ਪਾਕਿਸਤਾਨ ਨੇ ਸ਼੍ਰੋਮਣੀ ਕਮੇਟੀ ਦੇ ਜਥੇ ਨੂੰ ਵੀਜ਼ੇ ਕਿਉਂ ਨਹੀਂ ਦਿੱਤੇ

ਸ਼੍ਰੋਮਣੀ ਕਮੇਟੀ Image copyright Ravinder SIngh Robin/bbc

ਨਾਨਕਸ਼ਾਹੀ ਕੈਲੰਡਰ ਦੇ ਰੇੜਕੇ ਕਾਰਨ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਾਕਿਸਤਾਨ ਦੇ ਗੁਰਧਾਮਾਂ ਲਈ ਭੇਜਿਆ ਜਾਣ ਵਾਲਾ ਸਿੱਖ ਸ਼ਰਧਾਲੂਆਂ ਦਾ ਜਥਾ ਇਸ ਵਾਰ ਪਾਕਿਸਤਾਨ ਨਹੀਂ ਜਾਵੇਗਾ। ਇਹ ਜੱਥਾ ਅੱਜ ਰਵਾਨਾ ਹੋਣਾ ਸੀ।

ਪਾਕਿਸਤਾਨ ਨੇ ਨਹੀਂ ਦਿੱਤੇ ਵੀਜ਼ੇ

ਪਾਕਿਸਤਾਨ ਵਿੱਚ ਸਿੱਖ ਭਾਈਚਾਰਾ ਮੂਲ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਸਿੱਖੀ ਦਿਹਾੜਿਆਂ ਨੂੰ ਮਨਾਉਂਦਾ ਹੈ। ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 16 ਜੂਨ ਨੂੰ ਹੁੰਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੋਧੇ ਗਏ ਨਾਨਕਸ਼ਾਹੀ ਕੈਲੰਡਰ ਦੀ ਪਾਲਣਾ ਕਰਦੀ ਹੈ, ਉਨ੍ਹਾਂ ਮੁਤਾਬਕ ਗੁਰਪੁਰਬ 17 ਜੂਨ ਦਾ ਬਣਦਾ ਹੈ।

ਜਥੇ ਦੀ ਪਾਕਿਸਤਾਨ ਯਾਤਰਾ ਨੂੰ ਰੱਦ ਕਰਨ ਦੀ ਪੁਸ਼ਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ ਸੈਕਟਰੀ ਡਾਕਟਰ ਰੂਪ ਸਿੰਘ ਨੇ ਕੀਤੀ ਹੈ।

ਬੀ.ਬੀ.ਸੀ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਲਈ ਸ਼੍ਰੋਮਣੀ ਕਮੇਟੀ ਵਲੋਂ 82 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ੇ ਲੱਗਣ ਲਈ ਦਿੱਲੀ ਸਥਿਤ ਪਾਕਿਸਤਾਨ ਅੰਬੈਸੀ ਨੂੰ ਭੇਜੇ ਗਏ ਸਨ। ਪਰ ਪਾਕਿਸਤਾਨ ਹਾਈ ਕਮਿਸ਼ਨ ਨੇ ਸਾਡੇ ਪਾਸਪੋਰਟ ਬਿਨਾਂ ਵੀਜ਼ੇ ਲਾਏ ਵਾਪਸ ਭੇਜ ਦਿੱਤੇ ਹਨ।

ਕੀ ਹੈ ਰੇੜਕਾ

ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵਲੋਂ ਮੂਲ ਨਾਨਕਸ਼ਾਹੀ ਕਲੈਂਡਰ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ 16 ਜੂਨ ਨੂੰ ਮਨਾਇਆ ਜਾ ਰਿਹਾ ਹੈ। ਜਦਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਕਾਲ ਤੱਖਤ ਸਾਹਿਬ ਤੋਂ ਪ੍ਰਮਾਣਿਤ ਸੋਧੇ ਨਾਨਕ ਸ਼ਾਹੀ ਕਲੈਂਡਰ ਦੇ ਅਨੁਸਾਰ 17 ਜੂਨ ਨੂੰ ਮਨਾਇਆ ਜਾਂਦਾ ਹੈ।

Image copyright Ravinder Singh Robin/bbc

ਉਨ੍ਹਾਂ ਦੱਸਿਆ ਕਿ ਜਥਾ ਨਾ ਜਾਣ ਦਾ ਕਾਰਨ ਦਿੱਲੀ ਸਥਿਤ ਪਾਕਿਸਤਾਨ ਅੰਬੈਸੀ ਵਲੋਂ ਸ਼੍ਰੋਮਣੀ ਕਮੇਟੀ ਦੇ ਪ੍ਰੋਗਰਾਮ ਅਨੁਸਾਰ ਵੀਜੇ ਨਾ ਦਿੱਤੇ ਜਾਣਾ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਹਾਈ ਕਮਿਸ਼ਨ ਨੇ 8 ਤੋਂ 17 ਜੂਨ ਵੀਜ਼ੇ ਦੇਣ ਦੀ ਪੇਸ਼ਕਸ਼ ਕੀਤੀ ਹੈ। ਪਰ ਅਸੀਂ 9 ਜੂਨ ਤੋਂ 18 ਜੂਨ ਤੱਕ ਦੀ ਵੀਜ਼ੇ ਦੀ ਮੰਗ ਕੀਤੀ ਸੀ

ਨਾਨਕਸ਼ਾਹੀ ਕੈਲੰਡਰ ਵਿੱਚ ਸੋਧ

2003 ਚ ਸ਼੍ਰੀ ਅਕਾਲ ਤਖਤ ਸਾਹਿਬ ਨੇ ਉਦੋਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਦੀ ਮੌਜੂਦਗੀ 'ਚ ਪਹਿਲਾ ਨਾਨਕਸ਼ਾਹੀ ਕਲੈਂਡਰ ਲਾਗੂ ਕੀਤਾ ਸੀ।

ਇਲਜ਼ਾਮ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸੰਸਥਾਵਾਂ ਨੂੰ ਵਿਸ਼ਵਾਸ ਵਿੱਚ ਲਏ ਬਿਨਾਂ ਇਸ ਵਿੱਚ ਕਈ ਸੋਧਾਂ ਕਰ ਦਿੱਤੀਆਂ ਸਨ। ਜਿਸ ਨਾਲ ਸਿੱਖ ਭਾਈਚਾਰੇ 'ਚ ਇਸ ਦੀਆਂ ਤਰੀਖਾਂ ਨੂੰ ਲੈ ਕੇ ਦੋ ਰਾਵਾਂ ਨੇ। ਅਜੇ ਵੀ ਕਈ ਸੰਸਥਾਵਾਂ ਮੂਲ ਨਾਨਕਸ਼ਾਹੀ ਕਲੈਂਡਰ ਅਨੁਸਾਰ ਸਿੱਖ ਦਿਹਾੜੇ ਮਨਾਉਂਦਿਆਂ ਨੇ।

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਨੁਸਾਰ ਉਹ ਸ੍ਰੀ ਅਖੰਡ ਪਾਠ 15 ਜੂਨ ਰੱਖ ਕੇ ਭੋਗ 17 ਜੂਨ ਪਾਉਣਾ ਚਾਹੁੰਦੀ ਸੀ।

ਦੂਜੇ ਪਾਸੇ ਕੁਝ ਸਿੱਖ ਸੰਸਥਾਵਾਂ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ,ਭਾਈ ਮਰਦਾਨਾ ਕੀਰਤਨ ਦਰਬਾਰ ਯਾਦਗਾਰ ਸੋਸਾਇਟੀ ,ਮੂਲ ਨਾਨਕਸ਼ਾਹੀ ਕੈਲੈਂਡਰ ਅਨੁਸਾਰ ਇਸ ਦਿਹਾੜੇ ਨੂੰ ਮਨਾਉਂਣਗੀਆਂ।ਉਹ ਆਪਣੇ ਜਥੇ ਅੱਜ ਪਾਕਿਸਤਾਨ ਭੇਜ ਰਹੇ ਨੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ