ਗ੍ਰਾਊਂਡ ਰਿਪੋਰਟ: ਕਿਹੋ ਜਿਹਾ ਹੈ ਮਮਤਾ ਬੈਨਰਜੀ ਦਾ 'ਡਰਿਆ ਸਹਿਮਿਆ' ਪੱਛਮੀ ਬੰਗਾਲ

ਪੱਛਮੀ ਬੰਗਾਲ Image copyright Getty Images

ਕੋਲਕਾਤਾ ਵਿੱਚ ਤੇਜ਼ ਬਾਰਿਸ਼ ਹੋ ਰਹੀ ਸੀ ਅਤੇ ਤੰਗ ਗਲੀਆਂ ਦੀ ਚਿੱਕੜ ਨਾਲ ਭਰੀ ਸੜਕ ਕਿਨਾਰੇ ਇੱਕ ਹਨੁਮਾਨ ਮੰਦਿਰ ਬਾਹਰ ਅਸੀਂ ਵਿਕਾਸ ਕੁਮਾਰ (ਬਦਲਿਆ ਨਾਮ) ਦੀ ਉਡੀਕ ਕਰ ਰਹੇ ਸੀ।

ਵਿਕਾਸ ਮੁਤਾਬਕ ਸਾਲਾਂ ਤੱਕ ਉਨ੍ਹਾਂ ਨੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਕਾਊਂਸਲਰ ਲਈ ਚੋਣਾਂ ਵਿੱਚ ਗੋਲੀ ਚਲਾਉਣ, ਗ਼ੈਰਕਾਨੂੰਨੀ ਵਸੂਲੀ, ਲੋਕਾਂ ਨੂੰ ਧਮਕਾਉਣ ਅਤੇ ਕੁੱਟਣ ਵਰਗੇ ਕੰਮ ਕੀਤੇ ਹਨ।

ਇਸ ਤੋਂ ਬਾਅਦ ਉਨ੍ਹਾਂ ਨੂੰ ਨਿਰਮਾਣ ਕਾਰਜ ਲਈ ਕੱਚਾ ਮਾਲ ਉੱਚੀ ਕੀਮਤ 'ਤੇ ਵੇਚਣ ਦੀ ਛੋਟ ਸੀ ਜਿਸ ਨਾਲ ਮਹੀਨੇ ਵਿੱਚ ਕਦੇ-ਕਦੇ ਤਿੰਨ ਤੋਂ ਸਾਢੇ ਤਿੰਨ ਲੱਖ ਰੁਪਏ ਤੱਕ ਕਮਾ ਲੈਂਦੇ ਸੀ। ਬਿਲਡਰ ਉਨ੍ਹਾਂ ਤੋਂ ਕੱਚਾ ਮਾਲ ਖਰੀਦਣ ਲਈ ਮਜਬੂਰ ਸਨ, ਨਹੀਂ ਤਾਂ ਉਨ੍ਹਾਂ ਦੀ ਖੈਰ ਨਹੀਂ ਸੀ।

ਇਸ ਸਿਆਸੀ ਅਤੇ ਆਰਥਿਕ ਰੈਕੇਟ ਨੂੰ ਪੱਛਮੀ ਬੰਗਾਲ ਵਿੱਚ 'ਸਿੰਡੀਕੇਟ' ਕਿਹਾ ਜਾਂਦਾ ਹੈ ਅਤੇ ਕਮਾਈ ਦਾ ਹਿੱਸਾ ਹੇਠਾਂ ਤੋਂ ਉੱਪਰ ਵੱਲ ਕਈ ਪੱਧਰਾਂ 'ਤੇ ਵੰਡਿਆ ਜਾਂਦਾ ਹੈ।

ਵਿਕਾਸ ਵਰਗੇ ਲੜਾਕੇ ਪੱਛਮੀ ਬੰਗਾਲ ਵਿੱਚ ਸਿਆਸੀ ਹਿੰਸਾ ਦੇ ਜ਼ਮੀਨੀ ਸੂਤਰਧਾਰ ਹਨ। ਵਿਕਾਸ ਦੱਸਦੇ ਹਨ ਕਿ ਉਨ੍ਹਾਂ ਵਰਗੇ ਨੌਜਵਾਨ ਪਹਿਲਾਂ ਸੱਤਾ ਵਿੱਚ ਰਹੀਆਂ ਖੱਬੇ ਪੱਖੀ ਪਾਰਟੀਆਂ ਲਈ ਕੰਮ ਕਰਦੇ ਸਨ। ਸੱਤਾ ਬਦਲੀ ਤਾਂ ਉਨ੍ਹਾਂ ਦੀ ਵਫਾਦਾਰੀ ਵੀ ਬਦਲ ਗਈ।

ਮੁਲਾਕਾਤ ਤੋਂ ਪਹਿਲਾਂ ਫੋਨ 'ਤੇ ਵਿਕਾਸ ਦੀ ਆਵਾਜ਼ ਵਿੱਚ ਡਰ ਸੀ ਕਿ ਕਿਤੇ ਕਿਸੇ ਨੂੰ ਪਤਾ ਨਾ ਲੱਗ ਜਾਵੇ। ਕੋਲਕਾਤਾ ਤੋਂ ਬਾਹਰ ਪੁਰੂਲੀਆ, ਬੀਰਭੂਮ ਵਿੱਚ ਵੀ ਲੋਕਾਂ ਨੇ ਮੈਨੂੰ ਇਸ 'ਡਰ' ਬਾਰੇ ਦੱਸਿਆ ਸੀ।

ਰਬਿੰਦਰ ਨਾਥ ਟੈਗੋਰ ਨਾਲ ਜੁੜੇ ਵਿਸ਼ਵ ਪ੍ਰਸਿੱਧ ਸ਼ਾਂਤੀ ਨਿਕੇਤਨ ਵਿੱਚ ਜਦੋਂ ਅਸੀਂ ਸਿਆਸੀ ਕਾਰਕੁਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਵਾਬ ਮਿਲਿਆ, "ਜੇਕਰ ਲੋਕਾਂ ਨੂੰ ਇਸ ਮੁਲਾਕਾਤ ਬਾਰੇ ਪਤਾ ਲੱਗਿਆ ਤਾਂ ਮੇਰੇ ਪੂਰੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ।"

ਫੋਟੋ ਕੈਪਸ਼ਨ ਪੰਚਾਇਤ ਚੋਣਾਂ ਵਿੱਚ ਟੀਐਮਸੀ ਅਤੇ ਭਾਜਪਾ ਆਹਮੋ-ਸਾਹਮਣੇ ਸਨ

ਸਿਆਸਤ 'ਤੇ ਗੱਲ ਕਰਦੇ ਹੋਏ ਲੋਕ ਡਰਦੇ ਕਿਉਂ ਹਨ?

ਬੀਰਭੂਮ ਜ਼ਿਲ੍ਹੇ ਦੇ ਸ਼ਾਂਤੀ ਨਿਕੇਤਨ ਵਿੱਚ ਇੱਕ ਅਧਿਆਪਕ ਨੇ ਬਹੁਤ ਹੌਲੀ ਆਵਾਜ਼ ਵਿੱਚ ਮੈਨੂੰ ਕਿਹਾ,"ਡਰ ਜਿਵੇਂ ਸਾਡੀਆਂ ਨਸਾਂ ਵਿੱਚ ਵੜ ਗਿਆ ਹੋਵੇ।ਪੰਚਾਇਤ ਚੋਣਾਂ ਦੌਰਾਨ ਟੀਐਮਸੀ ਕਾਰਕੁਨਾਂ ਨੇ ਮੈਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਨੇ ਪਾਰਟੀ ਨੂੰ ਵੋਟ ਨਾ ਦਿੱਤਾ ਤਾਂ ਉਨ੍ਹਾਂ ਦੀਆਂ ਮਾਵਾਂ-ਧੀਆਂ ਨਾਲ ਬਲਾਤਕਾਰ ਕੀਤਾ ਜਾਵੇਗਾ।''

''ਅੱਜ-ਕੱਲ੍ਹ ਜਦੋਂ ਅਸੀਂ ਸਿਆਸਤ 'ਤੇ ਗੱਲ ਕਰਦੇ ਹਾਂ ਤਾਂ ਪਿੱਛੇ ਮੁੜ ਕੇ ਦੇਖੀਦਾ ਹੈ ਕਿ ਕਿਤੇ ਕੋਈ ਸੁਣ ਤਾਂ ਨਹੀਂ ਰਿਹਾ। ਮੈਂ ਗ਼ੈਰ-ਸਿਆਸੀ ਹਾਂ ਤਾਂ ਵੀ ਡਰਿਆ ਹੋਇਆ ਹਾਂ।"

ਮਈ ਵਿੱਚ ਹੋਈਆਂ ਪੰਚਾਇਤ ਚੋਣਾਂ 'ਚ ਕਰੀਬ 30 ਫ਼ੀਸਦ ਸੀਟਾਂ 'ਤੇ ਵਿਰੋਧੀ ਪਾਰਟੀਆਂ ਨੇ ਉਮੀਦਵਾਰ ਖੜ੍ਹੇ ਹੀ ਨਹੀਂ ਕੀਤੇ ਅਤੇ ਟੀਐਮਸੀ ਦੇ ਉਮੀਦਵਾਰ ਨੂੰ ਬਿਨਾਂ ਮੁਕਾਬਲੇ ਜੇਤੂ ਐਲਾਨ ਦਿੱਤਾ ਗਿਆ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਅਜਿਹਾ 'ਟੀਐਮਸੀ ਦੀ ਦਹਿਸ਼ਤ' ਕਾਰਨ ਹੋਇਆ ਹੈ।

ਪੰਚਾਇਤ ਚੋਣਾਂ ਵਿੱਚ ਵਿਰੋਧੀ ਧਿਰਾਂ ਨੇ ਇਲਜ਼ਾਮ ਲਾਇਆ ਸੀ ਕਿ ਟੀਐਮਸੀ ਨੇ ਉਨ੍ਹਾਂ ਦੇ ਉਮੀਦਵਾਰਾਂ ਨੂੰ ਹਿੰਸਾ ਦਾ ਡਰ ਦਿਖਾ ਕੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਰੋਕਿਆ। ਬੀਰਭੂਮ ਦੇ ਦੇਬੂਰਾਮ ਅਨਾਇਪੁਰ ਪਿੰਡ ਵਿੱਚ ਸਾਨੂੰ ਭਾਜਪਾ ਉਮੀਦਵਾਰ ਦੇਬਬ੍ਰਤ ਭੱਟਾਚਾਰਿਆ ਮਿਲੇ ਜਿਨ੍ਹਾਂ ਦਾ ਇਲਜ਼ਾਮ ਸੀ ਕਿ ਟੀਐਮਸੀ ਦੇ ਹਮਾਇਤੀਆਂ ਨੇ ਉਨ੍ਹਾਂ ਨੂੰ ਇੱਕ ਪੁਲਿਸ ਸਟੇਸ਼ਨ ਵਿੱਚ ਵੜ ਕੇ ਐਨਾ ਕੁੱਟਿਆ ਕਿ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਹੋਣਾ ਪਿਆ।

ਉਨ੍ਹਾਂ ਨੇ ਸਥਾਨਕ ਟੀਐਮਸੀ ਲੀਡਰ ਗਦਾਧਰ ਹਾਜਰਾ ਦਾ ਨਾਮ ਲਿਆ ਪਰ ਹਾਜਰਾ ਨੇ ਕਿਸੇ ਹਿੰਸਾ ਤੋਂ ਇਨਕਾਰ ਕੀਤਾ ਅਤੇ ਕਿਹਾ,"ਬੰਗਾਲ ਦੇ ਲੋਕ ਟੀਐਮਸੀ ਤੋਂ ਇਲਾਵਾ ਕਿਸੇ ਹੋਰ ਨੂੰ ਵੋਟ ਨਹੀਂ ਦੇਣਾ ਚਾਹੁੰਦੇ।"

ਹਾਜਰਾ ਕਹਿੰਦੇ ਹਨ,"ਇੱਥੇ ਸੀਪੀਐਮ, ਕਾਂਗਰਸ ਅਤੇ ਭਾਜਪਾ ਨੇਤਾ ਸਾਰੇ ਹਨ, ਪਰ ਕਿਸੇ ਕੋਲ ਜ਼ਮੀਨੀ ਵਰਕਰ ਨਹੀਂ ਹੈ। ਅਸੀਂ ਇੱਥੇ ਸਾਢੇ 7 ਸਾਲ ਵਿੱਚ ਜਿਹੜਾ ਵਿਕਾਸ ਕੀਤਾ ਹੈ ਉਹ ਸੀਪੀਐਮ ਦੇ 35 ਸਾਲਾਂ 'ਚ ਨਹੀਂ ਹੋਇਆ। ਅਸੀਂ ਵਿਰੋਧੀ ਧਿਰਾਂ ਨੂੰ ਕਿਹਾ ਜੇਕਰ ਕੋਈ ਨਾਮਜ਼ਦਗੀ ਪੱਤਰ ਦਾਖ਼ਲ ਕਰਨਾ ਚਾਹੁੰਦਾ ਹੈ ਤਾਂ ਅਸੀਂ ਉਨ੍ਹਾਂ ਦੀ ਮਦਦ ਕਰਾਂਗੇ ਪਰ ਕੋਈ ਸਾਹਮਣੇ ਨਹੀਂ ਆਇਆ।"

Image copyright Getty Images
ਫੋਟੋ ਕੈਪਸ਼ਨ ਵਿਵਾਦਿਤ ਟੀਐਮਸੀ ਆਗੂ ਅਨੁਬ੍ਰਤ ਮੰਡਲ ਨੂੰ ਮੁੱਖਮੰਤਰੀ ਮਮਤਾ ਬੈਨਰਜੀ ਦਾ ਕਰੀਬੀ ਦੱਸਿਆ ਜਾਂਦਾ ਹੈ

'ਡਰਾਉਣ-ਧਮਕਾਉਣ ਦੀ ਗੱਲ ਝੂਠ ਹੈ'

'ਕੇਸ਼ਟੋ' ਵਜੋਂ ਜਾਣੇ ਜਾਂਦੇ ਵਿਵਾਦਤ ਟੀਐਮਸੀ ਲੀਡਰ ਅਨੁਬ੍ਰਤ ਮੰਡਲ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਨਜ਼ਦੀਕੀ ਕਿਹਾ ਜਾਂਦਾ ਹੈ। ਉਹ ਬੀਰਭੂਮ ਵਿੱਚ ਟੀਐਮਸੀ ਦੇ ਜ਼ਿਲ੍ਹਾ ਮੁਖੀ ਵੀ ਹਨ।

ਬੀਰਭੂਮ ਵਿੱਚ ਟੀਐਮਸੀ ਵਰਕਰਾਂ ਦੀ ਬਲਾਤਕਾਰ ਦੀ ਧਮਕੀ ਦੇ ਇਲਜ਼ਾਮ 'ਤੇ ਉਨ੍ਹਾਂ ਨੇ ਵੀਡੀਓ ਕਾਲ 'ਤੇ ਬੀਬੀਸੀ ਨੂੰ ਕਿਹਾ,"ਨਹੀਂ, ਬਿਲਕੁਲ ਨਹੀਂ। ਇਹ ਸਭ ਝੂਠ ਹੈ। ਤੁਸੀਂ ਬੀਰਭੂਮ ਆਓ, ਘਰਾਂ ਵਿੱਚ ਜਾਓ ਤੇ ਤੁਹਾਨੂੰ ਇਹ ਸਭ ਸੁਣਨ ਨੂੰ ਨਹੀਂ ਮਿਲੇਗਾ। ਜੇਕਰ ਕੋਈ ਅਜਿਹਾ ਕਹਿੰਦਾ ਹੈ ਤਾਂ ਮੈਂ ਸਿਆਸਤ ਛੱਡ ਦਿਆਂਗਾ।"

ਉਨ੍ਹਾਂ ਨੇ ਕਿਹਾ, "ਮੇਰੇ ਜ਼ਿਲ੍ਹੇ ਬੀਰਭੂਮ ਵਿੱਚ 11 ਵਿਧਾਨ ਸਭਾ ਖੇਤਰ ਹਨ ਅਤੇ ਇੱਥੇ ਕਦੇ ਹਿੰਸਾ ਨਹੀਂ ਹੋਈ। ਸਾਰੇ ਖੁਸ਼ ਹਨ ਅਤੇ ਸ਼ਾਂਤੀਪੂਰਬਕ ਰਹਿ ਰਹੇ ਹਨ। ਜਿਹੜੀ ਥੋੜ੍ਹੀ-ਬਹੁਤੀ ਹਿੰਸਾ ਹੋਈ ਹੈ ਉਹ ਭਾਜਪਾ ਦਾ ਕੀਤਾ-ਕਰਾਇਆ ਹੈ ਕਿਉਂਕਿ ਸੀਪੀਆਈ (ਐਮ) ਦੇ ਸਾਰੇ ਚੋਰ ਅਤੇ ਗੁੰਡੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।"

ਭਾਰਤ ਦੇ ਦੂਜੇ ਹਿੱਸਿਆਂ ਵਿੱਚ ਜਿੱਥੇ ਜਾਤ ਜਾਂ ਧਰਮ ਨੂੰ ਲੈ ਕੇ ਹਿੰਸਾ ਹੁੰਦੀ ਹੈ, ਪੱਛਮੀ ਬੰਗਾਲ ਵਿੱਚ "ਲੋਕਾਂ ਦੀ ਹੋਂਦ ਸਿਆਸੀ ਪਾਰਟੀਆਂ 'ਤੇ ਨਿਰਭਰ ਹੈ।"

ਪਾਰਟੀ ਨਾਲ ਨਜ਼ਦੀਕੀ ਦੇ ਕਾਰਨ ਹਰ ਸਰਕਾਰੀ ਕੰਮ ਸੌਖਾ ਹੋ ਜਾਂਦਾ ਹੈ, ਹਾਲਾਂਕਿ ਹਰ ਸੇਵਾ ਦੀ ਕੀਮਤ ਹੁੰਦੀ ਹੈ। ਇਹ ਰਵਾਇਤ ਪੁਰਾਣੀ ਹੈ।

ਕੁਝ ਸਾਥੀਆਂ ਨਾਲ ਹੋਈ ਮਾਰ-ਕੁੱਟ ਕਾਰਨ ਵਿਕਾਸ ਕੁਮਾਰ ਨੇ ਹਾਲ ਹੀ ਵਿੱਚ ਪੁਰਾਣਾ ਰਸਤਾ ਛੱਡ ਦਿੱਤਾ। ਲੰਬੇ ਇੰਤਜ਼ਾਰ ਤੋਂ ਬਾਅਦ 20 ਸਾਲਾ ਵਿਕਾਸ ਸਾਡੀ ਗੱਡੀ ਤੱਕ ਪੁੱਜੇ।

ਕਿਵੇਂ ਡਰਾਇਆ ਧਮਕਾਇਆ ਜਾਂਦਾ ਹੈ?

ਬਾਰਿਸ਼ ਨਾਲ ਉਨ੍ਹਾਂ ਦੇ ਵਾਲ ਸਿਰ ਨਾਲ ਚਿਪਕੇ ਹੋਏ ਸਨ। ਟੀ-ਸ਼ਰਟ, ਜੀਨਜ਼ ਅਤੇ ਸਪੋਰਟਸ ਸ਼ੂਜ਼ ਪਹਿਨੇ ਵਿਕਾਸ ਕਿਸੇ ਕਾਲਜ ਸਟੂਡੈਂਟ ਵਰਗੇ ਲੱਗ ਰਹੇ ਸੀ ਹਾਲਾਂਕਿ ਉਨ੍ਹਾਂ ਨੇ ਅੱਠਵੀਂ ਕਲਾਸ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ।

ਅਸੀਂ ਉਨ੍ਹਾਂ ਦੇ ਦੋਸਤ ਸੁਰੇਸ਼ (ਬਦਲਿਆ ਹੋਇਆ ਨਾਮ) ਦੇ ਘਰ ਪਹੁੰਚੇ। ਸੁਰੇਸ਼ ਮੁਤਾਬਕ ਉਹ ਵੀ ਟੀਐਮਸੀ ਲਈ ਕੰਮ ਕਰ ਚੁੱਕੇ ਹਨ।

ਸੁਰੇਸ਼ ਦੱਸਦੇ ਹਨ, ''ਕਈ ਮੁੰਡੇ ਨਸ਼ੇ ਦਾ ਖਰਚਾ ਪੂਰਾ ਕਰਨ ਲਈ ਇਹ ਕੰਮ ਕਰਦੇ ਹਨ। ਸਾਨੂੰ ਕੰਮ ਦੇ ਬਦਲੇ ਦਾਰੂ ਜਾਂ ਡਰੱਗਜ਼ ਮਿਲ ਜਾਂਦੀ ਸੀ। ਪੁਲਿਸ ਪ੍ਰੇਸ਼ਾਨ ਕਰਦੀ ਸੀ ਤਾਂ ਕਾਊਂਸਲਰ ਉਸ ਨੂੰ ਫੋਨ ਕਰ ਦਿੰਦਾ ਸੀ।''

ਫੋਟੋ ਕੈਪਸ਼ਨ ਵਿਕਾਸ ਵਰਗੇ ਨੌਜਵਾਨ ਸੱਤਾਧਾਰੀ ਪਾਰਟੀ ਲਈ ਕੰਮ ਕਰਦੇ ਹਨ

ਡਰਾਉਣ-ਧਮਕਾਉਣ ਲਈ ਸੁਰੇਸ਼ ਅਤੇ ਉਨ੍ਹਾਂ ਦੇ ਸਾਥੀਆਂ ਨੇ ਚਾਕੂ, ਡੰਡੇ, ਬੰਬ ਅਤੇ ਬੰਦੂਕਾਂ ਦੀ ਵਰਤੋਂ ਕੀਤੀ। ਸੁਰੇਸ਼ ਮੁਤਾਬਕ ਇੱਕ ਵਾਰ ਉਨ੍ਹਾਂ ਨੇ ਇੱਕ ਇਮਾਰਤ ਦੇ ਮਾਲਿਕ ਨੂੰ ਤੀਜੀ ਮੰਜ਼ਿਲ ਤੋਂ ਧੱਕਾ ਦੇ ਦਿੱਤਾ ਸੀ।

ਵਿਕਾਸ ਦੱਸਦੇ ਹਨ, "ਅਸੀਂ 25-30 ਲੋਕ ਪੋਲਿੰਗ ਬੂਥ ਦੇ ਸਾਹਮਣੇ ਖੜ੍ਹੇ ਹੋ ਜਾਂਦੇ ਸੀ ਅਤੇ ਜਿਹੜੇ ਲੋਕ ਵੋਟ ਪਾਉਣ ਆਉਂਦੇ ਸੀ ਉਨ੍ਹਾਂ ਨੂੰ ਕਹਿੰਦੇ ਸੀ ਕਿ ਉਨ੍ਹਾਂ ਦਾ ਵੋਟ ਤਾਂ ਪਹਿਲਾਂ ਹੀ ਪੈ ਗਿਆ ਹੈ ਅਤੇ ਉਹ ਘਰ ਚਲੇ ਜਾਣ, ਮੈਂ ਕਈ ਵਾਰ ਸੀਪੀਐਮ ਦੇ ਦਫ਼ਤਰਾਂ ਵਿੱਚ ਭੰਨ-ਤੋੜ ਕੀਤੀ।"

"ਜਦੋਂ ਮੇਰੇ ਕੋਲ ਬੰਦੂਕ ਸੀ ਤਾਂ ਮੈਨੂੰ ਲਗਦਾ ਸੀ ਮੇਰੇ ਹੱਥਾਂ ਵਿੱਚ ਤਾਕਤ ਹੈ, ਅਸੀਂ ਮੀਡੀਆ ਨੂੰ ਵੀ ਨੇੜੇ ਨਹੀਂ ਆਉਣ ਦਿੰਦੇ ਸੀ।"

'ਲੋਕਾਂ ਦੀ ਪਛਾਣ ਪਾਰਟੀ ਦੇ ਆਧਾਰ 'ਤੇ ਹੁੰਦੀ ਹੈ'

ਸੁਰੇਸ਼ ਕਹਿੰਦੇ ਹਨ, "ਜਿਹੜੇ ਲੋਕ ਪਹਿਲਾਂ ਇਹ ਕੰਮ ਸੀਪੀਆਈ (ਐਮ) ਲਈ ਕਰਦੇ ਸੀ, ਉਹੀ ਅੱਜ ਟੀਐਮਸੀ ਲਈ ਕਰਦੇ ਹਨ।"

ਬਦਲਦੀਆਂ ਵਫਾਦਾਰੀਆਂ ਅਤੇ ਪੱਛਮੀ ਬੰਗਾਲ ਵਿੱਚ ਸਿਆਸੀ ਹਿੰਸਾ ਦੇ ਤਾਰ ਲੱਖਾਂ ਕਰੋੜਾਂ ਦੇ ਸੰਸਥਾਗਤ ਸਰਕਾਰੀ ਬਜਟ 'ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਅਤੇ ਅਤੀਤ ਦੇ ਸਿਆਸੀ ਢਾਂਚੇ ਨਾਲ ਜੁੜੇ ਹੋਏ ਹਨ।

ਪੱਛਮੀਂ ਬੰਗਾਲ ਦੀ ਜਨ ਸੰਖਿਆ ਦੇ ਹਿਸਾਬ ਨਾਲ ਇੱਥੇ ਉਦਯੋਗ ਅਤੇ ਆਰਥਿਕ ਮੌਕੇ ਘੱਟ ਹਨ, ਇਸ ਲਈ ਲੋਕਾਂ ਦੀ ਸਿਆਸੀ ਪਾਰਟੀਆਂ 'ਤੇ ਨਿਰਭਰਤਾ ਬਹੁਤ ਜ਼ਿਆਦਾ ਹੈ।

ਫੋਟੋ ਕੈਪਸ਼ਨ ਰਾਜਨੀਤਕ ਵਿਸ਼ਲੇਸ਼ਕ ਮਈਦੁਲ ਇਸਲਾਮ ਪੱਛਮੀ ਬੰਗਾਲ ਨੂੰ "ਸਿੰਗਲ ਪਾਰਟੀ ਸੋਸਾਇਟੀ" ਦੱਸਦੇ ਹਨ

ਕੋਲਕਾਤਾ ਵਿੱਚ ਸਿਆਸੀ ਵਿਸ਼ਲੇਸ਼ਕ ਡਾਕਟਰ ਮਈਦੁਲ ਇਸਲਾਮ ਪੱਛਮੀ ਬੰਗਾਲ ਨੂੰ "ਸਿੰਗਲ ਪਾਰਟੀ ਸੋਸਾਇਟੀ" ਦੱਸਦੇ ਹਨ ਜਿੱਥੇ ਖੱਬੇ ਪੱਖੀਆਂ ਨੇ 33 ਸਾਲ ਰਾਜ ਕੀਤਾ ਅਤੇ ਹੁਣ ਤ੍ਰਿਣਮੂਲ 7 ਸਾਲਾਂ ਤੋਂ ਸੱਤਾ ਵਿੱਚ ਹੈ।

ਉਹ ਕਹਿੰਦੇ ਹਨ,"ਪੱਛਮੀ ਬੰਗਾਲ ਵਿੱਚ ਲੋਕਾਂ ਦੀ ਪਛਾਣ ਪਾਰਟੀ ਦੇ ਆਧਾਰ 'ਤੇ ਹੁੰਦੀ ਹੈ ਕਿ ਤੁਸੀਂ ਕਿਸ ਪਾਰਟੀ ਨਾਲ ਜੁੜੇ ਹੋ। ਉਨ੍ਹਾਂ ਦਾ ਹਿੰਦੂ ਜਾਂ ਮੁਸਲਮਾਨ ਹੋਣਾ ਪਿਛੋਕੜ ਵਿੱਚ ਚਲਿਆ ਜਾਂਦਾ ਹੈ।"

ਲੜਕੀਆਂ ਲਈ ਸਰਕਾਰੀ ਸਹੂਲਤਾਂ ਹਾਸਲ ਕਰਨੀਆਂ ਹੋਣ ਜਾਂ ਫਿਰ ਸਰਕਾਰੀ ਨੌਕਰੀ ਲੱਭਣੀ ਹੋਵੇ, ਜਦੋਂ ਤੱਕ ਪਾਰਟੀ ਨਾਲ ਨਾ ਖੜ੍ਹੀ ਹੋਵੇ, ਸਹੂਲਤ ਮਿਲਣਾ ਸੌਖਾ ਨਹੀਂ। ਪਾਰਟੀਆਂ ਨਾਲ ਇਹ ਜੋੜ ਸੀਪੀਐਮ ਦੇ ਜ਼ਮਾਨੇ ਤੋਂ ਹੈ।

ਚੋਣਾਂ ਵਿੱਚ ਹਾਰ ਦਾ ਮਤਲਬ ਕਰੋੜਾਂ ਦਾ ਨੁਕਸਾਨ

ਜ਼ਿਲ੍ਹਾ ਪਰਿਸ਼ਦ, ਪੰਚਾਇਤ ਸਮਿਤੀ ਅਤੇ ਗ੍ਰਾਮ ਪੰਚਾਇਤ ਨਾਲ ਬਣੀ ਤਿੰਨ ਪਰਤਾਂ ਵਾਲੀ ਪੰਚਾਇਤੀ ਰਾਜ ਪ੍ਰਣਾਲੀ ਦੇ ਕਰੋੜਾਂ ਦੇ ਬਜਟ 'ਤੇ ਕੰਟਰੋਲ ਕਰਨ ਲਈ ਲੜਾਈ ਹੁੰਦੀ ਹੈ ਕਿਉਂਕਿ ਚੋਣਾਂ ਵਿੱਚ ਹਾਰ ਦਾ ਮਤਲਬ ਹੈ ਕਰੋੜਾਂ ਦਾ ਨੁਕਸਾਨ।

ਡਾਕਟਰ ਇਸਲਾਮ ਕਹਿੰਦੇ ਹਨ, "ਦਾਅ 'ਤੇ ਬਹੁਤ ਕੁਝ ਹੈ ਇਸ ਲਈ ਹਿੰਸਾ ਵੀ ਬਹੁਤ ਵੱਧ ਹੈ।"

ਪੁਰੂਲੀਆ ਜ਼ਿਲ੍ਹੇ ਵਿੱਚ ਭਾਜਪਾ ਵਰਕਰਾਂ-ਤ੍ਰਿਲੋਚਨ ਮਹਤੋ ਅਤੇ ਦੁਲਾਲ ਕੁਮਾਰ ਦੋਵਾਂ ਦੇ ਰਿਸ਼ਤੇਦਾਰ ਮੌਤਾਂ ਨੂੰ ਸਿਆਸੀ ਹਿੰਸਾ ਦੀ ਤਾਜ਼ਾ ਉਦਾਹਰਣ ਦੱਸ ਰਹੇ ਹਨ।

ਫੋਟੋ ਕੈਪਸ਼ਨ ਕੋਲਕਾਤਾ ਵਿੱਚ ਭਾਜਪਾ ਦਾ ਦਫਤਰ

ਸਿਆਸੀ ਕਤਲ

ਤ੍ਰਿਲੋਚਨ ਮਹਤੋ ਦੀ ਲਾਸ਼ ਇੱਕ ਦਰਖ਼ਤ ਨਾਲ ਲਟਕਦੀ ਮਿਲੀ ਸੀ ਜਦਕਿ ਦੁਲਾਲ ਦੀ ਲਾਸ਼ ਇੱਕ ਪਾਵਰ ਟਰਾਂਸਮਿਸ਼ਨ ਲਾਈਨ ਤੋਂ। ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਮੌਤ ਦੇ ਕਾਰਨਾਂ 'ਤੇ ਚੁੱਪ ਹੈ।

ਕੋਲਕਾਤਾ ਤੋਂ ਪੁਰੂਲੀਆ ਤੱਕ ਜਿੱਥੇ ਸੜਕਾਂ, ਇਮਾਰਤਾਂ, ਟੋਲ ਪਲਾਜ਼ਾ ਅਤੇ ਦੁਕਾਨਾਂ ਤ੍ਰਿਣਮੂਲ ਦੇ ਝੰਡਿਆਂ ਨਾਲ ਭਰੇ ਪਏ ਸਨ, ਪੁਰੂਲੀਆ ਵਿੱਚ ਵੜਦੇ ਹੀ ਭਾਜਪਾ ਦਾ ਚੋਣ ਨਿਸ਼ਾਨ "ਕਮਲ" ਲੋਕਾਂ ਦੇ ਘਰਾਂ, ਦੁਕਾਨਾਂ 'ਤੇ ਦਿਖਣਾ ਸ਼ੁਰੂ ਹੋ ਜਾਂਦਾ ਹੈ।

ਦੁਲਾਲ ਦੇ ਪਿੰਡ ਢਾਭਾ ਨੇੜੇ ਹੀ 18 ਸਾਲਾ ਤ੍ਰਿਲੋਚਨ ਦਾ ਜੱਦੀ ਪਿੰਡ ਹੈ। ਤ੍ਰਿਲੋਚਨ ਮਹਤੋ ਸ਼ਾਮ ਨੂੰ ਗਾਇਬ ਹੋਏ ਅਤੇ ਅਗਲੇ ਦਿਨ ਤੜਕੇ ਉਨ੍ਹਾਂ ਦੀ ਲਾਸ਼ ਦਰੱਖ਼ਤ ਨਾਲ ਲਟਕੀ ਮਿਲੀ।

ਤ੍ਰਿਲੋਚਨ ਦੀ ਚਿੱਟੀ ਟੀ-ਸ਼ਰਟ 'ਤੇ ਇੱਕ ਸੰਦੇਸ਼ ਲਿਖਿਆ ਸੀ-"ਐਨੀ ਘੱਟ ਉਮਰ ਵਿੱਚ ਭਾਜਪਾ 'ਚ ਸ਼ਾਮਲ ਹੋਣ ਕਾਰਨ ਤੇਰੀ ਮੌਤ ਹੋਈ।"

ਤ੍ਰਿਲੋਚਨ ਦੇ ਘਰ ਦੀਆਂ ਅੰਦਰੂਨੀ ਅਤੇ ਬਾਹਰੀ ਕੰਧਾਂ 'ਤੇ ਭਾਜਪਾ ਦਾ ਚੋਣ ਨਿਸ਼ਾਨ "ਕਮਲ" ਬਣਿਆ ਸੀ ਜਿਸ ਨੂੰ ਉਨ੍ਹਾਂ ਨੇ ਖ਼ੁਦ ਬਣਾਇਆ ਸੀ।

ਫੋਟੋ ਕੈਪਸ਼ਨ ਤ੍ਰਿਲੋਚਨ ਦੇ ਪਿਤਾ ਹਰੀਰਾਮ ਮਹਤੋ ਦੀਆਂ ਨਿਰਾਜ਼ ਨਜ਼ਰਾਂ

ਕਮਜ਼ੋਰ ਤੇ ਬਿਮਾਰ ਲੱਗ ਰਹੇ ਤ੍ਰਿਲੋਚਨ ਦੇ ਪਿਤਾ ਹਰੀਰਾਮ ਮਹਤੋ ਗੁਆਂਢੀਆਂ ਨਾਲ ਘਿਰੇ ਨੇੜੇ ਹੀ ਮੰਜੇ 'ਤੇ ਬੈਠੇ ਸੀ। ਉਹ ਨਿਰਾਸ਼ ਨਜ਼ਰਾਂ ਨਾਲ ਜ਼ਮੀਨ ਵੱਲ ਟਿਕਟਿਕੀ ਲਾ ਕੇ ਵੇਖੀ ਜਾ ਰਹੇ ਸੀ।

ਉਹ ਕਹਿੰਦੇ ਹਨ, "ਤ੍ਰਿਲੋਚਨ ਮੇਰਾ ਸਭ ਤੋਂ ਛੋਟਾ ਮੁੰਡਾ ਸੀ। ਕਾਲਜ ਵਿੱਚ ਉਸਦੀ ਪ੍ਰੀਖਿਆ ਚੱਲ ਰਹੀ ਸੀ। ਅੱਜ ਵੀ ਉਸਦੀ ਪ੍ਰੀਖਿਆ ਸੀ। ਜੇਕਰ ਉਸਦੀ ਥਾਂ ਮੈਨੂੰ ਮਾਰ ਦਿੰਦੇ ਤਾਂ ਘੱਟੋ-ਘੱਟ ਮੇਰਾ ਮੁੰਡਾ ਜ਼ਿੰਦਾ ਰਹਿੰਦਾ।''

''ਕੋਈ ਵੀ ਉਸ ਪਿਤਾ ਦਾ ਦਰਦ ਨਹੀਂ ਸਮਝ ਸਕਦਾ ਜਿਸ ਨੇ ਆਪਣਾ ਮੁੰਡਾ ਗੁਆਇਆ ਹੋਵੇ।" ਇਹ ਕਹਿ ਕੇ ਉਹ ਰੋਣ ਲਗਦੇ ਹਨ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਗਰਾਊਂਡ ਰਿਪੋਰਟ: ਮਾਨਸਿਕ ਤੌਰ 'ਤੇ ਬਿਮਾਰ ਨੌਜਵਾਨ ਦਾ ਕਤਲ ਕਿਉਂ?

ਪਿੰਡ 'ਚੋਂ ਗਾਇਬ ਹੋਣ ਤੋਂ ਕੁਝ ਦੇਰ ਬਾਅਦ ਤ੍ਰਿਲੋਚਨ ਦੇ ਭਰਾ ਸ਼ਿਵਨਾਥਨ ਨੂੰ ਤ੍ਰਿਲੋਚਨ ਦਾ ਫੋਨ ਆਇਆ ਸੀ।

ਸ਼ਿਵਨਾਸ਼ਨ ਦੱਸਦੇ ਹਨ,"ਮੇਰਾ ਭਰਾ ਰੋ ਰਿਹਾ ਸੀ। ਉਹ ਵਾਰ-ਵਾਰ ਕਹਿ ਰਿਹਾ ਸੀ ਕਿ ਉਸ ਨੇ ਮਾਂ ਨਾਲ ਗੱਲ ਕਰਨੀ ਹੈ। ਉਸ ਨੇ ਮੈਨੂੰ ਦੱਸਿਆ ਕਿ ਉਸ ਨੂੰ ਮੋਟਰਸਾਈਕਲ ਸਵਾਰ ਪੰਜ ਲੋਕਾਂ ਨੇ ਚੁੱਕ ਲਿਆ ਹੈ। ਇਸਦੇ ਹੱਥਾਂ ਨੂੰ ਬੰਨ੍ਹ ਦਿੱਤਾ ਗਿਆ ਹੈ ਅਤੇ ਉਸ ਨੂੰ ਅਟਕੱਠਾ ਦੇ ਜੰਗਲ ਲਿਜਾ ਰਹੇ ਹਨ।"

ਉਸ ਨੇ ਦੱਸਿਆ ਕਿ ਉਸਦੀਆਂ ਅੱਖਾਂ 'ਤੇ ਕੱਪੜਾ ਬੰਨ੍ਹਿਆ ਸੀ, ਕੁੱਟਿਆ ਗਿਆ ਸੀ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ।

'ਟੀਐਮਸੀ ਦੇ ਲੋਕਾਂ ਵੱਲੋਂ ਧਮਕੀਆਂ ਮਿਲ ਦੀਆਂ ਸਨ'

ਸ਼ਿਵਨਾਥ ਮੁਤਾਬਕ ਇਹ ਗੱਲਬਾਤ ਤਿੰਨ ਤੋਂ ਚਾਰ ਮਿੰਟ ਚੱਲੀ। ਜਦੋਂ ਤੱਕ ਸ਼ਿਵਨਾਥ ਮਾਂ ਤੱਕ ਪਹੁੰਚਦੇ ਫੋਨ ਕੱਟਿਆ ਗਿਆ। ਸ਼ਿਵਨਾਥ ਮੁਤਾਬਕ ਪੁਲਿਸ ਨੇ ਕਾਲ ਲੋਕੇਸ਼ਨ ਦੇ ਆਧਾਰ 'ਤੇ ਰਾਤ ਭਰ ਤ੍ਰਿਲੋਚਨ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਹੀਂ ਮਿਲੀ।

ਅਗਲੇ ਦਿਨ ਸਵੇਰੇ ਉਨ੍ਹਾਂ ਦੀ ਲਾਸ਼ ਇੱਕ ਦਰਖੱਤ ਨਾਲ ਲਟਕਦੀ ਮਿਲੀ।

ਘਰ ਵਿੱਚ ਇੱਕ ਸਾੜ੍ਹੀ ਵਿੱਚ ਲਿਪਟੀ ਹੋਈ ਉਨ੍ਹਾਂ ਦੀ ਮਾਂ ਪਾਨਾ ਮਹਤੋ, ਉਦਾਸ ਇੱਕ ਕੁਰਸੀ 'ਤੇ ਬੈਠੀ ਹੈ।

ਮਾਤਾ ਨੇ ਦੱਸਿਆ, "ਮੇਰਾ ਪੁੱਤ ਹਮੇਸ਼ਾ ਕਹਿੰਦਾ ਸੀ ਕਿ ਉਸ ਨੂੰ ਟੀਐਮਸੀ ਦੇ ਲੋਕਾਂ ਤੋਂ ਧਮਕੀਆਂ ਮਿਲਦੀਆਂ ਹਨ ਪਰ ਉਸ ਨੇ ਕਿਸੇ ਦਾ ਨਾਮ ਨਹੀਂ ਲਿਆ। ਮੈਂ ਕਦੇ ਵੀ ਜ਼ੋਰ ਦੇ ਕੇ ਨਹੀਂ ਪੁੱਛਿਆ।"

ਨਜ਼ਦੀਕ ਹੀ ਢਾਬਾ ਪਿੰਡ ਵਿੱਚ ਦੁਲਾਲ ਕੁਮਾਰ ਦਾ ਪਰਿਵਾਰ ਰਹਿੰਦਾ ਹੈ। ਉਨ੍ਹਾਂ ਦੀ ਮੌਤ ਦੇ ਹਾਲਾਤ ਵੀ ਤ੍ਰਿਲੋਚਨ ਤੋਂ ਜੁਦਾ ਨਹੀਂ ਹਨ।

ਪਿੰਡ ਵਿੱਚ ਵੜਦਿਆਂ ਹੀ ਇੱਕ ਟੋਭਾ ਹੈ ਜਿਸਦੇ ਸਾਹਮਣੇ ਬਿਜਲੀ ਦਾ ਟ੍ਰਾਂਸਮਿਸ਼ਨ ਟਾਵਰ ਹੈ ਜਿੱਥੇ ਪਹਿਲੀ ਜੂਨ ਦੀ ਸਵੇਰ ਤਿੰਨ ਬੱਚਿਆਂ ਦੇ 32 ਸਾਲਾ ਬਾਪ ਦੁਲਾਲ ਕੁਮਾਰ ਦੀ ਲਾਸ਼ ਲਟਕਦੀ ਮਿਲੀ ਸੀ। ਉਨ੍ਹਾਂ ਦੇ ਲੱਕ 'ਤੇ ਇੱਕ ਪਰਨਾ ਬੰਨ੍ਹਿਆ ਹੋਇਆ ਸੀ।

'ਪੁੱਤ ਦੀ ਮੌਤ ਦੀ ਸੀਬੀਆਈ ਜਾਂਚ ਹੋਵੇ'

ਮੌਤ ਮਗਰੋਂ ਪਿੰਡ ਵਿੱਚ ਡਰ ਦਾ ਇਹ ਆਲਮ ਹੈ ਕਿ ਪਿੰਡ ਦੇ ਲੋਕ ਠੀਕਰੀ ਪਹਿਰਾ ਦਿੰਦੇ ਹਨ।

ਦੁਲਾਲ ਦੇ ਪਿਤਾ ਮਹਾਵੀਰ ਕਹਿੰਦੇ ਹਨ, "ਪੁਲਿਸ ਦਾ ਕਹਿਣਾ ਹੈ ਕਿ ਉਸ ਨੇ ਖੁਦਕੁਸ਼ੀ ਕੀਤੀ ਪਰ ਕੀ ਕਿਸੇ ਨੇ ਉਸ ਨੂੰ ਅਜਿਹਾ ਕਰਦੇ ਦੇਖਿਆ? ਮੌਤ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ।"

ਮਹਾਵੀਰ ਕੁਮਾਰ ਦੀ ਪਿੰਡ ਵਿੱਚ ਇੱਕ ਦੁਕਾਨ ਹੈ ਜਿੱਥੇ ਦੁਲਾਲ ਦਿਨ ਵਿੱਚ ਤਿੰਨ ਵਾਰ ਖਾਣਾ ਦੇ ਕੇ ਆਉਂਦੇ ਸਨ। ਦੁਲਾਲ 31 ਮਈ ਤੋਂ ਲਾਪਤਾ ਸਨ। ਉਨ੍ਹਾਂ ਦੀ ਮੋਟਰ ਸਾਈਕਲ ਟੋਭੇ ਕੋਲੋਂ ਮਿਲੀ ਸੀ।

ਫੋਟੋ ਕੈਪਸ਼ਨ ਦੁਲਾਲ ਕੁਮਾਰ ਦਾ ਪਰਿਵਾਰ ਸੀਬੀਆਈ ਜਾਂਚ ਚਾਹੁੰਦਾ ਹੈ

ਦਰਖ਼ੱਤ ਹੇਠਾਂ ਮੰਜੇ 'ਤੇ ਬੈਠੇ ਮਹਾਵੀਰ ਮੁਤਾਬਕ ਲਾਪਤਾ ਹੋਣ ਤੋਂ ਇੱਕ ਦਿਨ ਪਹਿਲਾਂ ਹੀ ਕੁਝ ਟੀਐਮਸੀ ਕਾਰਕੁਨਾਂ ਨੇ ਦੁਲਾਲ ਨੂੰ ਧਮਕਾਉਂਦਿਆਂ ਕਿਹਾ ਸੀ, "ਤੂੰ ਬਹੁਤ ਨੇਤਾਗਿਰੀ ਦਿਖਾ ਰਿਹੈਂ, ਅਸੀਂ ਤੈਨੂੰ ਦੇਖ ਲਵਾਂਗੇ।"

ਆਸਪਾਸ ਦੇ ਇਲਾਕਿਆਂ ਵਿੱਚ ਰਾਤ ਭਰ ਦੁਲਾਲ ਦੀ ਭਾਲ ਕੀਤੀ ਗਈ ਪਰ ਉਨ੍ਹਾਂ ਦਾ ਪਤਾ ਨਹੀਂ ਲੱਗਿਆ। ਅਗਲੇ ਦਿਨ ਸਵੇਰੇ ਉਨ੍ਹਾਂ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ ਸੀ।

ਮਹਾਵੀਰ ਕਹਿੰਦੇ ਹਨ, "ਮੈਂ ਆਪਣੇ ਪੁੱਤ ਨੂੰ ਬਹੁਤ ਪਿਆਰ ਕਰਦਾ ਸੀ। ਪੂਰੇ ਬਲਾਰਪੁਰ ਇਲਾਕੇ ਵਿੱਚ ਕੋਈ ਵੀ ਉਸ ਨੂੰ ਨਾਪਸੰਦ ਨਹੀਂ ਕਰਦਾ ਸੀ। ਤੁਸੀਂ ਪੁਲਿਸ ਨੂੰ ਪੁੱਛ ਲਵੋ। ਮੇਰੇ ਪੁੱਤ ਦੀ ਮੌਤ ਸਿਆਸਤ ਕਰਕੇ ਹੋਈ।"

'ਸੀਪੀਐਮ ਦੇ ਰਾਜ ਵਿੱਚ ਅਜਿਹੀ ਹਿੰਸਾ ਨਹੀਂ ਦੇਖੀ'

ਭਾਜਪਾ ਤੋਂ ਪਹਿਲਾਂ ਸੀਪੀਐਮ ਦੀ ਤਿੰਨ ਦਹਾਕਿਆਂ ਤੱਕ ਹਮਾਇਤ ਕਰਨ ਵਾਲੇ ਅਤੇ ਪੰਜ ਸਾਲਾਂ ਤੱਕ ਸੀਪੀਐਮ ਲਈ ਕੰਮ ਕਰਨ ਵਾਲੇ ਮਹਾਵੀਰ ਮੁਤਾਬਕ, "ਅਸੀਂ 33 ਸਾਲ ਸੀਪੀਐਮ ਦਾ ਰਾਜ ਦੇਖਿਆ ਪਰ ਕਦੇ ਵੀ ਇਲਾਕੇ ਵਿੱਚ ਅਜਿਹੀ ਹਿੰਸਾ ਨਹੀਂ ਦੇਖੀ। ਕੀ ਟੀਐਮਸੀ ਨੂੰ ਹਮੇਸ਼ਾ ਸੱਤਾ ਵਿੱਚ ਰਹਿਣ ਦਾ ਹੱਕ ਹੈ?"

ਪੁਰੂਲੀਆ ਦੇ ਡੀਐਮ ਆਲੋਕੇਸ਼ ਪ੍ਰਸਾਦ ਰਾਏ ਨੇ ਕਿਹਾ ਕਿ ਉਹ ਇਸ ਮਾਮਲੇ 'ਤੇ ਕੁਝ ਨਹੀਂ ਬੋਲਣਗੇ, ਉਨ੍ਹਾਂ ਨੇ ਐਸਪੀ ਆਕਾਸ਼ ਮਧਾਰੀਆ ਨੂੰ ਮਿਲਣ ਦੀ ਸਲਾਹ ਦਿੱਤੀ। ਆਕਾਸ਼ ਮਧਾਰੀਆ ਨੇ ਕਿਹਾ ਕਿ ਉਹ ਵੀ ਕੁਝ ਨਹੀਂ ਕਹਿਣਗੇ ਕਿਉਂਕਿ ਮਾਮਲਾ ਸੀਆਈਡੀ ਕੋਲ ਹੈ।

ਟੀਐਮਸੀ ਨੇ ਇੱਕ ਸਥਾਨਕ ਆਗੂ ਸੁਰਿਸ਼ਟਧਰ ਮਹਤੋ ਨੇ ਮਾਮਲੇ ਵਿੱਚ ਕਿਸੇ ਪਾਰਟੀ ਕਾਰਕੁਨ ਦੀ ਭੂਮਿਕਾ ਤੋਂ ਇਨਕਾਰ ਕੀਤਾ। ਟੀਐਮਸੀ ਆਗੂ ਅਤੇ ਸੰਸਦ ਮੈਂਬਰ ਡੇਰੇਕ ਓਬ੍ਰਾਇਨ ਨੇ ਟਵੀਟ ਕੀਤਾ ਅਤੇ ਕਿਹਾ ਕਿ ਬੰਗਾਲ ਨਾਲ ਲਗਦੇ ਝਾਰਖੰਡ ਦੀ ਸਰਹੱਦ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ, "ਭਾਜਪਾ, ਬਜਰੰਗ ਦਲ ਦੇ ਕਿਹੜੇ ਲੋਕ ਸ਼ਾਮਿਲ ਸਨ? ਜਾਂਚ ਵਿੱਚ ਇਹ ਗੱਲਾਂ ਵੀ ਸਾਹਮਣੇ ਆਉਣੀਆਂ ਚਾਹੀਦੀਆਂ ਹਨ।"

ਫੋਟੋ ਕੈਪਸ਼ਨ ਦਿਲਦਾਰ ਸ਼ੇਖ ਦੀ ਮਾਂ ਆਪਣੇ ਬੇਟੇ ਦੀ ਤਸਵੀਰ ਵੇਖ ਵੇਖ ਕੇ ਦਿਨ ਭਰ ਰੋਂਦੀ ਸੀ

ਪੁਰੂਲੀਆ ਨੇ ਲਗਦੇ ਬੀਰਭੂਮ ਜ਼ਿਲ੍ਹੇ ਵਿੱਚ ਦਿਲਦਾਰ ਸ਼ੇਖ਼ ਦਾ ਪਰਿਵਾਰ ਰਹਿੰਦਾ ਹੈ। ਨਜ਼ਦੀਕੀਆਂ ਦਾ ਇਲਜ਼ਾਮ ਹੈ ਕਿ ਭਾਜਪਾ ਕਾਰਕੁਨਾਂ ਨੇ ਦਿਲਦਾਰ ਸ਼ੇਖ਼ ਦਾ ਕਤਲ ਕੀਤਾ ਹੈ। ਦਿਲਦਾਰ ਦੀ ਮੌਤ ਮਗਰੋਂ ਉਨ੍ਹਾਂ ਦੀ ਮਾਂ ਨੂੰ ਜਿਵੇਂ ਦੁਨੀਆਂ ਦੀ ਸੁੱਧ ਹੀ ਨਹੀਂ ਹੈ।

ਅਸੀਂ ਜਦੋਂ ਕੋਠੜੀ ਵਰਗੇ ਘਰ ਵਿੱਚ ਪਹੁੰਚੇ ਤਾਂ ਸਾਹਮਣੇ ਵਰਾਂਢੇ ਵਿੱਚ ਬਦਹਵਾਸ ਜਿਹੀ ਘੁੰਮ ਰਹੀ ਸੀ।

ਉਨ੍ਹਾਂ ਦੇ ਮੂੰਹੋਂ ਕੁਝ ਸ਼ਬਦ ਨਿਕਲੇ, ''ਮੇਰਾ ਪੁੱਤ ਘਰੋਂ ਬਾਹਰ ਗਿਆ ਅਤੇ ਉਸ ਮਗਰੋਂ ਮੈਂ ਉਸ ਦੀ ਲਾਸ਼ ਦੇਖੀ। ਮੈਂ ਆਪਣੇ ਪੁੱਤ ਦੀ ਮੌਤ ਦੇ ਗ਼ਮ ਵਿੱਚ ਹੀ ਮਰ ਜਾਵਾਂਗੀ।" ਉਨ੍ਹਾਂ ਦੇ ਪਰਿਵਾਰ ਨੇ ਘਰ ਵਿੱਚੋਂ ਦਿਲਦਾਰ ਦੀਆਂ ਤਸਵੀਰਾਂ ਹਟਾ ਦਿੱਤੀਆਂ ਹਨ ਕਿਉਂਕਿ ਉਹ ਉਨ੍ਹਾਂ ਤਸਵੀਰਾਂ ਨੂੰ ਦੇਖ ਕੇ ਘੰਟਿਆਂਬੱਧੀ ਰੋਂਦੀ ਰਹਿੰਦੀ ਸੀ।

ਆਪਣਿਆਂ ਨੂੰ ਗਵਾਉਣ ਦਾ ਦਰਦ ਦੂਸਰੇ ਪਾਸੇ ਵੀ ਹੈ

ਦਿਲਦਾਰ ਦੇ ਇੱਕ ਰਿਸ਼ਤੇਦਾਰ ਰੌਸ਼ਨ ਖ਼ਾਨ ਮੁਤਾਬਕ ਜਦੋਂ ਦਿਲਦਾਰ ਟੀਐਮਸੀ ਕਾਰਕੁਨਾਂ ਨਾਲ ਨਾਮਜ਼ਦਗੀ ਕਾਗਜ਼ ਭਰਨ ਜਾ ਰਹੀ ਇੱਕ ਭੀੜ ਵਿੱਚ ਸ਼ਾਮਲ ਸਨ, ਉਸ ਸਮੇਂ, "ਭਾਜਪਾ ਹਮਾਇਤੀਆਂ ਨੇ ਬੰਬ ਅਤੇ ਪਿਸਤੌਲ ਨਾਲ ਹਮਲਾ ਕੀਤਾ" ਜਿਸ ਵਿੱਚ ਦਿਲਦਾਰ ਦੀ ਮੌਤ ਹੋ ਗਈ।

ਦਿਲਦਾਰ ਠੇਕੇਦਾਰ ਸਨ ਅਤੇ ਆਪਣੇ ਪਰਿਵਾਰ ਦੇ ਇੱਕਲੌਤੇ ਕਮਾਊ ਵਿਅਕਤੀ ਸਨ। ਉਨ੍ਹਾਂ ਦਾ ਪਰਿਵਾਰ ਪਹਿਲਾਂ ਕਾਂਗਰਸੀ ਸੀ ਜੋ ਸਾਲ 1998 ਵਿੱਚ ਭਾਜਪਾ ਦਾ ਹਮਾਇਤੀ ਹੋ ਗਿਆ।

ਰੋਸ਼ਨ ਖ਼ਾਨ ਨੇ ਦੱਸਿਆ, "ਮਮਤਾ ਬੈਨਰਜੀ ਨੇ ਸਾਨੂੰ ਕੰਨਿਆਸ਼੍ਰੀ, ਰੂਪਸ਼੍ਰੀ ਵਰਗੀਆਂ ਸਰਕਾਰੀ ਯੋਜਨਾਵਾਂ ਤੋਂ ਬਿਨਾਂ ਹੋਰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਹਨ।"

ਫੋਟੋ ਕੈਪਸ਼ਨ ਭਾਜਪਾ ਨੂੰ ਉਮੀਦ ਹੈ ਕਿ 2019 ਦੇ ਚੋਣਾਂ ਵਿੱਚ ਉਸ ਨੂੰ ਇਸ ਘਟਨਾ ਦਾ ਲਾਭ ਹੋਵੇਗਾ

ਪੱਛਮੀਂ ਬੰਗਾਲ ਵਿੱਚ ਹਿੰਸਾ ਦਾ ਇਤਿਹਾਸ ਬਹੁਤ ਪੁਰਾਣਾ ਹੈ।

ਪ੍ਰੋਫੈਸਰ ਇਸਲਾਮ ਕਹਿੰਦੇ ਹਨ, "ਬੰਗਾਲ ਵਿੱਚ 1910, 1920 ਤੋਂ ਹੀ ਕ੍ਰਾਂਤੀ ਦਾ ਸਿਲਸਿਲਾ ਹੈ, ਖ਼ੁਦੀਰਾਮ ਬੋਸ, ਬਿਨਯ, ਬਾਦਲ. ਦਿਨੇਸ਼ ਤੋਂ ਲੈ ਕੇ, ਸੂਰਿਆ ਸੈਨ ਨੂੰ ਦੇਖੋਂ ਤਾਂ ਪੱਛਮੀਂ ਬੰਗਾਲ ਵਿੱਚ ਹਿੰਸਾ ਦਾ ਅਸਰ ਸੀ। ਬੰਗਾਲੀ ਸਮਾਜ ਦੂਸਰੇ ਸਮਾਜ ਤੋਂ ਵੱਖਰਾ ਹੈ। ਨਕਸਲੀ ਕਾਲ ਵਿੱਚ ਪੱਛਮੀਂ ਬੰਗਾਲ ਵਿੱਚ ਕਾਫ਼ੀ ਹਿੰਸਾ ਹੋਈ ਹੈ।"

ਉਨ੍ਹਾਂ ਮੁਤਾਬਕ ਪੱਛਮੀਂ ਬੰਗਾਲ ਵਿੱਚ ਭੱਦਰ ਲੋਕ (ਰੱਜੇਪੁੱਜੇ) ਜਿੱਥੇ ਸ਼ਹਿਰਾਂ ਦੇ ਕੁਝ ਹਿੱਸਿਆਂ ਤੱਕ ਹੀ ਸੀਮਤ ਰਹਿ ਗਏ ਹਨ, ਸੂਬੇ ਦੇ ਨਵੇਂ ਸਿਆਸੀ ਖਿਡਾਰੀ ਗ਼ਰੀਬ ਅਤੇ ਹੇਠਲੇ ਮੱਧ-ਵਰਗ ਤੋਂ ਆ ਰਹੇ ਹਨ ਅਤੇ ਇਹ ਨਵੇਂ ਵਰਗ ਬਦਲੇ ਸਿਆਸੀ ਮਹੌਲ ਵਿੱਚ ਆਪਣੀ ਦਾਅਵੇਦਾਰੀ ਜ਼ੋਰ ਨਾਲ ਪੇਸ਼ ਕਰ ਰਹੇ ਹਨ।

ਪੁਰੂਲੀਆ ਵਿੱਚ ਭਾਜਪਾ ਦੇ ਨੇਤਾ ਆਪਣੇ ਭਾਸ਼ਨਾਂ ਵਿੱਚ ਸੂਬੇ ਦੀ ਤੁਲਨਾ ਸੀਰੀਆ ਅਤੇ ਇਰਾਕ ਨਾਲ ਕਰ ਰਹੇ ਹਨ।

ਉਹ ਮਮਤਾ ਬੈਨਰਜੀ ਨੂੰ ਹਿੰਦੂ ਵਿਰੋਧੀ ਦੱਸ ਕੇ ਭਰੋਸਾ ਪ੍ਰਗਟਾ ਰਹੇ ਹਨ ਕਿ ਆਉਣ ਵਾਲੀਆਂ 2019 ਦੀਆਂ ਆਮ ਚੋਣਾਂ ਵਿੱਚ ਉਨ੍ਹਾਂ ਨੂੰ ਇਸ ਘਟਨਾ ਦਾ ਲਾਭ ਜ਼ਰੂਰ ਹੋਵੇਗਾ।

ਦੂਸਰੇ ਪਾਸੇ ਟੀਐਮਸੀ ਆਗੂਆਂ ਦਾ ਦਾਅਵਾ ਹੈ ਕਿ ਭਾਜਪਾ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਤਹਿਤ ਅਜਿਹੇ ਮਾਮਲਿਆਂ ਨੂੰ ਤੂਲ ਦੇ ਰਹੀ ਹੈ ਕਿਉਂਕਿ "ਭਾਜਪਾ ਨੂੰ ਪਤਾ ਹੈ ਕਿ ਪੱਛਮੀ ਬੰਗਾਲ ਵਿੱਚ ਪਾਰਟੀ ਦਾ ਨਾਂ ਨਿਸ਼ਾਨ ਵੀ ਨਹੀਂ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)