ਭਾਰਤ ਸ਼ਾਸਤ ਜੰਮੂ-ਕਸ਼ਮੀਰ 'ਚ ਭਾਜਪਾ-ਪੀਡੀਪੀ ਗਠਜੋੜ ਟੁੱਟਣ ਤੋਂ ਬਾਅਦ ਕੀ ਹੋਇਆ?

ਮਹਿਬੂਬਾ ਮੁਫ਼ਤੀ Image copyright Getty Images

ਭਾਰਤ ਸ਼ਾਸਤ ਜੰਮ-ਕਸ਼ਮੀਰ ਵਿੱਚ ਰਾਸ਼ਟਰਪਤੀ ਸ਼ਾਸਨ ਨੂੰ ਲਾਗੂ ਹੋ ਗਿਆ ਹੈ।

ਬੀਤੇ ਦਿਨੀਂ ਭਾਰਤ ਸਾਸ਼ਤ ਜੰਮੂ-ਕਸ਼ਮੀਰ ਵਿੱਚ ਪੀਡੀਪੀ-ਭਾਜਪਾ ਗਠਜੋੜ ਟੁੱਟ ਗਿਆ ਸੀ ਜਿਸ ਤੋਂ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ

ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੇ ਆਗੂ ਅਤੇ ਜੰਮੂ ਤੇ ਕਸ਼ਮੀਰ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਗਠਜੋੜ ਤੋੜਨ ਲਈ ਭਾਜਪਾ ਦੀ ਤਿੱਖੇ ਸ਼ਬਦਾ ਵਿਚ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਸਖਤ ਨੀਤੀ ਸੂਬੇ ਵਿਚ ਕਾਰਗਰ ਨਹੀਂ ਹੈ।

ਇਹ ਵੀ ਪੜ੍ਹੋ:

ਕਸ਼ਮੀਰ ਸਖ਼ਤੀ ਨਹੀਂ ਚੱਲ ਸਕਦੀ

ਸ਼੍ਰੀਨਗਰ 'ਚ ਇਕ ਪ੍ਰੈਸ ਕਾਨਫਰੰਸ' ਚ ਉਨ੍ਹਾਂ ਨੇ ਕਿਹਾ, '' ਅਸੀਂ ਇਹ ਸੋਚ ਕੇ ਭਾਜਪਾ ਨਾਲ ਗਠਜੋੜ ਕੀਤਾ ਸੀ ਕਿ ਭਾਜਪਾ ਇਕ ਵੱਡੀ ਪਾਰਟੀ ਹੈ, ਕੇਂਦਰ 'ਚ ਇਸਦੀ ਸਰਕਾਰ ਹੈ। ਇਸ ਦੇ ਜ਼ਰੀਏ ਅਸੀਂ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਨਾਲ ਗੱਲਬਾਤ ਅਤੇ ਪਾਕਿਸਤਾਨ ਨਾਲ ਚੰਗੇ ਸੰਬੰਧਾਂ ਚਾਹੁੰਦੇ ਸੀ। ਉਸ ਸਮੇਂ ਵਾਦੀ ਦੇ ਲੋਕਾਂ ਦੇ ਮਨ ਵਿਚ ਧਾਰਾ 370 ਨੂੰ ਲੈ ਕੇ ਸ਼ੱਕ ਸੀ, ਪਰ ਫਿਰ ਵੀ ਸਾਡੇ ਕੋਲ ਗੱਠਜੋੜ ਕੀਤਾ ਤਾਂ ਕਿ ਗੱਲਬਾਤ ਅਤੇ ਮੇਲਜੋਲ ਜਾਰੀ ਰਹੇ''।

ਆਪਣੇ ਪਿਤਾ ਮੁਫ਼ਤੀ ਮੁਹੰਮਦ ਸਈਅਦ ਦੀ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ, " ਮੁਫਤੀ ਸਾਹਬ ਦੇ ਜਿਸ ਮਕਸਦ ਲਈ ਇਹ ਗਠਜੋੜ ਕੀਤਾ ਸੀ ਉਸ ਨੂੰ ਹਾਸਲ ਕਰਨ ਲਈ ਅਸੀਂ ਕੋਸ਼ਿਸ਼ ਕੀਤੀ ਹੈ, ਕਸ਼ਮੀਰ ਮੁੱਦੇ ਦੇ ਹੱਲ ਲਈ ਗੱਲਬਾਤ ਅਤੇ ਸੁਲ੍ਹਾ-ਸਫ਼ਾਈ ਲਈ ਸਾਡੀਆਂ ਕੋਸ਼ਿਸਾਂ ਜਾਰੀ ਰਹਿਣਗੀਆਂ।

ਭਾਜਪਾ ਵੱਲੋਂ ਗੱਠਜੋੜ ਤੋੜਨ ਨਾਲ ਤੁਹਾਨੂੰ ਝਟਕਾ ਲੱਗਿਆ ਹੈ,ਸਵਾਲ ਦੇ ਜਵਾਬ ਵਿਚ ਮਹਿਬੂਬਾ ਮੁਫ਼ਤੀ ਨੇ ਕਿਹਾ,' ਇਹ ਸਦਮਾ ਨਹੀਂ ਹੈ, ਕਿਉਂਕਿ ਅਸੀਂ ਗੱਠਜੋੜ ਸੱਤਾ ਲਈ ਨਹੀਂ ਕੀਤਾ ਸੀ। ਹੁਣ ਅਸੀਂ ਕੋਈ ਹੋਰ ਗੱਠਜੋੜ ਨਹੀਂ ਚਾਹੁੰਦੇ। "

ਹਿੰਸਾ ਨੂੰ ਵਧਣਾ ਭਾਜਪਾ ਦਾ ਕਾਰਨ ਨਹੀਂ

ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਭਾਜਪਾ ਦੇ ਸਮਰਥਨ ਵਾਪਸ ਲੈਣ ਮਗਰੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਪਾਰਟੀ ਦੀ ਹੰਗਾਮੀ ਬੈਠਕ ਸ਼ਾਮ 5 ਵਜੇ ਸੱਦੀ ਹੈ।

ਪੀਡੀਪੀ ਦਾ ਕਹਿਣਾ ਹੈ ਕਿ ਗਠਜੋੜ ਵਿਤ ਇਕ-ਦੂਜੇ ਨਾਲ ਕੁਝ ਸਮੱਸਿਆ ਸੀ, ਪਰ ਭਾਜਪਾ ਦੇ ਅੱਜ ਦੇ ਫ਼ੈਸਲੇ ਦਾ ਅੰਦਾਜਾ ਨਹੀਂ ਸੀ।

ਪੀਡੀਪੀ ਦੇ ਬੁਲਾਰੇ ਰਫੀ ਅਹਿਮਦ ਮੀਰ ਨੇ ਸ੍ਰੀਨਗਰ ਵਿਚ ਸਥਾਨਕ ਪੱਤਰਕਾਰ ਮਾਜਿਦ ਜਹਾਂਗੀਰ ਨੂੰ ਦੱਸਿਆ, "ਵਾਦੀ ਵਿਚ ਹਿੰਸਾ ਨੂੰ ਵਧਣਾ ਭਾਜਪਾ ਦੇ ਫ਼ੈਸਲੇ ਦਾ ਕਾਰਨ ਨਹੀਂ ਹੋ ਸਕਦਾ। ਕੁਝ ਸਿਆਸੀ ਮੁੱਦਿਆਂ 'ਚ ਭਾਜਪਾ ਦਾ ਰੁਖ ਵੱਖਰਾ ਹੈ, ਸਾਡੇ ਅਲੱਗ ਜਿਵੇਂ ਫੌਜ ਨੂੰ ਵਿਸ਼ੇਸ਼ ਅਧਿਕਾਰ, ਆਰਟੀਕਲ 370, 35 ਏ ਵਰਗੇ ਮੁੱਦੇ। ਪਰ ਅਸੀਂ ਹਮੇਸ਼ਾ ਇਕਜੁੱਟ ਰਹਿਣ ਦੀ ਕੋਸ਼ਿਸ਼ ਕੀਤੀ ਹੈ'

ਫੋਟੋ ਕੈਪਸ਼ਨ ਜੰਮੂ ਤੇ ਕਸ਼ਮੀਰ ਵਿਧਾਨ ਸਭਾ ਵਿਚ ਕਿਸ ਦੀ ਕੀ ਸਥਿਤੀ

ਭਾਜਪਾ ਨੇ ਦੱਸੇ 5 ਕਾਰਨ

ਭਾਜਪਾ ਦੇ ਆਗੂ ਰਾਮ ਮਾਧਵ ਮੁਤਾਬਕ ਸਰਕਾਰ ਬਣਾਉਣ ਸਮੇਂ 5 ਉਦੇਸ਼ ਮਿੱਥੇ ਗਏ ਸਨ।

  • ਜੰਮੂ ਅਤੇ ਕਸ਼ਮੀਰ ਵਿੱਚ ਸ਼ਾਂਤੀ ਅਤੇ ਅਮਨ ਸਥਾਈ ਬਣਾਇਆ ਜਾਵੇ ਅਤੇ ਸੂਬੇ ਦੇ ਤਿੰਨਾ ਖਿੱਤਿਆਂ ਵਿੱਚ ਵਿਕਾਸ ਦੀ ਬਰਾਬਰ ਮੁਹਿੰਮ ਚਲਾਈ ਜਾਵੇ। ਪਰ ਸੂਬਾ ਸਰਕਾਰ ਦੀ ਅਗਵਾਈ ਕਰਨ ਵਾਲੇ ਆਗੂ ਇਸ ਵਿੱਚ ਅਸਫ਼ਲ ਰਹੇ ਹਨ।
  • ਜੰਮੂ ਕਸ਼ਮੀਰ ਵਿੱਚ ਸੂਬਾ ਸਰਕਾਰ ਦੇ ਕਾਰਜਕਾਲ ਦੌਰਾਨ ਅੱਤਵਾਦ ਅਤੇ ਕੱਟੜਵਾਦ ਵਧਿਆ ਹੈ ਅਤੇ ਲੋਕਾਂ ਦੇ ਬੁਨਿਆਦੀ ਅਧਿਕਾਰ ਖ਼ਤਮ ਹੋਏ ਹਨ। ਪੱਤਰਕਾਰ ਸ਼ੁਜਾਤ ਬੁਖਾਰੀ ਦੇ ਕਤਲ ਦੀ ਘਟਨਾ ਦੱਸਦੀ ਹੈ ਕਿ ਸੂਬੇ ਵਿੱਚ ਬੋਲਣ ਦੀ ਅਧਿਕਾਰ ਦੀ ਆਜ਼ਾਦੀ ਖ਼ਤਮ ਕੀਤੀ ਗਈ ਹੈ।
  • ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰ ਨੂੰ ਹਰ ਸੰਭਵ ਮਦਦ ਕਰਨ ਦੇ ਬਾਵਜੂਦ ਜੰਮੂ ਅਤੇ ਲੱਦਾਖ ਦੇ ਖਿੱਤਿਆਂ ਨਾਲ ਵਿਕਾਸ ਪੱਖੋਂ ਵਿਤਕਰਾ ਕੀਤਾ ਗਿਆ।
  • ਭਾਜਪਾ ਦੇ ਮੰਤਰੀਆਂ ਦੇ ਕੰਮ ਵਿੱਚ ਰੁਕਾਵਟਾਂ ਪਾਈਆਂ ਗਈਆਂ ਜਿਸ ਕਾਰਨ ਉਹ ਸੂਬੇ ਦੇ ਸਾਰੇ ਖਿੱਤਿਆਂ ਦੇ ਬਰਾਬਰ ਵਿਕਾਸ ਦੇ ਉਦੇਸ਼ ਦੀ ਪੂਰਤੀ ਨਹੀਂ ਕਰ ਪਾ ਰਹੇ ਸਨ।
  • ਦੇਸ਼ ਦੀ ਅਖੰਡਤਾ ਅਤੇ ਪ੍ਰਭੂਸੱਤਾ ਦੇ ਵਡੇਰੇ ਹਿੱਤਾਂ ਲਈ ਭਾਜਪਾ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਸਲਾਹ ਨਾਲ ਅਤੇ ਸੂਬਾ ਇਕਾਈ ਦੀ ਸਹਿਮਤੀ ਨਾਲ ਗਠਜੋੜ ਤੋੜਨ ਦਾ ਫੈਸਲਾ ਲਿਆ ਹੈ।

ਹੋਰ ਪੜ੍ਹੋ

ਕਾਂਗਰਸ ਨੇ ਕੀ ਕਿਹਾ?

2015 'ਚ ਭਾਜਪਾ ਨੇ ਪੀਡੀਪੀ ਨਾਲ ਸਰਕਾਰ ਬਣਾ ਕੇ ਜੋ ਹਿਮਾਲਿਆ ਵਰਗੀ ਵਿਰਾਟ ਗਲਤੀ ਕੀਤੀ ਸੀ ਉਸ ਨੂੰ ਕੇਂਦਰ ਨੇ ਸਵੀਕਾਰ ਕਰ ਲਿਆ ਹੈ।

ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਨੇ ਪੀਐੱਮ ਮੋਦੀ ਨੂੰ ਸੰਸਦ ਵਿੱਚ ਜੋ ਕਿਹਾ ਸੀ ਉਹ ਸੱਚ ਸਾਬਿਤ ਹੋਇਆ।

ਉਨ੍ਹਾਂ ਕਿਹਾ, ''ਜੰਮੂ ਕਸ਼ਮੀਰ ਨੂੰ ਭਾਜਪਾ-ਪੀਡੀਪੀ ਸ਼ਾਸ਼ਨ ਨੇ ਤਬਾਹ ਕਰ ਦਿੱਤਾ। ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਸਰਕਾਰ ਨੇ ਸੂਬੇ ਨੂੰ ਵਿਕਾਸ ਦੀ ਜਿਹੜੀ ਪਟੜੀ ਉੱਤੇ ਲਿਆਂਦਾ ਸੀ ਉਸ ਤੋਂ ਉਤਾਰ ਦਿੱਤਾ, ਹੁਣ ਭਾਜਪਾ ਸਾਰੀਆਂ ਨਕਾਮੀਆਂ ਦਾ ਭਾਂਡਾ ਪੀਡੀਪੀ ਸਿਰ ਭੰਨਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਨਕਾਮੀ ਲਈ ਭਾਜਪਾ ਬਰਾਬਰ ਦੀ ਜ਼ਿੰਮੇਵਾਰ ਹੈ।''

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਅਵਸਰਵਾਦੀ ਗਠਜੋੜ ਨੇ ਜੰਮੂ ਕਸ਼ਮੀਰ ਵਿਚ ਅੱਗ ਲਾਈ ਤੇ ਫੌਜੀਆਂ ਸਣੇ ਮਾਸੂਮ ਲੋਕਾਂ ਦਾ ਕਤਲੇਆਮ ਕਰਵਾਇਆ

ਨੈਸ਼ਨਲ ਕਾਨਫ਼ਰੰਸ ਵੱਲੋਂ ਰਾਸ਼ਟਰਪਤੀ ਸਾਸ਼ਨ ਦਾ ਸਮਰਥਨ

ਨੈਸ਼ਨਲ ਕਾਨਫਰੰਸ ਨੇ ਜੰਮੂ ਅਤੇ ਕਸ਼ਮੀਰ ਦੇ ਸਿਆਸੀ ਹਾਲਾਤ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਰਾਸ਼ਟਰਪਤੀ ਸ਼ਾਸਨ ਇੱਕੋ ਇੱਕ ਰਾਹ ਬਚਦਾ ਹੈ।

ਪਾਰਟੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸ਼੍ਰੀਨਗਰ ਵਿਚ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ, "ਨੈਸ਼ਨਲ ਕਾਨਫ਼ਰੰਸ ਨੂੰ 2014 ਵਿਚ ਸਰਕਾਰ ਬਣਾਉਣ ਦਾ ਲੋਕਫ਼ਤਵਾ ਨਹੀਂ ਮਿਲਿਆ, ਅੱਜ ਵੀ 2018 ਵਿਚ ਸਰਕਾਰ ਬਣਾਉਣ ਦਾ ਕੋਈ ਫਤਵਾ ਨਹੀਂ ਹੈ, ਅਸੀਂ ਕਿਸੇ ਹੋਰ ਪਾਰਟੀ ਨਾਲ ਸਰਕਾਰ ਬਣਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹਾਂ।"

ਉਨ੍ਹਾਂ ਨੇ ਕਿਹਾ, "ਅਸੀਂ ਕਿਸੇ ਨਾਲ ਸੰਪਰਕ 'ਚ ਨਹੀਂ ਹਾਂ ਅਤੇ ਕਿਸੇ ਨੇ ਸਾਡੇ ਨਾਲ ਸੰਪਰਕ ਨਹੀਂ ਕੀਤਾ ਹੈ। ਇਸ ਲਈ ਰਾਸ਼ਟਰਪਤੀ ਦਾ ਸ਼ਾਸਨ ਲਾਉਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਹਲਾਤ ਹੌਲੀ ਹੌਲੀ ਠੀਕ ਹੋਣਗੇ। ਇਸ ਲਈ ਅਸੀਂ ਰਾਜਪਾਲ ਨੂੰ ਪੂਰਾ ਸਮਰਥਨ ਦੇਵਾਂਗੇ। ਪਰ ਰਾਸ਼ਟਰਪਤੀ ਰਾਜ ਜ਼ਿਆਦਾ ਲੰਬੇ ਸਮੇਂ ਤੱਕ ਨਹੀਂ ਰਹਿਣਾ ਚਾਹੀਦਾ, ਜਿੰਨੀ ਛੇਤੀ ਹੋ ਸਕੇ ਰਾਜ ਵਿੱਚ ਨਵੇਂ ਸਿਰਿਓ ਚੋਣ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਇਹ ਬਿਹਤਰ ਹੁੰਦਾ ਜੇ ਮਹਿਬੂਬਾ ਮੁਫ਼ਤੀ ਖ਼ੁਦ ਗਠਜੋੜ ਨੂੰ ਤੋੜਨ ਦਾ ਫੈਸਲਾ ਲੈਂਦੇ।

ਹੋਰ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)