ਵੀਡੀਓ ਨੇ ਪਾਇਆ ਇਨੈਲੋ ਤੇ ਭਾਜਪਾ ਵਿਚਾਲੇ ਸਿਆਪਾ

  • ਸਤ ਸਿੰਘ
  • ਬੀਬੀਸੀ ਪੰਜਾਬੀ ਲਈ
ਦੁਸ਼ਯੰਤ ਚੌਟਾਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਇਸ ਦਾ ਕਾਰਨ ਪਰਿਵਾਰ ਵਿੱਚ ਭੜਥੂ ਪਾਉਣਾ ਮੰਨਿਆ ਜਾ ਰਿਹਾ ਹੈ।

ਹਰਿਆਣਾ ਦੀ ਰਾਜਨੀਤੀ ਵਿੱਚ ਇਨੈਲੋ ਅਤੇ ਭਾਜਪਾ ਦੀ ਇੱਕੋ ਵਾਰ ਰਹੀ ਸਾਂਝ,ਜਿਸ ਤਹਿਤ ਉਨ੍ਹਾਂ ਦੀ 1999 ਤੋਂ 2004 ਤੱਕ ਗਠਜੋੜ ਸਰਕਾਰ ਰਹੀ ਸੀ, ਉਹ ਅੱਜ ਕੱਲ੍ਹ ਫੇਰ ਵਿਵਾਦਾਂ ਵਿੱਚ ਆ ਗਈ ਹੈ।

ਹਿਸਾਰ ਤੋਂ ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਦੇ ਸੋਸ਼ਲ ਮੀਡੀਆ 'ਤੇ ਇੱਕ ਪੁਰਾਣਾ ਬਿਆਨ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ ਇਸ ਵਿੱਚ ਉਹ ਭਾਜਪਾ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ।

ਇਸ ਘਟਨਾਕ੍ਰਮ 'ਤੇ ਦੁਸ਼ਯੰਤ ਚੌਟਾਲਾ ਨੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ, "ਇਸ ਨੂੰ ਅਣਗੌਲਿਆਂ ਕਰਨਾ ਹੀ ਚੰਗੀ ਗੱਲ ਹੈ।"

ਤਸਵੀਰ ਸਰੋਤ, Sat singh/bbc

ਤਸਵੀਰ ਕੈਪਸ਼ਨ,

ਇਨੈਲੋ ਨੇ 18 ਜੂਨ ਨੂੰ ਅੰਬਾਲਾ ਕੈਂਟ ਥਾਣੇ ਵਿੱਚ ਭਾਜਪਾ ਦੇ ਆਈਟੀ ਸੈੱਲ ਖ਼ਿਲਾਫ਼ ਦਰਜ ਕਰਵਾਈ ਸ਼ਿਕਾਇਤ

ਹਾਲਾਂਕਿ, ਇਨੈਲੋ ਨੇ ਇਸ ਸੰਬੰਧੀ 18 ਜੂਨ ਨੂੰ ਅੰਬਾਲਾ ਕੈਂਟ ਥਾਣੇ ਵਿੱਚ ਭਾਜਪਾ ਦੇ ਆਈਟੀ ਸੈੱਲ ਖ਼ਿਲਾਫ਼ ਇੱਕ ਸ਼ਿਕਾਇਤ ਦਰਜ ਕਰਵਾਈ ਹੈ ਕਿ ਭਾਜਪਾ ਗਲਤ ਤਰੀਕੇ ਨਾਲ 4 ਸਾਲ ਪੁਰਾਣਾ ਵੀਡੀਓ ਸਾਂਝਾ ਕਰ ਰਿਹਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਵੀਡੀਓ ਵਿਚੋਂ ਕੁਝ ਹਿੱਸਾ ਲੈ ਕੇ ਇਸ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ 'ਜੂਨੀਅਰ ਚੌਟਾਲਾ ਛੇਤੀ ਹੀ ਭਾਰਤੀ ਜਨਤਾ ਪਾਰਟੀ ਦੇ ਖੇਮੇ ਵਿੱਚ ਆਉਣ ਵਾਲੇ ਹਨ।'

ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹਾ ਉਨ੍ਹਾਂ ਦੇ ਪਰਿਵਾਰ ਵਿੱਚ ਭੜਥੂ ਪਾਉਣ ਲਈ ਕੀਤਾ ਜਾ ਰਿਹਾ ਹੈ।

ਮਾਮਲੇ ਦੀ ਜਾਂਚ ਜਾਰੀ

ਦੂਜੇ ਪਾਸੇ ਜਦੋਂ ਇਸ ਵੀਡੀਓ ਦੀ ਅਪਲੋਡ ਕਰਨ ਵਾਲੇ ਵਿਅਕਤੀ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਇਸ ਸੰਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।

ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਵਿਜੈ ਕੁਮਾਰ ਨੇ ਦੱਸਿਆ, "ਅਜੇ ਉਹ ਇਸ ਵੀਡੀਓ ਦੀ ਸੱਚਾਈ ਪਤਾ ਕਰ ਰਹੇ ਹਨ ਅਤੇ ਉਸ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ।"

ਉਨ੍ਹਾਂ ਨੇ ਦੱਸਿਆ ਕਿ ਦੋਵਾਂ ਪਾਰਟੀਆਂ ਦੇ ਸੰਬੰਧਤ ਨੁਮਾਇੰਦਿਆਂ ਨੂੰ ਬੁੱਧਵਾਰ ਨੂੰ ਬਿਆਨ ਦਰਜ ਕਰਨ ਲਈ ਵੀ ਸੱਦਿਆ ਗਿਆ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਹਰਿਆਣਾ ਵਿੱਚ ਹੁਣ ਇਨੈਲੋ ਦਾ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਹੈ

ਗੌਰਤਲਬ ਹੈ ਕਿ ਹਰਿਆਣਾ ਵਿੱਚ ਇਨੈਲੋ ਦਾ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਹੈ ਅਤੇ ਇਨ੍ਹਾਂ ਨੇ ਐਲਾਨ ਕੀਤਾ ਹੈ ਕਿ ਉਹ ਆਗਾਮੀ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਉਹ ਦਲਿਤਾਂ, ਕਿਸਾਨਾਂ, ਮਜ਼ਦੂਰਾਂ ਅਤੇ ਦੱਬੀਆਂ-ਕੁਚਲੀਆਂ ਜਮਾਤਾਂ ਦੀ ਹਮਾਇਤ ਨਾਲ ਇਕੱਠੇ ਲੜਨਗੇ।

ਇਨੈਲੋ ਦੇ ਬੁਲਾਰੇ ਰਵਿੰਦਰ ਸਿੰਘ ਢੁੱਲ ਨੇ ਕਿਹਾ, "ਵਾਇਰਲ ਹੋ ਰਹੀ ਦੁਸ਼ਯੰਤ ਚੌਟਾਲਾ ਦੀ ਵੀਡੀਓ ਸੱਤਾ ਧਿਰ ਸ਼ਰਾਰਤਪੂਰਨ ਕਾਰਵਾਈ ਹੈ ਅਤੇ ਇਸ ਨਾਲ ਉਨ੍ਹਾਂ ਦੇ ਹਿੱਤਾਂ ਦੀ ਪੂਰਤੀ ਨਹੀਂ ਹੋਵੇਗੀ।

ਇਨੈਲੋ ਦੇ ਸਹਿ ਬੁਲਾਰੇ ਵਿਵੇਕ ਚੌਧਰੀ ਨੇ ਕਿਹਾ, "ਇਹ ਭਾਜਪਾ ਦਾ ਬੇਹੱਦ ਗ਼ੈਰ-ਜ਼ਿੰਮੇਵਾਰੀ ਵਾਲਾ ਵਿਹਾਰ ਹੈ ਕਿ ਉਹ ਨੈਸ਼ਨਲ ਟੀਵੀ ਚੈਨਲ ਦੀ ਪੁਰਾਣੀ ਵੀਡੀਓ ਕਲਿੱਪ ਪੋਸਟ ਕਰਕੇ ਆਪਣੀ ਹਮਾਇਤ ਮੰਗ ਰਹੇ ਹਨ।"

ਸਿਆਸੀ ਮਾਹਿਰਾਂ ਦੀ ਰਾਇ

ਕੁਰੁਕਸ਼ੇਤਰ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਅਸ਼ੋਕ ਚੌਹਾਨ ਦਾ ਕਹਿਣਾ ਹੈ, "ਸਿਆਸੀ ਪਾਰਟੀਆਂ ਆਪਣੇ ਵਿਰੋਧੀਆਂ ਦਾ ਉਤਸ਼ਾਹ ਘਟਾਉਣ ਲਈ ਹਰ ਹਰਬਾ ਵਰਤ ਰਹੀਆਂ ਹਨ, ਜਿਸ ਨਾਲ ਸਿਆਸਤ ਦਾ ਰੁਝਾਨ ਹੋਰ ਵੀ ਵਿਨਾਸ਼ਕਾਰੀ ਨਜ਼ਰ ਆ ਰਿਹਾ ਹੈ।"

ਛੋਟੀਆਂ ਪਾਰਟੀਆਂ ਦੇ ਸਮਰਥਨ ਲਈ ਕਾਨੂੰਨੀ ਧਮਕੀਆਂ ਵਿੱਚ ਵੀ ਇੱਕ ਹੀਲਾ ਬਣ ਗਈਆਂ ਹਨ। ਸੋਸ਼ਲ ਮੀਡੀਆ 'ਤੇ ਪੁਰਾਣੀਆਂ ਅਤੇ ਛੇੜਛਾੜ ਵਾਲੀਆਂ ਵੀਡੀਓ ਪਾ ਕੇ ਵਿਰੋਧੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਦੋਂ 2013 ਵਿੱਚ ਭਾਜਪਾ ਨੇ ਆਪਣੇ ਫਾਇਦੇ ਲਈ ਸੋਸ਼ਲ ਮੀਡੀਆ ਦੀ ਵਰਤੋਂ ਸ਼ੁਰੂ ਕੀਤੀ ਤਾਂ ਇਸ ਨੂੰ ਇੱਕ ਕਾਢ ਵਜੋਂ ਦੇਖਿਆ ਗਿਆ ਪਰ ਦੁੱਖ ਦੀ ਗੱਲ ਹੈ ਕਿ ਹੁਣ ਇਸ ਦੀ ਵਰਤੋਂ ਝੂਠੇ ਪ੍ਰਚਾਰ ਲਈ ਕੀਤਾ ਜਾ ਰਿਹਾ ਹੈ।

ਤਸਵੀਰ ਸਰੋਤ, Getty Images

ਹਰਿਆਣਾ ਦੇ ਇਤਿਹਾਸਕਾਰ ਅਤੇ ਵਿਦਵਾਨ ਰਣਬੀਰ ਸਿੰਘ ਫੌਗਾਟ ਨੇ ਸਿਆਸਤ ਵਿੱਚ ਪ੍ਰਭਾਵਸ਼ਾਲੀ ਨੇਤਾਵਾਂ ਬਾਰੇ ਲੋਕਾਂ ਦੇ ਮਨਾਂ ਵਿੱਚ ਗ਼ਲਤ ਧਾਰਨਾਵਾਂ ਪੈਦਾ ਕਰਨ ਲਈ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਵਿਚੋਂ ਕੁਝ ਚੋਣਵੀਆਂ ਕਲਿੱਪਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਵੱਧ ਰਹੇ ਰੁਝਾਨ ਬਾਰੇ ਚਿੰਤਾ ਜ਼ਾਹਿਰ ਕੀਤੀ ਹੈ।

ਫੌਗਾਟ ਕਹਿੰਦੇ ਹਨ ਕਿ ਰਸੂਖ਼ਦਾਰ ਬੰਦਿਆਂ ਨੂੰ ਜਨਤਾ ਵਿੱਚ ਬਦਨਾਮ ਕਰਕੇ ਥੋੜ੍ਹੇ ਚਿਰ ਦਾ ਲਾਹਾ ਲੈ ਲਿਆ ਜਾਂਦਾ ਹੈ ਪਰ ਅਜਿਹੇ ਅਨੈਤਿਕ ਕਾਰਜ ਉਹ ਲੋਕਾਂ ਦੀ ਭਲਾਈ ਲਈ ਕਰਦੇ ਬਲਕਿ ਉਨ੍ਹਾਂ ਦਾ ਮਨੋਰਥ ਤਾਂ ਗਲਤ ਵਿਆਖਿਆ ਕਰਨ ਦਾ ਹੁੰਦਾ ਹੈ।

'ਲੋਕਤੰਤਰ ਲਈ ਨੁਕਸਾਨਦਾਇਕ'

ਜਦੋਂ ਵੀ ਕੋਈ ਇਸ ਤਰ੍ਹਾਂ ਦਾ ਕੋਈ ਬਦਨਾਮੀ ਭਰੀ ਸਮੱਗਰੀ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਹੈ ਅਤੇ ਜਨਤਾ ਦੇ ਜ਼ਿਹਨ ਵਿੱਚ ਥੋੜ੍ਹੇ ਸਮੇਂ ਲਈ ਬਣੀ ਰਹਿੰਦੀ ਹੈ ਤਾਂ ਅਖ਼ੀਰਲੇ ਸਿੱਟਿਆਂ ਨੂੰ ਬੇਹੱਦ ਪ੍ਰਭਾਵਿਤ ਕਰਦੀ ਹੈ।

ਕੁਰੁਕਸ਼ੇਤਰ ਯੂਨੀਵਰਸਿਟੀ ਦੇ ਰਾਜਨੀਤਕ ਸ਼ਾਸਤਰ ਦੇ ਸਾਬਕਾ ਪ੍ਰੋਫੈਸਰ ਰਣਬੀਰ ਸਿੰਘ ਦਾ ਕਹਿਣਾ ਹੈ, "ਇਹ ਸਾਰੀਆਂ ਸਿਆਸੀਆਂ ਪਾਰਟੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਨ੍ਹਾਂ ਦੇ ਆਈਟੀ ਸੈੱਲ ਗਲਤ ਤੱਥਾਂ ਦੀ ਵਰਤੋਂ ਨਾ ਕਰਨ, ਇਹ ਲੋਕਤੰਤਰ ਲਈ ਨੁਕਸਾਨਦਾਇਕ ਹੈ।"

ਉਹ ਕਹਿੰਦੇ ਹਨ ਕਿ ਇਸ ਤਰ੍ਹਾਂ ਪੁਰਾਣੀਆਂ ਅਤੇ ਤੋੜ-ਮਰੋੜ ਕੇ ਪੇਸ਼ ਕੀਤੀਆਂ ਵੀਡੀਓ ਦਾ ਰੁਝਾਨ ਬਦਕਿਸਮਤੀ ਨਾਲ ਸਿਆਸੀ ਪ੍ਰਣਾਲੀ ਦੀਆਂ ਕਦਰਾਂ-ਕੀਮਤਾਂ ਨੂੰ ਰੱਦ ਕਰਨਾ ਦਾ ਝਉਲਾ ਪਾਉਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)