੇਢ ਘੰਟੇ ਬਾਅਦ ਉਹ ਘਰ ਪੁੱਜੇ। ਉਸ ਦੌਰਾਨ ਉਨ੍ਹਾਂ ਦੇ ਪਰਿਵਾਰ ਦਾ ਬੁਰਾ ਹਾਲ ਹੋ ਗਿਆ।

ਅਨਿਲ ਸੂਦ ਦੀ ਪਤਨੀ ਸੰਧਿਆ ਸੂਦ ਦੇ ਮੁਤਾਬਕ ਉਹ ਉਸ ਵੇਲੇ ਆਪਣੇ ਪਤੀ ਤੇ ਬੱਚਿਆਂ ਦੀ ਉਡੀਕ ਕਰ ਰਹੇ ਸਨ। ਸਾਰਾ ਪਰਿਵਾਰ ਉਨ੍ਹਾਂ ਨਾਲ ਬੈਠਾ ਅਨਿਲ ਸੂਦ ਤੇ ਬੱਚਿਆਂ ਦੀ ਉਡੀਕ ਕਰ ਰਿਹਾ ਸੀ।

ਸੰਧਿਆ ਸੂਦ ਨੇ ਦੱਸਿਆ ਕਿ ਉਹ ਸਮਾਂ ਉਨ੍ਹਾਂ ਲਈ ਬਤੀਤ ਕਰਨਾ ਹੋਰ ਵੀ ਔਖਾ ਹੋ ਗਿਆ ਸੀ ਤੇ ਤਕਰੀਬਨ ਡੇਢ ਘੰਟੇ ਬਾਅਦ ਅਨਿਲ ਸੂਦ ਤੇ ਬੱਚੇ ਘਰ ਪੁੱਜੇ।

ਫਿਰ ਮੇਰੇ ਤੇ ਪਰਿਵਾਰ ਦੇ ਬੱਚਿਆਂ ਦੇ ਉੱਤੇ ਹੋਏ ਕੁਝ ਲੁਟੇਰਿਆਂ ਵਲੋਂ ਹੋਏ ਹਮਲੇ ਤੋਂ ਬਾਅਦ ਮੇਰੇ ਪਿਤਾ ਜੀ ਤੇ ਮੇਰੇ ਭਰਾ ਨੇ ਮੈਨੂੰ ਪੰਜਾਬ ਤੋਂ ਬਾਹਰ ਭੇਜਣ ਦਾ ਫੈਸਲਾ ਕਰ ਲਿਆ।

ਪੰਜਾਬ ਛੱਡਣ ਦਾ ਫ਼ੈਸਲਾ

ਪਰਿਵਾਰ ਨੇ 1988 ਦੀ ਘਟਨਾ ਤੋਂ ਬਾਅਦ ਪੰਜਾਬ ਛੱਡਣ ਦਾ ਫੈਸਲਾ ਕਰ ਲਿਆ ਅਤੇ ਕਰਨਾਲ ਚਲੇ ਗਏ।

ਅਨਿਲ ਸੂਦ ਨੇ ਦੱਸਿਆ ਕਿ ਉਸ ਵੇਲੇ ਤਰਨ ਤਾਰਨ ਦੇ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਰੋਕਿਆ ਪਰ ਬੱਚਿਆਂ ਦੀ ਸੁਰੱਖਿਆ ਉਨ੍ਹਾਂ ਲਈ ਜ਼ਿਆਦਾ ਮਾਇਨੇ ਰੱਖ ਰਹੀ ਸੀ।

ਸੂਦ ਨੇ ਦੱਸਿਆ ਕਿ ਉਨ੍ਹਾਂ ਦਿਨਾਂ 'ਚ ਦਹਿਸ਼ਤ ਕਾਰਨ ਲੋਕ ਦਿਨੇ 12 ਵਜੇ ਤੋਂ ਲੈ ਕਿ ਸ਼ਾਮ 4 ਵਜੇ ਤੱਕ ਹੀ ਵਿਚਰਦੇ ਸਨ। ਘਟਨਾ ਤੋਂ ਬਾਅਦ ਭਾਵੇਂ ਸੀਆਰਪੀਐੱਫ਼ ਦੀ ਸੁਰੱਖਿਆ ਚੌਂਕੀ ਉਨ੍ਹਾਂ ਦੇ ਘਰ ਤੇ ਦਫਤਰ 'ਚ ਬਣਾ ਦਿੱਤੀ ਗਈ ਸੀ। ਪਰ ਫਿਰ ਵੀ ਡਰ ਉਨ੍ਹਾਂ ਦੇ ਦਿਲੋਂ ਦਿਮਾਗ ਚੋਂ ਨਿਕਲ ਨਹੀਂ ਰਿਹਾ ਸੀ।

ਉਨ੍ਹਾਂ ਕਿਹਾ ਕਿ ਕਰਨਾਲ ਗੁਜਾਰਾ ਕਰਨਾ ਔਖਾ ਲੱਗਣ ਲੱਗਾ ਤੇ ਉਹ ਪਰਿਵਾਰ ਸਣੇ 1994 ਨੂੰ ਵਾਪਸ ਪੰਜਾਬ ਵਾਪਸ ਆ ਗਏ। ਵਾਪਸ ਆਉਂਦੀਆਂ ਹਾਲਾਤ ਬਹੁਤ ਚੰਗੇ ਤਾਂ ਨਹੀਂ ਸਨ ਪਰ ਸਕੇ ਸੰਬੰਧੀਆਂ, ਦੋਸਤਾਂ ਅਤੇ ਤਰਨ ਤਾਰਨ ਵਾਸੀਆਂ ਦਾ ਪਿਆਰ ਤੇ ਸਹਿਯੋਗ ਪਹਿਲਾਂ ਨਾਲੋਂ ਦੂਣਾ ਮਿਲਿਆ।

ਅਨਿਲ ਸੂਦ ਨੇ ਅੱਗੇ ਦੱਸਿਆ ਕਿ ਕਰਨਾਲ ਤਾਂ ਉਹ ਚਲੇ ਗਏ ਪਰ ਪੰਜਾਬ, ਪੰਜਾਬ ਦੇ ਲੋਕਾਂ ਦਾ ਪਿਆਰ, ਉਨ੍ਹਾਂ ਦਾ ਅਪਣਾਪਨ ਉਨ੍ਹਾਂ ਨੂੰ ਬਹੁਤ ਯਾਦ ਆਉਂਦਾ ਸੀ ਅਤੇ ਕੁਝ ਕਾਰੋਬਾਰ ਵੀ ਖ਼ਾਸ ਨਹੀਂ ਚੱਲਿਆ ਪੰਜਾਬ ਵਿੱਚ ਉਨ੍ਹਾਂ ਦੀ ਪ੍ਰਾਪਰਟੀ ਵੀ ਸੀ।

ਚਾਵਲਾ ਪਰਿਵਾਰ ਦੀ ਹਿਜ਼ਰਤ

ਤਰਨ ਤਾਰਨ ਦੇ ਹੀ ਰਹਿਣ ਵਾਲੇ ਤਜਿੰਦਰਪਾਲ ਸਿੰਘ ਚਾਵਲਾ ਨੇ ਦੱਸਿਆ, ''ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਧਰਮ ਦੇ ਨਾਂ ਉੱਤੇ ਸਰਹੱਦੀ ਖ਼ੇਤਰ 'ਚ ਲੁੱਟ-ਖੋਹ, ਕਿਡਨੈਪਿੰਗ ਤੇ ਹੋਰ ਵਾਰਦਾਤਾਂ 'ਚ ਇਜ਼ਾਫ਼ਾ ਹੋਣ ਲੱਗਿਆ ਸੀ।''

ਉਨ੍ਹਾਂ ਮੁਤਾਬਕ 1987 ਤੋਂ 1989 ਤੱਕ ਉਨ੍ਹਾਂ ਦਾ ਕਈ ਵਾਰੀ ਸ਼ਰਾਰਤੀ ਅਨਸਰਾਂ ਨਾਲ ਸਾਹਮਣਾ ਹੋਇਆ ਤੇ ਕਈ ਵਾਰ ਉਨ੍ਹਾਂ ਨੂੰ ਧਮਕੀ ਭਰੇ ਖ਼ਤ ਆਉਂਦੇ ਸਨ।

ਇਸ ਬਾਰੇ ਉਹ ਦੱਸਦੇ ਹਨ, ''ਬਦਮਾਸ਼ਾਂ ਵੱਲੋਂ ਕਦੇ 10 ਹਜ਼ਾਰ, ਕਦੇ 25 ਤੇ ਕਦੇ 50 ਹਜ਼ਾਰ ਲੈ ਕੇ ਮੇਰੀ ਜਾਨ ਬਖ਼ਸ਼ੀ ਜਾਂਦੀ ਰਹੀ।'

ਚਾਵਲਾ ਦਾ ਪਰਿਵਾਰ ਤਰਨ ਤਾਰਨ ਦੇ ਨਾਮੀ ਕਾਰੋਬਾਰੀਆਂ ਵਿੱਚੋਂ ਇੱਕ ਸਨ। ਉਨ੍ਹਾਂ ਮੁਤਾਬਕ ਉਨ੍ਹਾਂ ਦੇ ਪਰਿਵਾਰ ਦਾ ਉਸ ਵੇਲੇ ਚੰਗਾ ਕਾਰੋਬਾਰ ਹੋਇਆ ਕਰਦਾ ਸੀ। ਚਾਵਲਾ ਪਰਿਵਾਰ ਹਾਈਵੇਅ ਪੋਲਟਰੀ ਫ਼ਾਰਮ ਦੇ ਨਾਂ ਹੇਠ ਤਰਨ ਤਾਰਨ ਵਿੱਚ ਮੁਰਗੀਖ਼ਾਨਾ ਚਲਾਉਂਦੇ ਸਨ।

ਤਸਵੀਰ ਸਰੋਤ, Ravindersinghrobin/bbc

ਤਸਵੀਰ ਕੈਪਸ਼ਨ,

ਆਪਣ ਪੋਲਟਰੀ ਫ਼ਾਰਮ 'ਚ ਤਜਿੰਦਰਪਾਲ ਸਿੰਘ ਚਾਵਲਾ

ਚੰਗੇ ਤੇ ਨਾਮੀ ਕਾਰੋਬਾਰੀ ਹੋਣ ਕਰਕੇ ਦਹਿਸ਼ਤ ਫ਼ੈਲਾਉਣ ਵਾਲੇ ਦੋਵਾਂ ਪਰਿਵਾਰਾਂ ਨੂੰ ਧਮਕੀਆਂ ਦਿੰਦੇ ਹੋਏ ਪੈਸੇ ਦੀ ਮੰਗ ਕਰਦੇ ਸਨ।

ਤਜਿੰਦਰਪਾਲ ਸਿੰਘ ਨੇ ਦੱਸਿਆ, ''ਉਸ ਸਮੇਂ ਇੱਕ ਚਿੱਠੀ ਨੂੰ ਹੁਕਮਨਾਮਾ ਕਹਿ ਕੇ ਗੁਰਦੁਆਰਾ ਸਾਹਿਬ ਦੇ ਬਾਹਰ ਕੰਧ ਉੱਤੇ ਲਾਇਆ ਗਿਆ ਕਿ ਕੋਈ ਵੀ ਮੀਟ-ਮਾਸ ਨਹੀਂ ਖਾਵੇਗਾ, ਜਿਸ ਕਰਕੇ ਸਾਡਾ ਮੁਰਗੀਖ਼ਾਨੇ ਦਾ ਕੰਮ ਅੱਧਾ ਰਹਿ ਗਿਆ ਸੀ।''

ਕਿਉਂ ਕਰਨੀ ਪਈ ਹਿਜ਼ਰਤ?

ਤੇਜਿੰਦਰ ਸਿੰਘ ਦੱਸਦੇ ਨੇ ਕਿ ਦਹਿਸ਼ਤ ਇੱਕ ਅਜਿਹੀ ਚੀਜ਼ ਸੀ, ਜਿਸ ਕਾਰਨ ਉਨ੍ਹਾਂ ਨੂੰ ਤਰਨ ਤਾਰਨ ਦਾ ਭਾਈਚਾਰਾ, ਆਬੋ ਹਵਾ, ਦੋਸਤ, ਮਿੱਤਰ ਤੇ ਕਾਰੋਬਾਰ ਸਭ ਕੁਝ ਛੱਡਣਾ ਪਿਆ।

ਤਸਵੀਰ ਸਰੋਤ, Ravindersinghrobin/bbc

ਤਸਵੀਰ ਕੈਪਸ਼ਨ,

ਪਤਨੀ ਹਰਜੀਤ ਕੌਰ ਚਾਵਲਾ ਨਾਲ ਤਜਿੰਦਰਪਾਲ ਸਿੰਘ

ਉਹ ਦੱਸਦੇ ਹਨ ਕਿ ਇਸ ਘਟਨਾ ਤੋਂ ਬਾਅਦ ਹੀ ਉਨ੍ਹਾਂ ਦੇ ਭਰਾ ਅਮਰੀਕ ਸਿੰਘ ਤੇ ਹਰਿੰਦਰ ਸਿੰਘ ਚਾਵਲਾ ਤੇ ਪਿਤਾ ਕਲਿਆਣ ਸਿੰਘ ਚਾਵਲਾ ਨੇ ਫ਼ੈਸਲਾ ਕੀਤਾ ਕਿ ਉਨ੍ਹਾਂ ਨੂੰ ਸ਼ਹਿਰ ਤੋਂ ਬਾਹਰ ਭੇਜ ਦਿੱਤਾ ਜਾਵੇ।

ਉਹ ਕਹਿੰਦੇ ਹਨ, ''ਅਸੀਂ ਸੋਚਿਆ ਸ਼ਹਿਰੋਂ ਬਾਹਰ ਹੀ ਕਿਉਂ ਸੂਬੇ ਤੋਂ ਬਾਹਰ ਚਲੇ ਜਾਈਏ, ਇਸ ਤਰ੍ਹਾਂ ਅਸੀਂ ਦਿੱਲੀ ਚਲੇ ਗਏ।''

ਕੀ ਸੀ ਪਰਿਵਾਰਾਂ ਦਾ ਹਾਲ?

ਤਜਿੰਦਰਪਾਲ ਸਿੰਘ ਚਾਵਲਾ ਮੁਤਾਬਕ ਆਪਣੇ ਕਾਰੋਬਾਰ ਲਈ ਉਹ ਦਿੱਲੀ ਤਾਂ ਚਲੇ ਗਏ ਪਰ ਪਰਿਵਾਰ ਬੇਹੱਦ ਫ਼ਿਕਰਮੰਦ ਸੀ। ਉਨ੍ਹਾਂ ਦਿਨਾਂ 'ਚ ਤਜਿੰਦਰਪਾਲ ਸਿੰਘ ਚਾਵਲਾ ਦੀ ਪਤਨੀ ਹਰਜੀਤ ਕੌਰ ਚਾਵਲਾ ਤਰਨ ਤਾਰਨ ਦੇ ਇੱਕ ਸਥਾਨਕ ਸਕੂਲ ਵਿੱਚ ਪੜ੍ਹਾਉਂਦੇ ਸਨ।

ਉਹ ਵੱਡੇ ਸ਼ਹਿਰ ਕੋਲਕਾਤਾ ਤੋਂ ਵਿਆਹ ਕੇ ਤਰਨ ਤਾਰਨ ਆਏ ਸਨ ਤੇ ਉਨ੍ਹਾਂ ਨੂੰ ਲੱਗਦਾ ਸੀ ਕਿ ਕੋਲਕਾਤਾ ਦੇ ਮੁਕਾਬਲੇ ਤਰਨ ਤਾਰਨ ਵੱਧ ਸ਼ਾਂਤ ਤੇ ਰੌਲੇ-ਰੱਪੇ ਤੋਂ ਰਹਿਤ ਸ਼ਹਿਰ ਹੋਵੇਗਾ, ਪਰ ਖਾੜਕੂ ਲਹਿਰ ਦੇ ਇਸ ਦੌਰ ਵਿੱਚ ਪੰਜਾਬ ਵਿਚ ਅਮਨ ਭੰਗ ਹੋ ਚੁੱਕਿਆ ਸੀ।

ਉਹ ਦੱਸਦੇ ਹਨ, ''ਹਰ ਦਿਨ ਮੈਨੂੰ ਪਤੀ ਤੇ ਹੋਰ ਪਰਿਵਾਰਕ ਮੈਂਬਰਾਂ ਦੇ ਘਰ ਆਉਣ ਦੀ ਉਡੀਕ ਰਹਿੰਦੀ ਸੀ।''

ਕਈ ਸਾਲ ਹੋਰਨਾਂ ਸੂਬਿਆਂ 'ਚ ਬਿਤਾਉਣ ਤੋਂ ਬਾਅਦ ਆਖ਼ਰਕਾਰ ਤਜਿੰਦਰਪਾਲ ਸਿੰਘ ਦੇ ਪਰਿਵਾਰਾਂ ਨੇ ਆਪਣੇ ਸੂਬੇ ਪੰਜਾਬ ਨੂੰ ਵਾਪਸੀ ਕਰ ਲਈ। 1984 ਦੇ ਖਾੜਕੂਵਾਦ ਦੌਰਾਨ ਦੋਵਾਂ ਪਰਿਵਾਰਾਂ ਨੂੰ ਆਪਣੇ ਰਿਸ਼ਤਿਆਂ ਦੇ ਨਾਲ-ਨਾਲ ਕਾਰੋਬਾਰ ਨੂੰ ਵੀ ਛੱਡਣਾ ਪਿਆ ਸੀ।

ਉਧਰ ਚਾਵਲਾ ਪਰਿਵਾਰ ਲਈ ਦਹਿਸ਼ਤ ਦੇ ਦੌਰ ਦੌਰਾਨ ਸਾਂਝੇ ਪਰਿਵਾਰ ਦਾ ਸਾਥ ਛੱਡਣਾ ਸੌਖਾ ਨਹੀਂ ਸੀ। ਹਾਲਾਂਕਿ ਉਨ੍ਹਾਂ ਦੇ ਪੰਜਾਬ ਨੂੰ ਛੱਡਣ ਦਾ ਫ਼ੈਸਲਾ ਪਰਿਵਾਰ ਵੱਲੋਂ ਸਾਂਝੇ ਤੌਰ 'ਤੇ ਹੀ ਲਿਆ ਗਿਆ ਸੀ।

ਤਜਿੰਦਰਪਾਲ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਦਾ ਦਿੱਲੀ 'ਚ ਰਹਿਣਾ ਵੀ ਸੌਖਾ ਨਹੀਂ ਸੀ ਅਤੇ ਆਖ਼ਿਰਕਾਰ ਉਹ ਵੀ ਕਈ ਸਾਲ ਦਿੱਲੀ ਵਿੱਚ ਰਹਿਣ ਤੋਂ ਬਾਅਦ 1993 ਦੇ ਅਖ਼ੀਰ 'ਚ ਤਰਨ ਤਾਰਨ ਵਾਪਸ ਆ ਗਏ।

ਤਸਵੀਰ ਸਰੋਤ, Ravindersinghrobin/bbc

ਤਸਵੀਰ ਕੈਪਸ਼ਨ,

ਆਪਣੇ ਵੱਡੇ ਭਰਾ ਅਮਰੀਕ ਸਿੰਘ ਚਾਵਲਾ ਨਾਲ ਤਜਿੰਦਰਪਾਲ ਸਿੰਘ

1984 ਦੇ ਖਾੜਕੂਵਾਦ ਦੇ ਕਾਲੇ ਦੌਰ ਕਾਰਨ ਕਈ ਪਰਿਵਾਰਾਂ ਨਾ ਚਾਹੁੰਦੇ ਹੋਏ ਵੀ ਆਪਣੇ ਪਰਿਵਾਰਾਂ ਦੇ ਜੀਆਂ ਦੀ ਕੁਰਬਾਨੀ ਦੇਣੀ ਪਈ। ਕਈਆਂ ਨੂੰ ਆਪਣੇ ਪਰਿਵਾਰਾਂ ਤੋਂ ਦੂਰ ਹੋਣਾ ਪਿਆ।

ਅਣਗਿਣਤ ਘਰ ਉੱਜੜ ਗਏ, ਪੰਜਾਬ ਵਿੱਚ ਜਾਤ-ਪਾਤ ਦੇ ਨਾਮ 'ਤੇ ਵੀ ਲੋਕਾਂ ਨੂੰ ਲੜਾਇਆ ਗਿਆ। ਉਸ ਦੌਰ ਦੌਰਾਨ 'ਚੁਰਾਸੀ ਦਾ ਚੱਕਰ' ਅਜਿਹਾ ਪਿਆ ਕਿ ਪੰਜਾਬੀਆਂ ਦੀ ਦੁਨੀਆਂ ਉਜਾੜੇ ਦੀ ਦਾਸਤਾਂ ਬਣ ਕੇ ਰਹਿ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)