ਸੋਸ਼ਲ꞉ 'ਗੁਰਦੁਆਰਿਆਂ ਦੇ ਲਾਊਡ ਸਪੀਕਰ ਨਾਸਤਿਕ ਬੰਦ ਕਰਵਾਉਣਾ ਚਾਹੁੰਦੇ ਹਨ'

ਅਕਾਲ ਤਖ਼ਤ ਸਾਹਿਬ Image copyright RAVINDER SINGH ROBIN/BBC

ਦੇਸ ਅਤੇ ਪੰਜਾਬ ਵਿੱਚ ਆਵਾਜ਼ ਦਾ ਪ੍ਰਦੂਸ਼ਣ ਦਿਨੋਂ-ਦਿਨ ਵਧ ਰਿਹਾ ਹੈ। ਇਸ ਬਾਰੇ ਵੱਖ-ਵੱਖ ਸੰਸਥਾਵਾਂ ਆਪੋ-ਆਪਣੇ ਢੰਗ ਨਾਲ ਕੰਮ ਕਰ ਰਹੀਆਂ ਹਨ।

ਇਸ ਸਬੰਧੀ ਵੱਖੋ-ਵੱਖ ਕਾਨੂੰਨ ਵੀ ਬਣੇ ਹੋਏ ਹਨ। ਕਈ ਇਲਾਕਿਆਂ ਵਿੱਚ ਬੱਚਿਆਂ ਦੇ ਪੇਪਰਾਂ ਦੇ ਦਿਨਾਂ ਦੌਰਾਨ ਰੌਲੇ-ਰੱਪੇ ਵਾਲੇ ਸਮਾਗਮ ਨਾ ਕਰਨ ਦੀਆਂ ਸਲਾਹਾਂ ਵੀ ਸਮੇਂ-ਸਮੇਂ ਉੱਤੇ ਜਾਰੀ ਹੁੰਦੀਆਂ ਰਹਿੰਦੀਆਂ ਹਨ।

ਆਵਾਜ਼ ਪ੍ਰਦੂਸ਼ਣ ਕਰਕੇ ਖ਼ਾਸ ਕਰਕੇ ਧਮਕਦਾਰ ਸੰਗੀਤ ਦੇ ਸਮਾਗਮਾਂ ਕਰਕੇ ਬਜ਼ੁਰਗਾਂ ਅਤੇ ਮਰੀਜ਼ਾਂ ਨੂੰ ਖ਼ਾਸ ਦਿੱਕਤਾਂ ਪੇਸ਼ ਆਉਂਦੀਆਂ ਹਨ।

ਇਸ ਸੰਬੰਧ ਵਿੱਚ ਦੇਸ ਦੀ ਸੁਪਰੀਮ ਕੋਰਟ ਨੇ ਵੀ ਹੁਕਮ ਜਾਰੀ ਕੀਤੇ ਸਨ ਕਿ ਕਿਸੇ ਵੀ ਥਾਂ 'ਤੇ ਸਵੇਰ 6 ਵਜੇ ਤੋਂ ਪਹਿਲਾਂ ਅਤੇ ਰਾਤ 10 ਵਜੇ ਤੋਂ ਬਾਅਦ ਲਾਊਡ ਸਪੀਕਰ ਦੀ ਵਰਤੋਂ ਨਾ ਕੀਤੀ ਜਾਵੇ।

ਕਿਸੇ ਇਲਾਕੇ ਦੇ ਐਸ ਐਚ ਓ, ਮੈਜਿਸਟਰੇਟ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਲਾਊਡ ਸਪੀਕਰਾਂ ਦੀ ਵਰਤੋਂ ਰੋਕਣ ਲਈ ਕਾਨੂੰਨੀ ਕਾਰਵਾਈ ਕਰ ਸਕਦੇ ਹਨ।

ਇਸੇ ਰੋਸ਼ਨੀ ਵਿੱਚ ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਨੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਧਾਰਮਿਕ ਸਮਾਗਮਾਂ ਵੇਲੇ ਲਾਊਡਸਪੀਕਰ ਬੰਦ ਰੱਖਣ ਜਾਂ ਆਵਾਜ਼ ਨੂੰ ਗੁਰਦੁਆਰੇ ਦੇ ਕੰਪਲੈਕਸ ਤੱਕ ਹੀ ਸੀਮਿਤ ਰੱਖਣ।

ਇਸ ਮਸਲੇ ਬਾਰੇ ਬੀਬੀਸੀ ਪੰਜਾਬੀ ਨੇ ਕਹੋ ਤੇ ਸੁਣੋ ਰਾਹੀਂ ਲੋਕਾਂ ਦੀ ਰਾਇ ਜਾਨਣੀ ਚਾਹੀ।

ਇਸ ਬਾਰੇ ਸਾਨੂੰ ਪਾਠਕਾਂ ਦੀ ਮਿਲੀ ਜੁਲੀ ਪ੍ਰਤੀਕਿਰਿਆ ਮਿਲੀ।

ਜਿੱਥੇ ਕੁਝ ਨੇ ਅਕਾਲ ਤਖ਼ਤ ਦੀ ਇਸ ਪਹਿਲ ਦਾ ਸਵਾਗਤ ਕੀਤਾ ਉੱਥੇ ਕੁਝ ਨੇ ਕਿਹਾ ਕਿ ਕਾਨੂੰਨ ਸਭ ਲਈ ਬਰਾਬਰ ਹੋਣਾ ਚਾਹੀਦਾ ਹੈ ਅਤੇ ਗੁਰੂਘਰਾਂ ਦੇ ਨਾਲ-ਨਾਲ ਸ਼ੋਰ-ਸ਼ਰਾਬੇ ਵਾਲੇ ਹੋਰ ਸਮਾਗਮਾਂ ਨੂੰ ਵੀ ਇਸ ਵਿੱਚ ਸ਼ਾਮਲ ਕਰਨ ਦੀ ਗੱਲ ਕੀਤੀ।

ਅਸੀਸ ਸਿੰਘ ਗਿੱਲ ਨੇ ਅਕਾਲ ਤਖ਼ਤ ਦੀ ਪਹਿਲ ਉੱਪਰ ਖੁਸ਼ੀ ਜ਼ਾਹਿਰ ਕੀਤੀ।

Image copyright BBC/Facebook

ਦੀਪ ਚਾਹਲ ਨੇ ਇਸ ਮਾਮਲੇ ਵਿੱਚ ਸਰਕਾਰ ਦੇ ਅੱਗੇ ਆਉਣ ਦੀ ਗੱਲ ਕੀਤੀ। ਜਦ ਕਿ ਗੁਰਪ੍ਰੀਤ ਸਿੰਘ ਨੇ ਲਿਖਿਆ ਕਿ ਉਹ ਗੁਰਦੁਆਰਿਆਂ ਦੀ ਸਵੇਰੇ-ਸਵੇਰੇ ਆਵਾਜ਼ ਤੋਂ ਪ੍ਰੇਸ਼ਾਨ ਹੋ ਜਾਂਦੇ ਹਨ।

ਹਰਜੀਤ ਸਿੰਘ ਉਬੂਵੇਜਾ ਨੇ ਕਿਹਾ ਕਿ ਲਾਊਡ ਸਪੀਕਰਾਂ ਦੀ ਆਵਾਜ਼ ਗੁਰਦੁਆਰਿਆਂ ਦੇ ਅੰਦਰ ਹੀ ਰਹਿਣੀ ਚਾਹੀਦੀ ਹੈ।

Image copyright BBC/Facebook

ਤੇਜਪਾਲ ਦਾ ਕਹਿਣਾ ਹੈ ਕਿ ਜੱਥੇਦਾਰ ਕਿਹੜਾ ਕਾਨੂੰਨੀ ਅਥਾਰਟੀ ਹਨ ਲੋਕ ਤਾਂ ਕਾਨੂੰਨ ਦੀ ਪ੍ਰਵਾਹ ਨਹੀਂ ਕਰਦੇ।

ਜਗਮੀਤ ਸਿੰਘ ਨੇ ਕਿਹਾ, ਵਿਆਹ ਵਾਲੇ ਘਰਾਂ ਵਿਚ ਡੀ ਜੇ ਦੀ ਅਵਾਜ ਵੀ ਕੇਵਲ ਉਸੀ ਘਰ ਤੱਕ ਸੀਮਤ ਹੋਵੇ, ਵੋਟਾਂ ਦੇ ਪਰਚਾਰ ਵੀ ਬਿਨਾਂ ਸਪੀਕਰ ਤੋਂ ਹੋਣ।

ਹਾਲਾਂਕਿ ਅਮਰਿੰਦਰ ਸਿੰਘ ਨੇ ਕਿਹਾ ਕਿ ਇਸੇ ਬਹਾਨੇ ਰੱਬ ਦਾ ਨਾਮ ਕੰਨੀ ਪੈ ਜਾਂਦਾ ਹੈ। ਜਦਕਿ ਸਰਦਾਰ ਕੁਲਦੀਪ ਸਿੰਘ ਨੇ ਕਿਹਾ ਕਿ ਇਹ ਹਿੰਦੂ ਗੁੰਡਿਆਂ ਸਾਹਮਣੇ ਸਮਰਪਣ ਹੈ।

Image copyright BBC/Facebook

ਸਕੰਦਰ ਸਿੰਘ ਨੇ ਕਿਹਾ ਕਿ ਜਿਸ ਨੂੰ ਨਹੀ ਚੰਗਾ ਲਗਦਾ ਕੰਨਾਂ ਬੰਦ ਕਰ ਲਵੇ ਡੀਜੇ ਪਰੈਸ਼ਰ ਹਾਰਨ ਚੋਣ ਪਰਚਾਰ ਨਸ਼ੇ ਬੰਦ ਚਾਹੀਦੇ ਹਨ ਨਾ ਕਿ ਗੁਰੂ ਦੀ ਬਾਣੀ।

ਕਰਮਜੀਤ ਸਿੰਘ ਦਾ ਸਵਾਲ ਸੀ ਕਿ ਇਹ ਹੁਕਮ ਤੁਰਿਆ ਕਿੱਥੋਂ ਹੈ ਇਸ ਬਾਰੇ ਹੀ ਖੋਜ ਕਰਨੀ ਚਾਹੀਦੀ ਹੈ।

ਸੇਵਕ ਸਿੰਘ ਨੇ ਕਿਹਾ ਕਿ ਅਜਿਹੀ ਪਾਬੰਦੀ ਦੀ ਮੰਗ ਸਿਰਫ਼ ਨਾਸਤਿਕ ਲੋਕ ਕਰ ਸਕਦੇ ਹਨ।

Image copyright BBC/Facebook

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)