ਪ੍ਰੈੱਸ ਰਿਵੀਊ: ਅਮਰੀਕਾ ਦੇ ਹਿਰਾਸਤੀ ਕੇਂਦਰਾਂ ਵਿੱਚ ਰੱਖੇ ਭਾਰਤੀਆਂ ਵਿੱਚੋਂ ਬਹੁਗਿਣਤੀ ਸਿੱਖ

ਡੈਮੋਕ੍ਰੇਟਿਕ ਵਿਧਾਨਕਾਰਾਂ Image copyright Getty Images
ਫੋਟੋ ਕੈਪਸ਼ਨ ਡੈਮੋਕ੍ਰੇਟਿਕ ਵਿਧਾਨਕਾਰ ਕੈਂਪ ਦੇ ਦੌਰੇ ਮਗਰੋਂ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ।

ਅਮਰੀਕੀ ਵਿਧਾਨਕਾਰਾਂ ਨੇ ਦੱਸਿਆ ਹੈ ਕਿ ਅਮਰੀਕਾ ਦੇ ਓਰੇਗਨ ਸੂਬੇ ਦੇ ਡਿਟੈਨਸ਼ਨ ਸੈਂਟਰ ਵਿੱਚ 52 ਭਾਰਤੀ ਰੱਖੇ ਗਏ ਹਨ ਜਿਨ੍ਹਾਂ ਵਿੱਚੋਂ ਬਹੁਗਿਣਤੀ ਸਿੱਖ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਹ ਸਮੂਹ ਅਮਰੀਕਾ ਵਿੱਚ ਮੈਕਸਿਕੋ ਵੱਲੋਂ ਆ ਕੇ ਅਮਰੀਕਾ ਵਿੱਚ ਪਨਾਹ ਲੈਣ ਵਾਲੇ ਪ੍ਰਵਾਸੀਆਂ ਦੇ ਨਾਲ ਸਨ।

ਡੈਮੋਕ੍ਰੇਟਿਕ ਵਿਧਾਨਕਾਰਾਂ ਨੇ ਇਸ ਡਿਟੈਂਸਨ ਸੈਂਟਰ ਦਾ ਦੌਰਾ ਕੀਤਾ ਅਤੇ ਉਸ ਮਗਰੋਂ ਉੱਥੇ ਰੱਖੇ ਲੋਕਾਂ ਨਾਲ ਹੁੰਦੇ ਗੈਰ-ਮਨੁੱਖੀ ਵਿਹਾਰ ਬਾਰੇ ਪੱਤਰਕਾਰਾਂ ਨੂੰ ਦੱਸਿਆ।

ਖ਼ਬਰ ਮੁਤਾਬਕ ਇਨ੍ਹਾਂ ਡਿਟੇਨ ਕੀਤੇ ਗਏ ਲੋਕਾਂ ਵਿੱਚ ਸਭ ਤੋਂ ਵੱਡੀ ਗਿਣਤੀ (123) ਭਾਰਤੀਆਂ ਦੀ ਹੈ ਜਿਨ੍ਹਾਂ ਨੂੰ ਸ਼ੈਰਿਡਨ ਵਿਖੇ ਰੱਖਿਆ ਗਿਆ ਹੈ।

Image copyright Sukhpal Khaira/Twitter

ਖਹਿਰਾ-ਕੇਜਰੀਵਾਲ ਬੈਠਕ

ਆਪ ਦੀ ਹਾਈ ਕਮਾਂਡ ਵੱਲੋਂ ਬਿਕਰਮ ਮਜੀਠੀਆ ਤੋਂ ਮਾਫੀ ਮੰਗਣ ਮਗਰੋਂ ਪੈਦਾ ਹੋਈ ਤਲਖੀ ਖ਼ਤਮ ਕਰਨ ਪੰਜਾਬ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦਿੱਲੀ ਵਿੱਚ ਕੇਜਰੀਵਾਲ ਨੂੰ ਮਿਲਣ ਜਾਣਗੇ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਉਹ ਦਿੱਲੀ ਸਰਕਾਰ ਦੇ ਰਾਜਪਾਲ ਨਾਲ ਜਾਰੀ ਟਕਰਾਅ ਬਾਰੇ ਆਪਣੀ ਪਾਰਟੀ ਨਾਲ ਇੱਕਜੁੱਟਤਾ ਦਰਸਾਉਣ ਲਈ ਆਪ ਦੇ ਵਿਧਾਨ ਸਭਾ ਮੈਂਬਰਾਂ ਦਾ ਵਫ਼ਦ ਲੈ ਕੇ ਪਹੁੰਚ ਰਹੇ ਹਨ।

ਖਹਿਰਾ ਕੇਜਰੀਵਾਲ ਵੱਲੋਂ ਰਾਜ ਭਵਨ ਵਿਖੇ ਧਰਨਾ ਚੁੱਕਣ ਦੇ ਐਲਾਨ ਤੋਂ ਬਾਅਦ ਦਿੱਲੀ ਜਾ ਰਹੇ ਹਨ।

ਕਨਿਸ਼ਕ ਹਵਾਈ ਹਾਦਸੇ ਲਈ ਮੋਮਬੱਤੀ ਮਾਰਚ

ਕੈਨੇਡਾ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਕਾਈ ਸਾਲ 1985 ਦੇ ਕਨਿਸ਼ਕ ਹਵਾਈ ਹਾਦਸੇ ਵਿੱਚ ਮਾਰੇ ਜਾਣ ਵਾਲਿਆਂ ਲਈ ਮੋਮਬੱਤੀ ਮਾਰਚ ਕਰਾ ਰਹੀ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇਹ ਸਮਾਗਮ ਹਾਦਸੇ ਦੀ ਬਰਸੀ ਦੇ ਮੌਕੇ ਕੀਤਾ ਜਾ ਰਿਹਾ ਹੈ ਅਤੇ ਇਸ ਪੇਸ਼ ਕਦਮੀਂ ਤੋਂ ਪੀੜਤ ਪਰਿਵਾਰ ਅਸਹਿਜ ਮਹਿਸੂਸ ਕਰ ਰਹੇ ਹਨ।

ਖ਼ਬਰ ਮੁਤਾਬਕ ਇਹ ਮਾਰਚ ਕੈਨੇਡਾ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਕਾਈ ਦਾ ਕਹਿਣਾ ਹੈ ਕਿ ਭਾਵੇਂ ਸਿੱਖਾਂ ਨੇ ਇਸ ਬਾਰੇ ਕਈ ਵਾਰ ਸੋਗ ਸੰਦੇਸ਼ ਜਾਰੀ ਕੀਤੇ ਹਨ ਪਰ ਅਸੀਂ ਮਰਨ ਵਾਲਿਆਂ ਲਈ ਰਸਮੀ ਸੋਗ ਕਰਨਾ ਚਾਹੁੰਦੇ ਹਾਂ।

Image copyright Getty Images

'ਕਿਸਾਨਾਂ 'ਤੇ ਗੋਲੀ ਚਲਾਉਣਾ ਜਾਇਜ਼'

ਮੱਧ ਪ੍ਰਦੇਸ਼ ਦੇ ਮੰਦਸੌਰ ਵਿੱਚ ਕਿਸਾਨਾਂ ਉੱਪਰ ਚਲਾਈ ਗਈ ਗੋਲੀ ਮਾਮਲੇ ਦੀ ਜਾਂਚ ਕਮਿਸ਼ਨ ਨੇ ਸੀਆਰਪੀਐਫ ਨੂੰ ਕਲੀਨਚਿੱਟ ਦੇ ਦਿੱਤੀ ਹੈ।

ਦਿ ਨਿਊ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਕਮਿਸ਼ਨ ਨੇ ਕਿਹਾ ਹੈ ਕਿ ਉਸ ਸਮੇਂ ਪੁਲਿਸ ਅਤੇ ਸੀਆਰਪੀਐਫ ਨੇ ਸਵੈ ਰੱਖਿਆ ਵਿੱਚ ਇਹ ਗੋਲੀਆਂ ਚਲਾਈਆਂ ਸਨ ਇਸ ਲਈ ਕਿਸਾਨਾਂ 'ਤੇ ਗੋਲੀ ਚਲਾਉਣਾ ਜਾਇਜ਼ ਸੀ।

ਇਹ ਘਟਨਾ ਪਿਛਲੇ ਸਾਲ 6 ਜੂਨ ਦੀ ਹੈ ਅਤੇ ਇਸ ਵਿੱਚ ਪੰਜ ਕਿਸਾਨਾਂ ਦੀ ਮੌਤ ਹੋ ਗਈ ਸੀ।

ਕਿਸਾਨ ਸਮਰਥਨ ਮੁੱਲ ਵਿੱਚ ਵਾਧੇ ਅਤੇ ਕਰਜ਼ਾ ਮਾਫ ਕਰਨ ਦੀ ਮੰਗ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ।

ਇੰਗਲੈਂਡ ਨੇ ਆਪਣਾ ਹੀ ਵਿਸ਼ਵ ਰਿਕਾਰਡ ਤੋੜਿਆ

ਇੰਗਲੈਂਡ ਨੇ ਇੱਕ ਰੋਜ਼ਾ ਕ੍ਰਿਕਟ ਵਿੱਚ ਰਿਕਾਰਡ ਸਕੋਰ ਬਣਾਇਆ ਹੈ। ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ਵਿੱਚ 481 ਦੌੜਾਂ ਬਣਾਈਆਂ ਜਿਸਦੇ ਜਵਾਬ ਵਿੱਚ ਆਸਟਰੇਲੀਆ ਦੀ ਪੂਰੀ ਟੀਮ 37 ਓਵਰਾਂ ਵਿੱਚ 239 ਦੌੜਾਂ ਬਣਾ ਕੇ ਆਊਟ ਹੋ ਗਈ।

Image copyright AFP

ਦਿ ਗਾਰਡੀਅਨ ਦੀ ਖ਼ਬਰ ਮੁਤਾਬਕ ਇੰਗਲੈਂਡ ਨੇ ਇਸ ਸਕੋਰ ਨਾਲ ਪਾਕਿਸਤਾਨ ਖਿਲਾਫ ਬਣਾਏ 444 ਦੌੜਾਂ ਦੇ ਆਪਣੇ ਹੀ ਵਿਸ਼ਵ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)