FATHER'S DAY: ਲੋਕਾਂ ਨੇ ਕਿਹਾ ਇਹੋ ਜਿਹਾ ਹੈ, ਤਾਂ ਹੀ ਪਿਤਾ ਨਹੀਂ ਬਣ ਸਕਿਆ'

FATHERS DAY, CHILD

ਦਿੱਲੀ ਦੇ ਕੋਟਲਾ ਮੁਬਾਰਕਪੁਰ ਇਲਾਕੇ ਵਿੱਚ ਛੋਟੇ ਕਮਰੇ ਵਿੱਚ ਇੱਕ ਪੁਰਾਣਾ ਪੱਖਾ ਫੁੱਲ ਸਪੀਡ ਨਾਲ ਚੱਲ ਰਿਹਾ ਹੈ। ਪੱਖੇ ਦੀ ਹਵਾ ਤੋਂ ਗੈਸ ਦੀ ਲਾਟ ਬੁਝਦੀ-ਬੁੱਝਦੀ ਬਚਦੀ ਹੈ। ਦੁਰਗਾ ਸਿੰਘ ਲਾਟ ਨੂੰ ਇੱਕ ਥਾਲੀ ਨਾਲ ਢਕਦੇ ਹਨ ਅਤੇ ਫਿਰ ਚੌਂਕੀ ਉੱਤੇ ਬੈਠਣ ਲਗਦੇ ਹਨ।

38 ਸਾਲ ਦੇ ਦੁਰਗਾ ਸਿੰਘ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਵਿਆਹ ਦੇ ਪੰਜ-ਛੇ ਸਾਲ ਬਾਅਦ ਵੀ ਜਦੋਂ ਉਨ੍ਹਾਂ ਦਾ ਕੋਈ ਬੱਚਾ ਨਹੀਂ ਹੋਇਆ ਤਾਂ ਉਨ੍ਹਾਂ ਨੇ ਪਿੰਡ ਛੱਡ ਕੇ ਦਿੱਲੀ ਆਉਣ ਦਾ ਫੈਸਲਾ ਕੀਤਾ। ਵਿਆਹ ਦੇ 16 ਸਾਲ ਬਾਅਦ ਵੀ ਅੱਜ ਦੁਰਗਾ ਸਿੰਘ ਦੇ ਕੋਈ ਬੱਚਾ ਨਹੀਂ ਹੈ।

ਬੱਚੇ ਲਈ ਉਨ੍ਹਾਂ ਨੇ ਕਈ ਹਸਪਤਾਲਾਂ ਦੇ ਚੱਕਰ ਕੱਟੇ, ਮੰਦਿਰ ਵਿੱਚ ਪੂਜਾ ਕੀਤੀ ਅਤੇ ਮਜ਼ਾਰਾਂ 'ਤੇ ਮੰਨਤਾਂ ਮੰਗੀਆਂ ਪਰ ਕੋਈ ਫਾਇਦਾ ਨਹੀਂ ਹੋਇਆ।

ਉਨ੍ਹਾਂ ਨੇ ਦੱਸਿਆ, "ਵਿਆਹ ਵੇਲੇ ਮੇਰੀ ਉਮਰ 20-22 ਸਾਲ ਅਤੇ ਮੇਰੀ ਪਤਨੀ 18-19 ਸਾਲ ਦੀ ਰਹੀ ਹੋਵੇਗੀ। ਵਿਆਹ ਤੋਂ ਬਾਅਦ ਦੋ-ਤਿੰਨ ਸਾਲ ਤੱਕ ਤਾਂ ਸਾਨੂੰ ਫਿਕਰ ਨਹੀਂ ਹੋਈ ਪਰ ਪੰਜ-ਛੇ ਸਾਲ ਲੰਘਣ 'ਤੇ ਸਾਨੂੰ ਥੋੜ੍ਹੀ ਫਿਕਰ ਜ਼ਰੂਰ ਹੋਈ।"

ਪਹਿਲਾਂ ਦੁਰਗਾ ਸਿੰਘ ਨੇ ਬਾਰਾਬੰਕੀ ਦੇ ਹੀ ਇੱਕ ਹਸਪਤਾਲ ਵਿੱਚ ਡਾਕਟਰ ਨੂੰ ਦਿਖਾਇਆ। ਉਹ ਦੱਸਦੇ ਹਨ, "ਦਵਾਈਆਂ ਕਾਫ਼ੀ ਮਹਿੰਗੀਆਂ ਸਨ ਪਰ ਫਿਰ ਵੀ ਅਸੀਂ ਇਲਾਜ ਜਾਰੀ ਰੱਖਿਆ। ਫਾਇਦਾ ਨਾ ਹੋਣ 'ਤੇ ਲਖਨਊ ਦੇ ਇੱਕ ਹਸਪਤਾਲ ਵਿੱਚ ਗਏ। ਉੱਥੋਂ ਵੀ ਕੋਈ ਕਾਮਯਾਬੀ ਨਹੀਂ ਮਿਲੀ ਤਾਂ ਕਿਸੇ ਜਾਣ-ਪਛਾਣ ਵਾਲੇ ਨੇ ਦਿੱਲੀ ਆਉਣ ਦੀ ਸਲਾਹ ਦਿੱਤੀ।"

ਬੱਚੇ ਲਈ ਅਣਜਾਣ ਸ਼ਹਿਰ ਵਿੱਚ ਆਏ...

ਇਸ ਤਰ੍ਹਾਂ ਇੱਕ ਬੱਚੇ ਦੀ ਹਸਰਤ ਨੇ ਦੁਰਗਾ ਸਿੰਘ ਅਤੇ ਉਨ੍ਹਾਂ ਦੀ ਪਤਨੀ ਪੂਨਮ ਨੂੰ ਆਪਣੇ ਪਿੰਡ ਤੋਂ ਦਿੱਲੀ ਵਰਗੇ ਅਣਜਾਣ ਸ਼ਹਿਰ ਵਿੱਚ ਲੈ ਆਉਂਦਾ।

ਦਿੱਲੀ ਆ ਕੇ ਉਨ੍ਹਾਂ ਨੇ ਕੋਟਲਾ ਮੁਬਾਰਕਪੁਰ ਵਿੱਚ ਇੱਕ ਕਮਰਾ ਕਿਰਾਏ 'ਤੇ ਲਿਆ। ਦੁਰਗਾ ਸਿੰਘ ਨੌਕਰੀ ਕਰਨ ਲੱਗੇ ਅਤੇ ਨੌਕਰੀ ਕਰਦੇ ਹੋਏ ਇਲਾਜ ਲਈ ਪੈਸੇ ਜੋੜਨ ਲੱਗੇ।

ਉਹ ਯਾਦ ਕਰਦੇ ਹਨ, "ਦਿੱਲੀ ਦੀ ਮਹਿੰਗਾਈ ਵਿੱਚ ਅਸੀਂ ਦੋਹਾਂ ਨੇ ਆਪਣਾ ਖਰਚਾ ਚਲਾਉਣਾ ਸੀ, ਕੁਝ ਪੈਸੇ ਘਰ ਭੇਜਣੇ ਸਨ ਅਤੇ ਇਲਾਜ ਲਈ ਪੈਸੇ ਬਚਾਉਣੇ ਵੀ ਸੀ। ਇਹ ਸਭ ਕਾਫ਼ੀ ਔਖਾ ਅਤੇ ਤਕਲੀਫ਼ ਦੇਣ ਵਾਲਾ ਸੀ। ਹਫ਼ਤੇ ਵਿੱਚ ਇੱਕ ਦਿਨ ਦੀ ਛੁੱਟੀ ਮਿਲਦੀ ਸੀ ਅਤੇ ਉਹ ਵੀ ਹਸਪਤਾਲਾਂ ਵਿੱਚ ਲੰਘਦੀ ਸੀ।"

ਦੁਰਗਾ ਸਿੰਘ ਨੇ ਹਸਪਤਾਲਾਂ ਵਿੱਚ ਕਿੰਨਾ ਸਮਾਂ ਕੱਟਿਆ, ਇਸ ਦਾ ਪਤਾ ਉਨ੍ਹਾਂ ਦੇ ਮੂੰਹੋਂ ਨਿਕਲਦੇ 'ਫੈਲੋਪਿਅਨ ਟਿਊਬ', 'ਯੂਟਰਸ' ਅਤੇ 'ਸੀਮਨ' ਵਰਗੇ ਸ਼ਬਦਾਂ ਤੋਂ ਹੀ ਲੱਗ ਜਾਂਦਾ ਹੈ। ਉਹ ਸਫਦਰਜੰਗ ਤੋਂ ਲੈ ਕੇ ਲੇਡੀ ਹਾਰਡਿੰਗ ਤੱਕ ਕਈ ਹਸਪਤਾਲਾਂ ਵਿੱਚ ਗਏ। ਕਈ ਸਾਲ ਉਡੀਕ ਕੀਤੀ ਅਤੇ ਅੱਜ ਵੀ ਉਡੀਕ ਹੀ ਕਰ ਰਹੇ ਹਨ।

ਉਨ੍ਹਾਂ ਕਿਹਾ, "ਇੱਕ ਡਾਕਟਰ ਨੇ ਸਾਨੂੰ ਆਈਵੀਐੱਫ ਦੀ ਸਲਾਹ ਦਿੱਤੀ ਪਰ ਮੈਂ ਹਾਲੇ ਇਸ ਬਾਰੇ ਸੋਚ ਨਹੀਂ ਪਾ ਰਿਹਾ ਕਿਉਂਕਿ ਇਹ ਕਾਫ਼ੀ ਮਹਿੰਗਾ ਹੈ।"

ਬੱਚੇ ਦੀ ਚਾਹਤ ਵਿੱਚ ਉਹ ਹੁਣ ਤੱਕ 8-9 ਲੱਖ ਰੁਪਏ ਖਰਚ ਕਰ ਚੁੱਕੇ ਹਨ।

ਜਦੋਂ ਇੱਕ ਬਾਬੇ ਦੇ ਚੱਕਰ ਵਿੱਚ ਫਸੇ

ਇਸ ਸਭ ਵਿਚਾਲੇ ਉਹ ਇੱਕ ਬਾਬੇ ਦੇ ਚੱਕਰ ਵਿੱਚ ਫਸ ਗਏ ਸੀ।

ਉਨ੍ਹਾਂ ਨੇ ਦੱਸਿਆ, "ਬਾਬੇ ਨੇ ਮੇਰੇ ਤੋਂ 20 ਹਜ਼ਾਰ ਰੁਪਏ ਮੰਗੇ ਅਤੇ ਕਿਹਾ ਕਿ ਦੋ ਮਹੀਨੇ ਅੰਦਰ ਕੰਮ ਨਾ ਹੋਣ 'ਤੇ ਪੂਰੇ ਪੈਸੇ ਵਾਪਿਸ ਹੋ ਜਾਣਗੇ। ਮੈਂ ਉਨ੍ਹਾਂ ਨੂੰ 20 ਹਜ਼ਾਰ ਰੁਪਏ ਦਿੱਤੇ ਅਤੇ ਦੋ ਮਹੀਨੇ ਤੱਕ ਹਰ ਰੋਜ਼ ਉਹ ਪੂਜਾ ਪਾਠ ਕਰਦੇ ਰਹੇ।''

"ਜਦੋਂ ਕੋਈ ਫਾਇਦਾ ਨਹੀਂ ਹੋਇਆ ਤਾਂ ਮੈਂ ਆਪਣੇ ਪੈਸੇ ਵਾਪਿਸ ਮੰਗੇ। ਪਹਿਲਾਂ ਤਾਂ ਉਨ੍ਹਾਂ ਨੇ ਮੈਨੂੰ ਟਰਕਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਮੈਂ ਆਪਣੇ ਦੋਸਤ ਨਾਲ ਉੱਥੇ ਗਿਆ ਤਾਂ ਉਸ ਨੂੰ ਪੈਸੇ ਮੋੜਨੇ ਪਏ।"

ਦੁਰਗਾ ਸਿੰਘ ਯਾਦ ਕਰਦੇ ਹਨ, "ਕਈ ਵਾਰੀ ਥੱਕ ਕੇ ਰੌਣ ਲਗਦਾ ਸੀ। ਹੁਣ ਵੀ ਮੈਂ ਅਤੇ ਪੂਨਮ ਕਾਫ਼ੀ ਮਾਯੂਸ ਹੋ ਜਾਂਦੇ ਹਾਂ ਪਰ ਇਸ ਮਾਯੂਸੀ ਵਿੱਚ ਅਸੀਂ ਦੋਵੇਂ ਹੀ ਇੱਕ-ਦੂਜੇ ਨੂੰ ਸੰਭਾਲਦੇ ਹਾਂ। ਹਾਂ ਇਹ ਜ਼ਰੂਰ ਹੈ ਕਿ ਸਾਡੀ ਜ਼ਿੰਦਗੀ ਵਿੱਚ ਜੋ ਵੀ ਦੁੱਖ ਤੇ ਖਾਲੀਪਨ ਹੈ ਉਸ ਦਾ ਅਸਰ ਕਦੇ ਸਾਡੇ ਆਪਸੀ ਰਿਸ਼ਤੇ 'ਤੇ ਨਹੀਂ ਪੈਂਦਾ।"

ਉਨ੍ਹਾਂ ਦੀ ਇਹ ਗੱਲ ਸੁਣ ਕੇ ਪਤਨੀ ਪੂਨਮ ਦੇ ਚਿਹਰੇ 'ਤੇ ਹਲਕੀ ਮੁਸਕਾਨ ਆ ਜਾਂਦੀ ਹੈ ਅਤੇ ਉਹ ਕਹਿੰਦੇ ਹਨ, "ਅਜਿਹਾ ਨਹੀਂ ਹੈ ਕਿ ਸਾਡੇ ਵਿਚਾਲੇ ਝਗੜੇ ਨਹੀਂ ਹੁੰਦੇ ਪਰ ਇਹ ਝਗੜੇ ਕਦੇ ਇਸ ਲਈ ਨਹੀਂ ਹੋਏ ਕਿ ਸਾਡਾ ਕੋਈ ਬੱਚਾ ਨਹੀਂ ਹੈ। ਆਪਣੀ ਕਿਸਮਤ ਲਈ ਅਸੀਂ ਇੱਕ-ਦੂਜੇ ਨੂੰ ਦੋਸ਼ ਨਹੀਂ ਦਿੰਦੇ।"

ਦੁਰਗਾ ਸਿੰਘ ਨੂੰ ਕੁਝ ਲੋਕਾਂ ਨੇ ਇਸ਼ਾਰਿਆਂ-ਇਸ਼ਾਰਿਆਂ ਵਿੱਚ ਦੂਜਾ ਵਿਆਹ ਕਰਨ ਦੀ ਸਲਾਹ ਵੀ ਦਿੱਤੀ। ਉਨ੍ਹਾਂ ਦੱਸਿਆ, "ਲੋਕ ਮੈਨੂੰ ਸਿੱਧਾ ਦੂਜਾ ਵਿਆਹ ਕਰਨ ਬਾਰੇ ਨਹੀਂ ਕਹਿ ਸਕੇ ਕਿਉਂਕਿ ਉਹ ਜਾਣਦੇ ਹਨ ਕਿ ਮੈਂ ਅਜਿਹਾ ਕੁਝ ਨਹੀਂ ਕਰਾਂਗਾ। ਉਲਟਾ ਉਨ੍ਹਾਂ 'ਤੇ ਮੈਂ ਹੀ ਭੜਕ ਜਾਵਾਂਗਾ। ਮੈਂ ਪੂਨਮ ਦਾ ਦਿਲ ਕਦੇ ਨਹੀਂ ਦੁਖਾ ਸਕਦਾ।"

ਕੀ ਕਦੇ ਕਿਸੇ ਨੇ ਪਿਤਾ ਨਾ ਬਣਨ ਕਾਰਨ ਮਿਹਣਾ ਮਾਰਿਆ?

ਇਸ ਦੇ ਜਵਾਬ ਵਿੱਚ ਦੁਰਗਾ ਸਿੰਘ ਕਹਿੰਦੇ ਹਨ, "ਮੇਰੀ ਪਿੱਠ ਪਿੱਛੇ ਤਾਂ ਲੋਕ ਕਹਿੰਦੇ ਹੀ ਹੋਣਗੇ ਇਸ ਵਿੱਚ ਕੋਈ ਸ਼ੱਕ ਨਹੀਂ। ਇੱਕ ਵਾਰੀ ਮੇਰੇ ਸਾਹਮਣੇ ਵੀ ਕਿਹਾ ਹੈ। ਸਾਡੇ ਆਪਣੇ ਗੁਆਂਢੀ ਨਾਲ ਕਿਸੇ ਗੱਲ 'ਤੇ ਲੜਾਈ ਹੋਈ ਅਤੇ ਤੂੰ-ਤੂੰ, ਮੈਂ-ਮੈਂ ਵਿਚਾਲੇ ਉਨ੍ਹਾਂ ਨੇ ਕਿਹਾ-ਇਸ ਤਰ੍ਹਾਂ ਦਾ ਹੈਂ ਤਾਂ ਹੀ ਪਿਤਾ ਨਹੀਂ ਬਣ ਸਕਿਆ। ਮੈਨੂੰ ਇਹ ਸੁਣ ਕੇ ਕਾਫ਼ੀ ਬੁਰਾ ਲੱਗਿਆ। ਮੇਰੀ ਪਤਨੀ ਇਹ ਸੁਣ ਕੇ ਰੋਣ ਵੀ ਲੱਗੀ ਸੀ।"

ਦੁਰਗਾ ਸਿੰਘ ਕਹਿੰਦੇ ਹਨ, "ਕਾਫ਼ੀ ਖਿੱਝ ਵੀ ਹੁੰਦੀ ਹੈ ਕਈ ਵਾਰੀ। ਦੋਸਤ, ਰਿਸ਼ਤੇਦਾਰ, ਘਰਵਾਲੇ ਸਭ ਪੁੱਛਦੇ ਰਹਿੰਦੇ ਹਨ। ਕਦੇ ਫੋਨ 'ਤੇ ਤਾਂ ਕਦੇ ਮਿਲਣ 'ਤੇ। ਹੋਰ ਕੁਝ ਨਵਾਂ? ਕੋਈ ਖੁਸ਼ਖਬਰੀ? ਇਹ ਸੁਣ ਕੇ ਅੱਕ ਗਿਆ ਹਾਂ। ਬਈ ਜੇ ਕੋਈ ਖੁਸ਼ਖਬਰੀ ਹੋਵੇਗੀ ਤਾਂ ਖੁਦ ਦੱਸ ਦੇਵਾਂਗਾਂ। ਫਿਰ ਸੋਚਦਾ ਹਾਂ ਇਨ੍ਹਾਂ ਦੀ ਕੀ ਗਲਤੀ। ਪੁੱਛ ਹੀ ਤਾਂ ਰਹੇ ਨੇ।"

ਸਮਾਜ ਵਿੱਚ ਹਮੇਸ਼ਾਂ ਮਾਂ ਦੀ ਮਮਤਾ ਦੀ ਗੱਲ ਹੁੰਦੀ ਹੈ ਪਰ ਪਿਤਾ ਦੇ ਪਿਆਰ ਦਾ ਕੀ? ਕੀ ਮਰਦ ਨੂੰ ਬੱਚਿਆਂ ਦੀ ਓਨੀ ਚਾਹਤ ਨਹੀਂ ਹੁੰਦੀ ਜਿੰਨੀ ਔਰਤ ਨੂੰ?

ਦੁਰਗਾ ਸਿੰਘ ਜਵਾਬ ਦਿੰਦੇ ਹਨ, "ਅਜਿਹਾ ਨਹੀਂ ਹੈ। ਮਰਦ ਖੁੱਲ਼੍ਹ ਕੇ ਭਾਵੇਂ ਹੀ ਨਾਂ ਬੋਲਣ ਪਰ ਉਨ੍ਹਾਂ ਦੇ ਦਿਲ ਵਿੱਚ ਚਾਹਤ ਓਨੀ ਹੀ ਹੁੰਦੀ ਹੈ। ਬਾਪ ਨਾ ਬਣ ਸਕਣ ਦਾ ਦਰਦ ਮੇਰੇ ਤੋਂ ਪੁੱਛੋ। ਮੈਂ ਅਕਸਰ ਲੋਕਾਂ ਨੂੰ ਕਹਿੰਦੇ ਸੁਣਿਆ ਹੈ ਕਿ ਜਿਸ ਦੇ ਆਪਣੇ ਬਾਲ-ਬੱਚੇ ਨਹੀਂ ਹੁੰਦੇ ਉਹ ਭਲਾ ਦੂਜਿਆਂ ਦੇ ਬੱਚਿਆਂ ਨੂੰ ਕੀ ਸਮਝਣਗੇ ਪਰ ਮੈਂ ਦੂਜਿਆਂ ਦੇ ਬੱਚਿਆਂ ਦਾ ਮੱਲ-ਮੂਤਰ ਤੱਕ ਸਾਫ਼ ਕੀਤਾ ਹੈ।"

ਉਨ੍ਹਾਂ ਅੱਗੇ ਕਿਹਾ, "ਜੇ ਅੱਜ ਮੇਰੇ ਘਰ ਵਿੱਚ ਕੋਈ ਬੱਚਾ ਹੋ ਜਾਵੇ ਤਾਂ ਇੰਨੀ ਧੂਮਧਾਮ ਨਾਲ ਪਾਰਟੀ ਕਰਾਂਗਾ ਕਿ ਸਭ ਨੂੰ ਪਤਾ ਲੱਗ ਜਾਵੇਗਾ। ਮੁੰਡਾ ਹੋਵੇ ਜਾਂ ਕੁੜੀ ਮੈਨੂੰ ਕੋਈ ਫਰਕ ਨਹੀਂ ਪੈਂਦਾ। ਬੱਸ ਇੱਕ ਬੱਚਾ ਚਾਹੀਦਾ ਹੈ।"

ਉਨ੍ਹਾਂ ਨੇ ਬੱਚਿਆਂ ਲਈ ਸੁਫ਼ਨੇ ਦੇਖੇ ਹਨ ਜਿਵੇਂ ਬੱਚੇ ਨੂੰ ਚੰਗੇ ਸਕੂਲ ਵਿੱਚ ਪੜ੍ਹਾਉਣਗੇ ਅਤੇ ਵੱਡੇ ਲੋਕਾਂ ਵਿੱਚ ਬੈਠਣਾ ਸਿਖਾਉਣਗੇ ਅਤੇ ਚੰਗੀ ਨੌਕਰੀ ਕਰਵਾਉਣਗੇ।

Image copyright iStock

ਉਹ ਭਾਵੁਕ ਹੋ ਕੇ ਕਹਿੰਦੇ ਹਨ, "ਗਰੀਬੀ ਕਾਰਨ ਮੇਰੇ ਪਿਤਾ ਮੈਨੂੰ ਪੜ੍ਹਾ ਨਹੀਂ ਸਕੇ ਪਰ ਮੈਂ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਵਾਂਗਾ। ਉਸ ਨੂੰ ਉਹ ਸਾਰੀਆਂ ਚੀਜ਼ਾਂ ਦੇਵਾਂਗਾ ਜੋ ਮੈਨੂੰ ਨਹੀਂ ਮਿਲੀਆਂ।"

ਦੁਰਗਾ ਸਿੰਘ ਲਈ ਪਿਤਾ ਬਣਨਾ ਇੰਨਾ ਜ਼ਰੂਰੀ ਕਿਉਂ ਹੈ?

ਉਨ੍ਹਾਂ ਦਾ ਜਵਾਬ ਹੈ, ਆਪਣੇ ਵਰਗਾ ਕੋਈ ਤਾਂ ਚਾਹੀਦਾ ਹੈ। ਉਹ ਕਹਿੰਦੇ ਹਨ, "ਬੱਚਾ ਹੋਵੇਗਾ ਤਾਂ ਲੱਗੇਗਾ ਕਿ ਮੇਰੇ ਕੋਲ ਕੋਈ ਆਪਣਾ ਹੈ ਜੋ ਮੈਨੂੰ ਆਪਣਾ ਮੰਨੇਗਾ। ਬੱਚਾ ਨਾ ਹੋਇਆ ਤਾਂ ਮੇਰੇ ਮਰਨ ਤੋਂ ਬਾਅਦ ਮੇਰਾ ਨਾਮ ਦੁਨੀਆਂ ਤੋਂ ਮਿੱਟ ਜਾਵੇਗਾ। ਕੋਈ ਮੁੰਡਾ ਜਾਂ ਕੁੜੀ ਹੋਵੇਗੀ ਤਾਂ ਲੋਕ ਕਹਿਣਗੇ ਕਿ ਇਹ ਦੁਰਗਾ ਸਿੰਘ ਦੇ ਬੱਚੇ ਹਨ।"

ਪਰ ਜਿਨ੍ਹਾਂ ਦੇ ਕੋਈ ਬੱਚੇ ਨਹੀਂ, ਉਨ੍ਹਾਂ ਦੀ ਵੀ ਤਾਂ ਜ਼ਿੰਦਗੀ ਹੈ?

"ਹਾਂ ਬਿਲਕੁਲ ਹੈ।"

ਉਨ੍ਹਾਂ ਨੇ ਕਿਹਾ, "ਜੇ ਬੱਚਾ ਨਹੀਂ ਹੋਵੇਗਾ ਤਾਂ ਵੀ ਅਸੀਂ ਦੋਵੇਂ ਜੀਅ ਲਵਾਂਗੇ ਪਰ ਜੇ ਹੋ ਜਾਵੇਗਾ ਤਾਂ ਕਾਫ਼ੀ ਖੁਸ਼ੀ ਨਾਲ ਜ਼ਿੰਦਗੀ ਬਤੀਤ ਕਰਾਂਗੇ। ਸ਼ਾਇਦ ਅਸੀਂ ਕੋਈ ਬੱਚਾ ਗੋਦ ਵੀ ਲੈ ਲਈਏ।"

ਵਿਦਾ ਲੈਂਦੇ ਹੋਏ ਦੁਰਗਾ ਸਿੰਘ ਹੌਲੀ ਆਵਾਜ਼ ਵਿੱਚ ਕਹਿੰਦੇ ਹਨ , "ਮੈਂ ਤਾਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ, ਕੀ ਪਤਾ ਉੱਪਰ ਵਾਲਾ ਪਿਘਲ ਹੀ ਜਾਵੇ। ਤੁਹਾਨੂੰ ਕਿਸੇ ਚੰਗੇ ਡਾਕਟਰ ਦਾ ਪਤਾ ਚੱਲੇ ਤਾਂ ਦੱਸਿਓ, ਅਸੀਂ ਹਾਲੇ ਵੀ ਉਮੀਦ ਨਹੀਂ ਛੱਡੀ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)