ਹਿੰਦੂ ਸੰਤਾਂ ਨੇ ਦਿੱਤੀ ਇਫ਼ਤਾਰ, ਮੰਦਿਰ ਵਿੱਚ ਪੜ੍ਹਾਈ ਨਮਾਜ਼

ਰਮਜ਼ਾਨ Image copyright Getty Images

ਪਿਛਲੇ ਕੁਝ ਦਹਾਕਿਆਂ ਵਿੱਚ ਉੱਤਰ ਪ੍ਰਦੇਸ਼ ਦਾ ਅਯੁੱਧਿਆ ਸ਼ਹਿਰ ਰਾਮ ਜਨਮਭੂਮੀ-ਬਾਬਰੀ ਮਸਜਿਦ ਵਿਵਾਦ ਦੇ ਕਾਰਨ ਸੁਰਖ਼ੀਆਂ ਵਿੱਚ ਰਿਹਾ ਹੈ।

1992 ਵਿੱਚ ਬਾਬਰੀ ਮਸਜਿਦ ਢਾਏ ਜਾਣ ਤੋਂ ਬਾਅਦ ਦੇਸ ਦੇ ਕਈ ਇਲਾਕਿਆਂ ਵਿੱਚ ਫਿਰਕੂ ਹਿੰਸਾ ਹੋਈ ਅਤੇ ਕਈ ਲੋਕ ਮਾਰੇ ਗਏ।

ਇਹ ਮਾਮਲਾ ਅਜੇ ਅਦਾਲਤ ਵਿੱਚ ਹੈ ਅਤੇ ਫੈਸਲੇ ਦੀ ਉਡੀਕ ਹੈ।

ਇਨ੍ਹਾਂ ਸਾਰੇ ਵਿਵਾਦਾਂ ਦੇ ਵਿਚਾਲੇ ਅਯੁੱਧਿਆ ਵਿੱਚ ਧਾਰਮਿਕ ਭਾਈਚਾਰੇ ਦਾ ਦੂਜਾ ਚਿਹਰਾ ਵੀ ਨਜ਼ਰ ਆਇਆ।

ਹਿੰਦੂ-ਮੁਸਲਮਾਨ ਦੀ ਏਕਤਾ

ਸੋਮਵਾਰ ਨੂੰ ਅਯੁੱਧਿਆ ਦੇ ਸੈਂਕੜੇ ਸਾਲ ਪੁਰਾਣੇ ਇੱਕ ਮੰਦਿਰ ਦੇ ਮਹੰਤ ਨੇ ਮੁਸਲਮਾਨਾਂ ਲਈ ਇਫ਼ਤਾਰ ਪਾਰਟੀ ਰੱਖੀ।

ਕਈ ਮੁਸਲਮਾਨ ਰੋਜ਼ੇਦਾਰਾਂ ਨੇ ਉੱਥੇ ਜਾ ਕੇ ਆਪਣਾ ਰੋਜ਼ਾ ਤੋੜਿਆ।

ਅਯੁੱਧਿਆ ਨੇ ਸਰਿਊ ਕੁੰਜ ਮੰਦਿਰ ਦੇ ਮਹੰਤ ਨੇ ਸੋਮਵਾਰ ਨੂੰ ਇਫ਼ਤਾਰ ਪਾਰਟੀ ਦਾ ਪ੍ਰਬੰਧ ਕੀਤਾ। ਇਫ਼ਤਾਰ ਤੋਂ ਬਾਅਦ ਮੰਦਿਰ ਕੰਪਲੈਕਸ ਵਿੱਚ ਮਗਰਿਬ ਦੀ ਨਮਾਜ਼ ਵੀ ਅਦਾ ਕੀਤੀ ਗਈ।

ਮੰਦਿਰ ਦੇ ਮਹੰਤ ਜੁਗਲ ਕਿਸ਼ੋਰ ਸ਼ਰਨ ਸ਼ਾਸਤਰੀ ਨੇ ਬੀਬੀਸੀ ਨੂੰ ਦੱਸਿਆ, "ਅਜਿਹਾ ਪੂਰੀ ਤਰ੍ਹਾਂ ਇਹ ਦੱਸਣ ਲਈ ਕੀਤਾ ਗਿਆ ਹੈ ਕਿ ਅਯੁੱਧਿਆ ਵਿੱਚ ਹਿੰਦੂ ਅਤੇ ਮੁਸਲਮਾਨ ਕਿੰਨੇ ਪ੍ਰੇਮ ਨਾਲ ਰਹਿੰਦੇ ਹਨ।"

ਕਿਸ ਨੇ ਦਿੱਤੀ ਇਫ਼ਤਾਰ ਦੀ ਦਾਅਵਤ

''ਕਈ ਮੁਸਲਮਾਨ ਭਰਾ ਇੱਥੇ ਇਫ਼ਤਾਰ ਲਈ ਆਏ ਅਤੇ ਸੰਤਾਂ ਨੇ ਆਪਣੇ ਹੱਥਾਂ ਨਾਲ ਉਨ੍ਹਾਂ ਨੂੰ ਇਫ਼ਤਾਰ ਕਰਵਾਈ।''

ਜੁਗਲ ਕਿਸ਼ੋਰ ਸ਼ਾਸਤਰੀ ਨੇ ਦੱਸਿਆ ਕਿ ਇਹ ਪ੍ਰਬੰਧ ਉਨ੍ਹਾਂ ਨੇ ਪਹਿਲੀ ਵਾਰੀ ਨਹੀਂ ਕੀਤਾ ਹੈ ਸਗੋਂ ਤਿੰਨ ਸਾਲ ਪਹਿਲਾਂ ਵੀ ਕੀਤਾ ਸੀ।

ਉਹ ਦੱਸਦੇ ਹਨ, "ਤਿੰਨ ਸਾਲ ਪਹਿਲਾਂ ਅਸੀਂ ਇਸ ਦੀ ਸ਼ੁਰੂਆਤ ਕੀਤੀ ਸੀ ਪਰ ਉਸ ਤੋਂ ਬਾਅਦ ਮੈਂ ਬਿਮਾਰ ਪੈ ਗਿਆ। ਇਸ ਕਾਰਨ ਇਹ ਪਿਛਲੇ ਸਾਲ ਇਫ਼ਤਾਰ ਦਾ ਪ੍ਰਬੰਧ ਨਹੀਂ ਹੋ ਸਕਿਆ। ਹੁਣ ਅੱਗੇ ਇਸ ਨੂੰ ਜਾਰੀ ਰੱਖਿਆ ਜਾਵੇਗਾ।"

ਮਹੰਤ ਜੁਗਲ ਕਿਸ਼ੋਰ ਸ਼ਾਸਤਰੀ ਮੁਤਾਬਕ ਇਫ਼ਤਾਰ ਵਿੱਚ ਰੋਜ਼ੇਦਾਰਾਂ ਨੂੰ ਉਹੀ ਚੀਜ਼ਾਂ ਖੁਆਈਆਂ ਗਈਆਂ ਜੋ ਭਗਵਾਨ ਨੂੰ ਭੋਗ ਲਾਈਆਂ ਗਈਆਂ ਸਨ।

ਪ੍ਰਸਾਦ ਵੀ, ਇਫ਼ਤਾਰ ਵੀ

ਉਨ੍ਹਾਂ ਨੇ ਕਿਹਾ, "ਇਹ ਸਮਝੋ ਕਿ ਰੱਬ ਦਾ ਪ੍ਰਸਾਦ ਰੋਜ਼ੇਦਾਰਾਂ ਨੂੰ ਖੁਆਇਆ ਗਿਆ। ਇਫ਼ਤਾਰ ਵਿੱਚ ਹਲਵਾ, ਪਕੌੜੀ, ਕੇਲਾ, ਖਜੂਰ ਅਤੇ ਕੁਝ ਹੋਰ ਚੀਜ਼ਾਂ ਰੱਖੀਆਂ ਗਈਆਂ ਸਨ । ਤਕਰੀਬਨ 100 ਲੋਕ ਸ਼ਾਮਿਲ ਸਨ। ਜ਼ਿਆਦਾ ਲੋਕਾਂ ਨੂੰ ਅਸੀਂ ਸੱਦ ਨਹੀਂ ਸਕੇ ਪਰ ਜਿੰਨੇ ਵੀ ਸੱਦੇ ਸਭ ਲੋਕ ਆਏ।"

ਇਫ਼ਤਾਰ ਪਾਰਟੀ ਵਿੱਚ ਅਯੁੱਧਿਆ ਅਤੇ ਫੈਜ਼ਾਬਾਦ ਦੇ ਮੁਸਲਮਾਨਾਂ ਤੋਂ ਇਲਾਵਾ ਤਕਰੀਬਨ ਅੱਧਾ ਦਰਜਨ ਸਾਧੂ-ਸੰਤਾਂ ਨੂੰ ਵੀ ਸੱਦਿਆ ਗਿਆ ਸੀ, ਜੋ ਇਸ ਪ੍ਰੋਗਰਾਮ ਵਿੱਚ ਆਏ ਵੀ।

ਮਹੰਤ ਜੁਗਲ ਕਿਸ਼ੋਰ ਸ਼ਾਸਤਰੀ ਨੇ ਦੱਸਿਆ ਕਿ ਰੋਜ਼ੇਦਾਰਾਂ ਦੇ ਨਾਲ ਹੀ ਮੰਦਿਰ ਦੇ ਸੰਤਾਂ, ਮੁਲਾਜ਼ਮਾਂ ਅਤੇ ਮਹਿਮਾਨ ਸਾਧੂ-ਸੰਤਾਂ ਨੇ ਵੀ ਇਫ਼ਤਾਰ ਕੀਤਾ।

ਉਨ੍ਹਾਂ ਮੁਤਾਬਕ ਸਰਿਊ ਕੁੰਜ ਸਥਿਤ ਇਹ ਮੰਦਿਰ ਸੈਂਕੜੇਂ ਸਾਲ ਪੁਰਾਣਾ ਹੈ ਅਤੇ ਰਾਮ ਜਨਮਪੂੰਜੀ-ਬਾਬਰੀ ਮਸਜਿਦ ਕੰਪਲੈਕਸ ਨੇੜੇ ਹੈ।

ਕੋਈ ਆਗੂ ਸ਼ਾਮਿਲ ਨਹੀਂ

ਉਨ੍ਹਾਂ ਕਿਹਾ, "ਅਸੀਂ ਵੈਸ਼ਨਵ ਸੰਤ ਹਾਂ। ਵੈਸ਼ਨਵ ਅਤੇ ਸੂਫ਼ੀ ਪਰੰਪਰਾ ਤੋਂ ਅਸੀਂ ਸਿੱਖਿਆ ਹੈ ਕਿ ਸਾਰੇ ਧਰਮਾਂ ਅਤੇ ਭਾਈਚਾਰਿਆਂ ਵਿੱਚ ਪ੍ਰੇਮ ਹੋਣਾ ਚਾਹੀਦਾ ਹੈ। ਉਸੇ ਮਕਸਦ ਨਾਲ ਅਸੀਂ ਇਹ ਪ੍ਰੋਗਰਾਮ ਬਣਾਇਆ।"

ਇਫ਼ਤਾਰ ਪਾਰਟੀ ਵਿੱਚ ਨਾ ਤਾਂ ਕਿਸੇ ਸਿਆਸੀ ਦਲ ਦੇ ਲੋਕਾਂ ਨੂੰ ਬੁਲਾਇਆ ਗਿਆ ਸੀ ਅਤੇ ਨਾ ਹੀ ਕਿਸੇ ਹੋਰ ਵੀਆਈਪੀ ਨੂੰ। ਇੱਥੋਂ ਤੱਕ ਕਿ ਮੀਡੀਆ ਨੂੰ ਵੀ ਨਹੀਂ ਸੱਦਿਆ ਗਿਆ ਸੀ।

ਫੈਜ਼ਾਬਾਦ ਦੇ ਸਥਾਨਕ ਪੱਤਰਕਾਰ ਅਭਿਸ਼ੇਕ ਸ਼੍ਰੀਵਾਸਤਵ ਨੇ ਦੱਸਿਆ, "ਇਸ ਪ੍ਰੋਗਰਾਮ ਦੀ ਜਾਣਕਾਰੀ ਮੀਡੀਆ ਵਾਲਿਆਂ ਨੂੰ ਵੀ ਨਹੀਂ ਸੀ। ਸਿਰਫ਼ ਉਨ੍ਹਾਂ ਹੀ ਚੁਣੇ ਹੋਏ ਪੱਤਰਕਾਰਾਂ ਨੂੰ ਪਤਾ ਸੀ ਜੋ ਅਕਸਰ ਮਹੰਤ ਜੀ ਕੋਲ ਆਉਂਦੇ-ਜਾਂਦੇ ਹਨ।"

ਅਭਿਸ਼ੇਕ ਸ਼੍ਰੀਵਾਸਤਵ ਦੱਸਦੇ ਹਨ ਕਿ ਅਯੁੱਧਿਆ ਦੇ ਮਸ਼ਹੂਰ ਹਨੁਮਾਨਗੜ੍ਹੀ ਮੰਦਿਰ ਦੇ ਮਹੰਤ ਗਿਆਨਦਾਸ ਨੇ ਵੀ ਇਸ ਤੋਂ ਪਹਿਲਾਂ ਦੋ ਵਾਰੀ ਮੰਦਿਰ ਕੰਪਲੈਕਸ ਵਿੱਚ ਇਫ਼ਤਾਰ ਦਾ ਪ੍ਰਬੰਧ ਕੀਤਾ ਸੀ ਪਰ ਬਾਅਦ ਵਿੱਚ ਉਨ੍ਹਾਂ ਨੇ ਇਸ ਨੂੰ ਬੰਦ ਕਰ ਦਿੱਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)