ਆਪਰੇਸ਼ਨ ਬਲੂ ਸਟਾਰ: 'ਲਾਸ਼ਾਂ ਨੂੰ ਪਾਰ ਕਰਦੇ ਹੋਏ ਮੈਂ ਆਪਣੇ ਦੋ ਬੱਚਿਆਂ ਨਾਲ ਸੁਰੱਖਿਅਤ ਥਾਂ ਪਹੁੰਚੀ'

ਅਮਰਜੀਤ ਕੌਰ

"ਮੇਰੇ ਆਸ ਪਾਸ ਗੋਲੀਆਂ ਚੱਲ ਰਹੀਆਂ ਸਨ ਪਰਿਕਰਮਾ ਵਿੱਚ ਪਈਆਂ ਲਾਸ਼ਾਂ ਨੂੰ ਪਾਰ ਕਰਦੇ ਹੋਏ ਮੈਂ ਆਪਣੇ ਦੋ ਬੱਚਿਆਂ ਨਾਲ ਸੁਰਖਿਅਤ ਥਾਂ ਵੱਲ ਵਧ ਰਹੀ ਸੀ, ਮੈਂ ਇਸ ਗੱਲ ਤੋਂ ਅਣਜਾਣ ਸੀ ਕਿ ਸਾਡੇ ਨਾਲ ਇਹ ਸਭ ਕੁਝ ਹੋ ਰਿਹਾ ਹੈ, ਇਹ ਗੱਲ ਚਾਰ ਜੂਨ ਦੀ ਹੈ ਪਤੀ (ਦਾਰਾ ਸਿੰਘ) ਦੇ ਕਹਿਣ ਉਤੇ ਅਸੀਂ ਉਸ ਸਮੇਂ ਦੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਪੂਰਨ ਸਿੰਘ ਦੇ ਘਰ ਜਾ ਰਹੇ ਸੀ ਜਿੱਥੇ ਹੋਰ ਵੀ ਬਹੁਤ ਸੰਗਤ ਸੀ, ਜੋ ਭਾਰਤੀ ਫ਼ੌਜ ਦੇ ਹਮਲੇ ਵਕਤ ਇੱਕ ਸੁਰੱਖਿਅਤ ਟਿਕਾਣਾ ਸੀ।"

ਇਹ ਸ਼ਬਦ ਹਨ 60 ਸਾਲ ਦੀ ਅਮਰਜੀਤ ਕੌਰ ਦੇ। ਉਨ੍ਹਾਂ ਦਾ ਕਹਿਣਾ ਮੁਤਾਬਕ ਅੰਦਰ ਦਾ ਹਾਲ ਬਹੁਤ ਮਾੜਾ ਸੀ, ਪਰਿਕਰਮਾ ਵਿੱਚ ਲਾਸ਼ਾਂ ਪਈਆਂ ਸਨ ਕੁਝ ਸ਼ਰਧਾਲੂਆਂ ਦੀਆਂ ਅਤੇ ਕੁਝ ਸਿੰਘਾਂ ਦੀਆਂ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਅਮਰਜੀਤ ਦੇ ਹੰਝੂਆਂ 'ਚੋਂ ਟਪਕਦਾ ਹੈ '84 ਦੇ ਸਾਕੇ ਦਾ ਦਰਦ

ਅਮਰਜੀਤ ਕੌਰ ਨੇ ਆਪਰੇਸ਼ਨ ਬਲੂ ਸਟਾਰ ਵਿੱਚ ਆਪਣਾ ਪਤੀ ਦਾਰਾ ਸਿੰਘ (ਜਰਨੈਲ ਸਿੰਘ ਭਿੰਡਰਾਂਵਾਲਾ ਦਾ ਨਿੱਜੀ ਡਰਾਈਵਰ) ਆਪਣੇ ਪਿਤਾ ਅਤੇ ਮੂੰਹ ਬੋਲਿਆ ਭਰਾ ਗੁਆਇਆ ਹੈ।

ਭਾਰਤ-ਪਾਕਿਸਤਾਨ ਸਰਹੱਦ ਦੇ ਨਜ਼ਦੀਕੀ ਜ਼ਿਲ੍ਹਾ ਤਰਤਾਰਨ ਦਾ ਕਸਬਾ ਵਲਟੋਹਾ ਦਾ ਬਹਾਦਰ ਨਗਰ ਵਿੱਚ ਪਿੰਡ ਤੋਂ ਬਾਹਰ ਖੇਤਾਂ ਵਿੱਚ ਬਣੇ ਘਰ ਵਿੱਚ ਅਮਰਜੀਤ ਕੌਰ ਅੱਜ ਕਲ੍ਹ ਆਪਣੇ ਦੋ ਪੁੱਤਰਾਂ ਨਾਲ ਰਹਿ ਰਹੀ ਹੈ।


ਸਾਕਾ ਜੂਨ '84

ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖਾਂ ਦੇ ਮਸਲੇ ਬੇਬਾਕੀ ਨਾਲ ਚੁੱਕਣ ਕਾਰਨ ਸਿਆਸਤ ਦੇ ਕੇਂਦਰ ਬਿੰਦੂ ਬਣ ਚੁੱਕੇ ਸਨ। ਅਕਤੂਬਰ 1983ਵਿੱਚ ਢਿੱਲਵਾਂ ਬੱਸ ਕਾਂਡ ਦੌਰਾਨ 6 ਹਿੰਦੂ ਮਾਰੇ ਗਏ ਤੇ ਪੰਜਾਬ 'ਚ ਕਾਂਗਰਸ ਦੀ ਦਰਬਾਰਾ ਸਿੰਘ ਸਰਕਾਰ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ ਉੱਤੇ ਭੰਗ ਕਰ ਦਿੱਤਾ ਗਿਆ। ਪੰਜਾਬ ਵਿੱਚ ਹਿੰਸਾ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ ਤੇ 1984 ਵਿੱਚ ਜੂਨ ਤੱਕ ਹਿੰਸਕ ਵਾਰਦਾਤਾਂ ਵਿੱਚ ਦਰਜਨਾਂ ਆਮ ਲੋਕ ਮਾਰੇ ਅਤੇ ਪੁਲਿਸ ਮੁਲਾਜ਼ਮ ਮਾਰੇ ਜਾ ਚੁੱਕੇ ਸਨ। ਉਸ ਤੋਂ ਬਾਅਦ ਜੂਨ 1984 ਦੌਰਾਨ ਭਾਰਤੀ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਉੱਤੇ ਕੀਤਾ ਗਿਆ ਹਮਲਾ 'ਆਪਰੇਸ਼ਨ ਬਲੂ ਸਟਾਰ' ਵਜੋਂ ਜਾਣਿਆਂ ਜਾਂਦਾ ਹੈ। ਸਰਕਾਰ ਮੁਤਾਬਕ ਇਹ ਹਮਲਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਅਕਾਲ ਤਖ਼ਤ ਉੱਤੇ ਕਬਜ਼ਾ ਕਰੀ ਬੈਠੇ ਹਥਿਆਰਬੰਦ ਖਾੜਕੂਆਂ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਚੋਂ ਕੱਢਣ ਲਈ ਕੀਤਾ ਗਿਆ। ਹਮਲੇ ਦੌਰਾਨ ਫੌਜ ਦੀ ਅਗਵਾਈ ਕਰ ਰਹੇ ਜਨਰਲ ਕੁਲਦੀਪ ਸਿੰਘ ਬਰਾੜ ਦਾਅਵਾ ਕਰਦੇ ਹਨ ਕਿ ਸੰਤ ਭਿੰਡਰਾਂਵਾਲੇ ਜਾਂ ਉਨ੍ਹਾਂ ਦੇ ਸਾਥੀ ਵੱਖਰੇ ਰਾਜ ਖਾਲਿਸਤਾਨ ਦਾ ਐਲਾਨ ਕਰਨ ਵਾਲੇ ਸਨ ਅਤੇ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਦੀ ਮਦਦ ਮਿਲ ਸਕਦੀ ਸੀਇਸ ਲਈ ਫੌਜੀ ਐਕਸ਼ਨ ਕਰਨਾ ਜ਼ਰੂਰੀ ਸੀ। ਪਰ ਸਿੱਖ ਵਿਦਵਾਨ ਤੇ ਸੰਤ ਭਿੰਡਰਾਂਵਾਲਿਆਂ ਦੇ ਸਲਾਹਾਕਾਰ ਰਹੇ ਡਾਕਟਰ ਭਗਵਾਨ ਸਿੰਘ ਇਸ ਦਾਅਵੇ ਨੂੰ ਰੱਦ ਕਰਦੇ ਹਨ, ਉਨ੍ਹਾਂ ਮੁਤਾਬਕ ਇਹ ਯੋਜਨਾ ਪਹਿਲਾਂ ਗਿਣੀ-ਮਿਥੀ ਗਈ ਸੀ।ਸਿੱਖ ਆਗੂਆਂ ਮੁਤਾਬਕ ਇਸ ਹਮਲੇ ਰਾਹੀਂ ਦੇਸ਼ ਦੀਆਂ ਕੁਝ ਸਿਆਸੀ ਧਿਰਾਂ ਮੁਲਕ ਵਿੱਚ ਫਿਰਕੂ ਧਰੁਵੀਕਰਨ ਕਰਕੇ ਆਪਣੇ ਸਿਆਸੀ ਹਿੱਤ ਪੂਰਨਾ ਚਾਹੁੰਦੀਆਂ ਸਨ। ਸਰਕਾਰੀ ਵ੍ਹਾਈਟ ਪੇਪਰ ਮੁਤਾਬਕ ਹਮਲੇ 'ਚ 83 ਫੌਜੀ ਤੇ 493 ਆਮ ਲੋਕ ਮਾਰੇ ਗਏ। ਕੇਂਦਰੀ ਸਿੱਖ ਅਜਾਇਬ ਘਰ ਵਿੱਚ ਹਮਲੇ ਦੇ ਮ੍ਰਿਤਕਾਂ ਦੀ ਸੂਚੀ ਵਿੱਚ 743 ਨਾਂ ਸ਼ਾਮਲ ਹਨ। ਪੰਜਾਬ ਪੁਲਿਸ ਦੇ ਤਤਕਾਲੀਅਧਿਕਾਰੀ ਅਪਾਰ ਸਿੰਘ ਬਾਜਵਾ ਨੇ ਬੀਬੀਸੀ ਨੂੰ 2004 ਵਿੱਚ ਦੱਸਿਆ ਸੀ ਕਿ ਉਨ੍ਹਾਂ 800 ਲਾਸ਼ਾਂ ਆਪ ਗਿਣੀਆਂ ਸਨ। ਜਦਕਿ ਮਨੁੱਖੀ ਅਧਿਕਾਰ ਕਾਰਕੁਨ ਇੰਦਰਜੀਤ ਸਿੰਘ ਜੇਜੀ ਅਤੇ ਕਈ ਮੰਨੇ-ਪ੍ਰਮੰਨੇ ਪੱਤਰਕਾਰ ਤੇ ਵਿਦਵਾਨ ਮ੍ਰਿਤਕਾਂ ਦੀ ਗਿਣਤੀ 4,000 ਤੋਂ 5,000 ਦੱਸਦੇ ਹਨ। ਇਸ ਸਾਕੇ ਦੇ ਵੱਖ-ਵੱਖ ਪਹਿਲੂਆਂ ਨੂੰ ਬਿਆਨ ਕਰ ਰਹੀ ਹੈ ਬੀਬੀਸੀ ਪੰਜਾਬੀ ਦੀ ਇਹ ਖਾਸ ਲੜੀ ਸਾਕਾ ਜੂਨ '84..


ਦਰਬਾਰ ਸਾਹਿਬ ਦੇ ਅੰਦਰ ਦੀ ਸਥਿਤੀ

ਅਮਰਜੀਤ ਕੌਰ ਨਾਲ ਜਦੋਂ ਆਪਰੇਸ਼ਨ ਬਲੂ ਸਟਾਰ ਬਾਰੇ ਗੱਲ ਕੀਤੀ ਗਈ ਤਾਂ ਉਸ ਦੀ ਪਹਿਲੀ ਪ੍ਰਤੀਕਿਰਿਆ ਸੀ, 'ਉਹ ਬਹੁਤ ਮਾੜਾ ਸਮਾਂ ਸੀ'। ਇਸ ਤੋਂ ਬਾਅਦ ਉਸ ਦੀਆਂ ਅੱਖਾਂ ਵਿੱਚੋਂ ਅੱਥਰੂ ਵਹਿਣੇ ਸ਼ੁਰੂ ਹੋ ਗਏ।

ਥੋੜ੍ਹੀ ਦੇਰ ਚੁੱਪ ਰਹਿਣ ਅਤੇ ਲੰਮਾ ਸਾਹ ਲੈਣ ਤੋਂ ਬਾਅਦ ਅਮਰਜੀਤ ਕੌਰ ਨੇ ਅੱਥਰੂਆਂ ਨੂੰ ਚਿਹਰੇ ਤੋਂ ਸਾਫ ਕਰਦਿਆਂ ਆਖਿਆ, 'ਹਮਲੇ ਤੋਂ ਕੁਝ ਦਿਨ ਪਹਿਲਾਂ ਉਸ ਦੇ ਇੱਕ ਪੁੱਤਰ ਦੀ ਮੌਤ ਹੋਈ ਸੀ ਅਤੇ ਅਜੇ ਪਰਿਵਾਰ ਇਸ ਸਦਮੇਂ ਤੋਂ ਉਭਰ ਹੀ ਰਿਹਾ ਸੀ ਕਿ ਫ਼ੌਜ ਦੇ ਹਮਲੇ ਨੇ ਉਸ ਨੂੰ ਕਦੇ ਵੀ ਨਾ ਭੁੱਲਣ ਵਾਲਾ ਜ਼ਖ਼ਮ ਦੇ ਦਿੱਤਾ'।

ਜੂਨ 1984 ਦੇ ਸਾਕੇ ਨੂੰ ਯਾਦ ਕਰਦਿਆਂ ਅਮਰਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਦਾਰਾ ਸਿੰਘ (ਜੋ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਨਿੱਜੀ ਡਰਾਈਵਰ ਸੀ) ਅਤੇ ਆਪਣੇ ਬੱਚਿਆਂ ਨਾਲ ਦਰਬਾਰ ਸਾਹਿਬ ਵਿੱਚ ਹੀ ਰਹਿੰਦੀ ਸੀ।

ਇੱਕ ਜੂਨ ਨੂੰ ਜਦੋਂ ਉਹ ਲੰਗਰ ਹਾਲ ਵਿੱਚ ਸੇਵਾ ਕਰ ਰਹੀ ਸੀ ਤਾਂ ਬਾਹਰੋਂ ਫਾਇਰਿੰਗ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਨਾਲ ਉਥੇ ਸੰਗਤ ਵਿੱਚ ਸਹਿਮ ਦਾ ਮਾਹੌਲ ਪੈਦਾ ਹੋਇਆ।

ਅਮਰਜੀਤ ਕੌਰ ਨੇ ਦੱਸਿਆ ਕਿ ਉਸ ਦਿਨ ਹੀ ਉਹਨਾਂ ਦੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨਾਲ ਮੁਲਾਕਾਤ ਵੀ ਹੋਈ ਸੀ, ਉਹਨਾਂ ਇਹ ਵੀ ਆਖਿਆ ਸੀ ਛੇਤੀ ਹੀ ਸਥਿਤੀ ਠੀਕ ਹੋ ਜਾਵੇਗੀ। ਇਸ ਦੌਰਾਨ ਫ਼ੌਜ ਦਾ ਘੇਰਾ ਦਰਬਾਰ ਸਾਹਿਬ ਦੇ ਆਲੇ ਦੁਆਲੇ ਮਜ਼ਬੂਤ ਹੁੰਦਾ ਜਾ ਰਿਹਾ ਸੀ।

ਅਮਰਜੀਤ ਕੌਰ ਮੁਤਾਬਕ ਚਾਰ ਜੂਨ ਤੱਕ ਆਉਣ ਵਾਲੇ ਸਮੇਂ ਨੂੰ ਭਾਂਪਦੇ ਹੋਏ ਉਸ ਦੇ ਪਤੀ ਨੇ ਪਰਿਵਾਰ ਨੂੰ ਗਿਆਨੀ ਪੂਰਨ ਸਿੰਘ ਦੇ ਘਰ ਜਾਣ ਲਈ ਆਖ ਦਿੱਤਾ। ਚਾਰ ਜੂਨ ਨੂੰ ਸਵੇਰੇ ਤੜਕੇ ਤੋਂ ਫੌਜ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ ਅਤੇ ਸਵੇਰੇ ਸੱਤ ਵਜੇ ਦੇ ਕਰੀਬ ਅਸੀਂ ਗਿਆਨੀ ਪੂਰਨ ਸਿੰਘ ਦੇ ਘਰ ਚਲੇ ਗਏ।

ਪਤੀ ਨਾਲ ਇਹ ਉਨ੍ਹਾਂ ਦੀ ਅੰਤਮ ਗੱਲਬਾਤ ਸੀ। "ਅਸੀਂ ਸੁਰਖਿਅਤ ਥਾਂ ਵੱਲ ਵਧ ਰਹੇ ਸੀ, ਸਾਨੂੰ ਚਾਰੇ ਪਾਸਿਆਂ ਤੋਂ ਫੌਜ ਨੇ ਘੇਰਿਆ ਹੋਇਆ ਸੀ, ਸਾਨੂੰ ਇਹ ਗੱਲ ਬਿਲਕੁਲ ਚੇਤੇ ਨਹੀਂ ਸੀ ਕਿ ਸਥਿਤੀ ਇੰਨੀ ਵਿਗੜ ਜਾਵੇਗੀ"।

ਪਤੀ ਨੇ ਆਖਿਆ ਸੀ ਕਿ ਸੰਤਾਂ ਨੂੰ ਨਹੀਂ ਛੱਡ ਸਕਦੇ

ਅਮਰਜੀਤ ਕੌਰ ਨੇ ਦੱਸਿਆ ਕਿ ਸਥਿਤੀ ਖਰਾਬ ਹੁੰਦੀ ਦੇਖ ਕੇ ਉਸ ਨੇ ਪਤੀ ਨੂੰ ਵੀ ਨਾਲ ਚੱਲਣ ਲਈ ਆਖਿਆ ਸੀ ਪਰ ਉਨ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਛ਼ੱਡ ਕੇ ਜਾਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਆਖਿਆ ਸੀ ਕਿ ਉਹ ਸੰਤ ਦਾ ਵਿਸਵਾਸ਼ ਨਹੀਂ ਤੋੜ ਸਕਦੇ।

ਅਮਰਜੀਤ ਮੁਤਾਬਕ ਹਮਲੇ ਦੌਰਾਨ ਉਨ੍ਹਾਂ ਦੇ ਪਿਤਾ ਅਤੇ ਮੂੰਹ ਬੋਲਿਆ ਭਰਾ ਜਦੋਂ ਪਤੀ ਨੂੰ ਲੱਭਣ ਲਈ ਗਏ ਤਾਂ ਉਹ ਵੀ ਅੰਦਰ ਹੀ ਫਸ ਗਏ ਅਤੇ ਅੱਜ ਤੱਕ ਵਾਪਸ ਨਹੀਂ ਪਰਤੇ। ਉਹ ਦੱਸਦੇ ਹਨ ਉਨ੍ਹਾਂ ਨੂੰ ਆਪਣਿਆਂ ਦੇ ਅੰਤਮ ਦਰਸ਼ਨ ਕਰਨੇ ਵੀ ਨਸੀਬ ਨਹੀਂ ਹੋਏ।

'ਮੈਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ'

ਅਮਰਜੀਤ ਕੌਰ ਨੇ ਦੱਸਿਆ ਕਿ ਹਮਲੇ ਵੇਲੇ ਉਸ ਦੇ ਬੱਚੇ ਛੋਟੇ ਸਨ ਅਤੇ ਉਸ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਹੀ ਸੀ ਕੀ ਹਮਲਾ ਜਾਂ ਲੜਾਈ ਕਿਉਂ ਹੋ ਰਹੀ ਹੈ। ਉਹ ਆਪਣੇ ਪਤੀ ਨਾਲ ਦਰਬਾਰ ਸਾਹਿਬ ਵਿੱਚ ਰਹਿੰਦੀ ਸੀ ਅਤੇ ਉਸ ਦਾ ਮੂਵਮੈਂਟ ਨਾਲ ਕੋਈ ਲੈਣਾ ਦੇਣਾ ਨਹੀਂ ਸੀ।

ਗੱਲਬਾਤ ਸੀ ਮਸਲੇ ਦਾ ਹੱਲ

ਦਰਬਾਰ ਸਾਹਿਬ ਉੱਤੇ ਫੌਜੀ ਕਾਰਵਾਈ ਦੌਰਾਨ ਅਮਰਜੀਤ ਕੌਰ ਦੇ ਵੱਡੇ ਪੁੱਤਰ ਨਿਸ਼ਾਨ ਸਿੰਘ ਦੀ ਉਮਰ ਮਹਿਜ ਛੇ ਸਾਲ ਸੀ।

ਉਹ ਦੱਸਦੇ ਹਨ ਕਿ ਉਸ ਨੂੰ ਹਮਲੇ ਦੀਆਂ ਕਾਫੀ ਗੱਲਾਂ ਯਾਦ ਹਨ, ਇਨ੍ਹਾਂ ਵਿੱਚੋਂ ਕੁਝ ਉਹ ਦ੍ਰਿਸ਼ ਵੀ ਹਨ ਜੋ ਉਸ ਨੇ ਉਸ ਵੇਲੇ ਦੇਖੇ ਸਨ। ਉਸ ਵਕਤ ਉਹ ਕਾਫੀ ਛੋਟਾ ਸੀ ਪਰ ਅੱਜ ਉਹ ਇਹ ਗੱਲ਼ ਆਖ ਸਕਦਾ ਹੈ ਕਿ ਪੂਰਾ ਮਸਲੇ ਦਾ ਹੱਲ ਗੱਲਬਾਤ ਰਾਹੀਂ ਵੀ ਹੋ ਸਕਦਾ ਸੀ।

ਉਨ੍ਹਾਂ ਆਖਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੇ ਖ਼ਾਲਿਸਤਾਨ ਦੀ ਮੰਗ ਨਹੀਂ ਸੀ ਕੀਤੀ ਉਹਨਾਂ ਪੰਜਾਬ ਦੀਆਂ ਮੰਨੀਆਂ ਜਾਣ ਵਾਲੀਆਂ ਮੰਗਾਂ ਦੀ ਵਕਾਲਤ ਕੀਤੀ ਸੀ ਜਿਸ ਦੇ ਲਈ ਦਰਬਾਰ ਸਾਹਿਬ ਉਤੇ ਹਮਲਾ ਕਰਨਾ ਜਾਇਜ਼ ਨਹੀਂ ਸੀ।

ਉਨ੍ਹਾਂ ਇਸ ਗੱਲ ਉਤੇ ਵੀ ਗਿਲਾ ਪ੍ਰਗਟਾਇਆ ਕਿ ਜੋ ਲੋਕ ਅੱਜ ਖ਼ਾਲਿਸਤਾਨ ਦੀ ਗੱਲ ਕਰਦੇ ਹਨ ਉਹ ਆਪਰੇਸ਼ਨ ਬਲੂ ਸਟਾਰ ਦੌਰਾਨ ਆਪਣਿਆਂ ਨੂੰ ਗੁਆਉਣ ਵਾਲਿਆਂ ਦੀ ਸਾਰ ਲੈਣ ਲਈ ਕਦੇ ਨਹੀਂ ਆਏ। ਉਹਨਾਂ ਆਖਿਆ ਕਿ ਉਨ੍ਹਾਂ ਦੀ ਮਾਤਾ ਨੇ ਤਮਾਮ ਦਿੱਕਤਾਂ ਦੇ ਬਾਵਜੂਦ ਉਹਨਾਂ ਨੂੰ ਪੜ੍ਹਾ ਲਿਖਾ ਕੇ ਰੋਜ਼ੀ ਰੋਟੀ ਕਮਾਉਣ ਦੇ ਕਾਬਲ ਬਣਾਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)