ਬਲਾਤਕਾਰ ਦੇ ਇਲਜ਼ਾਮ 'ਚ ਫਸੇ ਬਾਬੇ ਦਾਤੀ ਮਹਾਰਾਜ ਦੀ ਪੂਰੀ ਕਹਾਣੀ

ਦਾਤੀ ਮਹਾਰਾਜ Image copyright DAATI.COM

ਪਿੰਡ ਦੇ ਆਲੇ-ਦੁਆਲੇ ਫੈਲੇ ਖੇਤ ਹੱਥਾਂ ਨੂੰ ਗੂੜ੍ਹਾ ਰੰਗ ਦਿੰਦੀ ਮਹਿੰਦੀ ਪੈਦਾ ਕਰਦੇ ਹਨ। ਰਾਜਸਥਾਨ ਦਾ ਇਹ ਆਲਾਵਾਸ ਪਿੰਡ ਖ਼ੁਦ ਸੁਰਖ਼ੀਆਂ ਵਿੱਚ ਹੈ।

ਰਾਜਸਥਾਨ ਵਿੱਚ ਪਾਲੀ ਜ਼ਿਲ੍ਹੇ ਦੇ ਇਸ ਪਿੰਡ ਨੇ ਹੁਣ ਤੱਕ ਦਾਤੀ ਮਹਾਰਾਜ ਲਈ ਹਾਜ਼ਰੀ ਦੇਣ ਆਉਂਦੇ ਮੰਤਰੀ, ਲੀਡਰ, ਅਫ਼ਸਰ ਅਤੇ ਪੈਸੇ ਵਾਲੇ ਲੋਕ ਦੇਖੇ ਸੀ। ਪਰ ਹੁਣ ਜਾਂਚ ਟੀਮਾਂ ਆਲਾਵਾਸ ਦੇ ਚੱਕਰ ਲਗਾ ਰਹੀਆਂ ਹਨ।

ਪੁਲਿਸ ਦਾਤੀ ਮਹਾਰਾਜ 'ਤੇ ਲੱਗੇ ਕਥਿਤ ਰੇਪ ਦੇ ਇਲਜ਼ਾਮਾਂ ਦੀ ਜਾਂਚ ਕਰ ਰਹੀ ਹੈ। ਦਾਤੀ ਦੀ ਇੱਕ ਮਹਿਲਾ ਭਗਤ ਨੇ ਹੀ ਉਨ੍ਹਾਂ 'ਤੇ ਬਲਾਤਕਾਰ ਦਾ ਇਲਜ਼ਾਮ ਲਗਾਇਆ ਹੈ। ਦਾਤੀ ਖ਼ੁਦ ਨੂੰ ਬੇਗ਼ੁਨਾਹ ਦੱਸ ਰਹੇ ਹਨ।

10 ਜੂਨ ਨੂੰ ਦਿੱਲੀ ਪੁਲਿਸ ਨੇ ਦਾਤੀ ਮਹਾਰਾਜ ਖਿਲਾਫ਼ ਐੱਫਆਈਆਰ ਦਰਜ ਕੀਤੀ। ਇਸ ਵਿੱਚ ਧਾਰਾ 376, 377, 354 ਅਤੇ 34 ਦਾ ਜ਼ਿਕਰ ਹੈ।

ਗ੍ਰਿਫ਼਼ਤਾਰੀ ਨੂੰ ਲੈ ਕੇ ਦਿੱਲੀ ਪੁਲਿਸ ਦਾ ਤਰਕ

ਦਿੱਲੀ ਪੁਲਿਸ ਦੇ ਕ੍ਰਾਈਮ ਬਰਾਂਚ ਦੇ ਡੀਸੀਪੀ ਰਾਜੇਸ਼ ਦੇਵ ਤੋਂ ਬੀਬੀਸੀ ਨੇ ਦਾਤੀ ਮਹਾਰਾਜ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸਵਾਲ ਪੁੱਛਿਆ।

ਉਨ੍ਹਾਂ ਮੁਤਾਬਕ , "ਪੀੜਤ ਮਹਿਲਾ ਨੇ ਜੋ ਇਲਜ਼ਾਮ ਲਗਾਇਆ ਹੈ ਉਹ ਕਾਫ਼ੀ ਗੰਭਰੀ ਹਨ। ਸਾਡੀ ਜਾਂਚ ਜਾਰੀ ਹੈ। ਅਸੀਂ ਕਿਸੇ ਨੂੰ ਵੀ ਕਲੀਨ ਚਿੱਟ ਨਹੀਂ ਦਿੱਤੀ ਹੈ। ਸਹੀ ਸਮੇਂ ਉੱਤੇ ਸਬੂਤਾਂ ਦੇ ਆਧਾਰ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ।"

Image copyright DAATI.COM

ਬੀਬੀਸੀ ਨੂੰ ਮਿਲੀ ਜਾਣਕਾਰੀ ਮੁਤਾਬਕ ਮਾਮਲਾ ਹਾਈਪ੍ਰੋਫਾਈਲ ਹੋਣ ਦੀ ਵਜ੍ਹਾਂ ਨਾਲ ਦਿੱਲੀ ਦੀ ਕ੍ਰਾਈਮ ਬਰਾਂਚ ਦੀ ਟੀਮ ਪੂਰੇ ਮਾਮਲੇ ਵਿੱਚ ਸਾਵਧਾਨੀ ਨਾਲ ਕਦਮ ਰੱਖ ਰਹੀ ਹੈ।

ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਰੇਪ ਹੋਣ ਦੇ ਕੁਝ ਘੰਟਿਆਂ ਵਿੱਚ ਹੀ ਜੇਕਰ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਤਾਂ ਸਬੂਤ ਮਿਲਣ ਵਿੱਚ ਨਾ ਤਾਂ ਦੇਰੀ ਹੁੰਦੀ ਹੈ ਅਤੇ ਨਾ ਹੀ ਮੁਸ਼ਕਿਲ।

ਕੀ ਕਹਿੰਦੇ ਹਨ ਦਾਤੀ ਮਹਾਰਾਜ

ਇਹ ਮਾਮਲਾ ਜਨਵਰੀ ਤੋਂ ਮਾਰਚ 2016 ਦੇ ਵਿਚਾਲੇ ਦਾ ਹੈ।

ਦਾਤੀ ਮਹਾਰਾਜ ਨਾਲ ਜਦੋਂ ਇਲਜ਼ਾਮਾਂ ਬਾਰੇ ਬੀਬੀਸੀ ਨੇ ਗੱਲ ਕੀਤੀ ਤਾਂ ਉਨ੍ਹਾਂ ਫੋਨ ਉੱਤੇ ਗੱਲ ਕਰਦਿਆਂ ਕਿਹਾ, "ਮੇਰੀ ਤਬੀਅਤ ਠੀਕ ਨਹੀਂ ਹੈ। ਮੈਂ ਗੱਲ ਕਰਨ ਦੀ ਹਾਲਤ ਵਿੱਚ ਨਹੀਂ ਹਾਂ। ਜਿਵੇਂ ਹੀ ਤਬੀਅਤ ਠੀਕ ਹੋਵੇਗੀ ਮੈਂ ਤੁਹਾਨੂੰ ਸੱਦ ਕੇ ਇੰਟਰਵਿਊ ਦੇਵਾਂਗਾ।"

ਚੱਲੋ ਚੱਲੀਏ ਦਾਤੀ ਮਹਾਰਾਜ ਦੇ ਪਿੰਡ

ਕਾਲੀ-ਚਿੱਟੀ ਦਾੜ੍ਹੀ, ਮੱਥੇ 'ਤੇ ਵੱਡਾ ਤਿਲਕ ਅਤੇ ਗਲੇ ਵਿੱਚ ਰੁਦਰਾਕਸ਼ ਦੀ ਮਾਲਾ ਦੇ ਨਾਲ 'ਸ਼ਨੀ ਸ਼ਤਰੂ ਨਹੀਂ ਮਿੱਤਰ ਹੈ' ਨੂੰ ਆਪਣਾ ਸੂਤਰ ਵਾਕ ਬਣਾਉਣ ਵਾਲੇ ਦਾਤੀ ਮਹਾਰਾਜ ਨਟ ਬਿਰਾਦਰੀ ਤੋਂ ਆਉਂਦੇ ਹਨ। ਮਾਰਵਾੜ ਰਿਆਸਤ ਵਿੱਚ ਉਨ੍ਹਾਂ ਨੂੰ ਵਾਦੀ ਵੀ ਕਿਹਾ ਜਾਂਦਾ ਹੈ।

ਸਨਾਥਕ ਲੋਕਾਂ ਮੁਤਾਬਕ ਵਾਦੀ ਅਨੁਸੂਚਿਤ ਜਾਤੀ ਵਿੱਚ ਬਹੁਤ ਛੋਟਾ ਅਤੇ ਖਿਲਰਿਆ ਹੋਇਆ ਸਮੂਹ ਹੈ। ਆਲਾਵਾਸ ਵਿੱਚ ਉਹ ਪੁਸ਼ਤੈਨੀ ਮਕਾਨ ਮੌਜੂਦ ਹੈ, ਜਿੱਥੇ ਦਾਤੀ ਪੈਦਾ ਹੋਏ ਅਤੇ ਫਿਰ ਬਾਲ ਉਮਰ ਵਿੱਚ ਵੀ ਪਿੰਡ ਤੋਂ ਰੁਖ਼ਸਤ ਹੋ ਗਏ।

ਜਦੋਂ ਵਾਪਿਸ ਆਏ ਤਾਂ ਉਹ ਮਦਨ ਨਹੀਂ ਦਾਤੀ ਮਦਨ ਮਹਾਰਾਜ ਸੀ। ਮੱਧਵਰਗੀ ਬਨਾਵਟ ਅਤੇ ਰਹਿਣ-ਸਹਿਣ ਵਾਲੇ ਉਸ ਮਕਾਨ ਵਿੱਚ ਦਾਤੀ ਮਹਾਰਾਜ ਦੇ ਚਚੇਰੇ ਭਰਾ ਮਹੇਸ਼ ਵਿਹੜੇ ਵਿੱਚ ਅਰਾਮ ਕਰਦੇ ਮਿਲੇ।

ਕਹਿਣ ਲੱਗੇ ''ਦਾਤੀ ਇਸ ਘਰ ਵਿੱਚ ਪੈਦਾ ਹੋਏ ਅਤੇ ਫਿਰ ਸਨਿਆਸੀ ਹੋ ਗਏ। ਹੁਣ ਉਨ੍ਹਾਂ ਨਾਲ ਸਾਡਾ ਰਿਸ਼ਤਾ ਨਹੀਂ ਹੈ।''

Image copyright DAATI.COM

ਪਰ ਮਹੇਸ਼ ਕਹਿੰਦੇ ਹਨ, ''ਉਨ੍ਹਾਂ 'ਤੇ ਲੱਗੇ ਇਲਜ਼ਾਮ ਗ਼ਲਤ ਹਨ। ਮੇਰੇ ਪਰਿਵਾਰ ਦੀਆਂ ਕੁੜੀਆਂ ਉਨ੍ਹਾਂ ਦੇ ਸਕੂਲ ਵਿੱਚ ਹੀ ਪੜ੍ਹਦੀਆਂ ਹਨ।''

'ਸੰਸਾਰਿਕ ਸੁੱਖ ਚਾਹੁੰਦੇ ਤਾਂ ਵਿਆਹ ਨਾ ਤੋੜਦੇ'

ਤਪਦੀ ਦੁਪਿਹਰ ਵਿੱਚ ਪਿੰਡ ਦੇ ਇੱਕ ਚੌਕ ਵਿੱਚ ਪਰਚੂਨ ਦੀ ਦੁਕਾਨ 'ਤੇ ਔਰਤਾਂ ਇਕੱਠੀਆਂ ਹੋ ਗਈਆਂ। ਉਨ੍ਹਾਂ ਵਿੱਚੋਂ ਇੱਕ ਮੁੰਨਾ ਦੇਵੀ ਕਹਿੰਦੀ ਹੈ ਉਹ ਦਾਤੀ ਦੇ ਨਾਲ ਹੀ ਸਕੂਲ ਵਿੱਚ ਪੜ੍ਹੀ ਹੈ।

ਉਨ੍ਹਾਂ ਨੇ ਦੱਸਿਆ,''ਅਸੀਂ ਇੱਕ-ਦੋ ਜਮਾਤ ਅੱਗੇ-ਪਿੱਛੇ ਸੀ। ਦਾਤੀ ਨੂੰ ਪਰਿਵਾਰਕ ਸੁੱਖ ਦੀ ਇੱਛਾ ਹੁੰਦੀ ਤਾਂ ਬਚਪਨ ਵਿੱਚ ਹੋਏ ਆਪਣੇ ਵਿਆਹ ਤੋਂ ਕਿਨਾਰਾ ਨਹੀਂ ਕਰਦੇ। ਉਨ੍ਹਾਂ ਦੇ ਪਿਤਾ ਨੇ ਬਾਲ ਉਮਰ ਵਿੱਚ ਹੀ ਨੇੜੇ ਦੇ ਪਿੰਡ ਦੀ ਕੁੜੀ ਨਾਲ ਵਿਆਹ ਕਰਵਾ ਦਿੱਤਾ ਸੀ ਪਰ ਜਦੋਂ ਦਾਤੀ ਜਵਾਨ ਹੋਏ ਤਾਂ ਉਨ੍ਹਾਂ ਨੇ ਘਰ ਵਾਲਿਆਂ ਨੂੰ ਕਿਹਾ ਦਿੱਤਾ ਕਿ ਵਿਆਹ ਨਾਲ ਉਨ੍ਹਾਂ ਦਾ ਕੋਈ ਨਾਤਾ ਨਹੀਂ, ਉਹ ਤਾਂ ਹੁਣ ਸਨਿਆਸੀ ਹੋ ਗਏ ਹਨ।''

ਮੁੰਨਾ ਦੇਵੀ ਅੱਗੇ ਕਹਿੰਦੀ ਹੈ ਕਿ ਹੋਰ ਗੱਲਾਂ 'ਤੇ ਅਸੀਂ ਕੀ ਕਹੀਏ ਪਰ ਇਸ ਤਰ੍ਹਾਂ ਦੇ ਇਲਜ਼ਾਮ ਗ਼ਲਤ ਹਨ। ਇਨ੍ਹਾਂ ਇਲਜ਼ਾਮਾਂ 'ਤੇ ਪਿੰਡ ਵਿੱਚ ਕਿਸੇ ਨੂੰ ਵੀ ਭਰੋਸਾ ਨਹੀਂ ਹੈ।

ਉੱਥੇ ਹੀ ਦਿੱਲੀ ਪੁਲਿਸ ਦੇ ਕਰਾਈਮ ਬਰਾਂਚ ਦੇ ਡੀਸੀਪੀ ਰਾਜੇਸ਼ ਦੇਵ ਨੇ ਬੀਬੀਸੀ ਨੂੰ ਦੱਸਿਆ, ''ਪੀੜਤਾ ਨੇ ਜਿਹੜਾ ਇਲਜ਼ਾਮ ਲਗਾਇਆ ਹੈ ਉਹ ਕਾਫ਼ੀ ਗੰਭੀਰ ਹੈ। ਸਾਡੀ ਜਾਂਚ ਜਾਰੀ ਹੈ। ਅਸੀਂ ਕਿਸੇ ਨੂੰ ਵੀ ਕਲੀਨ ਚਿੱਟ ਨਹੀਂ ਦਿੱਤੀ ਹੈ। ਸਹੀ ਸਮੇਂ 'ਤੇ ਸਬੂਤਾਂ ਦੇ ਆਧਾਰ ਉੱਤੇ ਤੁਹਾਡੇ ਨਾਲ ਗੱਲ ਕਰਾਂਗੇ।"

ਦਾਤੀ ਦੇ ਜੱਦੀ ਮਕਾਨ ਤੋਂ ਚਾਰ ਮਕਾਨ ਦੂਰ ਰਹਿੰਦੇ ਮਿਸ਼ਰੀ ਲਾਲ ਸਰਗਰਾ ਬਿਜਲੀ ਵਿਭਾਗ ਤੋਂ ਸੇਵਾ ਮੁਕਤ ਹੋਏ ਹਨ। ਉਹ ਕਹਿੰਦੇ ਹਨ ਅਸੀਂ ਦਾਤੀ ਬਾਰੇ ਅਜਿਹੀ ਕੋਈ ਗੱਲ ਨਾ ਦੇਖੀ ਹੈ ਤੇ ਨਾ ਹੀ ਸੁਣੀ ਹੈ। ਦਾਤੀ ਦੇ ਸੌਤੇਲੇ ਭਰਾ ਸ਼ਨੀ ਧਾਮ ਵਿੱਚ ਹੀ ਰਹਿੰਦੇ ਹਨ।

Image copyright DAATI.COM

ਪਿੰਡ ਦੇ ਬਾਹਰੀ ਖੇਤਰ ਵਿੱਚ ਕਿਨਾਰੇ ਬਣੀ ਆਸ਼ਵਾਸਨ ਬਾਲ ਗ੍ਰਾਮ ਸੰਸਥਾ ਨੇ ਚੁੱਪੀ ਧਾਰ ਰੱਖੀ ਹੈ। ਦਾਤੀ ਮਹਾਰਾਜ ਦੀ ਇਹੀ ਸੰਸਥਾ ਕੁੜੀਆਂ ਲਈ ਅਕੈਡਮੀ ਚਲਾਉਂਦੀ ਹੈ। ਮੁੱਖ ਦੁਆਰ 'ਤੇ ਲੋਹੇ ਦਾ ਦਰਵਾਜ਼ਾ ਲੱਗਿਆ ਹੈ ਪਰ ਮੀਡੀਆ ਨੂੰ ਮਨਾਹੀ ਹੈ।

ਉੱਥੇ ਮੌਜੂਦ ਚੌਂਕੀਦਾਰ ਨੇ ਕਿਹਾ ਅਜੇ ਕਿਸੇ ਨਾਲ ਗੱਲ ਨਹੀਂ ਹੋ ਸਕਦੀ। ਫਿਰ ਪਤਾ ਲੱਗਿਆ ਕੋਈ ਜਾਂਚ ਟੀਮ ਪਰਿਸਰ ਵਿੱਚ ਹੈ। ਇਸ ਦੌਰਾਨ ਬਹੁਗਿਣਤੀ ਆਦਿਵਾਸੀ ਦੱਖਣੀ ਰਾਜਸਥਾਨ ਤੋਂ ਇੱਕ ਵਾਹਨ ਛੋਟੀ ਬੱਚਿਆਂ ਨੂੰ ਲੈ ਕੇ ਦਾਖ਼ਲ ਹੋਇਆ।

ਦਾਤੀ ਦਾ ਸਫ਼ਰ

ਮੁੱਖ ਦਰਵਾਜ਼ੇ 'ਤੇ ਮਿਲੇ ਇੱਕ ਸੱਜਣ ਨੇ ਆਪਣੀ ਪਛਾਣ ਨਹੀਂ ਦੱਸੀ। ਪਰ ਕਿਹਾ ਇੱਥੇ 700 ਕੁੜੀਆਂ ਪੜ੍ਹਦੀਆਂ ਹਨ। ਜੋ ਕੁਝ ਹੋ ਰਿਹਾ ਹੈ, ਉਸ ਨਾਲ ਅਸੀਂ ਪ੍ਰੇਸ਼ਾਨ ਹਾਂ। ਬੱਚੀਆਂ 'ਤੇ ਅਸਰ ਪੈਂਦਾ ਹੈ।

ਉਹ ਅੱਗੇ ਕਹਿਣ ਲੱਗੇ ਮੇਰੀਆਂ ਵੀ ਦੋ ਕੁੜੀਆਂ ਇੱਥੇ ਪੜ੍ਹਦੀਆਂ ਹਨ। ਇਮਾਰਤ ਦੇ ਬਾਹਰ ਸੀਸੀਟੀਵੀ ਕੈਮਰੇ ਲੱਗੇ ਹਨ।

ਉੱਥੇ ਹੀ ਦੂਜੇ ਪਾਸੇ ਦਾਤੀ ਮਹਾਰਾਜ 'ਤੇ ਰੇਪ ਦਾ ਇਲਜ਼ਾਮ ਲਗਾਉਣ ਵਾਲੀ ਪੀੜਤਾ ਨੇ ਦਿੱਲੀ ਪੁਲਿਸ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਬਹਿਲਾ-ਫੁਸਲਾ ਕੇ ਉਨ੍ਹਾਂ ਦਾ ਰੇਪ ਕੀਤਾ ਗਿਆ।

Image copyright DAATI.COM

ਉਨ੍ਹਾਂ ਮੁਤਾਬਕ ਆਸ਼ਰਮ ਦੀ ਦੂਜੀ ਸੇਵਾਦਾਰ ਨੇ ਉਸ ਨੂੰ ਕਿਹਾ ਸੀ ''ਤੂੰ ਬਾਬੇ ਦੀ ਹੈ ਤੇ ਬਾਬਾ ਤੇਰਾ। ਤੂੰ ਕੋਈ ਨਵਾਂ ਕੰਮ ਨਹੀਂ ਕਰ ਰਹੀ। ਸਾਰੇ ਕਰਦੇ ਆਏ ਹਨ। ਕੱਲ੍ਹ ਸਾਡੀ ਵਾਰੀ ਸੀ। ਅੱਜ ਤੇਰੀ ਵਾਰੀ ਹੈ। ਪਤਾ ਨਹੀਂ ਕੱਲ੍ਹ ਕਿਸਦੀ ਹੋਵੇਗੀ। ਬਾਬਾ ਸਮੁੰਦਰ ਹੈ ਤੇ ਅਸੀਂ ਸਾਰੀ ਉਸਦੀਆਂ ਮੱਛੀਆਂ ਹਾਂ। ਇਸ ਨੂੰ ਕਰਜ਼ ਸਮਝ ਕੇ ਚੁਕਾ ਦੇ।''

ਆਲਾਵਾਸ ਦੇ ਮਦਨ ਸਿੰਘ ਇੰਦਾ ਵੀ ਦਾਤੀ ਦੇ ਸਕੂਲ ਵਿੱਚ ਹੀ ਪੜ੍ਹੇ ਹਨ ਅਤੇ ਹੁਣ ਸਰਕਾਰੀ ਹਸਪਤਾਲ ਵਿੱਚ ਲੈਬ ਟੈਕਨੀਸ਼ੀਅਨ ਹਨ। ਉਨ੍ਹਾਂ ਨੂੰ ਸੰਸਥਾ ਦਾ ਕਰੀਬੀ ਮੰਨਿਆ ਜਾਂਦਾ ਹੈ।

ਉਹ ਦੱਸਣ ਲੱਗੇ, ''ਦਾਤੀ ਦਾ ਬਚਪਨ ਬੜਾ ਹੀ ਦੁਖ਼-ਤਕਲੀਫ਼ਾਂ ਵਿੱਚ ਨਿਕਲਿਆ। ਮਾਂ ਜਲਦੀ ਚਲੀ ਗਈ, ਪਿਤਾ ਨੇ ਦੂਜਾ ਵਿਆਹ ਕਰਵਾ ਲਿਆ। ਫਿਰ ਦਾਤੀ ਸੱਤਵੀਂ ਜਮਾਤ ਤੱਕ ਪੜ੍ਹ ਕੇ ਪਿੰਡ ਤੋਂ ਚਲੇ ਗਏ। ਇਸ ਦੌਰਾਨ ਉਹ ਵੱਖ-ਵੱਖ ਸਾਧੂ ਸੰਤਾਂ ਨਾਲ ਰਹੇ ਅਤੇ ਜਿਯੋਤਿਸ਼ ਸਿੱਖਿਆ ਲਈ। ਉਹ ਪਟਨਾ ਵੀ ਰਹੇ। ਫਿਰ 1990 ਵਿੱਚ ਦਿੱਲੀ ਆ ਗਏ। ਇੱਥੇ ਕੁਝ ਮਿਹਨਤ ਮੁਸ਼ੱਕਤ ਕੀਤੀ। ਉਦੋਂ ਇੱਕ ਵੱਡੇ ਸ਼ਖ਼ਸ ਲਈ ਕੀਤੀ ਗਈ ਉਨ੍ਹਾਂ ਦੀ ਭਵਿੱਖਬਾਣੀ ਸਹੀ ਸਾਬਿਤ ਹੋ ਗਈ। ਉਸ ਵਿਅਕਤੀ ਨੇ ਦਾਤੀ ਦੀ ਮਦਦ ਕੀਤੀ।''

ਇੰਦਾ ਅੱਗੇ ਦੱਸਦੇ ਹਨ, ''ਕਿਸੇ ਨੇ ਉਨ੍ਹਾਂ ਨੂੰ ਦਿੱਲੀ ਵਿੱਚ ਸ਼ਨੀ ਮੰਦਿਰ ਦੇ ਦਿੱਤਾ। ਦਾਤੀ ਨੇ ਹੀ ਲੋਕਾਂ ਦੀ ਇਹ ਧਾਰਨਾ ਤੋੜੀ ਕਿ ਸ਼ਨੀ ਸ਼ਤਰੂ ਹੁੰਦਾ ਹੈ। ਇਸ ਨਾਲ ਲੋਕਾਂ ਦਾ ਭਰਮ ਦੂਰ ਹੋਇਆ।''

ਇੰਦਾ ਨਹੀਂ ਜਾਣਦੇ ਕਿ ਦਾਤੀ ਦਾ ਕੋਈ ਬਾਲ ਵਿਆਹ ਹੋਇਆ ਜਾਂ ਨਹੀਂ।

Image copyright DAATI.COM

ਹਮੇਸ਼ਾ ਕੀਤੀ ਦੂਜਿਆਂ ਦੀ ਮਦਦ

ਇੰਦਾ ਕਹਿੰਦੇ ਹਨ ਕਿ ਦਾਤੀ ਨੇ ਦਸ ਹਜ਼ਾਰ ਕੁੜੀਆਂ ਦਾ ਵਿਆਹ ਕਰਵਾਇਆ ਹੈ ਅਤੇ ਲੋੜਵੰਦਾਂ ਦੀ ਮਦਦ ਕਰਨ ਤੋਂ ਵੀ ਕਦੇ ਪਿੱਛੇ ਨਹੀਂ ਹਟੇ। ਆਲਾਵਾਸ ਵਿੱਚ ਕੁਝ ਲੋਕਾਂ ਨੇ ਗੱਲ ਕਰਨ ਤੋਂ ਨਾਂਹ ਕਰ ਦਿੱਤੀ ਤੇ ਕਈ ਉਨ੍ਹਾਂ ਦੇ ਕੰਮ ਗਿਣਵਾਉਂਦੇ ਰਹੇ।

ਪਿੰਡ ਵਿੱਚ ਬਹੁਤੇ ਲੋਕ ਖੇਤੀ ਕਰਦੇ ਹਨ। ਪਰ ਕਈ ਪਰਿਵਾਰ ਪੂਣੇ, ਚੇਨੱਈ ਅਤੇ ਬੈਂਗਲੌਰ ਵਿੱਚ ਨੌਕਰੀ, ਵਪਾਰ ਅਤੇ ਪ੍ਰਾਈਵੇਟ ਕੰਮ ਕਰਦੇ ਵਸ ਗਏ ਹਨ। ਦਾਤੀ ਜਦੋਂ ਇਲਜ਼ਾਮਾਂ ਨਾਲ ਘਿਰੇ ਤਾਂ ਪਾਲੀ ਜ਼ਿਲ੍ਹੇ ਦੇ ਕੁਝ ਦਲਿਤ ਸੰਗਠਨਾਂ ਨੇ ਉਨ੍ਹਾਂ ਦੀ ਹਿਮਾਇਤ ਵਿੱਚ ਪ੍ਰਦਰਸ਼ਨ ਦਾ ਪ੍ਰੋਗਰਾਮ ਬਣਾਇਆ।

ਇੰਦਾ ਕਹਿੰਦੇ ਹਨ,''ਦਾਤੀ ਨੂੰ ਜਦੋਂ ਪਤਾ ਲੱਗਿਆ ਤਾਂ ਇੱਕ ਵੀਡੀਓ ਸੰਦੇਸ਼ ਭੇਜ ਕੇ ਰੁਕਵਾ ਦਿੱਤਾ। ਦਾਤੀ ਨੇ ਕਿਹਾ ਸਾਧੂ ਦਾ ਕੋਈ ਵਰਗ ਅਤੇ ਜਾਤੀ ਨਹੀਂ ਹੁੰਦੀ। ਕਿਉਂਕਿ ਸਕੂਲ ਵਿੱਚ ਤੁਸੀਂ ਦੇਖ ਸਕਦੇ ਹੋ ਸਾਰੇ ਧਰਮਾਂ ਦੇ ਲੋਕ ਪੜ੍ਹਦੇ ਹਨ।''

ਹੁਣ ਤੱਕ ਉਹ ਲੋਕਾਂ ਨੂੰ ਦੁਖ਼ ਨਿਵਾਰਣ ਦੇ ਉਪਾਅ ਦੱਸਦੇ ਰਹੇ ਹਨ। ਪਰ ਹੁਣ ਦਿੱਲੀ ਪੁਲਿਸ ਬਾਬਾ ਤੋਂ ਪੀੜਤਾ ਦੇ ਇਲਜ਼ਾਮਾਂ 'ਤੇ ਪੁੱਛਗਿੱਛ ਕਰ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)