'ਬੇਅਦਬੀ ਦੀਆਂ ਜ਼ਿਆਦਾਤਰ ਘਟਨਾਵਾਂ ਗ੍ਰੰਥੀਆਂ ਤੇ ਗੁਰਦੁਆਰਾ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ'

ਅਕਾਲ ਤਖਤ ਸਾਹਿਬ Image copyright RAVINDER SINGH ROBIN

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਬੈਠਕ ਵਿੱਚ ਪੰਜ ਸਿੰਘ ਸਾਹਿਬਾਨਾਂ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਲਈ ਵਧੇਰੇ ਗੁਰਦੁਆਰਾ ਕਮੇਟੀਆਂ ਦੀ ਮਾੜੀ ਕਾਰਗੁਜ਼ਾਰੀ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵੀਰਵਾਰ ਨੂੰ ਕਿਹਾ, ''ਦੇਖਣ ਵਿੱਚ ਆਇਆ ਹੈ ਕਿ ਬੇਅਦਬੀ ਦੀਆਂ ਜ਼ਿਆਦਾਤਰ ਘਟਨਾਵਾਂ ਗ੍ਰੰਥੀਆਂ ਅਤੇ ਗੁਰਦੁਆਰਾ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਵਾਪਰੀਆਂ ਹਨ।''

ਉਨ੍ਹਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜ਼ਿੰਮੇਵਾਰ ਸ਼ਖਸ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਭਵਿੱਖ ਵਿੱਚ ਉਸ ਗੁਰਦੁਆਰੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਨਹੀਂ ਦਿੱਤਾ ਜਾਵੇਗਾ।

ਪੰਜਾਂ ਸਿੰਘ ਸਾਹਿਬਾਨਾਂ ਨੇ ਗੁਰਦੁਆਰਾ ਪ੍ਰਬੰਧਕਾਂ ਨੂੰ ਸੀਸੀਟੀਵੀ ਲਗਵਾਉਣ ਅਤੇ ਇੱਕ ਚੌਂਕੀਦਾਰ ਲਾਜ਼ਮੀ ਤੌਰ 'ਤੇ ਰੱਖਣ ਲਈ ਵੀ ਹਿਦਾਇਤ ਦਿੱਤੀ ਹੈ।

ਜਥੇਦਾਰ ਗਿਆਨੀ ਗੁਰਬਚਨ ਸਿੰਘ ਮੁਤਾਬਕ ਜਿਹੜੇ ਗੁਰਦੁਆਰਿਆਂ ਵਿੱਚ ਧਾਰਮਿਕ ਸੇਵਾ ਨਹੀਂ ਨਿਭਾਈ ਜਾਂਦੀ ਉੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਕਿਸੇ ਹੋਰ ਗੁਰਦੁਆਰੇ ਵਿੱਚ ਸੁਸ਼ੋਭਿਤ ਕੀਤਾ ਜਾਵੇਗਾ।

Image copyright RAVINDER SINGH ROBIN

ਗੁਰਦੁਆਰਿਆਂ ਵਿੱਚ ਸਪੀਕਰ ਦੀ ਆਵਾਜ਼ ਨੂੰ ਵੀ ਲੈ ਕੇ ਨਿਰਦੇਸ਼ ਦਿੱਤੇ ਗਏ ਕਿ ਗੁਰੂ ਘਰਾਂ ਵਿੱਚ ਸਪੀਕਰ ਦੀ ਆਵਾਜ਼ ਘੱਟ ਹੀ ਰੱਖੀ ਜਾਵੇ ਤਾਂ ਜੋ ਆਵਾਜ਼ ਗੁਰਦੁਆਰੇ ਅੰਦਰ ਹੀ ਰਹੇ।

ਫ਼ੈਸਲਾ ਇਹ ਵੀ ਕੀਤਾ ਗਿਆ ਕਿ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਗੁਰਦੁਆਰਾ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਸਾਹਮਣੇ ਆਏ ਹਨ ਉੱਥੇ ਹੋਰ ਸਰੂਪ ਨਹੀਂ ਦਿੱਤੇ ਜਾਣਗੇ।

ਪੰਥ 'ਚੋਂ ਛੇਕਿਆ ਨਿਊਜ਼ੀਲੈਂਡ 'ਚ ਵਸਦਾ ਸਿੱਖ

ਜਥੇਦਾਰਾਂ ਦੀ ਮੀਟਿੰਗ ਵਿੱਚ ਨਿਊਜ਼ੀਲੈਂਡ ਵਿੱਚ ਰਹਿੰਦੇ ਸਿੱਖ ਪ੍ਰਚਾਰਕ ਅਤੇ ਰੇਡੀਓ ਹੋਸਟ ਹਰਨੇਕ ਸਿੰਘ ਨੇਕੀ ਨੂੰ ਪੰਥ ਵਿੱਚੋਂ ਛੇਕਣ ਦਾ ਵੀ ਐਲਾਨ ਕੀਤਾ ਗਿਆ।

ਜਥੇਦਾਰਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਹਰਨੇਕ ਸਿੰਘ ਦੇ ਰੇਡੀਓ ਪ੍ਰੋਗਰਾਮ ਨੂੰ ਨਿਊਜ਼ੀਲੈਂਡ ਵਿੱਚ ਬੰਦ ਕਰਵਾਉਣ ਲਈ ਸੰਗਤ ਕਾਨੂੰਨੀ ਤਰੀਕੇ ਨਾਲ ਅੱਗੇ ਆਵੇ।

ਅੰਗਰੇਜ਼ੀ ਅਖ਼ਬਾਰ ਦਿ ਟ੍ਰਿਬਿਊਨ ਮੁਤਾਬਕ ਹਰਨੇਕ ਨੇਕੀ ਉੱਤੇ ਸਿੱਖ ਗੁਰੂਆਂ ਲਈ ਇਤਰਾਜ਼ਯੋਗ ਟਿੱਪਣੀ ਕਰਨ ਦੇ ਇਲਜ਼ਾਮ ਹਨ।

ਅਖ਼ਬਾਰ ਨੂੰ ਦਿੱਤੇ ਗਏ ਬਿਆਨ ਵਿੱਚ ਨੇਕੀ ਨੇ ਵੀ ਕਿਹਾ ਹੈ ਕਿ ਮੈਂ ਜਥੇਦਾਰਾਂ ਜਾਂ ਐਸਜੀਪੀਸੀ ਦੇ ਕਿਸੇ ਵੀ ਨੁਮਾਇੰਦੇ ਨੂੰ ਸਿੱਖ ਸਿਧਾਂਤਾਂ ਉੱਤੇ ਬਹਿਸ ਕਰਨ ਦੀ ਖੁੱਲ੍ਹੀ ਚੁਣੌਤੀ ਦਿੰਦਾ ਹਾਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ