ਦਲਿਤਾਂ ਨਾਲ ਵਿਤਕਰੇ ਤੇ ਤਸ਼ੱਦਦ ਪਿੱਛੇ ਕੀ ਹੈ ਏਜੰਡਾ?

ਦਲਿਤ

"ਦਲਿਤਾਂ ਉੱਤੇ ਸਦੀਆਂ ਤੋਂ ਹੀ ਜ਼ੁਲਮ ਤੇ ਵਿਕਤਰਾ ਹੁੰਦਾ ਆਇਆ ਹੈ ਪਰ ਇਹ ਜਬਰ ਜ਼ੁਲਮ ਕੇਂਦਰ ਵਿੱਚ ਭਾਜਪਾ ਦੇ ਸੱਤਾ ਵਿਚ ਆਉਣ ਤੋਂ ਬਾਅਦ ਹੋਰ ਵਧਿਆ ਹੈ।''

ਇਹ ਕਹਿਣਾ ਹੈ ਦਲਿਤ ਤੇ ਕਿਸਾਨ ਕਾਰਕੁਨ ਲਛਮਣ ਸਿੰਘ ਸੇਵੇਵਾਲਾ ਦਾ ਜਿਨ੍ਹਾਂ ਨੇ ਆਪਣੇ ਵਿਚਾਰ ਬੀਬੀਸੀ ਨਾਲ ਗੱਲਬਾਤ ਦੌਰਾਨ ਸਾਂਝੇ ਕੀਤੇ।

ਲਛਮਣ ਸਿੰਘ ਸੇਵੇਵਾਲਾ ਨੇ ਇਹ ਪ੍ਰਤੀਕਰਮ ਇਸੇ ਮਹੀਨੇ ਦੌਰਾਨ ਦਲਿਤ ਭਾਈਚਾਰੇ ਖਿਲਾਫ਼ ਹੋਣ ਵਾਲੀਆਂ ਜ਼ੁਲਮ ਦੀਆਂ ਘਟਨਾਵਾਂ ਦੇ ਪ੍ਰਤੀਕਰਮ ਵਜੋਂ ਦਿੱਤਾ ਹੈ।

ਲਾੜੇ ਦੇ ਘੋੜੀ ਚੜ੍ਹਨ ਦਾ ਗੁਨਾਹ

ਐਤਵਾਰ ਨੂੰ ਪ੍ਰਸ਼ਾਂਤ ਸੋਲੰਕੀ ਨਾਂ ਦੇ ਇੱਕ ਦਲਿਤ ਨੌਜਵਾਨ ਨੂੰ ਸਿਰਫ਼ ਇਸ ਕਰਕੇ ਧਮਕੀਆਂ ਮਿਲੀਆਂ ਕਿਉਂਕਿ ਉਹ ਘੋੜੀ 'ਤੇ ਸਵਾਰ ਹੋ ਕੇ ਵਿਆਹ ਕਰਵਾਉਣ ਜਾ ਰਿਹਾ ਸੀ।

ਕਥਿਤ ਉੱਚੀ ਜਾਤੀ ਦੇ ਲੋਕਾਂ ਵੱਲੋਂ ਮਿਲੀਆਂ ਧਮਕੀਆਂ ਕਾਰਨ ਲਾੜੇ ਦਾ ਪਰਿਵਾਰ ਇੰਨਾ ਸਹਿਮ ਗਿਆ ਕਿ ਵਿਆਹ ਪੁਲਿਸ ਦੇ ਪਹਿਰੇ ਵਿੱਚ ਕਰਵਾਇਆ ਗਿਆ।

ਦਲਿਤ ਕਾਰਕੁਨ ਲਛਮਣ ਸਿੰਘ ਨੇ ਦੱਸਿਆ, "ਭਾਜਪਾ ਦੇ ਰਾਜ ਵੇਲੇ ਦਲਿਤਾਂ ਖਿਲਾਫ਼ ਘਟਨਾਵਾਂ ਵਿੱਚ ਤੇਜ਼ੀ ਆਈ ਹੈ। ਹੁਣ ਲੋਕਾਂ ਦੀਆਂ ਭੀੜਾਂ ਨੂੰ ਧਾਰਮਿਕ ਆਧਾਰ 'ਤੇ ਭੜਕਾਇਆ ਜਾ ਰਿਹਾ ਹੈ।''

"ਅਜਿਹੀਆਂ ਅਫਵਾਹਾਂ ਫੈਲਾਈਆਂ ਜਾਂਦੀਆਂ ਹਨ ਕਿ ਇਹ ਸ਼ਖਸ ਗਊ ਦਾ ਮਾਸ ਲੈ ਜਾ ਰਿਹਾ ਹੈ ਅਤੇ ਭੀੜ ਨਹੀਂ ਦੇਖਦੀ ਕਿ ਸੱਚ ਕੀ ਹੈ ਅਤੇ ਬਿਨਾਂ ਜਾਚੇ ਪਰਖੇ ਕੁੱਟਮਾਰ ਕਰਨ ਲੱਗਦੀ ਹੈ।''

"ਗੁਜਰਾਤ ਦੀ ਊਨਾ ਵਿੱਚ ਵਾਪਰੀ ਇੱਕ ਘਟਨਾ ਇਸ ਤੱਥ ਦੀ ਪੁਸ਼ਟੀ ਕਰਦੀ ਹੈ, ਜਿੱਥੇ ਮਰੇ ਪਸ਼ੂਆਂ ਦੀ ਖੱਲ੍ਹ ਲਾਹੁਣ ਵਾਲਿਆਂ ਨਾਲ ਕੁੱਟਮਾਰ ਕੀਤੀ ਗਈ ਸੀ।''

ਕਿਉਂ ਵਧ ਰਹੀਆਂ ਹਨ ਘਟਨਾਵਾਂ?

ਜਦੋਂ ਲਛਮਣ ਸਿੰਘ ਤੋਂ ਦਲਿਤ ਭਾਈਚਾਰੇ ਖਿਲਾਫ਼ ਵਾਪਰੀਆਂ ਘਟਨਾਵਾਂ ਵਿੱਚ ਵਾਧੇ ਦੇ ਕਾਰਨ ਬਾਰੇ ਉਨ੍ਹਾਂ ਨੇ ਕਿਹਾ, "ਬੀਤੇ ਚੋਣ ਨਤੀਜਿਆਂ ਨਾਲ ਭਾਜਪਾ ਨੂੰ ਇਸ ਬਾਰੇ ਅਹਿਸਾਸ ਹੋ ਗਿਆ ਸੀ ਕਿ ਸਿਰਫ਼ ਹਿੰਦੂ ਕਾਰਡ ਖੇਡ ਕੇ ਚੋਣਾਂ ਨਹੀਂ ਜਿੱਤੀਆਂ ਜਾ ਸਕਦੀਆਂ ਹਨ, ਇਸ ਲਈ ਦਲਿਤਾਂ ਖਿਲਾਫ਼ ਕਥਿਤ ਉੱਚੀਆਂ ਜਾਤੀਆਂ ਦੇ ਲੋਕਾਂ ਦੇ ਧਰੁਵੀਕਰਨ ਨਾਲ 2019 ਦੀਆਂ ਚੋਣਾਂ ਜਿੱਤਣਾ ਚਾਹੁੰਦੇ ਹਨ।''

Image copyright Getty Images

"ਉਹ ਉੱਚੀਆਂ ਜਾਤਾਂ ਨੂੰ ਕੋਈ ਮਾਲੀ ਫਾਇਦਾ ਦਿੱਤੇ ਬਗੈਰ ਖੁਦ ਨੂੰ ਦਲਿਤ ਭਾਈਚਾਰੇ ਖਿਲਾਫ਼ ਉਨ੍ਹਾਂ ਦਾ ਹਮਾਇਤੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ।''

ਦਲਿਤ ਕਾਰਕੁਨ ਤਰਸੇਮ ਪੀਟਰ ਇਸ ਗੱਲ ਤੋਂ ਇਤਫ਼ਾਕ ਨਹੀਂ ਰੱਖਦੇ ਕਿ ਦਲਿਤ ਭਾਈਚਾਰੇ ਨਾਲ ਵਾਪਰੀਆਂ ਘਟਨਾਵਾਂ ਵਿੱਚ ਅਚਾਨਕ ਵਾਧਾ ਹੋਇਆ ਹੈ।

ਉਨ੍ਹਾਂ ਅਨੁਸਾਰ, "ਹਰ ਸਰਕਾਰ ਵਿੱਚ ਦਲਿਤਾਂ ਨਾਲ ਵੱਡੇ ਪੱਧਰ 'ਤੇ ਵਿਤਕਰਾ ਹੋਇਆ ਹੈ।''

'ਪੰਜਾਬ ਵਿੱਚ ਤਾਂ ਕਾਂਗਰਸ ਸਰਕਾਰ ਹੈ'

ਤਰਸੇਮ ਪੀਟਰ ਨੇ ਆਪਣੀ ਗੱਲ ਸਮਝਾਉਣ ਲਈ ਪੰਜਾਬ ਦੀ ਉਦਾਹਰਨ ਦਿੱਤੀ।

ਉਨ੍ਹਾਂ ਕਿਹਾ, "ਜਿਵੇਂ ਪਿੰਡਾਂ ਵਿੱਚ ਇੱਕ ਤਿਹਾਈ ਪੰਚਾਇਤੀ ਜ਼ਮੀਨ ਦਲਿਤਾਂ ਲਈ ਰਾਖਵੀਂ ਹੁੰਦੀ ਹੈ ਪਰ ਕਥਿਤ ਉੱਚੀ ਜਾਤੀ ਵਾਲੇ ਲੋਕ ਹੀ ਬੋਲੀਆਂ ਲਾ ਕੇ ਉਸ ਜ਼ਮੀਨ 'ਤੇ ਕਬਜ਼ਾ ਕਰ ਲੈਂਦੇ ਹਨ।''

Image copyright Getty Images

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਤਾਂ ਕਾਂਗਰਸ ਦੀ ਸਰਕਾਰ ਹੈ ਪਰ ਫਿਰ ਵੀ ਉਹ ਦਲਿਤਾਂ ਖਿਲਾਫ਼ ਹੁੰਦੀ ਇਸ ਨਾ-ਇਨਸਾਫੀ ਨੂੰ ਰੋਕ ਨਹੀਂ ਸਕੀ ਹੈ।

ਤਰਸੇਮ ਪੀਟਰ ਨੇ ਮੰਨਿਆ ਕਿ ਇਸ ਵੇਲੇ ਘਟਨਾਵਾਂ ਮੀਡੀਆ ਵਿੱਚ ਵੱਧ ਰਿਪੋਰਟ ਹੋ ਰਹੀਆਂ ਅਤੇ ਦਲਿਤ ਭਾਈਚਾਰੇ ਦੇ ਲੋਕ ਵੀ ਵਿਤਕਰੇ ਖਿਲਾਫ਼ ਲਾਮਬੰਦ ਹੋ ਰਹੇ ਹਨ।

ਕਿਵੇਂ ਰੁਕਣ ਘਟਨਾਵਾਂ?

ਲਛਮਣ ਸਿੰਘ ਸੇਵੇਵਾਲਾ ਮੰਨਦੇ ਹਨ ਕਿ ਪੂਰੀ ਕਿਰਤੀ ਬਿਰਾਦਰੀ ਨੂੰ ਇਕਜੁੱਟ ਹੋਣਾ ਪਵੇਗਾ ਤੇ ਇੱਕ ਆਵਾਜ਼ ਬਣ ਕੇ ਆਪਣੇ ਹੱਕਾਂ ਦੀ ਮੰਗ ਕਰਨੀ ਚਾਹੀਦੀ ਹੈ।

ਤਰਸੇਮ ਪੀਟਰ ਵੀ ਇਸ ਤਰਕ ਨਾਲ ਸਹਿਮਤੀ ਪ੍ਰਗਟ ਕਰਦੇ ਹਨ। ਉਹ ਕਹਿੰਦੇ ਹਨ, "ਦਲਿਤ ਭਾਈਚਾਰੇ ਨੂੰ ਇਹ ਸਮਝਣਾ ਪਵੇਗਾ ਕਿ ਜਿੱਥੇ ਉਹ ਆਪਣੇ ਹੱਕਾਂ ਲਈ ਲੜਦੇ ਹਨ, ਉੱਥੇ ਹੀ ਉਹ ਛੋਟੇ ਕਿਸਾਨਾਂ ਦੀ ਹੱਕ ਦੀ ਆਵਾਜ਼ ਵੀ ਚੁੱਕਣ ਤਾਂ ਹੀ ਸਮਾਜਿਕ ਏਕਤਾ ਦੇ ਟੀਚੇ ਨੂੰ ਹਾਸਿਲ ਕੀਤਾ ਜਾ ਸਕੇਗਾ।''

Image copyright Getty Images

ਹਾਲ ਵਿੱਚ ਵਾਪਰੇ ਹੋਰ ਮਾਮਲੇ

  • ਦੋ ਦਲਿਤ ਵਿਅਕਤੀਆਂ ਦਾ ਤਮਿਲਨਾਡੂ ਵਿੱਚ ਕਥਿਤ ਉੱਚ ਜਾਤੀ ਹਿੰਦੂਆਂ ਨੇ ਸਿਰਫ਼ ਇਸ ਲਈ ਕਤਲ ਕਰ ਦਿੱਤਾ ਕਿਉਂਕਿ ਉਹ ਦੋਵੇਂ ਵਿਅਕਤੀ ਮੰਦਿਰ ਵਿੱਚ ਇੱਕ ਰਸਮ ਦੌਰਾਨ ਕਥਿਤ ਉੱਚੀ ਜਾਤੀ ਦੇ ਲੋਕਾਂ ਸਾਹਮਣੇ ਚੌਂਕੜੀ ਮਾਰ ਕੇ ਬੈਠੇ ਸਨ।
  • ਮਹਾਰਾਸ਼ਟਰ ਦੇ ਇੱਕ ਪਿੰਡ ਵਿੱਚ ਤਿੰਨ ਦਲਿਤ ਮੁੰਡਿਆਂ ਨੂੰ ਖੂਹ ਵਿੱਚ ਨਹਾਉਣ ਕਰਕੇ ਕੁੱਟਿਆ ਗਿਆ ਅਤੇ ਕੱਪੜੇ ਲੁਹਾ ਕੇ ਪੂਰੇ ਪਿੰਡ ਵਿੱਚ ਘੁਮਾਇਆ ਗਿਆ। ਖੂਹ ਕਥਿਤ ਉੱਚੀ ਜਾਤੀ ਦੇ ਪਰਿਵਾਰ ਦਾ ਸੀ। ਬੀਬੀਸੀ ਮਰਾਠੀ ਦੀ ਟੀਮ ਨੂੰ ਇੱਕ ਪੀੜਤ ਦੀ ਮਾਂ ਨੇ ਦੱਸਿਆ ਕਿ ਬੱਚੇ ਅਜੇ ਵੀ ਸਹਿਮ ਵਿੱਚ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਗ੍ਰਿਫ਼ਤਾਰੀਆਂ ਵੀ ਕੀਤੀਆਂ ਹਨ।
  • ਇੱਕ ਦਲਿਤ ਭਾਈਚਾਰੇ ਦੇ ਨਾਬਾਲਗ ਨੂੰ ਗੁਜਰਾਤ ਵਿੱਚ ਸਿਰਫ਼ ਇਸ ਲਈ ਕੁੱਟਿਆ ਗਿਆ ਕਿਉਂਕਿ ਉਸਨੇ ਅਜਿਹੇ ਬੂਟ ਪਾ ਲਏ ਸੀ ਜਿਸਨੂੰ ਮੰਨਿਆ ਜਾਂਦਾ ਹੈ ਕਿ ਉੱਚੀ ਜਾਤੀ ਵਾਲੇ ਲੋਕਾਂ ਵੱਲੋਂ ਹੀ ਪਾਏ ਜਾਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)