ਗਾਇਕ ਰੱਬੀ ਸ਼ੇਰਗਿੱਲ ਕਿਸ ਗੱਲੋਂ ਫ਼ਿਕਰ 'ਚ ਹੈ

ਰੱਬੀ ਸ਼ੇਰਗਿੱਲ Image copyright Rabbi Shergill/FB

"ਪੰਜਾਬੀਅਤ ਦੀ ਪਹਿਲਾ ਨੀਂਹ ਪੱਥਰ ਮੇਰੇ ਮੁਤਾਬਕ ਸਾਡੀ ਬੋਲੀ ਹੈ ਅਤੇ ਆਉਣ ਵਾਲੀ ਪੀੜ੍ਹੀ ਤੱਕ ਇਸ ਨੂੰ ਪਹੁੰਚਾਉਣਾ ਬੇਹੱਦ ਲਾਜ਼ਮੀ ਹੈ ਤੇ ਇਸ ਬਾਰੇ ਸੁਚੇਤ ਹੋਣਾ ਅਤੇ ਫਿਕਰਮੰਦ ਹੋਣਾ ਜ਼ਰੂਰੀ ਹੈ, ਮੈਂ ਇਸ ਫਿਕਰ 'ਚ ਹਾਂ।"

ਇਹ ਵਿਚਾਰ ਉੱਘੇ ਗਾਇਕ ਰੱਬੀ ਸ਼ੇਰਗਿੱਲ ਨੇ ਪੰਜਾਬੀ ਭਾਸ਼ਾ ਅਤੇ ਪੰਜਾਬੀ ਗਾਇਕੀ ਬਾਰੇ ਆਪਣੇ ਵਿਚਾਰ ਬੀਬੀਸੀ ਪੱਤਰਕਾਰ ਦਲਜੀਤ ਅਮੀ ਨਾਲ ਗੱਲਬਾਤ ਦੌਰਾਨ ਪ੍ਰਗਟ ਕੀਤੇ।

'ਪੰਜਾਬ ਦਾ ਮਤਲਬ ਸਿਰਫ਼ ਭੂਗੋਲਿਕ ਪੰਜਾਬ ਨਹੀਂ'

ਰੱਬੀ ਸ਼ੇਰਗਿੱਲ ਚਾਹੁੰਦੇ ਹਨ ਕਿ ਪੰਜਾਬੀ ਬੋਲੀ ਲਈ ਉਹ ਕੋਈ ਅਜਿਹਾ ਤਾਣਾ-ਬਾਣਾ ਬੁਨਣ ਤਾਂ ਜੋ ਹੋਰ ਲੋਕ ਇਸ ਨਾਲ ਜੁੜ ਸਕਣ।

ਰੱਬੀ ਕਹਿੰਦੇ ਹਨ, ''ਪੰਜਾਬ ਭੂਗੋਲਿਕ ਖੇਤਰ ਤੋਂ ਬਾਹਰ ਵਿਚਰ ਰਿਹਾ ਹੈ ਅਤੇ ਅੱਜ ਕੱਲ੍ਹ ਹਰ ਕਿਸੇ ਨੂੰ ਆਪਣਾ ਪੰਜਾਬ ਆਪਣੀ ਬੋਝੇ 'ਚ ਆਪ ਰੱਖ ਕੇ ਤੁਰਨਾ ਪੈਂਦਾ ਅਤੇ ਤੁਸੀਂ ਜਿੱਥੇ-ਜਿੱਥੇ ਵਿਚਰਦੇ ਹੋ ਪੰਜਾਬ ਤੁਹਾਡੇ ਨਾਲ ਹੀ ਵਿਚਰਦਾ ਹੈ।''

ਉਨ੍ਹਾਂ ਮੁਤਾਬਕ ਭੂਗੋਲਿਕ ਪੰਜਾਬ ਨੂੰ ਵੀ ਪੰਜਾਬੀ ਕਿਤੇ ਨਾ ਕਿਤੇ ਵਿਸਾਰੀ ਬੈਠੇ ਹਨ। ਉਹ ਕਹਿੰਦੇ ਹਨ ਕਿ ਕੁਝ ਲੋਕ ਪੰਜਾਬ ਵਿੱਚ ਰਹਿ ਕੇ ਪੰਜਾਬੀ ਨਹੀਂ ਬੋਲਣਾ ਚਾਹੁੰਦੇ ਅਤੇ ਕੁਝ ਲੋਕ ਪੰਜਾਬ ਤੋਂ ਬਾਹਰ ਬੈਠ ਕੇ ਠੇਠ ਪੰਜਾਬੀ ਬੋਲ ਰਹੇ ਹਨ।

'ਪੰਜਾਬੀ ਬੋਲੀ ਪੰਜਾਬ ਦਾ ਬੀਜ ਹੈ'

ਰੱਬੀ ਮੁਤਾਬਕ ਮੰਨ ਲਓ ਜੇਕਰ ਕੱਲ੍ਹ ਨੂੰ ਭੂਗੋਲਿਕ ਪੰਜਾਬ ਨਾ ਰਹੇ ਅਤੇ ਪੰਜਾਬੀ ਬੋਲੀ ਬਚੀ ਰਹੇ ਤਾਂ ਇਸ ਨਾਲ ਪੰਜਾਬ ਫੇਰ ਕਿਤੇ ਨਾ ਕਿਤੇ ਆਪਣੇ ਆਪ ਨੂੰ ਸ਼ੁਰੂ ਕਰ ਲਵੇਗਾ।

ਉਨ੍ਹਾਂ ਦਾ ਮੰਨਣਾ ਹੈ ਕਿ ਅਜੇ ਪੰਜਾਬੀ ਦਾ ਨਿਘਾਰ ਨਹੀਂ ਹੋਇਆ ਉਸ ਨੂੰ ਅਜੇ ਸਿਰਫ਼ ਥੋੜ੍ਹੀ ਜਿਹੀ ਢਾਹ ਲੱਗੀ ਅਤੇ ਅਸੀਂ ਫੇਰ ਖੜ੍ਹੇ ਹੋਵਾਂਗੇ।

ਪੰਜਾਬੀ ਬੋਲੀ ਨੂੰ ਲੈ ਕੇ ਚਿੰਤਾ ਜ਼ਾਹਿਰ ਕਰਦਿਆਂ ਰੱਬੀ ਨੇ ਕਿਹਾ, "ਅਜੋਕੀ ਸਿੱਖਿਆ ਪ੍ਰਣਾਲੀ ਨੇ ਸਾਨੂੰ ਬੋਲੀ ਤੋਂ ਦੂਰ ਕਰ ਦਿੱਤਾ ਹੈ। ਅਸੀਂ ਅੰਦਰੋਂ ਖੋਖਲੋ ਹੋ ਗਏ ਹਾਂ।"

Image copyright Rabbi Shergill/FB

ਰੱਬੀ ਕਹਿੰਦੇ ਹਨ ਕਿ ਪੰਜਾਬੀ ਬੋਲੀ ਇੱਕ ਬਹੁਤ ਵੱਡੀ ਛਤਰੀ ਹੈ ਅਤੇ ਇਸ ਵਿੱਚ ਉਪ ਬੋਲੀਆਂ ਦੀਆਂ ਨਿੱਕੀਆਂ-ਨਿੱਕੀਆਂ ਖੁੰਭਾਂ ਹਨ।

ਆਪਣੇ ਖਿੱਤੇ ਦੀ ਬੋਲੀ ਮਝੈਲ ਦਾ ਜ਼ਿਕਰ ਕਰਦਿਆਂ ਉਹ ਮਲਵਈ ਅਤੇ ਸਰਹੱਦ ਤੋਂ ਪਾਰ ਦੀਆਂ ਉਪ ਬੋਲੀਆਂ ਦਾ ਵੀ ਜ਼ਿਕਰ ਕਰਦੇ ਹਨ।

'ਪੰਜਾਬੀਅਤ ਦੇ ਬੀਜ ਲਾਈਏ'

ਉਨ੍ਹਾਂ ਮੁਤਾਬਕ ਪੰਜਾਬੀ ਬੋਲਣ ਨਾਲ ਇੱਕ ਤਾਂ ਦਿਲ ਵਿੱਚ ਠੰਢ ਪੈ ਜਾਂਦੀ ਹੈ ਤੇ ਦੂਜਾ ਪੰਜਾਬੀਅਤ ਦਾ ਇੱਕ ਬੀਜ ਹੋਰ ਪੁੰਗਰ ਪੈਂਦਾ ਹੈ।

"ਪੰਜਾਬੀ ਦਾ ਮਾਲੀ ਜਾਂ ਕਿਰਸਾਨ ਹੋਣ ਨਾਤੇ ਇਹ ਆਪਣਾ ਫ਼ਰਜ਼ ਸਮਝਦਾ ਹਾਂ ਕਿ ਮੈਂ ਇਸ ਦਾ ਇੱਕ ਬੀਜ ਕਿਤੇ ਲਾ ਛੱਡਾਂ।"

ਰੱਬੀ ਸ਼ੇਰਗਿੱਲ ਮੁਤਾਬਕ, "ਮੈਂ ਜਦੋਂ ਕੋਈ ਕਵਿਤਾ ਲਿਖਦਾ ਹਾਂ ਤਾਂ ਮੈਂ ਆਪਣੇ ਅੰਦਰ ਵੜਨ ਦੀ ਕੋਸ਼ਿਸ਼ ਕਰਦਾ ਹਾਂ। ਮੇਰੇ ਸਰੋਕਾਰ ਮੇਰੇ ਆਲੇ-ਦੁਆਲੇ ਤੇ ਮੇਰੇ ਇਤਿਹਾਸ ਦੇ ਸਰੋਕਾਰ ਹਨ। ਵੱਡਾ ਸਰੋਕਾਰ ਮੇਰੇ ਲਈ ਖਪਤਵਾਦ ਦੇ ਦੌਰ ਵਿੱਚ ਕਲਾ ਨੂੰ ਲੱਭਣਾ ਹੈ।"

Image copyright Getty Images

"ਜਿਨ੍ਹੇ ਨਾਜ਼ ਹੈ ਹਿੰਦ ਪਰ ਵੋ ਕਹਾਂ ਹੈਂ" ਕਿਉਂ ਗਾਇਆ?

ਇਸ ਮਸ਼ਹੂਰ ਗਾਣੇ ਦੇ ਬੋਲ ਅਤੇ ਹਾਲਾਤ ਬਾਰੇ ਰੱਬੀ ਸ਼ੇਰਗਿੱਲ ਚਰਚਾ ਕਰਦੇ ਹਨ।

ਉਨ੍ਹਾਂ ਮੁਤਾਬਕ, "ਮੈਂ 2003 ਵਿੱਚ ਮੁੰਬਈ ਇਕੱਲਾ ਰਹਿੰਦਾ ਸੀ ਤੇ ਜ਼ਿਆਦਾ ਲੋਕਾਂ ਨਾਲ ਕੋਈ ਮੇਲ-ਜੋਲ ਨਹੀਂ ਸੀ। ਉਨ੍ਹਾਂ ਦਿਨਾਂ ਵਿੱਚ ਵਾਪਰੀ ਇੱਕ ਘਟਨਾ ਨੇ ਮੈਨੂੰ ਝੰਜੋੜ ਦਿੱਤਾ। ਉਹ ਸੀ ਨਵਲੀਨ ਕੁਮਾਰ ਦਾ ਕਤਲ।"

"ਨਵਲੀਨ ਕੁਮਾਰ ਇੱਕ ਮੱਧ ਵਰਗੀ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਇੱਕ ਸਮਾਜਸੇਵੀ ਕਾਰਕੁਨ ਸੀ ਅਤੇ ਸਥਾਨਕ ਆਦੀਵਾਸੀਆਂ ਦੇ ਹੱਕਾਂ ਦੀ ਲੜਾਈ ਲੜ ਰਹੀ ਸੀ। ਪਹਿਲਾਂ ਉਨ੍ਹਾਂ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋਈਆਂ ਅਤੇ ਫੇਰ ਉਨ੍ਹਾਂ ਦਾ ਕਤਲ ਹੋ ਗਿਆ।"

ਉਹ ਯਾਦ ਕਰਦੇ ਹਨ, "ਕਾਤਲਾਂ ਨੇ ਨਵਲੀਨ ਦੇ ਸਰੀਰ 'ਤੇ ਚਾਕੂ ਨਾਲ 19 ਵਾਰ ਕੀਤੇ। 19 ਵਾਰ ਜੇ ਗਿਣੀਏ ਵੀ ਤਾਂ ਸਮਾਂ ਲੱਗ ਜਾਂਦਾ ਹੈ। ਇਹ ਮਾਰਨ ਲਈ ਨਹੀਂ ਸਨ, ਇਹ ਕੋਈ ਕਾਤਲਾਨਾ ਸੋਚ ਨਹੀਂ ਸੀ, ਇਹ ਇੱਕ ਵਹਿਸ਼ੀਪੁਣਾ ਸੀ। ਇਹ ਸ਼ਹਿਰ ਵੱਲੋਂ ਪਿੰਡ ਦਾ ਕਤਲ ਸੀ।"

"ਮੈਂ ਇਸ ਬਿੰਬ ਨੂੰ ਫੜਨਾ ਚਾਹੁੰਦਾ ਸੀ, ਇਸ ਲਈ ਮੈਂ 19 ਸੰਖਿਆ ਨੂੰ ਇਸ ਗਾਣੇ ਵਿੱਚ 19 ਵਾਰ ਦੁਹਰਾਇਆ,ਹੈ।"

Image copyright RABBI SHERGILL/FB

'ਮਾੜੀ ਗਾਇਕੀ ਲਈ ਗਵੱਈ ਜ਼ਿੰਮੇਵਾਰ'

ਇਸ ਮੁਲਾਕਾਤ ਦੌਰਾਨ ਰੱਬੀ ਸ਼ੇਰਗਿੱਲ ਨੇ ਪੰਜਾਬੀ ਭਾਸ਼ਾ ਅਤੇ ਮਨੁੱਖੀ ਅਧਿਕਾਰਾਂ ਦੀ ਗੱਲ ਤਾਂ ਕੀਤੀ ਹੀ ਉਨ੍ਹਾਂ ਨੇ ਪੰਜਾਬ ਵਿੱਚ ਮੌਜੂਦਾ ਗਾਇਕੀ ਅਤੇ ਸਰੋਤਿਆਂ ਬਾਰੇ ਵੀ ਆਪਣੇ ਵਿਚਾਰ ਰੱਖੇ।

ਉਹ ਕਹਿੰਦੇ ਹਨ, "ਮਾੜੇ ਗਾਣੇ ਗਾਉਣ ਵਾਲੇ ਕਾਇਰ ਹਨ, ਉਹ ਕੋਈ ਕਲਾਤਮਕ ਯਾਤਰਾ ਕਰਨੀ ਹੀ ਨਹੀਂ ਚਾਹੁੰਦੇ। ਇਸ ਵਿੱਚ ਸੁਣਨ ਵਾਲਿਆਂ ਦੀ ਕੋਈ ਗਲਤੀ ਨਹੀਂ, ਇਹ ਸਾਰੀ ਦੀ ਸਾਰੀ ਗਾਇਕਾਂ ਦੀ ਗਲਤੀ ਹੈ। ਉਹੀ ਇਨ੍ਹਾਂ ਦੇ ਮਾੜੇ ਪ੍ਰਭਾਵਾਂ ਲਈ ਸਿੱਧੇ ਤੌਰ 'ਤੇ ਜਿ਼ੰਮੇਵਾਰ ਹਨ।"

ਰੱਬੀ ਸ਼ੇਰਗਿੱਲ ਚੰਗੀ ਗਾਇਕੀ ਲਈ ਕੀ ਕਰਨਗੇ ਅਤੇ ਕੀ ਕਰ ਰਹੇ ਹਨ ਇਸ ਸਵਾਲ ਦੇ ਜਵਾਬ ਵਿੱਚ ਉਹ ਕਹਿੰਦੇ ਹਨ, ''ਮੈਂ ਇਸ ਕਲਚਰ ਵਿੱਚ ਜਿਉਂਦਾ ਵਿਚਰਦਾ ਹਾਂ, ਮੈਂ ਇਸ ਬਾਗ਼ ਦਾ ਮਾਲੀ ਹਾਂ। ਬੇਸ਼ੱਕ ਮੈਂ ਸਾਰਾ ਬਾਗ਼ ਤਾਂ ਨਹੀਂ ਬਚਾ ਸਕਦਾ ਪਰ ਇੱਕ ਅੱਧੇ ਫੁੱਲ ਪਿੱਛੇ ਤਾਂ ਮੈਂ ਆਪਣੀ ਜਾਨ ਲਾ ਦਿਆਂਗਾ।''

'ਮੈਂ ਕਾਲਾ ਪੋਚਾ ਲਹਿਰ ਦੀ ਹਮਾਇਤ ਕਰਦਾ ਹਾਂ'

ਕੁਝ ਮਹੀਨੇ ਪਹਿਲਾਂ ਪੰਜਾਬ ਵਿੱਚ ਨੈਸ਼ਨਲ ਹਾਈਵੇਅ ਅਤੇ ਸਟੇਟ ਹਾਈਵੇਅ ਉੱਤੇ ਸਾਈਨ ਬੋਰਡਾਂ ਉੱਤੇ ਪੰਜਾਬੀ ਨੂੰ ਛੱਡ ਕੇ ਹੋਰ ਭਾਸ਼ਾਵਾਂ ਉੱਤੇ ਕਾਲਾ ਪੋਚਾ ਫੇਰਨ ਦੀ ਮੁਹਿੰਮ ਚਲਾਈ ਗਈ ਸੀ।

ਕਈ ਜਥੇਬੰਦੀਆਂ ਇਸ ਦੇ ਹੱਕ ਵਿੱਚ ਆਈਆਂ ਸਨ ਕਈਆਂ ਨੇ ਆਪਣੀ ਵੱਖਰੀ ਰਾਇ ਵੀ ਰੱਖੀ ਸੀ। ਰੱਬੀ ਸ਼ੇਰਗਿੱਲ ਦਾ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਆਪਣਾ ਸਟੈਂਡ ਹੈ।

ਰੱਬੀ ਕਹਿੰਦੇ ਹਨ, "ਮੈਂ ਪੰਜਾਬੀ ਬੋਲੀ ਲਈ ਕਾਲਾ ਪੋਚਾ ਮੁਹਿੰਮ ਦੀ ਹਮਾਇਤ ਕਰਦਾ ਹਾਂ। ਇਹ ਮੁਹਿੰਮ ਲਾਜ਼ਮੀ ਹੋ ਗਈ ਸੀ।"

ਉਹ ਕਹਿੰਦੇ ਹਨ, "ਸਕੂਲ, ਕਾਲਜ, ਯੂਨੀਵਰਸਿਟੀਆਂ ਵਿੱਚ ਹਿੰਦੀ ਦਾ ਇੱਕ ਟਿੱਡੀ ਦਲ ਪੂਰੇ ਪੰਜਾਬ ਵਿੱਚ ਫੈਲ ਗਿਆ ਹੈ। ਸਾਡੀ ਬੋਲੀ ਅੰਦਰੋਂ ਖੋਖਲੀ ਕਰ ਦਿੱਤੀ ਗਈ ਹੈ। ਸਾਡੀ ਵਾਕ ਬਣਤਰ, ਬਿਲਕੁਲ ਹਿੰਦੀ ਦਾ ਤਰਜਮਾ ਹੈ। ਅਸੀਂ ਹਿੰਦੀ ਨਾਲੋਂ ਸੰਸਕ੍ਰਿਤ ਦੇ ਵਧੇਰੇ ਨੇੜੇ ਹਾਂ।"

"ਮੈਂ ਪੰਜਾਬੀ ਦਾ ਦੋਇਮ ਦਰਜਾ ਕੀਤਾ ਜਾਣਾ ਪਸੰਦ ਨਹੀਂ ਕਰ ਸਕਦਾ। ਜਿਸ ਦੀ ਪ੍ਰਕਿਰਿਆ 50ਵਿਆਂ ਜਾਂ 60ਵਿਆਂ ਤੋਂ ਬੜੇ ਸੋਚੇ ਸਮਝੇ ਤਰੀਕੇ ਨਾਲ ਚਲਦੀ ਆ ਰਹੀ ਹੈ।"

"ਤੁਹਾਡੀਆਂ ਟੀਵੀ ਦੀਆਂ ਸਾਰੀਆਂ ਮਸ਼ਹੂਰੀਆਂ ਸਾਰੇ ਅਖ਼ਬਾਰ, ਸਾਰੇ ਕਮਿਊਨੀਕੇਸ਼ਨ ਇੱਕ ਡੀਬੇਸਡ ਪੰਜਾਬੀ ਵਿੱਚ ਹੁੰਦੀ ਹੈ। ਪੰਜਾਬੀ ਖ਼ਤਮ ਹੋ ਚੁੱਕੀ ਹੈ। ਕੋਈ ਪੰਜਾਬ ਵਿੱਚ ਵੀ ਨਹੀਂ ਬੋਲਣਾ ਚਾਹੁੰਦਾ।"

Image copyright Rabbi Shergill/FB

ਰੱਬੀ ਸ਼ੇਰਗਿੱਲ ਕਹਿੰਦੇ ਹਨ ਇੱਥੇ ਸਰਜਰੀ ਦੀ ਲੋੜ ਹੈ ਅਤੇ ਪੋਚਾ ਲੱਗਣਾ ਇੱਕ ਸਰਜਰੀ ਹੀ ਹੈ।

ਪੰਜਾਬ ਵਿੱਚ ਰੇਡੀਓ ਸਟੇਸ਼ਨਾਂ ਦੇ ਤਜਰਬੇ ਸਾਂਝੇ ਕਰਦਿਆਂ ਉਹ ਕਹਿੰਦੇ ਹਨ, ''ਰੇਡੀਓ ਵਾਲੇ ਕਹਿੰਦੇ ਹਨ ਹਿੰਦੀ ਵਿੱਚ ਜਵਾਬ ਦਿਓ। ਉਸ ਵੇਲੇ ਮੇਰੀ ਰੂਹ ਕੁਰਲਾਉਂਦੀ ਹੈ। ਹੁਣ ਗੋਲੀ, ਸਿਰਪ ਦੀ ਨਹੀਂ ਟੀਕੇ ਦੀ ਲੋੜ ਹੈ। ਇਸ ਵੇਲੇ ਮੈਂ ਪੰਜਾਬ ਨੂੰ ਦੂਰੋਂ ਦੇਖ ਰਿਹਾ ਹਾਂ, ਮੈਂ ਸਮਝਦਾ ਹਾਂ ਪੰਜਾਬ ਨੂੰ ਟੀਕੇ ਦੀ ਲੋੜ ਹੈ।"

"ਪੰਜਾਬ ਦੀ ਯੂਨੀਵਰਸਿਟੀ, ਪੰਜਾਬ ਦੀ ਅਕਾਦਮਿਕ ਜ਼ਬਾਨ ਬਦਲਣ ਦੀ ਲੋੜ ਹੈ। ਆਪਣਾ ਮੁਹਾਵਰਾ, ਆਪਣੀ ਵਾਕ ਬਣਤਰ ਅਪਨਾਉਣ ਦੀ ਲੋੜ ਹੈ। ਪੰਜਾਬੀਅਤ ਦਾ ਮਿਆਰ ਉੱਚਾ ਚੁੱਕਣ ਦੀ ਲੋੜ ਹੈ। ਇਸ ਨੂੰ ਆਰਥਿਕਤਾ ਨਾਲ ਜੋੜਨ ਦੀ ਲੋੜ ਹੈ ਤਾਂ ਕਿ ਲੋਕ ਇਸ ਨੂੰ ਸਿੱਖਣਾ ਚਾਹੁਣ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)