ਕਾਹਦੀ ਈਦ...'ਸਾਡੇ ਘਰ ਤਾਂ ਉਸ ਦਿਨ ਰੋਟੀ ਵੀ ਨਹੀਂ ਪੱਕੀ', ਸਾਲ ਪਹਿਲਾ ਕਤਲ ਹੋਏ ਜੁਨੈਦ ਦੇ ਪਰਿਵਾਰ ਦੀ ਹਾਲਤ

ਜੁਨੈਦ

ਪਿਛਲੇ ਸਾਲ ਰਮਜ਼ਾਨ ਵਿੱਚ 16 ਸਾਲ ਦੇ ਕਿਸ਼ੋਰ ਜੁਨੈਦ ਹਾਫਿਜ਼ ਖਾਨ ਦਾ ਦਿੱਲੀ ਤੋਂ ਬੱਲਬਗੜ੍ਹ ਜਾ ਰਹੀ ਟਰੇਨ ਵਿੱਚ ਭੀੜ ਨੇ ਕਤਲ ਕਰ ਦਿੱਤਾ ਸੀ।

ਜੁਨੈਦ ਆਪਣੇ ਭਰਾਵਾਂ ਹਾਸ਼ਿਮ ਅਤੇ ਸ਼ਾਕਿਰ ਨਾਲ ਦਿੱਲੀ ਦੇ ਸਦਰ ਬਾਜ਼ਾਰ ਤੋਂ ਈਦ ਦੀ ਖਰੀਦਾਰੀ ਕਰਕੇ ਘਰ ਪਰਤ ਰਹੇ ਸਨ।

ਪੁਲਿਸ ਮੁਤਾਬਕ, ਟਰੇਨ ਵਿੱਚ ਸੀਟ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਭੀੜ ਨੇ ਜੁਨੈਦ ਅਤੇ ਉਸ ਦੇ ਸਾਥੀਆਂ 'ਤੇ ਹਮਲਾ ਕਰ ਦਿੱਤਾ।

'ਤੁਮ ਮੁਸਲਮਾਨ ਹੋ, ਪਾਕਿਸਤਾਨੀ ਹੋ'

ਕੁਝ ਮਨੁੱਖੀ ਅਧਿਕਾਰ ਜਥੇਬੰਦੀਆਂ ਦਾ ਦਾਅਵਾ ਹੈ ਕਿ ਜੁਨੈਦ ਨੂੰ ਉਨ੍ਹਾਂ ਦੀ ਪਛਾਣ ਕਰਕੇ ਨਿਸ਼ਾਨਾ ਬਣਇਆ ਗਿਆ ਅਤੇ ਭੀੜ ਨੇ ਉਨ੍ਹਾਂ ਨੂੰ ਮੁਸਲਮਾਨ ਹੋਣ ਕਾਰਨ ਮਾਰ ਦਿੱਤਾ।

ਉਸ ਦਿਨ ਦੀ ਘਟਨਾ ਬਾਰੇ ਜੁਨੈਦ ਦੇ ਭਰਾ ਹਾਸ਼ਿਮ ਨੇ ਬੀਬੀਸੀ ਨੂੰ ਦੱਸਿਆ ਕਿ ਭੀੜ ਨੇ ਉਨ੍ਹਾਂ ਦੇ ਸਿਰ 'ਤੇ ਟੋਪੀ ਵੇਖ ਕੇ ਕਿਹਾ ਸੀ ਕਿ ਉਹ ਮੁਸਲਮਾਨ ਹਨ, ਪਾਕਿਸਤਾਨੀ ਹਨ, ਦੇਸ਼ ਦ੍ਰੋਹੀ ਹਨ ਅਤੇ ਮੀਟ ਖਾਂਦੇ ਹਨ।

ਜਿਸ ਤੋਂ ਬਾਅਦ ਭੀੜ ਨੇ ਜੁਨੈਦ ਨੂੰ ਇੰਨਾ ਮਾਰਿਆ ਕਿ ਉਨ੍ਹਾਂ ਦੀ ਮੌਤ ਹੋ ਗਈ। ਭੀੜ ਨੇ ਜੁਨੈਦ ਦੀ ਲਾਸ਼ ਨੂੰ ਅਸਾਵਟੀ ਨਾਂ ਦੇ ਇੱਕ ਛੋਟੇ ਜਿਹੇ ਰੇਲਵੇ ਸਟੇਸ਼ਨ 'ਤੇ ਸੁੱਟ ਦਿੱਤਾ ਸੀ।

ਫੋਟੋ ਕੈਪਸ਼ਨ ਜੁਨੈਦ ਦਾ ਪਰਿਵਾਰ

ਜੁਨੈਦ ਦੇ ਕਤਲ ਨੂੰ ਪੂਰਾ ਇੱਕ ਸਾਲ ਹੋਣ ਵਾਲਾ ਹੈ। ਸ਼ਨੀਵਾਰ ਨੂੰ ਈਦ ਮੌਕੇ ਬੀਬੀਸੀ ਦੀ ਟੀਮ ਨੇ ਜੁਨੈਦ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ।

ਜੁਨੈਦ ਦਾ ਪਰਿਵਾਰ ਬੱਲਬਗੜ੍ਹ ਦੇ ਕੋਲ ਹਰਿਆਣਾ ਦੇ ਪਿੰਡ ਖੰਦਾਵਲੀ ਵਿੱਚ ਰਹਿੰਦਾ ਹੈ। ਦਿੱਲੀ ਦੇ ਗੁਆਂਢ ਚ ਹੋਣ ਕਾਰਨ ਇੱਥੇ ਜ਼ਮੀਨ ਦੇ ਭਾਅ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਪਿੰਡ ਦੀ ਜ਼ਮੀਨ ਵੀ ਮਹਿੰਗੀ ਹੋਈ ਹੈ।

ਕੁਝ ਲੋਕਾਂ ਨੇ ਆਪਣੀ ਜ਼ਮੀਨ ਦੇ ਟੁਕੜੇ ਵੇਚ ਕੇ ਵੱਡੇ ਘਰ ਬਣਾ ਲਏ ਹਨ ਪਰ ਪਿੰਡ ਵਿੱਚ ਹਾਲੇ ਵੀ ਬੁਨਿਆਦੀ ਸਹੂਲਤਾਂ ਨਹੀਂ ਹਨ।

'ਕਿਹੜੀ ਈਦ, ਇੱਥੇ ਤਾਂ ਖਾਣਾ ਵੀ ਨਹੀਂ ਬਣਿਆ'

ਖੰਦਾਵਲੀ ਵਿੱਚ ਵਧੇਰੇ ਮੁਸਲਿਮ ਰਹਿੰਦੇ ਹਨ, ਨਾਲ ਹੀ ਕੁਝ ਦਲਿਤ ਪਰਿਵਾਰ ਵੀ ਹਨ।

ਪਿੰਡ ਵਿਚਾਲੇ ਜੁਨੈਦ ਦਾ ਘਰ ਹੈ। ਉਨ੍ਹਾਂ ਦੇ ਘਰ ਪਹੁੰਚਣ 'ਤੇ ਜੁਨੈਦ ਦੇ ਪਿਤਾ ਜਲਾਲੁੱਦੀਨ ਨੇ ਸਾਡਾ ਸੁਆਗਤ ਕੀਤਾ।

ਪਰ ਉਨ੍ਹਾਂ ਦੇ ਘਰ ਈਦ ਦੀ ਕੋਈ ਰੌਣਕ ਨਹੀਂ ਸੀ। ਲੱਗ ਹੀ ਨਹੀਂ ਰਿਹਾ ਸੀ ਕਿ ਅੱਜ ਇੱਕ ਵੱਡਾ ਤਿਓਹਾਰ ਹੈ।

ਜਦ ਅਸੀਂ ਜੁਨੈਦ ਦੀ ਮਾਂ ਸਾਇਰਾ ਨੂੰ ਈਦ ਬਾਰੇ ਪੁੱਛਿਆ ਤਾਂ ਉਹ ਰੋਣ ਲੱਗੀ। ਉਨ੍ਹਾਂ ਕਿਹਾ, ''ਕਿਹੜੀ ਈਦ? ਸਾਡੇ ਘਰ ਤਾਂ ਈਦ 'ਤੇ ਖਾਣਾ ਵੀ ਨਹੀਂ ਬਣਿਆ ਹੈ।''

ਅਸੀਂ ਪੁੱਛਿਆ ਕਿ ਉਹ ਕਿਸੇ ਰਿਸ਼ਤੇਦਾਰ ਦੇ ਘਰ ਜਾਣ ਦੀ ਤਿਆਰੀ ਨਹੀਂ ਕਰ ਰਹੇ?

ਉਨ੍ਹਾਂ ਦਾ ਜਵਾਬ ਸੀ, ''ਜਦੋਂ ਤੋਂ ਜੁਨੈਦ ਗੁਜ਼ਰਿਆ ਹੈ ਅਸੀਂ ਪਿੰਡ ਦੇ ਬਾਹਰ ਕਦਮ ਨਹੀਂ ਰੱਖਿਆ, ਪੂਰਾ ਇੱਕ ਸਾਲ ਹੋਣ ਵਾਲਾ ਹੈ।''

ਪਿੰਡ ਤੋਂ ਬਾਹਰ ਜਾਣਾ ਬੰਦ

ਪਰਿਵਾਰ ਦੇ ਹੋਰ ਲੋਕਾਂ ਨੇ ਵੀ ਕਿਹਾ ਕਿ ਉਨ੍ਹਾਂ ਘਰੋਂ ਬਾਹਰ ਜਾਣਾ ਬੰਦ ਕਰ ਦਿੱਤਾ ਹੈ।

ਜੁਨੈਦ ਦੇ ਭਰਾ ਸ਼ਾਕਿਰ ਨੇ ਕਿਹਾ, ''ਮਨ ਵਿੱਚ ਡਰ ਰਹਿੰਦਾ ਹੈ। ਪੁਰਾਣੀਆਂ ਗੱਲਾਂ ਯਾਦ ਆਉਂਦੀਆਂ ਹਨ। ਮੈਂ ਪਿੰਡ ਤੋਂ ਬਾਹਰ ਜਾਣਾ ਬੰਦ ਕਰ ਦਿੱਤਾ ਹੈ।''

''ਮੈਂ ਮੁਸਲਿਮ ਟੋਪੀ ਅਤੇ ਕੁਰਤਾ ਪਜਾਮਾ ਪਾਉਣਾ ਵੀ ਬੰਦ ਕਰ ਦਿੱਤਾ ਹੈ।''

ਫੋਟੋ ਕੈਪਸ਼ਨ ਜੁਨੈਦ ਦੇ ਭਰਾ ਸ਼ਾਕਿਰ

ਜੁਨੈਦ ਦੇ ਕਤਲ ਵਾਲੇ ਦਿਨ ਉਨ੍ਹਾਂ ਦੇ ਭਰਾ ਸ਼ਾਕਿਰ ਨੂੰ ਵੀ ਕੁੱਟਿਆ ਗਿਆ ਸੀ। ਉਨ੍ਹਾਂ ਨੂੰ ਉਸ ਦਿਨ ਹੋਈ ਹਰ ਚੀਜ਼ ਅਜੇ ਵੀ ਯਾਦ ਹੈ।

ਸ਼ਾਕਿਰ ਨੇ ਕਿਹਾ, ''ਹੁਣ ਮੈਂ ਟੋਪੀ ਪਾ ਕੇ ਮਸਜਿਦ ਨਹੀਂ ਜਾਂਦਾ। ਨਮਾਜ਼ ਦੌਰਾਨ ਸਿਰ 'ਤੇ ਰੁਮਾਲ ਰੱਖਦਾ ਹਾਂ।''

ਸ਼ਾਕਿਰ ਅਤੇ ਉਨ੍ਹਾਂ ਦੇ ਪਿਤਾ ਨੇ ਦੱਸਿਆ ਕਿ ਹੁਣ ਘਰ ਦੇ ਮਰਦ ਕੁਰਤੇ ਪਜਾਮੇ ਦੀ ਥਾਂ ਕਮੀਜ਼ ਪੈਂਟ ਸਿਲਵਾਉਂਦੇ ਹਨ। ਹੁਣ ਸਿਰਫ ਸ਼ੁੱਕਰਵਾਰ ਨੂੰ ਘਰ ਅੰਦਰ ਕੁਰਤਾ ਪਜਾਮਾ ਪਾਇਆ ਜਾਂਦਾ ਹੈ।

'ਹੁਣ ਕੁਰਤਾ ਪਜਾਮਾ ਨਹੀਂ ਪਾਉਂਦੇ'

ਪਰ ਇਹ ਫੈਸਲਾ ਕਿਉਂ? ਜਿਸ 'ਤੇ ਉਹ ਬੋਲੇ ਕਿ ਇਹ ਪੋਸ਼ਾਕ ਭੀੜ ਵਿੱਚ ਮੁਸਲਮਾਨ ਦੇ ਤੌਰ 'ਤੇ ਸਾਡੀ ਪਛਾਣ ਕਰਾਉਂਦੀ ਹੈ ਅਤੇ ਹੋਰ ਖਤਰਾ ਪੈਦਾ ਹੋ ਜਾਂਦਾ ਹੈ।

ਜੁਨੈਦ ਦੇ ਪਿਤਾ ਕਿਹੜੇ ਖਤਰਿਆਂ ਦੀ ਗੱਲ ਕਰ ਰਹੇ ਹਨ?

ਸ਼ਾਕਿਰ ਨੇ ਕਿਹਾ, ''ਜੁਨੈਦ ਦੇ ਕਾਤਲ ਜ਼ਮਾਨਤ 'ਤੇ ਹਨ। ਅਸੀਂ ਉਨ੍ਹਾਂ ਸਾਹਮਣੇ ਨਹੀਂ ਆਉਣਾ ਚਾਹੁੰਦੇ, ਇਸ ਲਈ ਬਾਹਰ ਜਾਣ ਵਿੱਚ ਖਤਰਾ ਮਹਿਸੂਸ ਕਰਦੇ ਹਨ।''

ਜੁਨੈਦ ਦਾ ਕਤਲ ਕਰਨ ਵਾਲੀ ਭੀੜ ਬਾਰੇ ਜਲਾਲੁੱਦੀਨ ਨੇ ਕਿਹਾ, ''ਸਾਰੇ ਹਿੰਦੂ ਇੱਕੋ ਜਿਹੇ ਨਹੀਂ ਹੁੰਦੇ। ਉਹ ਬੁਰੇ ਨਹੀਂ ਹਨ, ਅੱਜ ਸਵੇਰੇ ਵੀ ਮੇਰੇ ਹਿੰਦੂ ਦੋਸਤ ਮੈਨੂੰ ਈਦ ਦੀ ਰਾਮ ਰਾਮ ਕਹਿਣ ਆਏ ਸੀ।''

ਫੋਟੋ ਕੈਪਸ਼ਨ ਬੱਲਬਗੜ੍ਹ ਰੇਲਵੇ ਸਟੇਸ਼ਨ

ਘਰ ਦੀ ਹਾਲਤ ਬਾਰੇ ਸ਼ਾਕਿਰ ਨੇ ਦੱਸਿਆ, ''ਘਰ ਦੀ ਮਾਲੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ। ਘਰ ਦੇ ਕਮਾਉਣ ਵਾਲੇ ਮਰਦ ਘਰ ਵਿੱਚ ਬੰਦ ਹਨ।''

''ਇੱਕ ਭਰਾ ਢਾਬਾ ਚਲਾਉਂਦਾ ਹੈ, ਜਿਸ ਦੀ ਕਮਾਈ ਨਾਲ ਘਰ ਦਾ ਜ਼ਿਆਦਾਤਰ ਖਰਚਾ ਨਿਕਲਦਾ ਹੈ।''

ਮਨ ਵਿੱਚ ਡਰ

ਜੁਨੈਦ ਦੇ ਭਰਾ ਹਾਸ਼ਿਮ ਦਸਵੀਂ ਪਾਸ ਹਨ। ਉਹ ਪੜ੍ਹਣ ਲਈ ਸੂਰਤ ਗਏ ਸਨ। ਪੜ੍ਹਾਈ ਪੂਰੀ ਕਰਨ 'ਤੇ ਉਹ ਮੌਲਵੀ ਬਣਨਾ ਚਾਹੁੰਦੇ ਸੀ। ਪਰ ਉਨ੍ਹਾਂ ਨੂੰ ਪੜ੍ਹਾਈ ਵਿਚਾਲੇ ਹੀ ਛੱਡਣੀ ਪਈ।

ਹੁਣ ਉਹ ਪਿੰਡ ਦੀ ਇੱਕ ਮਸਜਿਦ ਵਿੱਚ ਬੱਚਿਆਂ ਨੂੰ ਨਮਾਜ਼ ਪੜ੍ਹਣਾ ਸਿਖਾਉਂਦੇ ਹਨ। ਇਸ ਲਈ ਉਨ੍ਹਾਂ ਨੂੰ ਹਰ ਮਹੀਨੇ ਅੱਠ ਹਜ਼ਾਰ ਰੁਪਏ ਮਿਲਦੇ ਹਨ।

ਹਾਸ਼ਿਮ ਕਹਿੰਦੇ ਹਨ ਕਿ ਮਸਜਿਦ ਤੋਂ ਵਾਪਸ ਆਉਂਦੇ ਸਮੇਂ ਜੇ ਪੰਜ ਮਿੰਟਾਂ ਦੀ ਵੀ ਦੇਰੀ ਹੋ ਜਾਵੇ ਤਾਂ ਮਾਂ ਤੁਰੰਤ ਫੋਨ ਕਰ ਦਿੰਦੀ ਹਨ। ਉਨ੍ਹਾਂ ਦੱਸਿਆ ਕਿ ਜੁਨੈਦ ਦੇ ਕਤਲ ਤੋਂ ਬਾਅਦ ਮਾਪੇ ਉਨ੍ਹਾਂ ਨੂੰ ਕਿਤੇ ਵੀ ਜਾਣ ਨਹੀਂ ਦਿੰਦੇ।

ਫੋਟੋ ਕੈਪਸ਼ਨ ਜੁਨੈਦ ਦੇ ਪਿਤਾ ਜਲਾਲੁੱਦੀਨ(ਸੱਜੇ)

ਅਦਾਲਤ ਦੇ ਆਦੇਸ਼ ਤੋਂ ਬਾਅਦ ਜੁਨੈਦ ਦੇ ਪਰਿਵਾਰ ਦੀ ਸੁਰੱਖਿਆ ਲਈ ਉਨ੍ਹਾਂ ਦੇ ਘਰ ਦੇ ਬਾਹਰ ਇੱਕ ਪੁਲਿਸ ਕਾਂਸਟੇਬਲ ਤਾਇਨਾਤ ਰਹਿੰਦਾ ਹੈ।

ਘਰ ਦੇ ਲੋਕ ਦੱਸਦੇ ਹਨ ਕਿ ਜੁਨੈਦ ਦੇ ਪਿਤਾ ਪਾਸ ਦੀ ਮਾਰਕੀਟ ਵਿੱਚ ਸਾਮਾਨ ਲੈਣ ਲਈ ਵੀ ਉਸਨੂੰ ਨਾਲ ਲੈ ਕੇ ਜਾਂਦੇ ਹਨ।

ਹਾਸ਼ਿਮ ਨੇ ਸਾਨੂੰ ਆਪਣਾ ਪਿੰਡ ਵਿਖਾਇਆ। ਪਰ ਕਿਤੇ ਵੀ ਈਦ ਦੀ ਰੌਣਕ ਨਜ਼ਰ ਨਹੀਂ ਆਈ। ਸਿਰਫ ਕੁਝ ਥਾਵਾਂ 'ਤੇ ਨਵੇਂ ਕੱਪੜੇ ਪਾਏ ਛੋਟੇ ਬੱਚੇ ਨਜ਼ਰ ਆਏ।

ਫੇਕ ਨਿਊਜ਼ 'ਤੇ ਚਰਚਾ

ਮਸਜਿਦ ਦੇ ਬਾਹਰ ਕੁਝ ਨੌਜਵਾਨ ਮਿਲੇ ਜਿਨ੍ਹਾਂ ਦੱਸਿਆ ਕਿ ਜੁਨੈਦ ਦੇ ਕਤਲ ਤੋਂ ਬਾਅਦ ਉਹ ਵੀ ਨਮਾਜ਼ ਦੀ ਟੋਪੀ ਨਹੀਂ ਪਾਉਂਦੇ। ਘੁੰਮਦੇ ਫਿਰਦੇ ਹੋਏ ਵੀ ਉਹ ਟੋਪੀ ਨਹੀਂ ਪਾਉਂਦੇ।

ਪਿੰਡ ਦੇ ਇੱਕ ਪੜ੍ਹੇ ਲਿਖੇ ਨੌਜਵਾਨ ਰਿਜ਼ਵਾਨ ਨਾਲ ਸਾਡੀ ਮੁਲਾਕਾਤ ਹੋਈ, ਜਿਸਨੇ ਦੱਸਿਆ ਕਿ ਫੇਕ ਨਿਊਜ਼ ਨੂੰ ਲੈ ਕੇ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਹੈ।

ਰਿਜ਼ਵਾਨ ਨੇ ਦੱਸਿਆ, ''ਕਾਲਜ ਵਿੱਚ ਕਈ ਮੁੰਡੇ ਫੇਕ ਨਿਊਜ਼ 'ਤੇ ਚਰਚਾ ਕਰਦੇ ਹਨ ਅਤੇ ਬਹਿਸਦੇ ਹਨ, ਜਿਸਨੂੰ ਅਸੀਂ ਅਣਦੇਖਿਆ ਕਰ ਦਿੰਦੇ ਹਾਂ। ਸਾਨੂੰ ਪਤਾ ਹੁੰਦਾ ਹੈ ਕਿ ਖਬਰ ਝੂਠੀ ਹੈ।''

ਫੋਟੋ ਕੈਪਸ਼ਨ ਰਿਜ਼ਵਾਨ ਭਾਈਚਾਰੇ ਦੇ ਭਲੇ ਲਈ ਸਿੱਖਿਆ ਨੂੰ ਅਹਿਮ ਮੰਨਦੇ ਹਨ

ਰਿਜ਼ਵਾਨ ਬੀਕੌਮ ਤੱਕ ਪੜ੍ਹੇ ਹਨ ਅਤੇ ਅੱਗੇ ਐੱਮਬੀਏ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਸਿੱਖਿਆ ਕਰਕੇ ਉਨ੍ਹਾਂ ਦੀ ਸਮਾਜਿਕ ਸਥਿਤੀ ਵਿੱਚ ਬਦਲਾਅ ਆ ਸਕਦਾ ਹੈ।

ਜੁਨੈਦ ਦੇ ਕਤਲ ਦਾ ਮਾਮਲਾ ਫਰੀਦਾਬਾਦ ਦੇ ਸੈਸ਼ਨ ਕੋਰਟ ਵਿੱਚ ਚੱਲ ਰਿਹਾ ਹੈ। ਛੇ ਲੋਕ ਮੁਲਜ਼ਮ ਸਨ, ਜਿਸ 'ਚੋਂ ਇੱਕ ਨੂੰ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਚਾਰ ਲੋਕਾਂ ਨੂੰ ਫਰੀਦਾਬਾਦ ਕੋਰਟ ਨੇ ਚਾਰਜਸ਼ੀਟ ਹੋਣ ਤੋਂ ਪਹਿਲਾਂ ਹੀ ਜ਼ਮਾਨਤ ਦੇ ਦਿੱਤੀ ਸੀ।

ਜ਼ਮਾਨਤ ਦੇ ਵਿਰੋਧ ਵਿੱਚ ਜੁਨੈਦ ਦੇ ਪਰਿਵਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅਪੀਲ ਕੀਤੀ ਸੀ,ਜਿਸਨੂੰ ਹਾਈਕੋਰਟ ਨੇ ਖਾਰਿਜ ਕਰ ਦਿੱਤਾ। ਇਸ ਦੇ ਖਿਲਾਫ ਪਰਿਵਾਰ ਸੁਪਰੀਮ ਕੋਰਟ ਵਿੱਚ ਵੀ ਅਪੀਲ ਕਰ ਚੁੱਕਿਆ ਹੈ ਜਿਸ 'ਤੇ ਸੁਣਵਾਈ ਅਜੇ ਬਾਕੀ ਹੈ।

ਹਾਲਾਂਕਿ, ਇਸ ਮਾਮਲੇ ਦੇ ਮੁਖ ਮੁਲਜ਼ਮ ਨਰੇਸ਼ ਕੁਮਾਰ ਨੂੰ ਅਜੇ ਤੱਕ ਜ਼ਮਾਨਤ ਨਹੀਂ ਮਿਲੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)