ਧਾਰਾ 377: ਸਮਲਿੰਗਤਾ ਬਾਰੇ ਗ਼ਲਤ ਧਾਰਨਾਵਾਂ ਤੋਂ ਇੱਕ ਗੇਅ ਨੇ ਪਰਦਾ ਚੁੱਕਿਆ

ਗੇਅ-ਲੇਸਬਿਅਨ Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

'ਕੀ ਤੁਹਾਡੇ ਬੱਚੇ ਗੇਅ-ਲੈਸਬੀਅਨ ਹਨ? ਉਨ੍ਹਾਂ ਦੇ ਵਿਆਹ ਤੋਂ ਪਹਿਲਾਂ ਸਾਡੇ ਤੋਂ ਜਾਣੋ'

ਇਹ ਦਾਅਵਾ ਹੈ ਗੁੜਗਾਂਓ ਦੇ ਇੱਕ ਥੈਰੇਪੀ ਸੈਂਟਰ ਦਾ, ਜਿਸਦਾ ਇਸ਼ਤਿਹਾਰ ਇੱਕ ਨਾਮੀ ਅਖ਼ਬਾਰ 'ਚ 10 ਜੂਨ ਨੂੰ ਛਪਿਆ ਸੀ। ਇਸ਼ਤਿਹਾਰ 'ਚ ਇਹ ਵੀ ਦਾਅਵਾ ਕੀਤਾ ਗਿਆ ਕਿ ਉਹ 'ਡਿਸਟੈਂਸ ਹੀਲਿੰਗ' ਨਾਲ ਸਮਲਿੰਗਤਾ ਦਾ 'ਇਲਾਜ' ਕਰ ਸਕਦੇ ਹਨ।

ਇਸ਼ਤਿਹਾਰ ਦੇਖ ਕੇ ਐਲਜੀਬੀਟੀ ਕਾਰਕੁਨ ਹਰੀਸ਼ ਅਈਅਰ ਨੇ ਥੈਰੇਪੀ ਸੈਂਟਰ 'ਚ ਫ਼ੋਨ ਕੀਤਾ।

Image copyright harrishiyer/fb
ਫੋਟੋ ਕੈਪਸ਼ਨ ਅਖ਼ਬਾਰ 'ਚ ਛਪਿਆ ਇਸ਼ਤਿਹਾਰ

ਹਰੀਸ਼ ਖ਼ੁਦ ਨੂੰ ਸਮਲਿੰਗੀ ਮੰਨਦੇ ਹਨ। ਹਰੀਸ਼ ਨੇ ਅਖ਼ਬਾਰ 'ਚ ਦਿੱਤੇ ਨੰਬਰ 'ਤੇ ਫ਼ੋਨ ਕੀਤਾ ਤੇ ਆਪਣੇ ਗੇਅ ਹੋਣ ਦਾ ਕਾਰਨ ਪੁੱਛਿਆ।

ਉਨ੍ਹਾਂ ਨੂੰ ਜਵਾਬ 'ਚ ਦੱਸਿਆ ਗਿਆ ਕਿ ਉਹ ਸਮਾਰਟਫ਼ੋਨ ਵਰਗੇ ਇਲੈਕਟ੍ਰੋਨਿਕ ਡਿਵਾਇਸਿਜ਼ ਦੀ ਵੱਧ ਵਰਤੋਂ ਕਰਦੇ ਹਨ ਅਤੇ ਇਸ ਕਰਕੇ ਸਮਲਿੰਗੀ ਹੋ ਗਏ ਹਨ।

ਇਸ ਤੋਂ ਬਾਅਦ ਹਰੀਸ਼ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਦੀ ਮਾਂ ਵੀ ਫ਼ੋਨ ਦੀ ਵਰਤੋਂ ਕਰਦੀ ਹੈ, ਕੀ ਉਹ ਵੀ ਲੇਸਬੀਅਨ ਬਣ ਜਾਣਗੇ? ਜਵਾਬ ਮਿਲਿਆ ਕਿ ਔਰਤਾਂ ਦੇ ਨਾਲ ਅਜਿਹਾ ਨਹੀਂ ਹੁੰਦਾ।

ਹਾਲਾਂਕਿ ਫ਼ੋਨ 'ਤੇ ਗੱਲ ਕਰ ਰਹੇ ਵਿਅਕਤੀ ਨੇ ਇਹ ਵੀ ਕਿਹਾ ਕਿ ਜਿਹੜੇ ਮੁੰਡਿਆਂ ਨੂੰ ਉਨ੍ਹਾਂ ਦੀ ਮਾਂ ਤੋਂ ਵੱਧ ਲਾਡ-ਪਿਆਰ ਮਿਲਦਾ ਹੈ ਉਹ ਗੇਅ ਹੋ ਜਾਂਦੇ ਹਨ।

ਥੈਰੇਪੀ ਸੈਂਟਰ ਦੇ ਹੀਲਰ ਨੇ ਕਈ ਬਾਲੀਵੁੱਡ ਸਿਤਾਰਿਆਂ ਅਤੇ ਨੇਤਾਵਾਂ ਦੇ ਨਾਮ ਗਿਣਾਏ ਤੇ ਉਨ੍ਹਾਂ ਦੇ ਗੇਅ-ਲੇਸਬੀਅਨ ਹੋਣ ਦਾ ਦਾਅਵਾ ਕੀਤਾ।

Image copyright AFP
ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਹਰੀਸ਼ ਦੇ ਕੋਲ ਇਸ ਪੂਰੀ ਗੱਲਬਾਤ ਦੀ ਰਿਕਾਰਡਿੰਗ ਵੀ ਮੌਜੂਦ ਹੈ।

ਬੀਬੀਸੀ ਨੇ ਵੀ ਇਸ਼ਤਿਹਾਰ ਅਤੇ ਥੈਰੇਪੀ ਸੈਂਟਰ ਦੀ ਵੈੱਬਸਾਈਟ 'ਚ ਦਿੱਤੇ ਨੰਬਰਾਂ 'ਤੇ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਰੇ ਨੰਬਰ ਬੰਦ ਸਨ।

ਕੀ ਸਮਲਿੰਗਤਾ ਕੋਈ ਬਿਮਾਰੀ ਹੈ?

ਇਸ ਸਭ ਵਿਚਾਲੇ ਜ਼ਰੂਰੀ ਸਵਾਲ ਇਹ ਹੈ ਕਿ ਇਸ ਤਰ੍ਹਾਂ ਦੇ ਦਾਅਵਿਆਂ 'ਚ ਕਿੰਨੀ ਸੱਚਾਈ ਹੈ? ਕੀ ਸਮਲਿੰਗਤਾ ਕੋਈ ਬਿਮਾਰੀ ਹੈ? ਕੀ ਇਸਦਾ 'ਇਲਾਜ' ਕੀਤਾ ਜਾ ਸਕਦਾ ਹੈ?

ਕੁਝ ਹੀ ਦਿਨ ਪਹਿਲਾਂ 'ਇੰਡੀਅਨ ਸਾਇਕੈਟ੍ਰਿਕ ਸੁਸਾਇਟੀ' ਨੇ ਇੱਕ ਅਧਿਕਾਰਤ ਬਿਆਨ 'ਚ ਕਿਹਾ ਸੀ ਕਿ ਹੁਣ ਸਮਲਿੰਗਤਾ ਨੂੰ ਬਿਮਾਰੀ ਸਮਝਣਾ ਬੰਦ ਹੋਣਾ ਚਾਹੀਦਾ ਹੈ।

Image copyright Getty Images

ਸੁਸਾਇਟੀ ਦੇ ਪ੍ਰਧਾਨ ਡਾ. ਅਜਿਤ ਭਿੜੇ ਨੇ ਫੇਸਬੁੱਕ 'ਤੇ ਇੱਕ ਵੀਡਿਓ ਜਾਰੀ ਕਰਦਿਆਂ ਕਿਹਾ ਕਿ ਪਿਛਲੇ 40-50 ਸਾਲਾਂ 'ਚ ਅਜਿਹਾ ਕੋਈ ਵਿਗਿਆਨਿਕ ਪ੍ਰਮਾਣ ਨਹੀਂ ਮਿਲਿਆ ਜਿਹੜਾ ਇਹ ਸਾਬਿਤ ਕਰ ਸਕੇ ਕਿ ਸਮਲਿੰਗਤਾ ਇੱਕ ਬਿਮਾਰੀ ਹੈ।

ਡਾ. ਭਿੜੇ ਨੇ ਇਹ ਵੀ ਕਿਹਾ ਕਿ ਸਮਲਿੰਗੀ ਹੋਣਾ ਬਸ ਵੱਖਰਾ ਹੈ, ਗ਼ੈਰ-ਕੁਦਰਤੀ ਜਾਂ ਅਸਾਧਾਰਨ ਨਹੀਂ। ਹਾਲਾਂਕਿ ਆਈਪੀਸੀ ਦੀ ਧਾਰਾ-377 ਵੀ ਸਮਲਿੰਗੀ ਰਿਸ਼ਤਿਆਂ ਨੂੰ ਗ਼ੈਰ-ਕੁਦਰਤੀ ਅਤੇ ਸਜ਼ਾ ਵਾਲਾ ਅਪਰਾਧ ਮੰਨਦੀ ਹੈ।

ਭਾਰਤ 'ਚ ਧਾਰਾ-377 ਦੀ ਮੌਜੂਦਗੀ 'ਤੇ ਕਾਫ਼ੀ ਵਿਵਾਦ ਚੱਲ ਰਿਹਾ ਹੈ ਅਤੇ ਇਸ ਨੂੰ ਰੱਦ ਕਰਨ ਲਈ ਸੁਪਰੀਮ ਕੋਰਟ 'ਚ ਕਈ ਅਰਜ਼ੀਆਂ ਵੀ ਦਾਇਰ ਕੀਤੀਆਂ ਜਾ ਚੁੱਕੀਆਂ ਹਨ।

ਮਤਲਬ ਇਹ ਗੱਲ ਤਾਂ ਸਪੱਸ਼ਟ ਹੈ ਕਿ ਹੋਮੋਸੈਕਸੂਅਲ, ਬਾਇਸੈਕਸੂਅਲ ਜਾਂ ਟ੍ਰਾਂਸਸੈਕਸੂਅਲ ਹੋਣਾ ਕੋਈ ਬਿਮਾਰੀ ਨਹੀਂ ਹੈ, ਇਸ ਲਈ ਇਸਦੇ ਇਲਾਜ ਦਾ ਕੋਈ ਸਵਾਲ ਹੀ ਨਹੀਂ ਉੱਠਦਾ।

ਹਾਰਮੋਨਜ਼ ਦੀ ਗੜਬੜ ਨਾਲ ਸਮਲਿੰਗਤਾ?

ਭਾਰਤੀ ਸਮਾਜ 'ਚ ਐਲਜੀਬੀਟੀ ਭਾਈਚਾਰਾ ਅਤੇ ਸਮਲਿੰਗਤਾ ਬਾਰੇ ਇਸ ਤੋਂ ਇਲਾਵਾ ਵੀ ਕਈ ਮਿਥ ਪ੍ਰਚਲਿਤ ਹਨ।

ਜਿਵੇਂ ਕਿ ਅਕਸਰ ਲੋਕਾਂ ਨੂੰ ਲੱਗਦਾ ਹੈ ਕਿ ਹਾਰਮੋਨਜ਼ 'ਚ ਗੜਬੜ ਹੋਣਾ ਸਮਲਿੰਗਤਾ ਨੂੰ ਜਨਮ ਦਿੰਦਾ ਹੈ, ਜਦਕਿ ਅਜਿਹਾ ਨਹੀਂ ਹੈ।

Image copyright Getty Images

ਸਿਹਤ ਮਾਹਰ ਅਤੇ ਐਲਜੀਬੀਟੀ ਮਾਮਲਿਆਂ ਦੇ ਜਾਣਕਾਰ ਡਾ. ਪੱਲਵ ਪਟਨਾਕਰ ਮੁਤਾਬਕ, ''ਕਈ ਲੋਕਾਂ ਨੂੰ ਲੱਗਦਾ ਹੈ ਕਿ ਜੇ ਕੋਈ ਮਰਦ ਗੇਅ ਹੈ ਤਾਂ ਉਸਦੇ ਸਰੀਰ 'ਚ ਐਸਟ੍ਰੋਜਨ (ਔਰਤਾਂ ਦੇ ਸਰੀਰ 'ਚ ਪਾਇਆ ਜਾਣ ਵਾਲਾ ਹਾਰਮੋਨ) ਵੱਧ ਹੈ ਅਤੇ ਜੇ ਕੋਈ ਮਹਿਲਾ ਲੇਸਬੀਅਨ ਹੈ ਤਾਂ ਉਸ 'ਚ ਟੇਸਟੋਸਟੀਰੋਨ (ਮਰਦਾਂ ਦੇ ਸਰੀਰ 'ਚ ਪਾਇਆ ਜਾਣ ਵਾਲਾ ਹਾਰਮੋਨ) ਵੱਧ ਹੈ। ਸੱਚਾਈ ਤਾਂ ਇਹ ਹੈ ਕਿ ਹਾਰਮੋਨਜ਼ ਦਾ ਸੈਕਸੂਐਲਟੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।''

ਗੇਅ ਮਰਦ, ਔਰਤਾਂ ਦੀ ਤਰ੍ਹਾਂ ਵਰਤਾਅ ਕਰਦੇ ਹਨ?

ਸਮਲਿੰਗਤਾ ਬਾਰੇ ਕਹਿਣ-ਸੁਣਨ ਵਾਲੀਆਂ ਕੁਝੀ ਅਜਿਹੀਆਂ ਬੇਤੁਕੀ ਗੱਲਾਂ ਨਿਤੀਸ਼ ਨੇ ਵੀ ਬੀਬੀਸੀ ਨਾਲ ਸਾਂਝੀਆਂ ਕੀਤੀਆਂ। 19 ਸਾਲ ਦੇ ਨਿਤੀਸ਼ ਸਮਲਿੰਗੀ ਹਨ।

ਉਨ੍ਹਾਂ ਕਿਹਾ, ''ਲੋਕਾਂ ਨੂੰ ਲੱਗਦਾ ਹੈ ਕਿ ਹਰ ਗੇਅ ਮਰਦ ਦੇ ਹਾਵ-ਭਾਵ ਮਹਿਲਾਵਾਂ ਵਾਂਗ ਹੁੰਦੇ ਹਨ ਅਤੇ ਲੇਸਬੀਅਨ ਮਹਿਲਾਵਾਂ ਹਮੇਸ਼ਾ ਰਫ਼ ਐਂਡ ਟਫ਼ ਲੁੱਕ ਰੱਖਦੀਆਂ ਹਨ। ਉਹ ਕੁੜੀਆਂ ਵਰਗੇ ਕੱਪੜੇ ਨਹੀਂ ਪਾਉਂਦੀਆਂ, ਇਹ ਬਿਲਕੁਲ ਗ਼ਲਤ ਹੈ। ਤੁਸੀਂ ਕਿਸੇ ਦੇ ਹਾਵ-ਭਾਵ ਜਾਂ ਕੱਪੜੇ ਪਹਿਨਣ ਦੇ ਤਰੀਕੇ ਨਾਲ ਉਸਦੀ ਸੈਕਸੂਐਲਿਟੀ ਕਿਵੇਂ ਤੈਅ ਕਰ ਸਕਦੇ ਹੋ?''

Image copyright Nitish anand/fb
ਫੋਟੋ ਕੈਪਸ਼ਨ ਨਿਤੀਸ਼

ਨਿਤੀਸ਼ ਨੇ ਹਾਲ ਹੀ 'ਚ ਆਈ ਫ਼ਿਲਮ 'ਵੀਰੇ ਦੀ ਵੈਡਿੰਗ' ਦਾ ਉਦਾਹਰਨ ਦਿੱਤੀ।

ਫ਼ਿਲਮ ਦੇ ਇੱਕ ਸੀਨ 'ਚ ਸੋਨਮ ਕਪੂਰ ਦੀ ਮਾਂ ਉਨ੍ਹਾਂ ਨੂੰ ਕਹਿੰਦੀ ਹੈ, ''ਇਹ ਕੀ ਹਮੇਸ਼ਾ ਪੈਂਟ ਪਾਈ ਰੱਖਦੀ ਹੈਂ? ਲੇਸਬੋ ਲੱਗਦੀ ਹੈ।''

ਗਰਲਜ਼ ਕਾਲਜ 'ਚ ਪੜ੍ਹਨ ਨਾਲ ਲੇਸਬੀਅਨ ਹੋ ਜਾਂਦੀਆਂ ਹਨ ਕੁੜੀਆਂ?

ਇਸ ਤੋਂ ਇਲਾਵਾ ਵੀ ਉਨ੍ਹਾਂ ਕਈ ਧਾਰਨਾਵਾਂ ਦਾ ਜ਼ਿਕਰ ਨਿਤੀਸ਼ ਨੇ ਕੀਤਾ ਜੋ ਐਲਜੀਬੀਟੀ ਭਾਈਚਾਰੇ ਬਾਰੇ ਪ੍ਰਚਲਿਤ ਹਨ।

ਨਿਤੀਸ਼ ਕਹਿੰਦੇ ਹਨ, ''ਮੈਂ ਕਈ ਲੋਕਾਂ ਨੂੰ ਕਹਿੰਦੇ ਸੁਣਿਆ ਹੈ ਕਿ ਗਰਲਜ਼ ਕਾਲਜ 'ਚ ਪੜ੍ਹਨ ਵਾਲੀ ਜਾਂ ਗਰਲਜ਼ ਹੋਸਟਲ 'ਚ ਰਹਿਣ ਵਾਲੀ ਕੁੜੀਆਂ ਲੇਸਬੀਅਨ ਹੋ ਜਾਂਦੀਆਂ ਹਨ ਜਾਂ ਫ਼ਿਰ ਮੁੰਡਿਆਂ ਦੇ ਕਾਲਜ 'ਚ ਪੜ੍ਹਨ ਵਾਲੇ ਜਾਂ ਮੁੰਡਿਆਂ ਦੇ ਹੋਸਟਲ 'ਚ ਰਹਿਣ ਵਾਲੇ ਮੁੰਡੇ ਗੇਅ ਹੋ ਜਾਂਦੇ ਹਨ। ਕੀ ਜਿਹੜੇ ਸਕੂਲਾਂ 'ਚ ਮੁੰਡੇ-ਕੁੜੀਆਂ ਇਕੱਠੇ ਪੜ੍ਹਦੇ ਹਨ ਉੱਥੇ ਕੋਈ ਗੇਅ ਜਾਂ ਲੇਸਬੀਅਨ ਨਹੀਂ ਹੁੰਦਾ?''

Image copyright Getty Images

ਇਸ ਤੋਂ ਪਹਿਲਾਂ ਕੇਰਲ ਦੇ ਇੱਕ ਪ੍ਰੋਫ਼ੈਸਰ ਨੇ ਕਿਹਾ ਸੀ ਕਿ ਜੀਂਸ ਪਹਿਨਣ ਵਾਲੀਆਂ ਕੁੜੀਆਂ ਟ੍ਰਾਂਸਜੇਂਡਰ ਬੱਚਿਆਂ ਨੂੰ ਜਨਮ ਦਿੰਦੀਆਂ ਹਨ।

ਕੀ ਇਨ੍ਹਾਂ ਵਿੱਚੋਂ ਕਿਸੇ ਵੀ ਗੱਲ ਵਿੱਚ ਸੱਚਾਈ ਹੈ? ਡਾ. ਪਲੱਵ ਪਟਨਾਕਰ ਕੋਲ ਇਸ ਦਾ ਸਪੱਸ਼ਟ ਜਵਾਬ ਹੈ - ਨਹੀਂ।

ਉਨ੍ਹਾਂ ਕਿਹਾ, ''ਦਰਅਸਲ ਵਿਆਹ ਅਤੇ ਬੱਚੇ ਪੈਦਾ ਕਰਨਾ, ਇਹ ਦੋ ਅਜਿਹੀਆਂ ਚੀਜ਼ਾਂ ਜਿਹੜੀਆਂ ਸਮਾਜ 'ਚ ਲਾਜ਼ਮੀ ਬਣਾ ਦਿੱਤੀਆਂ ਗਈਆਂ ਹਨ। ਜੇ ਕੋਈ ਇਨ੍ਹਾਂ ਤੋਂ ਪਿੱਛੇ ਹਟਦਾ ਹੈ ਤਾਂ ਉਸਨੂੰ ਗ਼ਲਤ ਦੱਸ ਦਿੱਤਾ ਜਾਂਦਾ ਹੈ, ਸਮਲਿੰਗਤਾ ਨੂੰ ਵੀ ਇਸ ਕਾਰਨ ਕਰਕੇ ਬਿਮਾਰੀ ਸਮਝਿਆ ਜਾਂਦਾ ਹੈ।''

ਪਲੱਵ ਕਹਿੰਦੇ ਹਨ, ''ਅਖ਼ਬਾਰ 'ਚ ਛਪੇ ਅਜਿਹੇ ਇਸ਼ਤਿਹਾਰਾਂ ਜਾਂ ਕਿਸੇ ਥੈਰੇਪੀ ਸੈਂਟਰ ਦੀਆਂ ਗੱਲਾਂ 'ਚ ਆਉਣ ਤੋਂ ਬਿਹਤਰ ਹੈ ਕਿ ਤੁਸੀਂ ਸਮਲਿੰਗਤਾ ਬਾਰੇ ਪੜ੍ਹੋ, ਇਸ 'ਤੇ ਖੁੱਲ੍ਹ ਕੇ ਗੱਲਬਾਤ ਕਰੋ ਅਤੇ ਇਹ ਸਵੀਕਾਰ ਕਰੋ ਕਿ ਸਮਲਿੰਗਤਾ ਗ਼ੈਰ-ਕੁਦਰਤੀ ਜਾਂ ਅਸਾਧਾਰਾਨ ਨਹੀਂ ਅਤੇ ਨਾ ਹੀ ਇਹ ਕੋਈ ਬਿਮਾਰੀ ਹੈ, ਜਿਸਦਾ ਇਲਾਜ ਕਰਵਾਉਣ ਦੀ ਜ਼ਰੂਰਤ ਪਵੇ।''

ਤੁਹਾਨੂੰ ਸ਼ਾਇਦ ਇਹ ਵੀ ਪਸੰਦ ਆਵੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)