ਪੱਤਰਕਾਰ ਸ਼ੁਜਾਤ ਬੁਖ਼ਾਰੀ 'ਤੇ ਕਤਲ ਤੋਂ ਪਹਿਲਾਂ ਲੱਗ ਰਹੇ ਸਨ ਸੋਸ਼ਲ ਮੀਡੀਆ 'ਤੇ ਇਹ ਇਲਜ਼ਾਮ

ਸੁਜਾਤ ਬੁਖਾਰੀ

ਤਸਵੀਰ ਸਰੋਤ, Twitter/ Sujaat bhukahri

ਜੰਮੂ ਕਸ਼ਮੀਰ ਦੇ ਸੀਨੀਅਰ ਪੱਤਰਕਾਰ ਸ਼ੁਜਾਤ ਬੁਖ਼ਾਰੀ ਨੂੰ ਗੋਲੀਆਂ ਮਾਰ ਕੇ ਹਲ਼ਾਕ ਕਰ ਦਿੱਤਾ ਗਿਆ ਹੈ।

ਵੀਰਵਾਰ ਨੂੰ ਸ੍ਰੀਨਗਰ ਵਿਚ ਅਣਪਛਾਤੇ ਹਥਿਆਰਬੰਦ ਲੋਕਾਂ ਨੇ ਬੁਖ਼ਾਰੀ ਦੇ ਦਫ਼ਤਰ ਦੇ ਬਾਹਰ ਉਨ੍ਹਾਂ ਉੱਤੇ ਜਾਨ ਲੇਵਾ ਹਮਲਾ ਕੀਤਾ।

ਪੁਲਿਸ ਨੇ ਮੋਟਰਸਾਈਕਲ ਸਵਾਰ ਸ਼ੱਕੀ ਹਮਲਾਵਰਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ।

ਹਮਲੇ ਦੀ ਹਾਲੇ ਤੱਕ ਕਿਸੇ ਵੀ ਜਤੇਬੰਦੀ ਨੇ ਜ਼ਿੰਮੇਵਾਰੀ ਨਹੀਂ ਲਈ ਹੈ।

ਤਸਵੀਰ ਸਰੋਤ, Twitter

ਇਸ ਹਮਲੇ ਵਿਚ ਉਨ੍ਹਾਂ ਦੇ ਇੱਕ ਨਿੱਜੀ ਸਹਾਇਕ ਦੀ ਵੀ ਮੌਤ ਹੋ ਗਈ, ਜਦਕਿ ਦੂਜਾ ਸਹਾਇਕ ਜ਼ਖ਼ਮੀ ਹੋ ਗਿਆ।

ਇਸ ਹਮਲੇ ਵਿਚ ਉਹ ਗੰਭੀਰ ਜ਼ਖ਼ਮੀ ਹੋ ਗਏ , ਉਨ੍ਹਾਂ ਨੂੰ ਸਥਾਨਕ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਸ਼ੁਤਾਜ ਬੁਖਾਰੀ ਭਾਰਤ ਸਾਸ਼ਿਤ ਕਸ਼ਮੀਰ ਦੇ ਪ੍ਰਮੁੱਖ ਅਖ਼ਬਾਰ ਰਾਇਜਿੰਗ ਕਸ਼ਮੀਰ ਦੇ ਸੰਪਾਦਕ ਸਨ ਅਤੇ ਉਹ ਸੂਬੇ ਦੇ ਚੋਟੀ ਦੇ ਪੱਤਰਕਾਰਾਂ ਵਿਚੋਂ ਇੱਕ ਗਿਣੇ ਜਾਂਦੇ ਸਨ।

ਕੁਝ ਘੰਟੇ ਪਹਿਲਾਂ ਲੱਗੇ ਸਨ ਇਹ ਦੋਸ਼

ਜਾਨਲੇਵਾ ਹਮਲਾ ਹੋਣ ਤੋਂ ਕੁਝ ਘੰਟੇ ਪਹਿਲਾਂ ਤੱਕ ਸੁਜਾਤ ਬੁਖ਼ਾਰੀ ਉੱਤੇ ਕਸ਼ਮੀਰ ਤੋਂ ਪੱਖਪਾਤੀ ਪੱਤਰਕਾਰਿਤਾ ਕਰਵਾਉਣ ਦੇ ਸੋਸ਼ਲ ਮੀਡੀਆ ਉੱਤੇ ਇਲਜ਼ਾਮ ਲੱਗ ਰਹੇ ਸਨ। ਉਨ੍ਹਾਂ ਉੱਤੇ ਇਸਲਾਮਿਕ ਸੰਗਠਨਾਂ ਦੇ ਪੱਖ ਵਿੱਚ ਸਟੈਂਡ ਲੈਣ ਦੇ ਇਲਜ਼ਾਮ ਲੱਗ ਰਹੇ ਸਨ।

ਇਨ੍ਹਾਂ ਇਲਜ਼ਾਮਾਂ ਦੇ ਜਵਾਬ ਦਿੰਦਿਆਂ ਬੁਖ਼ਾਰੀ ਨੇ ਕਿਹਾ ਸੀ, ''ਇਹ ਬਹੁਤ ਮੰਦਭਾਗਾ ਹੈ ਕਿ ਔਰਫੋਲਾਇਨ ਵਰਗਾ ਥਿੰਕ ਟੈਂਕ ਕਿਸੇ ਨੂੰ ਉਸ ਬੰਦੇ ਦੀ ਗੈਰਹਾਜ਼ਰੀ ਵਿੱਚ ਉਸ ਖ਼ਿਲਾਫ਼ ਇਸ ਤਰ੍ਹਾਂ ਦੀ ਬਦ-ਕਲਾਮੀ ਦੀ ਆਗਿਆ ਦਿੰਦਾ ਹੈ। ਉਨ੍ਹਾਂ ਅੱਗੇ ਲਿਖਿਆ ਸੀ ਕਿ ਉਹ ਕਸ਼ਮੀਰ ਵਿਚ ਬੜੇ ਮਾਣ ਨਾਲ ਪੱਤਰਕਾਰੀ ਕਰਦੇ ਹਨ ਅਤੇ ਜ਼ਮੀਨ ਉੱਤੇ ਜੋ ਕੁਝ ਵਾਪਰਦਾ ਹੈ ਉਸ ਨੂੰ ਉਜਾਗਰ ਕਰਦੇ ਹਾਂ'।

ਪੱਤਰਕਾਰ ਤੇ ਖੇਤਰੀ ਭਾਸ਼ਾਵਾਂ ਦੇ ਮੁਦਈ

ਸ਼ੁਜਾਤ ਬੁਖਾਰੀ ਰਾਇਜ਼ਿੰਗ ਕਸ਼ਮੀਰ ਅਖ਼ਬਾਰ ਦੇ ਪੱਤਰਕਾਰ ਬਣਨ ਤੋਂ ਪਹਿਲਾਂ 1997 ਤੋਂ 2012 ਤਕ ਕਸ਼ਮੀਰ ਵਿਚ 'ਦਿ ਹਿੰਦੂ' ਅਖ਼ਬਾਰ ਦੇ ਪੱਤਰਕਾਰ ਸਨ।

ਤਸਵੀਰ ਸਰੋਤ, @Bhukarishujaat

ਇਕ ਪੱਤਰਕਾਰ ਹੋਣ ਦੇ ਨਾਲ, ਉਹ ਕਸ਼ਮੀਰ ਵਿੱਚ ਵੀ ਸਥਾਨਕ ਭਾਸ਼ਾਵਾਂ ਨੂੰ ਜ਼ਿੰਦਾ ਰੱਖਣ ਲਈ ਪ੍ਰਚਾਰ ਕਰ ਰਹੇ ਸਨ।

ਸਾਲ 2000 ਵਿੱਚ ਵੀ ਸ਼ੁਜਾਤ ਬੁਖਾਰੀ 'ਤੇ ਹਮਲਾ ਹੋਇਆ ਸੀ ਉਸ ਤੋਂ ਬਾਅਦ ਉਨ੍ਹਾਂ ਨੂੰ ਪੁਲਿਸ ਸੁਰੱਖਿਆ ਮਿਲੀ ਹੋਈ ਸੀ।

ਕਸ਼ਮੀਰ ਵਿੱਚ ਸ਼ਾਂਤੀ ਬਹਾਲੀ ਲਈ ਬੁਖਾਰੀ ਲੰਮੇ ਸਮੇਂ ਤੋਂ ਸਰਗਰਮ ਰਹੇ ਸਨ।

ਸ਼ੁਜਾਤ ਬੁਖ਼ਾਰੀ ਸ਼ਾਂਤੀ ਅਤੇ ਸੁਰੱਖਿਆ ਵਰਗੇ ਮੁੱਦਿਆਂ 'ਤੇ ਆਯੋਜਿਤ ਕਾਨਫ਼ਰੰਸਾਂ ਵਿਚ ਹਿੱਸਾ ਲੈਣ ਲਈ ਅਕਸਰ ਵਿਸ਼ਵ ਭਰ ਵਿੱਚ ਜਾਂਦੇ ਹੁੰਦੇ ਸਨ।

14 ਜੂਨ ਨੂੰ ਆਪਣੇ ਆਖ਼ਰੀ ਟਵੀਟ ਵਿੱਚ, ਬੁਖਾਰੀ ਨੇ ਲਿਖਿਆ, "ਕਸ਼ਮੀਰ ਵਿੱਚ ਅਸੀਂ ਮਾਣ ਨਾਲ ਪੱਤਰਕਾਰੀ ਕੀਤੀ ਹੈ ਅਤੇ ਇੱਥੇ ਜ਼ਮੀਨ ਉੱਤੇ ਜੋ ਵੀ ਹੋ ਰਿਹਾ ਹੈ , ਉਸ ਨੂੰ ਲੋਕਾਂ ਸਾਹਮਣੇ ਲਿਆਉਣਾ ਜਾਰੀ ਰੱਖਾਂਗੇ।"

'ਕਾਇਰਾਨਾ ਕਾਰਵਾਈ'

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੁਜਾਤ ਬੁਖ਼ਾਰੀ ਦੇ ਕਤਲ ਨੂੰ ਕਾਇਰਾਨਾ ਕਾਰਵਾਈ ਕਰਾਰ ਦਿੰਦੀਆਂ ਇਸਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਰਾਜ ਨਾਥ ਸਿੰਘ ਨੇ ਕਿਹਾ ਕਿ ਇਹ ਕਸ਼ਮੀਰੀਆਂ ਦੀ ਆਵਾਜ਼ ਬੰਦ ਕਰਨ ਦੀ ਸਾਜ਼ਿਸ਼ ਹੈ।

'ਅਮਨ ਤੇ ਸ਼ਾਂਤੀ ਲਈ ਲੜਨ ਵਾਲਾ ਯੋਧਾ'

ਸ਼ੁਜਾਤ ਬੁਖ਼ਾਰੀ ਦੇ ਕਤਲ ਦੀ ਚੁਫ਼ੇਰਿਓ ਨਿੰਦਾ ਹੋ ਰਹੀ ਹੈ। ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਟਵੀਟ ਰਾਹੀ ਬੁਖ਼ਾਰੀ ਦੇ ਕਤਲ ਉੱਤੇ ਰੋਹ ਜ਼ਾਹਰ ਕੀਤਾ ਹੈ।

ਉਨ੍ਹਾਂ ਆਪਣੇ ਟਵੀਟ ਵਿੱਚ ਬੁਖ਼ਾਰੀ ਨੂੰ ਜੰਮੂ ਅਤੇ ਕਸ਼ਮੀਰ ਵਿਚ ਇਨਸਾਫ਼ ਤੇ ਅਮਨ ਸ਼ਾਂਤੀ ਦੀ ਲੜਾਈ ਲੜਨ ਵਾਲਾ ਅਣਥੱਕ ਯੋਧਾ ਕਿਹਾ ਹੈ।

ਜੰਮੂ ਕਸ਼ਮੀਰ ਦੀ ਮੁੱਖ ਮੰਤਦੀ ਮਹਿਬੂਬਾ ਮੁਫ਼ਤੀ ਨੇ ਵੀ ਸੁਜਾਤ ਬੁਖ਼ਾਰੀ ਦੀ ਮੌਤ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਈਦ ਦੇ ਮੁਬਾਰਕ ਮੌਕੇ ਉੱਤੇ ਦਹਿਸ਼ਤਵਾਦ ਨੇ ਆਪਣਾ ਘਿਨਾਉਣਾ ਚਿਹਰਾ ਦਿਖਾਇਆ ਹੈ।

'ਐਡਿਟਰਜ਼ ਗਿਲਡ' ਨੇ ਸੀਨੀਅਰ ਪੱਤਰਕਾਰ ਸ਼ੁਜਾਤ ਬੁਖਾਰੀ ਦੇ ਕਤਲ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬੁਖਾਰੀ ਇੱਕ ਉਦਾਰਵਾਦੀ, ਹਿੰਮਤੀ ਅਤੇ ਬੇਬਾਕ ਪੱਤਰਕਾਰ ਸਨ।

ਜੰਮੂ-ਕਸ਼ਮੀਰ ਵਿੱਚ ਪੱਤਰਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਰੰਤ ਕਦਮ ਚੁੱਕੇ ਜਾਣ ਦੀ ਮੰਗ ਵੀ ਕੀਤੀ ਗਈ ਹੈ।

'ਐਡਿਟਰਜ਼ ਗਿਲਡ' ਦਾ ਕਹਿਣਾ ਹੈ ਕਿ ਇੱਕ ਪੱਤਰਕਾਰ 'ਤੇ ਹਮਲਾ ਪ੍ਰੈੱਸ ਦੀ ਆਜ਼ਾਦੀ ਅਤੇ ਲੋਕਤੰਤਰ ਦੀ ਨੀਂਹ ਨੂੰ ਚੁਣੌਤੀ ਹੈ।

ਕੇਂਦਰ ਕੋਲੋਂ ਵੀ ਮੰਗ ਕੀਤੀ ਗਈ ਕਿ ਜੰਮੂ-ਕਸ਼ਮੀਰ ਵਿੱਚ ਪੱਤਰਕਾਰਾਂ ਦੀ ਸੁਰੱਖਿਆ 'ਚ ਵਾਧਾ ਕੀਤਾ ਜਾਵੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)