AAP ਵਿਧਾਇਕ ਅਮਰਜੀਤ ਸੰਦੋਆ 'ਤੇ ਹਮਲਾ, ਮੁੱਖ ਮੰਤਰੀ ਨੇ ਮੰਗੀ ਰਿਪੋਰਟ

ਅਮਰਜੀਤ ਸੰਦੋਆ ਨੂੰ ਜ਼ਖਮੀ ਹਾਲਤ ਵਿੱਚ ਪੀਜੀਆਈ ਕੀਤਾ ਰੈਫਰ Image copyright AAP PUNJAB/TWITTER
ਫੋਟੋ ਕੈਪਸ਼ਨ ਅਮਰਜੀਤ ਸੰਦੋਆ ਨੂੰ ਜ਼ਖਮੀ ਹਾਲਤ ਵਿੱਚ ਪੀਜੀਆਈ ਕੀਤਾ ਰੈਫਰ

ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਉੱਤੇ ਕਥਿਤ ਮਾਇਨਿੰਗ ਮਾਫੀਆ ਵੱਲੋਂ ਹਮਲਾ ਕੀਤਾ ਗਿਆ ਹੈ।

ਆਮ ਆਦਮੀ ਪਾਰਟੀ ਵੱਲੋਂ ਆਪਣੇ ਫੇਸਬੁੱਕ ਅਤੇ ਟਵਿੱਟਰ ਹੈਂਡਲ ਉੱਤੇ ਜਾਰੀ ਇਸ ਵੀਡੀਓ ਵਿੱਚ ਕੁਝ ਲੋਕ ਅਮਰਜੀਤ ਸਿੰਘ ਸੰਦੋਆ ਅਤੇ ਉਸਦੇ ਗੰਨਮੈਨਾਂ ਨਾਲ ਉਲਝਦੇ ਦਿਖਾਈ ਦੇ ਰਹੇ ਹਨ।

ਇਸ ਵੀਡੀਓ ਮੁਤਾਬਿਕ ਕੁੱਟਮਾਰ ਦੌਰਾਨ ਸੰਦੋਆ ਅਤੇ ਉਸਦੇ ਗੰਨਮੈਨ ਦੀ ਪੱਗ ਉਤਾਰ ਦਿੱਤੀ ਗਈ ਅਤੇ ਵਿਧਾਇਕ ਸੰਦੋਆ ਨੂੰ ਸੱਟਾਂ ਵੀ ਵੱਜੀਆਂ ਹਨ ਜਿਸ ਦੇ ਇਲਾਜ ਉਨ੍ਹਾਂ ਨੂੰ ਪੀਜੀਆਈ ਰੈਫਰ ਕੀਤਾ ਗਿਆ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਤੋਂ ਮਾਮਲੇ ਬਾਰੇ ਰਿਪੋਰਟ ਮੰਗੀ ਹੈ।

ਇਕ ਬਿਆਨ ਵਿੱਚ ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਇਸ ਤਰ੍ਹਾਂ ਦੀ ਅਰਾਜਕਤਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਸੀਐੱਮ ਨੇ ਪੰਜਾਬ ਦੇ ਡੀਜੀਪੀ ਨੂੰ ਬਾਕੀ ਬਚੇ ਸ਼ੱਕੀਆਂ ਉੱਤੇ ਵੀ ਸ਼ਿਕੰਜਾ ਕੱਸਣ ਦੇ ਨਿਰਦੇਸ਼ ਜਾਰੀ ਕੀਤੇ ਹਨ।

ਥਾਣਾ ਨੂਰਪੁਰ ਬੇਦੀ ਦੇ ਐਸਐਚਓ ਦੇਸਰਾਜ ਨੇ ਟੈਲੀਫੋਨ ਉੱਤੇ ਬੀਬੀਸੀ ਪੱਤਰਕਾਰ ਸਰਬਜੀਤ ਨੂੰ ਦੱਸਿਆ ਕਿ ਅਮਰਜੀਤ ਸੰਦੋਆ ਆਪਣੇ ਸਾਥੀਆਂ ਨਾਲ ਪਿੰਡ ਬੇਈਂਹਾਰਾ ਗਏ ਸੀ ਜਿੱਥੇ ਉਨ੍ਹਾਂ ਦੀ ਕੁਝ ਲੋਕਾਂ ਨਾਲ ਝੜਪ ਹੋਈ ਹੈ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਵਿਧਾਇਕ ਸੰਦੋਆ ਦੇ ਬਿਆਨਾਂ ਉੱਤੇ ਪਰਚਾ ਦਰਜ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਵਿਧਾਇਕ ਨੂੰ ਅਨੰਦਪੁਰ ਹਸਪਤਾਲ ਤੋਂ ਪੀਜੀਆਈ ਰੈਫਰ ਕੀਤਾ ਗਿਆ ਹੈ ਜਿਸ ਕਾਰਨ ਉਨ੍ਹਾਂ ਦਾ ਅਜੇ ਬਿਆਨ ਦਰਜ ਨਹੀਂ ਹੋ ਸਕਿਆ ਹੈ।

ਆਮ ਆਦਮੀ ਪਾਰਟੀ ਵਿਧਾਇਕ ਦੇ ਪੀਏ ਜਸਪਾਲ ਸਿੰਘ ਨੇ ਵੀ ਇਸ ਕੁੱਟਮਾਰ ਦੀ ਪੁਸ਼ਟੀ ਕੀਤੀ ਹੈ ਅਤੇ ਦੱਸਿਆ ਹੈ ਕਿ ਸੰਦੋਆ ਨੂੰ ਪੀਜੀਆਈ ਲੈ ਜਾਇਆ ਗਿਆ ਹੈ।

ਜਸਪਾਲ ਸਿੰਘ ਨੇ ਦੱਸਿਆ ਕਿ ਬੇਈਂਹਾਰਾ ਪਿੰਡ ਵਿੱਚ ਨਾਜਾਇਜ਼ ਮਾਇਨਿੰਗ ਚੱਲ ਰਹੀ ਸੀ ਜਿਸ ਨੂੰ ਦੇਖਣ ਲਈ ਵਿਧਾਇਕ ਮੀਡੀਆ ਨੂੰ ਨਾਲ ਲੈ ਕੇ ਗਏ ਸਨ। ਜਿੱਥੇ ਮਾਇਨਿੰਗ ਮਾਫੀਆ ਦੇ ਲੋਕ ਮਸ਼ੀਨਾਂ ਛੱਡ ਕੇ ਭੱਜ ਗਏ।

ਜਸਪਾਲ ਸਿੰਘ ਅਨੁਸਾਰ ਕੁਝ ਦੇਰ ਬਾਅਦ ਕੁਝ ਲੋਕ ਗੱਡੀਆਂ ਵਿੱਚ ਆਏ ਅਤੇ ਉਨ੍ਹਾਂ ਨੇ ਆ ਕੇ ਵਿਧਾਇਕ ਨਾਲ ਪਹਿਲਾਂ ਬਹਿਸ ਕਰਨੀ ਸ਼ੁਰੂ ਕੀਤੀ ਅਤੇ ਫਿਰ ਉਨ੍ਹਾਂ ਤੇ ਹਮਲਾ ਕਰ ਦਿੱਤਾ ਜਿਸ ਵਿੱਚ ਉਨ੍ਹਾਂ ਦੇ ਕਾਫੀ ਸੱਟਾਂ ਵੱਜੀਆਂ ਹਨ।

ਜਸਪਾਲ ਸਿੰਘ ਮੁਤਾਬਕ ਝਗੜਾ ਹਰਸਾਬੇਲਾ ਖੱਡ ਵਿੱਚ ਹੋਇਆ ਪਰ ਪੁਲਿਸ ਮੁਤਾਬਕ ਇਹ ਥਾਂ ਪਿੰਡ ਬੇਈਂਹਾਰਾ ਵਿੱਚ ਪੈਂਦੀ ਹੈ।

ਮਾਇਨਿੰਗ ਮਾਫੀਆ ਦਾ ਦਬਦਬਾ

ਪੰਜਾਬ ਵਿੱਚ ਮਾਇਨਿੰਗ ਮਾਫੀਆ ਦਾ ਮੁੱਦਾ ਪਿਛਲੇ ਕਾਫੀ ਸਮੇਂ ਤੋਂ ਗਰਮਾਇਆ ਹੋਇਆ ਹੈ ਅਤੇ ਪੰਜਾਬ ਵਿੱਚ ਸਰਕਾਰ ਬਦਲਣ ਦੇ ਬਾਵਜੂਦ ਇਹ ਅਜੇ ਵੀ ਸੁਰਖ਼ੀਆਂ ਵਿੱਚ ਰਹਿੰਦਾ ਹੈ।

ਕੁਝ ਦਿਨ ਪਹਿਲਾਂ ਹੀ ਮੁਹਾਲੀ ਜ਼ਿਲ੍ਹੇ ਵਿੱਚ ਮਾਈਨਿੰਗ ਮਾਫੀਆ ਨੇ ਇੱਕ ਸਰਕਾਰੀ ਅਫ਼ਸਰ ਉੱਤੇ ਹਮਲਾ ਕੀਤਾ ਸੀ। ਆਮ ਆਦਮੀ ਪਾਰਟੀ ਵੱਲੋਂ ਪੰਜਾਬ ਗੈਰ ਕਾਨੂੰਨ ਮਾਇਨਿੰਗ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ