ਮੁੰਡਿਆਂ ਦੇ ਸਕੂਲ ਵਿੱਚ ਪੜ੍ਹਨ ਵਾਲੀ ਇਕੱਲੀ ਕੁੜੀ

ਸਕੂਲ, ਸਿੱਖਿਆ, ਪੜ੍ਹਾਈ, ਕੁੜੀ Image copyright Vinod/BBC

ਕਿਸੇ ਵੀ ਸਕੂਲ ਵਿੱਚ ਜਾਂ ਤਾਂ ਸਿਰਫ਼ ਮੁੰਡੇ ਪੜ੍ਹਦੇ ਹਨ ਜਾਂ ਕੁੜੀਆਂ ਜਾਂ ਦੋਵੇਂ ਇਕੱਠੇ। ਪਰ ਕੀ ਕਦੇ ਅਜਿਹੇ ਸਕੂਲ ਬਾਰੇ ਸੁਣਿਆ ਹੈ ਜਿੱਥੇ 250 ਮੁੰਡਿਆਂ ਵਿਚਾਲੇ ਸਿਰਫ਼ ਇੱਕ ਕੁੜੀ ਪੜ੍ਹਦੀ ਹੋਵੇ?

ਦੇਹਰਾਦੂਨ ਦਾ ਕਰਨਲ ਬ੍ਰਾਊਨ ਕੈਂਬ੍ਰਿਜ ਸਕੂਲ ਅਜਿਹਾ ਹੀ ਸਕੂਲ ਹੈ। ਅਤੇ ਸਕੂਲ ਵਿੱਚ ਛੇਵੀਂ ਕਲਾਸ ਵਿੱਚ ਪੜ੍ਹਣ ਵਾਲੀ ਸ਼ਿਕਾਇਨਾ ਉਹੀ ਕੁੜੀ ਹੈ।

12 ਸਾਲ ਦੀ ਉਮਰ ਵਿੱਚ ਸ਼ਿਕਾਇਨਾ ਇਸ ਗੱਲ ਤੋਂ ਕਾਫ਼ੀ ਖੁਸ਼ ਹੈ। ਉਨ੍ਹਾਂ ਨੂੰ ਇਸ ਵਿੱਚ ਕੁਝ ਵੀ ਨਵਾਂ ਨਹੀਂ ਲਗਦਾ।

ਬੀਬੀਸੀ ਨਾਲ ਗੱਲਬਾਤ ਵਿੱਚ ਸ਼ਿਕਾਇਨਾ ਨੇ ਕਿਹਾ, "ਥੋੜ੍ਹਾ ਵੱਖਰਾ ਤਜਰਬਾ ਜ਼ਰੂਰ ਹੈ ਪਰ ਕੁੜੀਆਂ ਸਭ ਕੁਝ ਕਰ ਸਕਦੀਆਂ ਹਨ ਤਾਂ ਫਿਰ ਮੁੰਡਿਆਂ ਦੇ ਸਕੂਲ ਵਿੱਚ ਕਿਉਂ ਨਹੀਂ ਪੜ੍ਹ ਸਕਦੀ।"

Image copyright Vinod/BBC

ਕਿਵੇਂ ਦਾ ਸੀ ਸਕੂਲ ਦਾ ਪਹਿਲਾ ਦਿਨ?

ਇਸ ਸਵਾਲ ਦੇ ਜਵਾਬ ਵਿੱਚ ਸ਼ਿਕਾਇਨਾ ਨੇ ਬੇਹੱਦ ਮਜ਼ੇਦਾਰ ਕਿੱਸਾ ਸੁਣਾਇਆ, "ਜਦੋਂ ਮੈਂ ਪਹਿਲੇ ਦਿਨ ਕਲਾਸ ਵਿੱਚ ਜਾ ਕੇ ਬੈਠੀ, ਕਲਾਸ ਵਿੱਚ ਵੜਦਿਆਂ ਹੀ ਅਧਿਆਪਕ ਨੇ ਆਪਣੇ ਪੁਰਾਣੇ ਅੰਦਾਜ਼ ਵਿੱਚ ਕਿਹਾ-ਗੁੱਡ ਮਾਰਨਿੰਗ ਬੁਆਇਜ਼ ਪਰ ਜਿਵੇਂ ਹੀ ਉਨ੍ਹਾਂ ਦੀ ਨਜ਼ਰ ਮੇਰੇ 'ਤੇ ਪਈ ਤੁਰੰਤ ਉਨ੍ਹਾਂ ਨੇ ਖੁਦ ਨੂੰ ਸਹੀ ਕੀਤਾ ਅਤੇ ਕਿਹਾ-ਗੁੱਡ ਮਾਰਨਿੰਗ ਸਟੂਡੈਂਟਜ਼ ਬੋਲਣ ਦੀ ਆਦਤ ਪਾਉਣੀ ਪਏਗੀ।"

ਇਹ ਕਿੱਸਾ ਸੁਣਾਉਂਦੇ ਹੀ ਸ਼ਿਕਾਇਨਾ ਜ਼ੋਰ-ਜ਼ੋਰ ਦੀ ਹੱਸਣ ਲੱਗੀ। ਉਸ ਦਾ ਬਿੰਦਾਸ ਹਾਸਾ ਇਸ ਗੱਲ ਦਾ ਸਬੂਤ ਸੀ ਕੀ ਸਕੂਲ ਵਿੱਚ ਸ਼ਿਕਾਇਨਾ ਨੂੰ ਕੋਈ ਮੁਸ਼ਕਿਲ ਨਹੀਂ ਹੈ।

ਪਰ 250 ਮੁੰਡਿਆਂ ਵਿਚਾਲੇ ਇਕੱਲੇ ਪੜ੍ਹਣ ਦਾ ਫੈਸਲਾ ਸ਼ਿਕਾਇਨਾ ਨੇ ਆਪਣੀ ਮਰਜ਼ੀ ਨਾਲ ਨਹੀਂ ਲਿਆ। ਇਸ ਲਈ ਕੁਝ ਤਾਂ ਹਾਲਾਤ ਜ਼ਿੰਮੇਵਾਰ ਸਨ ਅਤੇ ਅਤੇ ਕੁਝ ਉਸ ਦੀ ਕਿਸਮਤ।

ਸ਼ਿਕਾਇਨਾ ਗਾਣਾ ਬਹੁਤ ਚੰਗਾ ਗਾਉਂਦੀ ਹੈ। ਟੀਵੀ 'ਤੇ ਕਈ ਸ਼ੋਅਜ਼ ਵਿੱਚ ਹਿੱਸਾ ਵੀ ਲੈ ਚੁੱਕੀ ਹੈ।

&TV 'ਤੇ ਆਉਣ ਵਾਲੇ ਸ਼ੋਅ ਵਾਇਸ ਆਫ਼ ਇੰਡੀਆ ਵਿੱਚ ਸਿਕਾਇਨਾ ਨੇ ਪਿਛਲੇ ਸੀਜ਼ਨ ਵਿੱਚ ਹਿੱਸਾ ਲਿਆ ਸੀ ਅਤੇ ਫਾਈਨਲ ਰਾਊਂਡ ਤੱਕ ਵੀ ਪਹੁੰਚੀ ਸੀ।

ਇਸ ਲਈ ਸਤੰਬਰ 2017 ਤੋਂ ਫਰਵਰੀ 2018 ਤੱਕ ਉਸ ਨੂੰ ਆਪਣੇ ਪੁਰਾਣੇ ਸਕੂਲ ਤੋਂ ਛੁੱਟੀ ਲੈਣੀ ਪਈ ਸੀ।

ਜਦੋਂ ਰਿਐਲਿਟੀ ਸ਼ੋਅ ਨੂੰ ਫਾਈਨਲ ਵਿੱਚ ਹਿੱਸਾ ਲੈਣ ਤੋਂ ਬਾਅਦ ਸ਼ਿਕਾਇਨਾ ਵਾਪਸ ਪਰਤੀ ਤਾਂ ਸਕੂਲ ਨੇ ਵੱਧ ਛੁੱਟੀਆਂ ਲੈਣ ਕਾਰਨ ਉਸ ਨੂੰ ਅਗਲੀ ਕਲਾਸ ਵਿੱਚ ਭੇਜਣ ਤੋਂ ਮਨ੍ਹਾ ਕਰ ਦਿੱਤਾ।

Image copyright Vinod/BBC

ਇਸ ਤੋਂ ਬਾਅਦ ਸ਼ਿਕਾਇਨਾ ਦੇ ਪਿਤਾ ਕੋਲ ਧੀ ਨੂੰ ਸਕੂਲ ਤੋਂ ਕੱਢਣ ਤੋਂ ਇਲਾਵਾ ਦੂਜਾ ਕੋਈ ਰਾਹ ਨਹੀਂ ਸੀ।

ਸ਼ਿਕਾਇਨਾ ਦੇ ਪਿਤਾ ਦੇਹਰਾਦੂਨ ਦੇ ਕਰਨਲ ਬ੍ਰਾਊਨ ਕੈਂਬ੍ਰਿਜ ਸਕੂਲ ਵਿੱਚ ਸੰਗੀਤ ਦੇ ਅਧਿਆਪਕ ਹਨ।

ਉਨ੍ਹਾਂ ਨੇ ਸ਼ਿਕਾਇਨਾ ਲਈ ਦੋ-ਤਿੰਨ ਦੂਜੇ ਸਕੂਲਾਂ ਵਿੱਚ ਫਾਰਮ ਭਰੇ ਪਰ ਸ਼ਿਕਾਇਨਾ ਨੂੰ ਕਿਤੇ ਦਾਖਿਲਾ ਨਹੀਂ ਮਿਲਿਆ।

ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਹੀ ਸਕੂਲ ਵਿੱਚ ਸ਼ਿਕਾਇਨਾ ਨੂੰ ਦਾਖਿਲਾ ਦੇਣ ਲਈ ਕਿਹਾ।

ਸ਼ਿਕਾਇਨਾ ਦੇ ਪਿਤਾ ਵਿਨੋਦ ਮੁਖੀਆ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਦੱਸਿਆ ਕਿ ਅਜਿਹਾ ਨਹੀਂ ਸੀ ਕਿ ਸਕੂਲ ਪ੍ਰਸ਼ਾਸਨ ਨੇ ਇੱਕ ਵਾਰ ਵਿੱਚ ਉਨ੍ਹਾਂ ਦੀ ਗੱਲ ਮੰਨ ਲਈ।

ਉਨ੍ਹਾਂ ਮੁਤਾਬਕ, "ਸਕੂਲ ਨੇ ਸ਼ਿਕਾਇਨਾ ਬਾਰੇ ਆਪਣਾ ਫੈਸਲਾ ਸੁਣਾਉਣ ਵਿੱਚ 15-20 ਦਿਨ ਦਾ ਸਮਾਂ ਲਿਆ। ਸ਼ਿਕਾਇਨਾ ਦਾ ਦਾਖਿਲਾ ਹੀ ਸਿਰਫ਼ ਮੁਸ਼ਕਿਲ ਨਹੀਂ ਸੀ। ਸਕੂਲ ਨੇ ਇਸ ਦਾਖਲੇ ਤੋਂ ਉੱਠਣ ਵਾਲੇ ਕਈ ਦੂਜੇ ਸਵਾਲਾਂ 'ਤੇ ਵੀ ਵਿਚਾਰ ਕਰਨਾ ਸੀ।"

ਪਰ ਉਹ ਹੋਰ ਕਿਹੜੀਆਂ ਸਮੱਸਿਆਵਾਂ ਸਨ?

ਸ਼ਿਕਾਇਨਾ ਦੇ ਪਿਤਾ ਵਿਨੋਦ ਦੱਸਦੇ ਹਨ, "ਆਖ਼ੀਰ ਸਕੂਲ ਵਿੱਚ ਸ਼ਿਕਾਇਨਾ ਦੀ ਡਰੈੱਸ ਕੀ ਹੋਏਗੀ? ਟਾਇਲਟ ਰੂਮ ਕਿੱਥੇ ਹੋਵੇਗਾ? ਜੇ ਹੋਰ ਅਧਿਆਪਕ ਵੀ ਇਸੇ ਤਰ੍ਹਾਂ ਦੀ ਮੰਗ ਕਰਨਾ ਚਾਹੁੰਦੇ ਹਨ ਤਾਂ ਕੀ ਹੋਏਗਾ- ਸਕੂਲ ਪ੍ਰਸ਼ਾਸਨ ਨੇ ਇਨ੍ਹਾਂ ਮੁੱਦਿਆਂ ਦਾ ਹੱਲ ਕਰਨਾ ਸੀ।"

Image copyright Vinod/BBC

20 ਦਿਨਾਂ ਬਾਅਦ ਸਕੂਲ ਪ੍ਰਸ਼ਾਸਨ ਨੇ ਵਿਨੋਦ ਨੂੰ ਆਪਣਾ ਫੈਸਲਾ ਸੁਣਾਇਆ ਜੋ ਸ਼ਿਕਾਇਨਾ ਦੇ ਪੱਖ ਵਿੱਚ ਸੀ।

ਸ਼ਿਕਾਇਨਾ ਆਪਣੇ ਪੁਰਾਣੇ ਸਕੂਲ ਵਿੱਚ ਟਿਊਨਿਕ ਪਾਉਂਦੀ ਸੀ ਪਰ ਨਵੇਂ ਸਕੂਲ ਵਿੱਚ ਉਹ ਮੁੰਡਿਆਂ ਵਰਗੀ ਯੂਨੀਫਾਰਮ ਪਾ ਕੇ ਜਾਂਦੀ ਹੈ।

ਪਰ ਯੂਨੀਫਾਰਮ ਤੈਅ ਕਰਨ ਦੀ ਪ੍ਰਕਿਰਿਆ ਵੀ ਘੱਟ ਮਜ਼ੇਦਾਰ ਨਹੀਂ ਸੀ।

ਸਕੂਲ ਪ੍ਰਸ਼ਾਸਨ ਨੇ ਸ਼ਿਕਾਇਨਾ ਦੇ ਮਾਪਿਆਂ ਤੋਂ ਹੀ ਪੁੱਛਿਆ ਕਿ ਸ਼ਿਕਾਇਨਾ ਕੀ ਪਾ ਕੇ ਸਕੂਲ ਆਉਣਾ ਪਸੰਦ ਕਰੇਗੀ।

ਉਸ ਦੇ ਲਈ ਨਵੇਂ ਸਟਾਈਲ ਦਾ ਕੁੜਤਾ ਡਿਜ਼ਾਈਨ ਕਰਨ ਬਾਰੇ ਵੀ ਗੱਲ ਚੱਲੀ। ਸ਼ਿਕਾਇਨਾ ਤੋਂ ਵੀ ਇਸ ਬਾਰੇ ਪੁੱਛਿਆ ਗਿਆ ਸੀ।

ਫਿਰ ਅਖੀਰ ਇਸ ਨਤੀਜੇ 'ਤੇ ਪਹੁੰਚੇ ਕਿ ਮੁੰਡੇ ਸਕੂਲ ਵਿੱਚ ਜੋ ਡ੍ਰੈੱਸ ਪਾ ਕੇ ਆਉਂਦੇ ਹਨ ਉਹੀ ਡ੍ਰੈਸ ਸ਼ਿਕਾਇਨਾ ਵੀ ਪਾਏਗੀ।

Image copyright Vinod/BBC

ਸ਼ਿਕਾਇਨਾ ਨੂੰ ਵੀ ਇਸ 'ਤੇ ਕੋਈ ਇਤਰਾਜ਼ ਨਹੀਂ ਸੀ।

ਸ਼ਿਕਾਇਨਾ ਦੀ ਕਲਾਸ ਵਿੱਚ 17 ਮੁੰਡੇ ਹਨ ਅਤੇ ਉਨ੍ਹਾਂ ਵਿੱਚ ਪੈਂਟ-ਸ਼ਰਟ ਅਤੇ ਬੈਲਟ ਲਾ ਕੇ ਉਹ ਉਨ੍ਹਾਂ ਵਿੱਚੋਂ ਹੀ ਇੱਕ ਲਗਦੀ ਹੈ।

ਫਰਕ ਬੱਸ ਉਸ ਦੇ ਲੰਬੇ ਵਾਲਾਂ ਦਾ ਹੈ।

ਕੀ ਸ਼ਿਕਾਇਨਾ ਦੇ ਆਉਣ ਨਾਲ ਉਸ ਦੇ ਸਾਥੀ ਮੁੰਡਿਆਂ ਵਿੱਚ ਕੁਝ ਬਦਲਿਆ?

ਇਸ ਸਵਾਲ ਨੂੰ ਵਿੱਚੋਂ ਹੀ ਕੱਟਦੇ ਹੋਏ ਉਹ ਇੱਕ ਕਿੱਸਾ ਸੁਣਾਉਣ ਲਗਦੀ ਹੈ।

"ਹੁਣ ਕਲਾਸ ਵਿੱਚ ਕੋਈ ਮੁੰਡਾ ਸ਼ੈਤਾਨੀ ਕਰਦਾ ਹੈ ਤਾਂ ਉਸ ਲਈ ਹਰ ਅਧਿਆਪਕ ਮੁੰਡਿਆਂ ਨੂੰ ਇਹੀ ਕਹਿੰਦੀ ਹੈ-ਕਲਾਸ ਵਿੱਚ ਇੱਕ ਕੁੜੀ ਹੈ ਤੁਸੀਂ ਕੁਝ ਤਾਂ ਸ਼ਰਮ ਕਰੋ। ਇਸ ਲਈ ਮੁੰਡਿਆਂ ਨੂੰ ਲੱਗਣ ਲੱਗਿਆ ਹੈ ਕਿ ਮੇਰੇ ਕਾਰਨ ਉਨ੍ਹਾਂ ਨੂੰ ਝਿੜਕਾਂ ਜ਼ਿਆਦਾ ਪੈਂਦੀਆਂ ਹਨ।"

ਸ਼ਿਕਾਇਨਾ ਦੇ ਦਾਖਿਲੇ ਤੋਂ ਬਾਅਦ ਇੱਕ ਦੂਜੀ ਮੁਸ਼ਕਿਲ ਕੁੜੀਆਂ ਦੇ ਟਾਇਲੇਟ ਦੀ ਵੀ ਸੀ ਪਰ ਸਕੂਲ ਪ੍ਰਸ਼ਾਸਨ ਨੇ ਨਵਾਂ ਬੰਦੋਬਸਤ ਕਰਨ ਦੀ ਥਾਂ ਸ਼ਿਕਾਇਨਾ ਨੂੰ ਅਧਿਆਪਕਾਂ ਦਾ ਟਾਇਲੇਟ ਇਸਤੇਮਾਲ ਕਰਨ ਦੀ ਇਜਾਜ਼ਤ ਦੇ ਦਿੱਤੀ।

ਪਰ ਇੱਕ ਸਕੂਲ ਵਿੱਚ ਸਿਰਫ਼ ਡ੍ਰੈੱਸ ਅਤੇ ਟਾਇਲੇਟ ਹੀ ਨਹੀਂ-ਬੱਚਿਆਂ ਨੂੰ ਕਈ ਹੋਰ ਚੀਜ਼ਾਂ ਦੀ ਵੀ ਲੋੜ ਹੁੰਦੀ ਹੈ-ਜਿਵੇਂ ਖੇਡਣ ਅਤੇ ਦਿਲ ਦੀ ਗੱਲ ਕਰਨ ਲਈ ਸਾਥੀ ਦੀ।

Image copyright Vinod/BBC

ਮੁੰਡਿਆਂ ਅਤੇ ਕੁੜੀਆਂ ਲਈ ਖੇਡ ਵੀ ਅਕਸਰ ਵੱਖਰੇ ਹੁੰਦੇ ਹਨ ਅਤੇ ਦੋਸਤ ਵੀ। ਨਾਲ ਹੀ ਗੱਲ ਕਰਨ ਦਾ ਵਿਸ਼ਾ ਵੀ।

ਅਜਿਹੇ ਵਿੱਚ ਸ਼ਿਕਾਇਨਾ ਕੀ ਕਰਦੀ ਹੈ?

ਬੀਬੀਸੀ ਨੂੰ ਸ਼ਿਕਾਇਨਾ ਨੇ ਦੱਸਿਆ ਕਿ ਉਸ ਦੀ ਦਿਲਚਸਪੀ ਕੁੜੀਆਂ ਦੀ ਤਰ੍ਹਾਂ ਨਹੀਂ ਹੈ। ਭਾਰਤ ਵਿੱਚ ਆਮ ਤੌਰ 'ਤੇ ਲੋਕ ਕਹਿੰਦੇ ਹਨ ਕਿ 12 ਸਾਲ ਦੀ ਕੁੜੀ ਹੈ ਤਾਂ ਗੁੱਡੀਆਂ ਨਾਲ ਖੇਡੇਗੀ, ਥੋੜ੍ਹਾ ਫੈਸ਼ਨ ਕਰਨ ਲੱਗੇਗੀ, ਕੁੱਝ ਫਿਲਮਾਂ ਅਤੇ ਸੀਰੀਅਲਜ਼ ਦੀ ਗੱਲ ਕਰਨਾ ਸ਼ੁਰੂ ਕਰ ਦੇਵੇਗੀ। ਪਰ ਸ਼ਿਕਾਇਨਾ ਨੂੰ ਇਹ ਸਭ ਪਸੰਦ ਨਹੀਂ ਹੈ।

ਨਵੇਂ ਸਕੂਲ ਵਿੱਚ ਸ਼ਿਕਾਇਨਾ ਨੇ ਲਾਨ ਟੈਨਿਸ ਖੇਡਣਾ ਸ਼ੁਰੂ ਕੀਤਾ ਹੈ ਪਰ ਇੱਥੇ ਵੀ ਉਸ ਦੀ ਪਹਿਲੀ ਪਸੰਦ ਗਾਣਾ ਹੀ ਹੈ।

ਸਕੂਲ ਦੇ ਗਾਣੇ ਦੀ ਟੀਮ ਵਿੱਚ ਵੀ ਉਹ ਇੱਕਲੌਤੀ ਕੁੜੀ ਹੈ ਅਤੇ ਉਨ੍ਹਾਂ ਨੂੰ ਇਸ ਗੱਲ 'ਤੇ ਮਾਣ ਹੈ।

ਪਰ ਕੀ ਇੰਨਾ ਸੌਖਾ ਹੈ 250 ਮੁੰਡਿਆਂ ਵਿਚਾਲੇ ਇਕੱਲੀ ਕੁੜੀ ਦਾ ਪੜ੍ਹਨਾ?

ਸ਼ਿਕਾਇਨਾ ਦੇ ਪਿਤਾ ਵਿਨੋਦ ਮੁਤਾਬਕ ਕੁਝ ਵੀ ਇੰਨਾ ਸੌਖਾ ਨਹੀਂ ਸੀ।

ਵਿਨੋਦ ਹਮੇਸ਼ਾਂ ਤੋਂ ਹੀ ਮੰਨਦੇ ਸੀ, "ਮੁੰਡੇ ਕਾਫ਼ੀ ਬਦਮਾਸ਼ ਹੁੰਦੇ ਹਨ। ਉਹ ਦੱਸਦੇ ਹਨ ਮੈਂ ਹਮੇਸ਼ਾਂ ਰੱਬ ਤੋਂ ਕੁੜੀ ਮੰਗੀ ਸੀ। ਸ਼ਿਕਾਇਨਾ ਜਦੋਂ ਪੈਦਾ ਹੋਈ ਤਾਂ ਸਾਨੂੰ ਕਾਫ਼ੀ ਖੁਸ਼ੀ ਹੋਈ ਪਰ ਸਕੂਲ ਵਿੱਚ ਦਾਖਿਲੇ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਅਸੀਂ ਉਸ ਦੀ ਕਾਫ਼ੀ ਕਾਊਂਸਲਿੰਗ ਕੀਤੀ ਅਸੀਂ ਦਾਖਿਲੇ ਤੋਂ ਪਹਿਲਾਂ ਸ਼ਿਕਾਇਨਾ ਦਾ ਮੰਨ ਵੀ ਟਟੋਲਿਆ।"

"ਅਸੀਂ ਪੁੱਛਿਆ ਕਿ ਆਲ ਬੁਆਇਜ਼ ਵਿੱਚ ਪੜ੍ਹਨਾ ਚਾਹੇਗੀ? ਉਸ ਦਾ ਜਵਾਬ ਸੀ-ਸਾਰੇ ਪੜ੍ਹਨਗੇ ਤਾਂ ਮੈਂ ਕਿਉਂ ਨਹੀਂ ਪੜ੍ਹਾਂਗੀ।"

ਕਿੰਨੀ ਖੁਸ਼ ਹੈ ਸ਼ਿਕਾਇਨਾ

ਇਹ ਤਾਂ ਸੀ ਦਾਖਿਲੇ ਤੋਂ ਪਹਿਲਾਂ ਉਸ ਦੀ ਰਾਇ ਪਰ ਦਾਖਿਲੇ ਤੋਂ ਬਾਅਦ ਉਸ ਦੇ ਮੂ਼ਡ ਸਵਿੰਗ ਵੀ ਹੋਏ?

ਇਸ 'ਤੇ ਵਿਨੋਦ ਕਹਿੰਦੇ ਹਨ, "ਪਹਿਲੇ ਕੁਝ ਦਿਨ ਤਾਂ ਸਕੂਲ ਤੋਂ ਆਉਣ ਤੋਂ ਬਾਅਦ ਅਸੀਂ ਰੋਜ਼ ਉਸ ਤੋਂ ਸਕੂਲ ਕਿਵੇਂ ਰਿਹਾ ਇਸ ਬਾਰੇ ਪੁੱਛਦੇ ਸੀ ਪਰ ਹਰ ਵਾਰੀ ਉਸ ਦੇ ਚੇਹਰੇ ਦੀ ਖੁਸ਼ੀ ਦੱਸਦੀ ਸੀ ਕਿ ਸਾਡਾ ਫੈਸਲਾ ਸਹੀ ਹੈ। ਉਹ ਕਿਸੇ ਦਬਾਅ ਵਿੱਚ ਨਹੀਂ ਹੈ।"

Image copyright Vinod/BBC

ਸ਼ਿਕਾਇਨਾ ਨੂੰ ਸਕੂਲ ਵਿੱਚ ਪੜ੍ਹਦੇ ਹੋਏ ਦੋ ਮਹੀਨੇ ਤੋਂ ਵੱਧ ਦਾ ਸਮਾਂ ਲੰਘ ਚੁੱਕਿਆ ਹੈ। ਕੀ ਕਦੇ ਮਾਪੇ ਜਾਂ ਫਿਰ ਸ਼ਿਕਾਇਨਾ ਦੇ ਜ਼ਹਿਨ ਵਿੱਚ ਇਸ ਦੌਰਾਨ ਸਕੂਲ ਬਦਲਣ ਦਾ ਖਿਆਲ ਆਇਆ।

ਇਸ 'ਤੇ ਸ਼ਿਕਾਇਨਾ ਦੇ ਪਿਤਾ ਕਹਿੰਦੇ ਹਨ, "ਮੈਂ ਹਰ ਫੈਸਲੇ ਵਿੱਚ ਉਸ ਦੇ ਨਾਲ ਹਾਂ। ਤੁਸੀਂ ਖੁਦ ਹੀ ਉਸ ਤੋਂ ਪੁੱਛ ਲਓ।"

ਪਰ ਸਵਾਲ ਪੁੱਛਣ ਤੋਂ ਪਹਿਲਾਂ ਹੀ ਸ਼ਿਕਾਇਨਾ ਕਹਿੰਦੀ ਹੈ, "ਸਕੂਲ ਵਿੱਚ ਪੜ੍ਹਣ ਜਾਂਦੇ ਹਾਂ, ਇਸ ਤੋਂ ਵਧੀਆਂ ਪੜ੍ਹਾਈ ਕਿਤੇ ਨਹੀਂ ਹੋ ਸਕਦੀ।"

ਸ਼ਿਕਾਇਨਾ ਦੇ ਦਾਖਲੇ 'ਤੇ ਸਕੂਲ ਦੇ ਹੈੱਡਮਾਸਟਰ ਐੱਸ ਕੇ ਤਿਆਗੀ ਨਾਲ ਵੀ ਅਸੀਂ ਗੱਲਬਾਤ ਕੀਤੀ।

ਕਲਾਸ ਵਿੱਚ ਇਕੱਲੀ ਕੁੜੀ ਨੂੰ ਪੜ੍ਹਾਉਣ ਵਿੱਚ ਕੀ ਕਦੇ ਕੋਈ ਮੁਸ਼ਕਿਲ ਆਈ?

ਇਸ 'ਤੇ ਉਨ੍ਹਾਂ ਦਾ ਕਹਿਣਾ ਹੈ, "ਸਕੂਲ ਰੈਜ਼ੀਡੇਂਸ਼ੀਅਲ ਹੈ ਪਰ ਸ਼ਿਕਾਇਨਾ ਆਪਣੇ ਮਾਪਿਆਂ ਨਾਲ ਰਹਿੰਦੀ ਹੈ। ਇਸ ਲਈ ਕਿਸੇ ਤਰ੍ਹਾਂ ਦੀ ਮੁਸ਼ਕਿਲ ਸਾਨੂੰ ਨਹੀਂ ਆਈ।"

ਚੰਗਾ ਇਹ ਹੈ ਕਿ ਸ਼ਿਕਾਇਨਾ ਦੇ ਆਉਣ ਤੋਂ ਬਾਅਦ ਇੱਕ ਹੋਰ ਅਧਿਆਪਕ ਨੇ ਆਪਣੀ ਬੱਚੀ ਲਈ ਅਜਿਹੀ ਗੁਜ਼ਾਰਿਸ਼ ਕੀਤੀ ਹੈ।

ਯਾਨੀ ਕਿ ਸ਼ਿਕਾਇਨਾ ਵਾਂਗ ਹੀ ਸਕੂਲ ਵਿੱਚ ਇੱਕ ਹੋਰ ਕੁੜੀ ਦੀ ਖਿਲਖਿਲਾਹਟ ਗੂੰਜ ਸਕਦੀ ਹੈ ਪਰ ਬਾਹਰੀ ਕੁੜੀਆਂ ਲਈ ਸਕੂਲ ਨੇ ਅਜਿਹਾ ਕੁਝ ਨਹੀਂ ਸੋਚਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)